Showing posts with label ਸੇਧ ਦੇਣ ਵਾਲੀਆਂ ਕਵਿਤਾਵਾਂ. Show all posts
Showing posts with label ਸੇਧ ਦੇਣ ਵਾਲੀਆਂ ਕਵਿਤਾਵਾਂ. Show all posts

Sunday, April 4, 2010

ਕੇਵਲ ਉਹੀ ਵਿਅਕਤੀ ਜੀਵਨ ਮੁਕਤ ਹੈ ਜੋ ਵਾਹਿਗੁਰੂ ਨੂੰ ਹੀ ਕਰਨਹਾਰ ਜਾਣ ਕੇ ਆਪਣੀ ਹਉਮੇ ਤਿਆਗਦਾ ਹੈ।

1. ਕੇਵਲ ਉਹੀ ਵਿਅਕਤੀ ਜੀਵਨ ਮੁਕਤ ਹੈ ਜੋ ਵਾਹਿਗੁਰੂ ਨੂੰ ਹੀ ਕਰਨਹਾਰ ਜਾਣ ਕੇ ਆਪਣੀ ਹਉਮੇ ਤਿਆਗਦਾ ਹੈ।

ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਨਿ॥ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ॥

2. ਮੁਕਤੀ ਪਰਾਪਤੀ ਦੀ ਨਿਸ਼ਾਨੀ ਸੁਖ ਦੁਖ ਤੋਂ ਉਪਰ ਉਠਣਾ ਅਤੇ ਦੁਸ਼ਮਨ ਦੋਸਤ ਨੂੰ ਸਮਾਨ ਸਮਝਣਾ ਹੈ ।

ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨਿ॥

3. ਗਿਆਨਵਾਨ ਉਸੇ ਨੂੰ ਮੰਨੋ ਜੋ ਨਾ ਕਿਸੇ ਤੋਂ ਡਰਦਾ ਤੇ ਨਾ ਹੀ ਕਿਸੇ ਨੂੰ ਡਰ ਦਿੰਦਾ ਹੈ।
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ॥ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨ॥

4. ਜੀਵਨ-ਮੁਕਤ ਉਸ ਨੂੰ ਜਾਣੋ ਜੋ ਪ੍ਰਸ਼ੰਸਾ ਤੇ ਨਿੰਦਿਆ ਤੋਂ ਨਿਰਲੇਪ ਹੈ ਤੇ ਜਿਸ ਲਈ ਸੋਨਾ ਤੇ ਲੋਹਾ ਇਕ ਬਰਾਬਰ ਹੈ।

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ਕਹੁ ਨਾਨਕ ਸੁਨਿ ਰੇ ਮਨਾ ਮੁਕਤ ਤਾਹਿ ਤੈ ਜਾਨਿ॥

5. ਜਵਾਨੀ ਅਜਾਈਂ ਹੀ ਚਲੀ ਗਈ ਅਤੇ ਬੁਢਾਪੇ ਨੇ ਤਨ ਤੇ ਕਾਬੂ ਪਾ ਲਿਆ।ਐ ਮਨ, ਵਾਹਿਗੁਰੂ ਨੂੰ ਸਿਮਰ ਕਿ ਉਮਰ ਖਿਸਕਦੀ ਜਾ ਰਹੀ ਹੈ।

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ॥ ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤ ਹੈ ਬੀਤਿ॥

6. ਸੁਖ ਪ੍ਰਾਪਤੀ ਦੇ ਅਨੇਕਾਂ ਜਤਨ ਕੀਤੇ, ਦੁਖ ਲਈ ਕੋਈ ਨਹੀਂ ਕੀਤਾ।ਐ ਮਨ, ਪਰ ਵਾਪਰਦਾ ਉਹੀ ਹੈ ਜੋ

ਵਾਹਿਗੁਰੂ ਨੂੰ ਭਾਉਂਦਾ ਹੈ।

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ॥

7. ਸੁਖਾਂ ਵੇਲੇ ਬਹੁਤ ਸਾਥੀ ਬਣ ਜਾਂਦੇ ਹਨ ਪਰ ਦੁਖ ਸਮੇ ਸਭ ਸਾਥ ਛੱਡ ਜਾਂਦੇ ਹਨ। ਹੇ ਮਨਾ, ਵਾਹਿਗੁਰੂ ਦਾ ਸਿਮਰਨ ਕਰ ਕਿ ਅੰਤ ਵੇਲੇ ਉਹੀ ਸਹਾਇਕ ਹੁੰਦਾ ਹੈ।

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗ ਨ ਕੋਇ॥ ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ॥

