Showing posts with label ਕੁਝ ਗੱਲਾਂ ਓਸ ਸੱਚੇ ਰੱਬ ਨੂੰ. Show all posts
Showing posts with label ਕੁਝ ਗੱਲਾਂ ਓਸ ਸੱਚੇ ਰੱਬ ਨੂੰ. Show all posts

Sunday, April 4, 2010

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ, ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,
ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ ।

ਬਾਲ ਉਮਰੇ ਇਹ ਨਿਰਲੇਪ ਜਾਪਣ,
ਕਿੰਨੀਆਂ ਭੋਲੀਆਂ ਅਤੇ ਨਾਦਾਨ ਅੱਖਾਂ ।

ਅੱਖਾਂ ਵਿਚੋਂ ਮਸਤੀ ਛਲਕਦੀ ਹੈ,
ਜੋਬਨ ਰੁਤੇ ਜਦ ਹੋਣ ਜਵਾਨ ਅੱਖਾਂ ।

ਬਾਰੀ ਖ੍ਹੋਲਕੇ ਤਕਦੀਆਂ ਰਹਿਣ ਸਦਾ,
ਹਰ ਆਹਟ ਦਾ ਰਖਣ ਧਿਆਨ ਅੱਖਾਂ ।

ਧੜਕਣ ਦਿਲ ਦੀ ਦੁਗਣੀ ਵਧ ਜਾਂਦੀ,
ਜਦੋਂ ਮਟਕਾਵੇ ਕੋਈ ਮੁਟਿਆਰ ਅੱਖਾਂ ।

ਇਲ ਦੇ ਅ੍ਹਾਲਣੇ ਕੋਈ ਕਹੇ ਆਂਡਾ,
ਹਰਨੋਟੀ ਵਰਗੀਆਂ ਆਖੇ ਯਾਰ ਅੱਖਾਂ ।

ਛੋਟੀਆਂ,ਵਡੀਆਂ,ਕਾਲੀਆਂ,ਭੂਰੀਆਂ ਵੀ ,
ਲੱਗਣ ਬਿਲੀਆਂ ਜ਼ਰਾ ਚਲਾਕ ਅੱਖਾਂ ।

ਬਿਨ ਬੋਲਿਆਂ ਅੱਖਾਂ ਬੋਲ ਪੈਂਦੀਆਂ ਨੇ,
ਅੱਖ ਮਾਰ ਕੇ ਦਿੰਦੀਆਂ ਮਾਰ ਅੱਖਾਂ ।

ਕਹਿੰਦੇ ਅੱਖਾਂ ਨਾਲ ਮਿਰਚਾਂ ਭੋਰਦੀ ਹੈ,
ਜਦੋਂ ਮਟਕਾਉਂਦੀ ਕੋਈ ਰਕਾਨ ਅੱਖਾਂ ।

ਆਖਦੇ ਅੱਖੀਆਂ ਨਾਲ ਬੰਦੇ ਨਾ ਮਰਦੇ,
ਪਰ ਕਰ ਦੇਵਣ ਮੋਇਆਂ ਸਮਾਨ ਅੱਖਾਂ ।

ਖਾਲੀ ਤੁਰਦਾ ਨਜ਼ਰ ਕਲਬੂਤ ਆਵੇ,
ਕਢ ਲੈਂਦੀਆਂ ਸਰੀਰ ਚੋਂ ਜਾਨ ਅੱਖਾਂ ।

