ਤੁਰਨਾ ਪੈਂਦਾ ਪਾਪੀ ਨੂੰ ਕੰਡਿਆਲੀਆਂ ਰਾਹਵਾਂ ਤੋਂ ।
ਬਚ ਕੇ ਰਹਿ ਮੇਰੇ ਯਾਰ ਗ਼ਰੀਬ ਦੀਆਂ ਬਦ-ਦੁਆਵਾਂ ਤੋਂ ।
ਠੱਗੀ, ਧੋਖੇ ਨਾਲ ਤੂੰ ਬਹੁਤ ਸਹੂਲਤ ਪਾ ਲਈ ਹੈ,
ਜਾਏਂਗਾ ਠੁੰਗਿਆ ਆਖਿ਼ਰ ਤੂੰ ਪਾਪਾਂ ਦੇ ਕਾਵਾਂ ਤੋਂ ।
ਧਰਮੀ ਬਾਣੇ ਹੇਠ ‘ਸ਼ੈਤਾਨ’ ਲੁਕੋਈ ਬੈਠੈਂ ਤੂੰ,
ਕਪਟ ਲੁਕੋਅ ਨਈਂ ਹੋਣਾ ਚਾਨਣ ਦੀਆਂ ਸ਼ੁਆਵਾਂ ਤੋਂ ।
ਮਾਇਆ ਦਾ ਰੰਗ ਸਮਝ ਪੱਕਾ ਤੂੰ ਮਨ ਨੂੰ ਚਾੜ੍ਹ ਲਿਆ,
ਰਹਿ ਗਿਆ ਗਿਆਨ-ਵਿਹੂਣਾ ਕੁਦਰਤ ਦੀਆਂ ਅਦਾਵਾਂ ਤੋਂ ।
ਉਹਨਾਂ ਦੇ ਲਈ ਪੂਜਾ ਅਤੇ ਸਰਾਧ ਅਡੰਬਰ ਨੇ,
ਲਈਆਂ ਨਹੀਂ ਅਸੀਸਾਂ ਜਿਨ੍ਹਾਂ ਜਿਉਂਦੀਆਂ ਮਾਵਾਂ ਤੋਂ ।
ਕੂਕ ਕੋਇਲ ਦੀ ਮਿੱਠਤ ਨੂੰ ਤੂੰ ਜੀਭ ਛੁਹਾਈ ਨਾ,
ਸਿੱਖ ਲਿਆ ਧੂਮ-ਧੜੱਕਾ ਕਾਂ-ਕਾਂ ਕਰਦੇ ਕਾਵਾਂ ਤੋਂ ।
ਤਾਣਾ-ਬਾਣਾ ਉਲਝ ਗਿਆ ਰੱਬ ਬਾਹਲੇ ਬਣ ਗਏ ਨੇ,
ਹੋਣ ਲਗ ਪਏ ਕਤਲ ਭਰਾ ਹੀ ਰੋਜ਼ ਭਰਾਵਾਂ ਤੋਂ ।
ਲਗ ਪਏ ਅੰਨ੍ਹੇ ਵੰਡਣ ਸੀਰਨੀ ਮੁੜ-ਮੁੜ ਘਰਦਿਆਂ ਨੂੰ,
ਮਿਲਣ ਡਿਗਰੀਆਂ ਬਿਨਾਂ ਹੀ ਲੰਘੇ ਪਾਰ ਪੜਾਵਾਂ ਤੋਂ ।
ਅਪਣੇ ਘਰ ਵਿਚ ਧੀ ਦਾ ਜੰਮਣਾ ਜਿਸ ਨੂੰ ਭਾਉਂਦਾ ਨਈਂ,
ਨੂੰਹ ਭਾਲ਼ੇ ਬਿਨ ਪਰ੍ਹਾ ‘ਚ ਦਿੱਤੀਆਂ ਧੀ ਦੀਆਂ ਲਾਵਾਂ ਤੋਂ ।
ਹੱਕ ਬਿਗਾਨਾ ਮਾਰਨ ਲਈ ਸਭ ਅਸਤਰ ਬਣ ਬੈਠੇ,
ਲਗ ਪਏ ਚਮੜੀ ਵੇਚਣ ਲਾਹ ਕੇ ਜਿਉਂਦੀਆਂ ਗਾਂਵਾਂ ਤੋਂ ।
ਸਭ ਦਾ ਭਲ਼ਾ ਜੋ ਕਹਿ ਕੇ ਅਤੇ ਕਮਾਅ ਕੇ ਚਲੇ ਗਏ,
ਮਹਿਕਾਂ ਮਿਲਣ ਹਮੇਸ਼ਾਂ ਪਿੱਛੇ ਰਹਿ ਗਏ ਨਾਵਾਂ ਤੋਂ ।
ਰਹਿ ਪਾਸੇ ਇਹ ਠੱਗਾਂ ਦੀ ਦੁਨੀਆਂ ਤੋਂ,
ਲਭਦਾ ਰਹੀਂ ਹਕੀਕਤ ਅਣ-ਲਿਖੀਆਂ ਕਵਿਤਾਵਾਂ ‘ਚੋਂ ।
Monday, February 22, 2010
Subscribe to:
Post Comments (Atom)
0 comments:
Post a Comment