8. ਓ ਮਨਾ, ਉਸ ਵਾਹਿਗੁਰੂ ਨੂੰ ਕਿਉਂ ਨਹੀਂ ਯਾਦ ਕਰਦਾ ਜਿਸ ਨੇ ਤੈਨੂੰ ਸਰੀਰ, ਦੌਲਤ, ਪਦਾਰਥਾਂ ਦੇ ਸੁਖ ਅਤੇ ਸੋਹਣੇ ਨਿਵਾਸ ਬਖ਼ਸ਼ੇ ਹਨ।

ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ॥ ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹੇ ਨ ਰਾਮੁ॥

9. ਵੱਡੇ ਲਾਉ ਲਸ਼ਕਰਾਂ ਵਾਲੇ ਰਾਮ ਤੇ ਰਾਵਨ ਦੋਵੇਂ ਬਿਨਸ ਗਏ।ਸੁਪਨੇ ਵਰਗੇ ਇਸ ਸੰਸਾਰ ਵਿਚ ਕੁਛ ਵੀ ਸਦਾ ਨਹੀਂ ਰਹਿੰਦਾ।

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ॥ਕਹੁ ਨਾਨਕ ਥਿਰ ਕਛੁ ਨਹੀ ਸੁਪਨੇ ਜਿਉ ਸੰਸਾਰੁ॥

Monday, February 22, 2010

ਤੁਰਨਾ ਪੈਂਦਾ ਪਾਪੀ ਨੂੰ ਕੰਡਿਆਲੀਆਂ ਰਾਹਵਾਂ ਤੋਂ

ਤੁਰਨਾ ਪੈਂਦਾ ਪਾਪੀ ਨੂੰ ਕੰਡਿਆਲੀਆਂ ਰਾਹਵਾਂ ਤੋਂ ।
ਬਚ ਕੇ ਰਹਿ ਮੇਰੇ ਯਾਰ ਗ਼ਰੀਬ ਦੀਆਂ ਬਦ-ਦੁਆਵਾਂ ਤੋਂ ।

ਠੱਗੀ, ਧੋਖੇ ਨਾਲ ਤੂੰ ਬਹੁਤ ਸਹੂਲਤ ਪਾ ਲਈ ਹੈ,
ਜਾਏਂਗਾ ਠੁੰਗਿਆ ਆਖਿ਼ਰ ਤੂੰ ਪਾਪਾਂ ਦੇ ਕਾਵਾਂ ਤੋਂ ।

ਧਰਮੀ ਬਾਣੇ ਹੇਠ ‘ਸ਼ੈਤਾਨ’ ਲੁਕੋਈ ਬੈਠੈਂ ਤੂੰ,
ਕਪਟ ਲੁਕੋਅ ਨਈਂ ਹੋਣਾ ਚਾਨਣ ਦੀਆਂ ਸ਼ੁਆਵਾਂ ਤੋਂ ।

ਮਾਇਆ ਦਾ ਰੰਗ ਸਮਝ ਪੱਕਾ ਤੂੰ ਮਨ ਨੂੰ ਚਾੜ੍ਹ ਲਿਆ,
ਰਹਿ ਗਿਆ ਗਿਆਨ-ਵਿਹੂਣਾ ਕੁਦਰਤ ਦੀਆਂ ਅਦਾਵਾਂ ਤੋਂ ।

ਉਹਨਾਂ ਦੇ ਲਈ ਪੂਜਾ ਅਤੇ ਸਰਾਧ ਅਡੰਬਰ ਨੇ,
ਲਈਆਂ ਨਹੀਂ ਅਸੀਸਾਂ ਜਿਨ੍ਹਾਂ ਜਿਉਂਦੀਆਂ ਮਾਵਾਂ ਤੋਂ ।

ਕੂਕ ਕੋਇਲ ਦੀ ਮਿੱਠਤ ਨੂੰ ਤੂੰ ਜੀਭ ਛੁਹਾਈ ਨਾ,
ਸਿੱਖ ਲਿਆ ਧੂਮ-ਧੜੱਕਾ ਕਾਂ-ਕਾਂ ਕਰਦੇ ਕਾਵਾਂ ਤੋਂ ।

ਤਾਣਾ-ਬਾਣਾ ਉਲਝ ਗਿਆ ਰੱਬ ਬਾਹਲੇ ਬਣ ਗਏ ਨੇ,
ਹੋਣ ਲਗ ਪਏ ਕਤਲ ਭਰਾ ਹੀ ਰੋਜ਼ ਭਰਾਵਾਂ ਤੋਂ ।

ਲਗ ਪਏ ਅੰਨ੍ਹੇ ਵੰਡਣ ਸੀਰਨੀ ਮੁੜ-ਮੁੜ ਘਰਦਿਆਂ ਨੂੰ,
ਮਿਲਣ ਡਿਗਰੀਆਂ ਬਿਨਾਂ ਹੀ ਲੰਘੇ ਪਾਰ ਪੜਾਵਾਂ ਤੋਂ ।