ਸੇਹਲੀਆਂ ਤਿਖੀਆਂ ਭਵਾਂ ਕਮਾਨ ਵਾਂਗੂੰ,
ਧਾਰੀ ਖਿਚ ਕੇ ਲਗਣ ਕਟਾਰ ਅੱਖਾਂ ।

ਤਾਰ ਇਸ਼ਕੇ ਦੀ ਜਦੋਂ ਟੁਣਕਦੀ ਹੈ,
ਬਾਰਾਂ ਸਾਲ ਇਹ ਵਗ ਚਰਾਣ ਅੱਖਾਂ ।

ਕੀਤੇ ਕੌਲ ਇਕਰਾਰ ਕਦੇ ਭੁਲਦੇ ਨਹੀਂ,
ਪਟ ਯਾਰ ਦਾ ਚੀਰ ਖਵਾਣ ਅੱਖਾਂ ।

ਸ਼ੀਰੀਂ ਫਰਿਆਦ ਵੀ ਅੱਖਾਂ ਨੇ ਪਟੇ,
ਚਟਾਨਾਂ ਵਿਚੋਂ ਨਹਿਰ ਖੁਦਵਾਣ ਅੱਖਾਂ ।

ਦੁਨੀਆਂ ਦੀ ਸੁਧ ਬੁਧ ਭੁਲ ਜਾਂਦੀ,
ਜਦੋਂ ਹੋ ਜਾਣ ਕਿਧਰੇ ਚਾਰ ਅੱਖਾਂ ।

ਲਾਲ ਡੋਰੇ ਅੱਖਾਂ ਵਿਚਲੇ ਦਸਦੇ ਨੇ,
ਜਦੋਂ ਹੁੰਦੀਆਂ ਯਾਰ ਲਾਚਾਰ ਅੱਖਾਂ ।

ਸ਼ਮ ਸ਼ਮ ਸਾਵਣ ਵਾਂਗੂੰ ਵ੍ਹਰਦੀਆਂ ਨੇ,
ਕਰਕੇ ਸਜਣਾਂ ਦਾ ਇੰਤਜਾਰ ਅੱਖਾਂ ।

ਅਚੋ ਆਈ ਦਿਲ ਨੂੰ ਲੱਗੀ ਰਹਿੰਦੀ,
ਜਦੋਂ ਹੁੰਦੀਆਂ ਨੇ ਬੇ-ਕਰਾਰ ਅੱਖਾਂ ।

ਉਨੀਂਦਰੇ ਨਾਲ ਅੱਖਾਂ ਹੇਠ ਛ੍ਹਾਈਆਂ,
ਲਗਣ ਆਸ਼ਕਾਂ ਦੀਆਂ ਬਿਮਾਰ ਅੱਖਾਂ ।

ਅੱਖਾਂ ਘੂਰ ਕੇ ਕਈ ਵਾਰ ਵੇਹੰਦੀਆਂ ਨੇ,
ਕਦੇ ਝੁਕਦੀਆਂ ਨਾਲ ਸਤਿਕਾਰ ਅੱਖਾਂ ।

ਨਜ਼ਰ ਧਰਤੀ ‘ਚ ਗਡੀ ਰੱਖਦੀਆਂ ਨੇ,
ਕਈ ਹੁੰਦੀਆਂ ਨੇ ਸ਼ਰਮਸਾਰ ਅੱਖਾਂ ।

ਧੋਖਾ ਕਰਕੇ ਵੀ ਸਿਰ ਨਿਵਾਉਂਦੀਆਂ ਨੇ,
ਮਿਲਾਉਣ ਅੱਖ ਨਾ ਕਦੇ ਗਦਾਰ ਅੱਖਾਂ ।

ਜਦੋਂ ਲਾਲ ਗੁਸੇ ਵਿਚ ਹੁੰਦੀਆਂ ਨੇ,
ਅੱਗ ਸੁਟਦੀਆਂ ਬਣ ਅੰਗਿਆਰ ਅੱਖਾਂ ।

ਇਹ ਖਬੀ ਖਾਨਾਂ ਨੂੰ ਖੂੰਜੇ ਲਾ ਦੇਵਣ,
ਜਦੋਂ ਹੁੰਦੀਆਂ ਨੇ ਕਹਿਰਵਾਨ ਅੱਖਾਂ ।

ਇਸ਼ਾਰਾ ਅੱਖਾਂ ਦਾ ਸਮਝਦਾਰ ਲਈ ਹੈ,
ਬੇਸਮਝ ਲਈ ਹਨ ਬੇਕਾਰ ਅੱਖਾਂ ।

