Sunday, April 4, 2010

ਕਹਿ ਦਿਆਂ ਜੇ ਹਾਲ ਤੇ ਬੇਹਾਲ ਹੋ ਜਾਂਦਾ ਹੈ ਦਿਲ

ਕਹਿ ਦਿਆਂ ਜੇ ਹਾਲ ਤੇ ਬੇਹਾਲ ਹੋ ਜਾਂਦਾ ਹੈ ਦਿਲ;

ਨਾ ਕਹਾ ਤੇ ਫੇਰ ਵੀ ਬੇਚੈਨ ਹੋ ਜਾਂਦਾ ਹੈ ਦਿਲ।

ਧੜਕਦਾ ਰਹਿੰਦਾ ਹੈ ਹਰ ਪੈਗ਼ਾਮ ਦੇ ਬੂਹੇ ਤੇ ਦਿਲ;

ਪਰ ਖਮੋਸ਼ੀ ਵੀ ਕਦੀ ਪੈਗ਼ਾਮ ਬਣ ਜਾਂਦਾ ਹੈ ਦਿਲ।

ਜੋ ਕਦੀ ਸੀ ਰਾਹਬਰ ਤੇ ਰਾਹਨੁਮਾਂ ਸੀ ਕਾਰਵਾਂ;

ਰਾਹ ਦਾ ਪੱਥਰ ਕਦੀ ਕੰਕਰ ਵੀ ਬਣ ਬਹਿੰਦਾ ਹੈ ਦਿਲ।

ਅਪਣੇ ਹੀ ਹਾਸ਼ੀਏ ਤੇ ਨਕਸ਼ ਤੋਂ ਹੈ ਬੇਖਬਰ!

ਹਰ ਕਿਸੇ ਦੇ ਦਰਦ ਦੀ ਤਸਵੀਰ ਬਣ ਬਹਿੰਦਾ ਹੈ ਦਿਲ।

ਹੁਣ ਨਾ ਹਿਜਰਾਂ ਦੀ ਤਪਸ਼ ਨਾ ਵਾਸ਼ਨਾ ਹੈ ਵਸਲ ਦੀ;

ਤੱਤੀਆਂ ਵਾਵਾਂ ਦੇ ਠੰਡੇ ਸਾਹ ਭਰ ਬਹਿੰਦਾ ਹੈ ਦਿਲ।

ਅੱਗ ਨੂੰ ਦਰਿਆ ਤੇ ਬਰਫਾਂ ਨੀਲੀਆਂ ਨੂੰ ਵੀ ਤਪੱਸ਼;

ਜਲ਼ ਰਹੇ ਸ਼ੋਹਲੇ ਨੂੰ ਵੀ ਗੁਲਦਾਨ ਕਹਿ ਬਹਿੰਦਾ ਹੈ ਦਿਲ।

ਬੇਮੁਹਾਰਾ; ਬੇਲਗਾਮਾਂ; ਬੇਹਿਸਾਬਾ ਬੇਨਕਾਬਾ, ਬੇਕਿਨਾਰ;

ਕੁੱਝ ਨਾ ਕੁੱਝ;ਇਹ ਚੁੱਪ ਚੁਪੀਤਾ ਆਖਦਾ ਰਹਿੰਦਾ ਹੈ ਦਿਲ।

0 comments:

Post a Comment