ਅਪਣੇ ਘਰ ਵਿਚ ਧੀ ਦਾ ਜੰਮਣਾ ਜਿਸ ਨੂੰ ਭਾਉਂਦਾ ਨਈਂ,
ਨੂੰਹ ਭਾਲ਼ੇ ਬਿਨ ਪਰ੍ਹਾ ‘ਚ ਦਿੱਤੀਆਂ ਧੀ ਦੀਆਂ ਲਾਵਾਂ ਤੋਂ ।

ਹੱਕ ਬਿਗਾਨਾ ਮਾਰਨ ਲਈ ਸਭ ਅਸਤਰ ਬਣ ਬੈਠੇ,
ਲਗ ਪਏ ਚਮੜੀ ਵੇਚਣ ਲਾਹ ਕੇ ਜਿਉਂਦੀਆਂ ਗਾਂਵਾਂ ਤੋਂ ।

ਸਭ ਦਾ ਭਲ਼ਾ ਜੋ ਕਹਿ ਕੇ ਅਤੇ ਕਮਾਅ ਕੇ ਚਲੇ ਗਏ,
ਮਹਿਕਾਂ ਮਿਲਣ ਹਮੇਸ਼ਾਂ ਪਿੱਛੇ ਰਹਿ ਗਏ ਨਾਵਾਂ ਤੋਂ ।