ਰੱਜ ਪਹਿਲਾਂ ਪਿਆਰ ਜਤਾਉਂਦੀਆਂ ਨੇ,
ਫਿਰ ਕਰਦੀਆਂ ਜੱਗ ਬਦਨਾਮ ਅੱਖਾਂ ।

ਜਿਸ ਪਿਛੇ ਸਭ ਕੁਝ ਬਰਬਾਦ ਕੀਤਾ,
ਉਹੀ ਲਗਦੀਆਂ ਫਿਰ ਬੇਈਮਾਨ ਅੱਖਾਂ ।

ਬੰਦਾ ਕਿਹੜੇ ਸਟੇਸ਼ਨ ਤੋਂ ਬੋਲਦਾ ਹੈ,
ਝਟ ਪਟ ਹੀ ਲੈਣ ਨਿਹਾਰ ਅੱਖਾਂ ।

ਮੁਦਤਾਂ ਬਾਅਦ ਮਿਲੇ ਜੇ ਯਾਰ ਬੇਲੀ,
ਇਕ ਦਮ ਹੀ ਲੈਣ ਪਛਾਣ ਅੱਖਾਂ ।

ਮਾਇਆ ਹੱਥ ਗਰੀਬ ਦੇ ਧਰ ਵੇਖੋ,
ਕਿਵੇਂ ਹੁੰਦੀਆਂ ਨੇ ਕਦਰ ਦਾਨ ਅੱਖਾਂ ।

ਲੱਖ ਅਸੀਸਾਂ ਉਪਜਣ ਦਿਲ ਵਿਚੋਂ,
ਵੇਦਨਾ ਦਿਲ ਦੀ ਉਦੋਂ ਸੁਨਾਣ ਅੱਖਾਂ ।

ਭਲਾ ਕਿਸੇ ਦਾ ਕਰ ਕੇ ਦੇਖਿਓ ਸਹੀ,
ਕਿਵੇਂ ਹੁੰਦੀਆਂ ਨੇ ਸ਼ੁਕਰ ਗੁਜਾਰ ਅੱਖਾਂ ।

ਡਿਗੇ ਹੋਏ ਨੂੰ ਸਹਾਰਾ ਦੇਹ ਤਾਂ ਸਹੀ,
ਦੇਵਣ ਦੁਆਵਾਂ ਲੱਖ ਹਜ਼ਾਰ ਅੱਖਾਂ ।

ਅੱਖ ਦੁਖਣੇ ਨੂੰ ਭਲਾ ਜੇ ਆ ਜਾਵੇ,
ਸੁਰਖ ਗੇਰੂ ਹੁੰਦੀਆਂ ਲਾਲ ਅੱਖਾਂ ।

ਜਵਾਨੀ ਢਲੀ ਤੇ ਨਜ਼ਰ ਕਮਜੋਰ ਹੁੰਦੀ,
ਪਰ ਫੇਰ ਵੀ ਦਿੰਦੀਆਂ ਸਾਥ ਅੱਖਾਂ ।

ਦੇਖ ਭਾਲ਼ ਕਰੋ ਸਦਾ ਅੱਖੀਆਂ ਦੀ,
ਨੇਹਮਤ ਰਬ ਦੀ ਰੱਖੋ ਸੰਭਾਲ ਅੱਖਾਂ ।

ਅੱਖਾਂ ਵਾਲਿਓ ਮਾਰ ਕੇ ਨਿਗਾਹ ਦੇਖੋ,
ਕਿੰਨੇ ਕਰਦੀਆਂ ਨੇ ਉਪਕਾਰ ਅੱਖਾਂ ।

ਮੋਇਆਂ ਬਾਅਦ ਨਾ ਕਿਸੇ ਕੰਮ ਆਵਣ,
ਜੀਉਂਦੇ ਲਿਖਕੇ ਕਰੀਏ ਦਾਨ ਅਖਾਂ ।

ਇਹੋ ਦਾਨ ਉਤਮ ਜੱਗ ਉਤੇ,
ਕਿਸੇ ਬੁਝੀ ਜੋਤ ਨੂੰ ਰੁਸ਼ਨਾਣ ਅੱਖਾਂ ।

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,
ਨੇਹਮਤ ਬਖਸ਼ੀ ਤੂੰ ਵਰਦਾਨ ਅਖਾਂ ।