ਰਹਿ ਪਾਸੇ ਇਹ ਠੱਗਾਂ ਦੀ ਦੁਨੀਆਂ ਤੋਂ,
ਲਭਦਾ ਰਹੀਂ ਹਕੀਕਤ ਅਣ-ਲਿਖੀਆਂ ਕਵਿਤਾਵਾਂ ‘ਚੋਂ ।

Tuesday, February 16, 2010

ਝੁਲ ਝੁਲ ਵੇ ਤਿਰੰਗਿਆ ਝੁਲ ਝੁਲ ਝੁਲ

ਤਿੰਨਾਂ ਰੰਗਾਂ ਉਤੇ ਜਾਵੇ ਮੇਰਾ ਦਿੱਲ ਡੁਲ ਡੁਲ



ਤੂੰ ਹਿੰਦ ਦੀ ਹੈ ਜ਼ਾਨ, ਤੇਰੀ ਜੱਗ ਤੇ ਹੈ ਸ਼ਾਨ

ਸਾਨੂੰ ਅਪਣੇ ਤੋ ਵੱਧ , ਸੋਹਣੇ ਝੰਡੇ ਉਤੇ ਮਾਣ

ਤੈਨੂੰ ਲਹੂ ਨਾਲ ਰੰਗ , ਤਾਂ ਸ਼ਹੀਦਾ ਦੀ ਮੰਗ

ਤੇਰੀ ਅਣਖ ਤੇ ਆਣ , ਸਾਡੇ ਜੀ ਨੇ ਪ੍ਰਾਣ

ਕੀ ਹੋਣਾ ਏ ਮੁਕਾਬਲਾ, ਤੇਰੇ ਤੁਲ ਤੁਲ



ਇਹ ਹੈ ਸ਼ਾਂਤੀ ਪੁਜਾਰੀ,ਵੰਡੇ ਸਭਨਾਂ ਨੂੰ ਹਾਸੇ

ਇਹਦੇ ਗੀਤਾਂ ਦੇ ਬੋਲ, ਮਿੱਠੇ ਸ਼ਹਿੱਦ ਤੇ ਪਤਾਸੇ

ਸਾਡੇ ਦਿਲ ਦੀ ਅਵਾਜ਼,ਸਾਡੀ ਸ਼ਾਨ ਹੈ ਤਿਰੰਗਾਂ

ਸਾਡਾ ਮਾਣ ਹੈ ਤਿਰੰਗਾਂ, ਸਾਡੀ ਜਾਨ ਹੈ ਤਿਰੰਗਾਂ

ਤੈਨੂੰ ਝੁਲਦੇ ਨੂੰ ਵੇਖਾਂ, ਜਾਂਵਾਂ ਮੈਂ ਫੁਲ ਫੁਲ


,ਭਗਤ ਸਿੰਘ ਦਿਤੀ ਕੁਰਬਾਨੀ

ਅੱਜ ਮਾਣਦੇ ਹਾਂ ਮੋਜਾਂ, ਉਹਨਾਂ ਦੀ ਮਹਿਰਬਾਨੀ

ਛੱਡੋ ਦੰਗੇ ਤੇ ਫਸਾਦ , ਸਾਰੇ ਰਲ ਮਿਲ ਰਹੀਏ

ਉਥੇ ਵੱਸਦਾ ਏ ਰੱਬ, ਜਿਥੇ ਦੁੱਖ ਸੁੱਖ ਕਹੀਏ

ਅਖਦੀ ਏ ਪਿਆਰ ਦਾ ਨਾ ਕੋਈ ਮੁਲ ਮੁਲ



ਝੁਲ ਝੁਲ ਵੇ ਤਿਰੰਗਿਆ ਝੁਲ ਝੁਲ ਝੁਲ

ਤਿੰਨਾਂ ਰੰਗਾਂ ਉਤੇ ਜਾਵੇ ਮੇਰਾ ਦਿਲ ਡੁਲ ਡੁਲ

ਤੇਰਾ ਭਾਣਾ ਤੂੰ ਹੀ ਜਾਣੇ

ਤੇਰਾ ਭਾਣਾ ਤੂੰ ਹੀ ਜਾਣੇ,
ਕੀ ਮੈਂ ਜਾਣਾ ਅਨਜਾਣ ।

ਨਿਰਾਕਾਰ ਤੇਰਾ ਰੂਪ ਅਨੂਪ,
ਮੈ ਕਿਵੇਂ ਕਰਾਂ ਪਛਾਣ ।

ਤੂੰ ਦਾਤਾ ਚਤੁਰ ਬਕੀਤਾ,
ਮੈ ਮੂਰਖ ਅਨਜਾਣ ।

ਇਹ ਮੇਰੀ ਅੱਖ ਵਿੱਖ ਭਰੀ,
ਕਰ ਨਾ ਸਕੇ ਪਛਾਣ ।

ਮੈ ਨਿਤਾਣਾ, ਤੂੰ ਮੇਰਾ ਤਾਣ,
ਕਿਵੇਂ ਹੋਵੇ ਮੇਰਾ ਕਲਿਆਣ।

ਦਾਤਾ ਦੇਹੁ ਆਪਣਾ ਨਾਮ,
ਮੇਰਾ ਕਰ ਕਲਿਆਣ ।

ਕੋਈ ਨਾ ਇਸ ਜੱਗ ਵਿਚ ਮੇਰਾ,
ਇੱਕ ਤੂੰ ਹੀ ਮੇਰਾ ਮਹਿਮਾਨ ।

ਹੇ ਮਾਲਿਕ ਜੇ ਕਰੇਂ ਬਖਸ਼ੀਸ਼,
ਹੋਵੇ ਰਾਹੀ ਦਾ ਕਲਿ਼ਆਣ ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ ।

ਗਲੀ ਗਲੀ ਮੈ ਹੋਕਾ ਦੇ ਕੇ, ਵੰਡਾ ਮਹਿਕ ਗੁਲਾਬ ਦੀ ।

ਸਰਗੀ ਵੇਲੇ ਉਠ ਮੈ, ਪਾਵਾਂ ਚਾਟੀ ਵਿਚ ਮਧਾਣੀ ।

ਕਰ ਇਸ਼ਨਾਨ ਵੇਲੇ ਅਮ੍ਰਿਤ ਦੇ, ਪੜ੍ਹਾਂ ਗੁਰੂ ਦੀ ਬਾਣੀ

ਰੱਖਾਂ ਮੱਝਾਂ ਲਵੇਰੀਆਂ, ਖਾਵਾਂ ਮਖੱਣ, ਪੀਵਾਂ ਲੱਸੀ ਪੰਜਾਬ ਦੀ ।

ਮੇਨੂੰ ਨਸ਼ਾ ਨਾ ਸਮਝੀ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ ।

ਮੈ ਮਾਂ ਭਾਗੋ ਦੀ ਲਾਡਲੀ, ਲਛਮੀ ਬਾਈ ਦੀ ਭੈਣ ।

ਸੁਮੇਲ ਹਾਂ ਭਗਤੀ ਸ਼ਕਤੀ ਦੀ, ਮੈ ਜਿੰਦਾਂ ਦੀ ਭੈਣ ।

ਗਿੱਧਾ ਪਾ ਕੇ ਚੰਦ ਤੇ ਚਾਵਲਾ, ਰੀਝ ਪੂਰੀ ਕੀਤੀ ਪੰਜਾਬ ਦੀ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ ਮੈ ਹਾਂ ਨਾਰ ਪੰਜਾਬ ਦੀ।

ਮੈ ਇਸ਼ਕ ਹੰਡਾਇਆ ਝੰਗ ਵੇ, ਮੈ ਕੀਤਾ ਰਾਜ ਪੰਜਾਬ ਤੇ।

ੰਮੈ ਸਾਹਿਬ ਕੌਰ ਬੱਚੀ ਪੰਜਾਬ ਦੀ, ਮੇਰੀ ਮਾਂ ਲੜੀ ਖਿਦਰਾਣੇ ਵਾਲੀ ਢਾਬ ਤੇ।

ਮੈ ਹੀ ਆਬਰੂ ਹਿੰਦ ਦੀ, ਮੈਂ ਹੀ ਹਾਂ ਸ਼ਾਨ ਪੰਜਾਬ ਦੀ ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ ।

ਛਡ ਨੱਸ਼ਿਆ ਨੂੰ ਸੋਹਣਿਆ, ਆਪਣਾ ਆਪ ਪਛਾਣ ਵੇ ।

ਅਪੱਣਾ ਲੈ ਆਪਣੇ ਵਿਰਸੇ ਨੂੰ, ਨਾ ਬਣ ਐਵੇਂ ਅਨਜਾਣ ਵੇ ।

’ ਭੰਨ ਸ਼ਰਾਬ ਦੀਆਂ ਬੋਤਲਾਂ, ਤੈਨੂੰ ਪੁਤੱਰੀ ਕਹੇ ਪੰਜਾਬ ਦੀ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ।

ਕੁਦਰਤ ਦੇ ਰੰਗ ਨਿਆਰੇ

ਕੁਦਰਤ ਦੇ ਰੰਗ ਨਿਆਰੇ, ਜਾਈਏ ਇਹਦੇ ਵਾਰੇ-ਵਾਰੇ।
ਹਾਉਮੈਂ ਵਿਚ ਆ ਕੇ ਮੱਥਾ ਇਸ ਦੇ ਨਾਲ ਲਾਈਏ ਨਾ,
ਜਿਸ ਰਾਹ ਤੋਂ ਮਾਪੇ ਰੋਕਣ ਭੁੱਲ ਕੇ ਵੀ ਜਾਈਏ ਨਾ।

ਰੱਬ ਕੋਲੋਂ ਡਰ ਕੇ ਰਹੀਏ, ਮੰਦਾਂ ਨਾ ਕਿਸੇ ਨੂੰ ਕਈਏ।
ਕਿਸਮਤ ਦੇ ਮਾਰਿਆਂ ਤਾਈਂ ਹੋਰ ਸਤਾਈਏ ਨਾ,

ਲਾਲਚ ਹੈ ਬੁਰੀ ਬਿਮਾਰੀ, ਗਲਤੀ ਕਰਵਾ ਦਿੰਦਾਂ ਭਾਰੀ।
ਦੇਖ ਕੇ ਮਾਲ ਪਰਾਇਆ, ਮਨ ਨੂੰ ਲਲਚਾਈਏ ਨਾ,

ਪਾਣੀ ਦੀ ਰੇੜ ਜੇ ਹੋਵੇ, ਸਾਨਾਂ ਦਾ ਭੇੜ ਜੇ ਹੋਵੇ।
ਦੂਜੇ ਦੀ ਚੱਕ ‘ਚ ਆ ਕੇ ਵਿਚ ਕਦੇ ਆਈਏ ਨਾ,

ਨਸ਼ਿਆਂ ਦੀ ਆਦਤ ਮਾੜੀ, ਬਿਨ ਜਾਂਦੀ ਨਾੜੀ-ਨਾੜੀ।
ਇਹੋ ਜਿਹਾ ਗੰਦਾਂ ਕਦੇ ਸ਼ੌਂਕ ਫਰਮਾਈਏ ਨਾ,

ਹੱਥ ਦੀ ਮਿਹਨਤ ਚੰਗੀ, ਹੋਵੇ ਭਾਵੇਂ ਕਿੱਢੀ ਤੰਗੀ।
ਚੂਸ ਕੇ ਖੂਨ ਬਗਾਨਾਂ, ਪਿਆਸ ਬੁਝਾਈਏ ਨਾ,

ਦੁਨੀਆਂ ਤੇ ਬੈਠ ਨਾ ਰਹਿਣਾ, ਇਕ ਦਿਨ ਤਾਂ ਜਾਣਾ ਪੈਣਾ।
ਵੈਰੀ ਨੂੰ ਦੇਖ ਕੇ ਮਰਿਆਾਂ, ਖੁਸ਼ੀਆਂ ਮਨਾਈਏ ਨਾ,
ਜਿਸ ਰਾਹ ਤੋਂ ਮਾਪੇ ਰੋਕਣ ਭੁੱਲ ਕੇ ਵੀ ਜਾਈਏ ਨਾ

Sunday, February 14, 2010

ਜਿਸ ਰਾਹ ਤੇ ਵੀ ਨਿਕਲਾਂਗੇ ਕੋਈ ਪੈਗਾਮ ਦੇਵਾਂਗੇ

ਜਿਸ ਰਾਹ ਤੇ ਵੀ ਨਿਕਲਾਂਗੇ ਕੋਈ ਪੈਗਾਮ ਦੇਵਾਂਗੇ
ਦੁਰਕਾਰਾਂਗੇ ਝੂਠ ਨੂੰ ਸੱਚ ਨੂੰ ਹੀ ਸਲਾਮ ਦੇਵਾਂਗੇ ।

ਕਿਸੇ ਨੇ ਪੁਛਿਆ ਕਿ ਬੇਵਫਾ ਉਹ ਕੌਣ ਸੀ ਆਖਿਰ ?
ਸਿਰਫ ਕਿਸਮਤ ਤੇ ਹੀ ਅਸੀਂ ਇਲਜਾਮ ਦੇਵਾਂਗੇ ।

ਮੋਢੇ ਤੇ ਸਿਰ ਰੱਖਕੇ ਤੂੰ ਸੌਂ ਜਾਂਵੀਂ ਜਦੋਂ ਮਰਜੀ
ਇਕੱਠੇ ਸਫਰ ਤੇ ਨਿਕਲੇ ਤੈਨੂੰ ਆਰਾਮ ਦੇਵਾਂਗੇ ।

ਕਿੰਨਾ ਭਟਕੇ ਹਾਂ ਹੁਣ ਤੀਕ ਇਸਦੇ ਲੱਗ ਕੇ ਆਖੇ
ਦਿਲ ਦਾ ਅੱਥਰਾ ਘੋੜਾ ਇਸਨੂੰ ਲਗਾਮ ਦੇਵਾਂਗੇ ।

ਮੌਸਮ ਵਫਾ ਕਰੇ ਨਾ ਕਰੇ ਇਹ ਓਸਦੀ ਮਰਜੀ
ਇਸ ਕਲਮ ਤੋ ਤਾਜ਼ਾ ਇਕ ਹੋਰ ਕਲਾਮ ਦੇਵਾਂਗੇ ।

ਮੁੱਢੋਂ ਅਗਾਜ਼ ਰਿਹਾ ਫਿੱਕਾ ਭਾਂਵੇਂ ਇਸ ਕਹਾਣੀ ਦਾ
ਇਸ ਨੂੰ ਖੂਬਸੂਰਤ ਆਖਰੀ ਅੰਜਾਂਮ ਦੇਵਾਂਗੇ ।

ਵਕਤ ਸੰਗ ਚਲ ਮੁਸਾਫਿਰ ਵਕਤ ਨੇ ਰੁਕਣਾ ਨਹੀਂ

ਵਕਤ ਸੰਗ ਚਲ ਮੁਸਾਫਿਰ ਵਕਤ ਨੇ ਰੁਕਣਾ ਨਹੀਂ।

ਮੰਜ਼ਲ ਤੇ ਪਹੁੰਚ ਕੇ ਵੀ ਸਫ਼ਰ ਤੇਰਾ ਮੁੱਕਣਾ ਨਹੀਂ

ਧੀਏ ਫੁੱਲ ਕੱਢਣਾ,ਕੱਢਣਾ ਸਲੀਕੇ ਨਾਲ ,

ਰੀਝ ਨਾਲ ਵਰਨਾ ਕਿਸੇ ਏਸਨੂੰ ਤੱਕਣਾ ਨਹੀਂ

ਸੋਚਦਾ ਹਾਂ ਫੁੱਲਾਂ ਦੀ ਇਕ ਕਿਆਰੀ ਬਣਾਵਾਂ,

ਮਹਿਕ ਨੇ ਮਗਰ ਹਝੂੰ ਹਉਕਿਆਂ ਨੂੰ ਡੱਕਣਾ ਨਹੀਂ

ਮੈਰਾਥਨ ਦੋੜ ਲਈ ਹਰ ਕੋਈ ਦੋੜ ਰਿਹਾ,

ਡਿੱਗਿਆ ਜਿਹੜਾ ਉਸਨੂੰ ਹੁਣ ਕਿਸੇ ਚੁੱਕਣਾ ਨਹੀਂ।

ਐ ਹਨੇਰੇ ਕਦ ਤਕ ਦੇ ਸਕੇਂਗਾ ਧੁੰਸਲਕਾ ,

ਝਾਕ ਰਿਹਾ ਹੈ ਜਿਹੜਾ ਸੂਰਜ ਰੁੱਕਣਾ ਨਹੀਂ।

ਵਿਤਕਰਿਆਂ ਦਾ ਦੌਰ ਭਾਵੇਂ ਹੈ ਬੜਾ,

ਸਾਂਝ ਦੇ ਸਾਹਵੇ ਪਰ ਇਹਨਾਂ ਟਿੱਕਣਾ ਨਹੀਂ।

ਰੱਬ ਜਾਂ ਸੱਜਣ ਦਾ ਪੱਲਾ ਇੱਕ ਵਾਰ ਜੇ ਫੜ ਲਈਏ

ਰੱਬ ਜਾਂ ਸੱਜਣ ਦਾ ਪੱਲਾ ਇੱਕ ਵਾਰ ਜੇ ਫੜ ਲਈਏ
ਮਰਦੇ ਮਰ ਜਾਈਏ ਬੇਸ਼ੱਕ ਪੱਲਾ ਕਦੇ ਨਹੀਂ ਛੱਡੀ ਦਾ
ਤੀਲਾ ਤੀਲਾ ਜੋੜਕੇ ਜਿੱਥੇ ਆਲ੍ਹਣਾ ਪਾਅ ਲਈਏ
ਨਹੀਂ ਲੋਕਾਂ ਪਿੱਛੇ ਲੱਗਕੇ ਉਹ ਟਹਿਣਾ ਵੱਡੀ ਦਾ
ਜਿੰਨਾਂ ਦਿੱਤਾ ਰੱਬ ਨੇ ਸੱਜਣਾ ਉਸੇ ਚੋ ਰਾਜੀ ਰਹਿ
ਵਾਂਗ ਮੰਗਤਿਆਂ ਲੋਕਾਂ ਅੱਗੇ ਪੱਲਾ ਨਹੀਂ ਅੱਡੀ ਦਾ
ਜਦੋਂ ਦੁਸ਼ਮਣੀ ਭੁਲਾਕੇ ਦੁਸ਼ਮਣ ਯਾਰ ਬਣ ਜਾਂਦਾ ਹੈ
ਕਰ ਚੇਤੇ ਪੁਰਾਣਾ ਯਾਰਾਂ ਨਾਲ ਵੈਰ ਨਹੀਂ ਕੱਢੀ ਦਾ
ਚੰਗੇ ਮੰਦੇ ਸਭ ਸੱਜਣਾ ਵੇ ਉਸ ਰੱਬ ਦੇ ਹੀ ਬੰਦੇ ਨੇ
ਲੱਖ ਮਾੜਾ ਕੋਈ ਹੋਵੇ ਸਦਾ ਉਸਦਾ ਪਰਦਾ ਕੱਜੀ ਦਾ
ਕਿਸੇ ਦੀ ਫੂਕ ਚੋ ਆਕੇ ਜੇ ਛੇੜ ਲਈਏ ਨਾਂਗਾਂ ਨੂੰ
ਵਾਂਗ ਕਾਇਰਾਂ ਫਿਰ ਨਹੀਂ ਪਿੱਠ ਵਿਖਾਕੇ ਭੱਜੀ ਦਾ
ਵਿਆਹੀ ਹੋਈ ਮੁਟਿਆਰ ਸਿ਼ੰਗਾਰ ਨਾਲ ਜੱਚਦੀ ਹੈ
ਕੁਆਰੀ ਕੁੜੀ ਨੂੰ ਮਾੜਾ ਲੱਗੇ ਪੇਕੇ ਘਰ ਸੱਜੀ ਦਾ
ਮਾਰ ਮਾਰਕੇ ਠੱਗੀਆਂ ਬੇਸ਼ੱਕ ਮਹਿਲ ਬਨਾਲੈ ਤੂੰ
ਇੱਕ ਦਿਨ ਤਾਂ ਡੋਬੇਗਾ ਤੈਨੂੰ ਇਹ ਪੈਸਾ ਠੱਗੀ ਦਾ
ਔਖੇ ਨੇ ਇਸ ਜਗਤ ਤੇ ਸੱਚੇ ਬੇਲੀ ਯਾਰ ਕਮਾਉਣੇ
ਝੂਠੀ ਬੇਲੀ ਯਾਰ ਹਰ ਗਲੀ ਦੇ ਮੋੜ ਤੇ ਲੱਭੀ ਦਾ
ਚੁਗਲੀ ਲਾਕੇ ਘਰ ਉਜਾੜਨ ਵਾਲੇ ਜੱਗ ਤੇ ਬਥੇਰੇ ਨੇ
ਖੁਦ ਦੇ ਦਿਮਾਗ ਨਾਲ ਸੋਚ ਕਿਸੇ ਪਿੱਛੇ ਨਹੀਂ ਲੱਗੀ ਦਾ
ਜੁਬਾਨ ਤੇ ਰੱਖੀਏ ਕਾਬੂ ਇਹ ਪੁਆੜੈ ਪਾਉਂਦੀ ਹੈ
ਜੋੜ ਕਦੇ ਨਹੀਂ ਲੱਗੇ ਜੁਬਾਨ ਨਾਲ ਟੁੱਟੀ ਹੱਡੀ ਦਾ

ਇਹ ਦੁਨੀਆਂ ਚਾਰ ਦਿਨਾਂ ਦਾ ਮੇਲਾ ਦੁਨੀਆਂਦਾਰਾ

ਤਕੜੇ ਸਰੀਰ ਤੇ ਬਹੁਤਾ ਮਾਣ ਨਾ ਐਂਵੇ ਕਰੀਏ
ਸੱਚੇ ਰੱਬ ਦੀ ਬੇ ਅਵਾਜ਼ ਡਾਂਗ ਕੋਲੋ ਸਦਾ ਡਰੀਏ
ਜਦੋਂ ਵਕਤ ਪੂਰਾ ਹੋਵੇ ਸਰੀਰ ਕੱਚ ਵਾਂਗ ਟੁੱਟਦਾ

ਕਿਸੇ ਦੇ ਮੂੰਹ ਵਿੱਚੋ ਕਦੇ ਖੋਈਦਾ ਨਹੀ ਟੁੱਕ ਬਈ
ਮਰ ਜਾਈਏ ਬੇਸ਼ੱਕ ਪਰ ਸਹਾਰ ਲਈਏ ਭੁੱਖ ਬਈ
ਮਾਰੀਏ ਨਾ ਮੇਹਣਾ ਕਿਸੇ ਨੂੰ ਗਰੀਬੀ ਤੇ ਭੁੱਖ ਦਾ

ਪੁੱਛੇ ਬਿਨਾਂ ਬੇਗਾਨੀ ਕੰਧ ਜਾਂ ਪੌੜੀ ਤੇ ਨਾ ਚੜੀਏ
ਪਰਾਈ ਜਮੀਨ ਜਾਂ ਤੀਂਵੀ ਪਿੱਛੇ ਕਦੇ ਨਾ ਲੜੀਏ
ਚਾਰਾਂ ਪਿੱਛੇ ਛੇੜਿਆ ਜੋ ਜੰਗ ਰੋਕਿਆਂ ਨਾ ਰੁੱਕਦਾ

ਬੰਦਾ ਮਾੜਾ ਜੋ ਹਰੇਕ ਦੀਆਂ ਗੱਲਾਂ ਚੋ ਆ ਜਾਵੇ
ਮਾੜੀ ਤੀਂਵੀ ਲੋਕਾਂ ਦੇ ਘਰ ਚੋ ਪੁਆੜੇ ਪਾ ਜਾਵੇ
ਵੇਖ ਕਿਸੇ ਨੂੰ ਸੁੱਖੀ ਰਹੇ ਲੋਕਾਂ ਦਾ ਸਾਹ ਸੁੱਕਦਾ

ਗੱਲਾਂ ਦੇ ਨਾਲ ਨੀਵੇ ਜੋ ਕਰਦੇ ਹੋਵਣ ਪਹਾੜਾਂ ਨੂੰ
ਦੂਰੋਂ ਮੱਥਾ ਟੇਕੀ ਦਾ ਇਹੋ ਜਿੱਹੇ ਫੁੱਕਰੇ ਯਾਰਾਂ ਨੂੰ
ਯਾਰ ਸੱਚਾ ਜਿਹੜਾਂ ਦੁੱਖ ਵਿੱਚ ਆਕੇ ਦੁੱਖ ਪੁੱਛਦਾ

ਹਰ ਕੋਈ ਖੁਸ਼ ਹੋਕੇ ਮਾਣਦਾ ਸੱਜਰੀਆਂ ਬਹਾਰਾਂ ਨੂੰ
ਸੱਚਾ ਲੇਖਕ ਮਾਣੇ ਨਜ਼ਾਰੇ ਸੀਨੇ ਲਾਕੇ ਉਜਾੜਾਂ ਨੂੰ
ਸੱਚ ਕੋਈ ਕੋਈ ਲਿਖਦਾ ਕਲਮ ਤਾਂ ਹਰੇਕ ਚੁੱਕਦਾ

ਇਹ ਦੁਨੀਆਂ ਚਾਰ ਦਿਨਾਂ ਦਾ ਮੇਲਾ ਦੁਨੀਆਂਦਾਰਾ
ਹੱਸ ਕੇ ਵਕਤ ਲੰਘਾ ਜੱਗ ਤੇ ਆਉਣਾ ਨਾ ਦੁਬਾਰਾ
ਦੁੱਖ ਨਾ ਲੁੱਕਾ ਇਹ ਨਹੀ ਕਦੇ ਲੁੱਕਦਾ
ਬੁੱਝ ਜਾਵੇ ਦੀਵਾ ਉਦੋਂ ਜਦੋ ਦੀਵੇ ਚੋ ਤੇਲ ਮੁੱਕਦਾ