Showing posts with label ਰਲੀਆਂ ਮਿਲੀਆਂ ਕਵਿਤਾਵਾਂ. Show all posts
Showing posts with label ਰਲੀਆਂ ਮਿਲੀਆਂ ਕਵਿਤਾਵਾਂ. Show all posts

Sunday, April 4, 2010

ਅੱਜ ਰੁੱਸੀਂ ਨਾ ਦਿਲਾ, ਕਿਸੇ ਮਨਾਉਣ ਵੀ ਨੀ ਆਉਣਾ

ਅੱਜ ਰੁੱਸੀਂ ਨਾ ਦਿਲਾ, ਕਿਸੇ ਮਨਾਉਣ ਵੀ ਨੀ ਆਉਣਾ
ਬੂਹਾ ਭੇਡ਼ ਕੇ ਤੂੰ ਸੌਂ ਜਾ, ਕਿਸੇ ਮਿਲਣ ਵੀ ਨੀ ਆਉਣਾ..
ਉਹ ਪਿਆਰ ਦੇ ਸੁਨੇਹਿਆਂ ਚ, ਗੱਚ ਗੱਚ ਭਿੱਜਣਾ
ਉਹ ਰੂਹ ਤੱਕ ਕੰਬਣਾ, ਤੇਰੇ ਹੱਥ ਜਦ ਚੁੰਮਣਾ
ਮਹਿਬੂਬ ਆਪਣੇ ਨੂੰ, ਵਿੱਚ ਤਾਰਿਆਂ ਪਰੋਣਾ ..


ਬਿਨਾਂ ਇੱਤਰੀਂ ਨਹਾਏ, ਖੁਸ਼ਬੋਈਆਂ ਉਹਦਾ ਵੰਡਣਾ
ਤਾਰਿਆਂ ਦੀ ਲੋਅ ਦੇ, ਪਰਛਾਵਿਆਂ ਤੋਂ ਸੰਗਣਾ
ਕੋਸੇ ਕੋਸੇ ਹਾਸਿਆਂ ਚ, ਮਹੀਨ ਗੱਲਾਂ ਸਮਝਾਉਣਾ


ਉਹ ਹਾਂਡੀਆਂ ਦੇ ਜ਼ਇਕੇ, ਤਸਵੀਰਾਂ ਤਿੰਨ ਰੰਗੀਆਂ
ਰਿਸ਼ੀ ਦਿਆਂ ਮੰਦਿਰਾਂ, ਦੁਆਵਾਂ ਕਈ ਮੰਗੀਆਂ
ਓਸ ਰੱਬ ਦੀ ਰਜ਼ਾ ਦੇ ਵਿੱਚ, ਸਾਥ ਸੀ ਨਿਭਾਉਣਾ


ਕਦੀ ਚੁੱਪ ਦੀ ਤਾਰੀਫ ਵਿੱਚ, ਲੰਬੀਆਂ ਲਡ਼ਾਈਆਂ
ਕੌਡ਼ਾ ਬੋਲਣ ਦੇ ਪਿੱਛੇ, ਕਦੇ ਦੇਣੀਆਂ ਸਫਾਈਆਂ
ਉਹਦਾ ਪਿਆਰ ਸੀ ਛਲਾਵਾ, ਮੈਥੋਂ ਕਹਿ ਨਹੀਂਉਂ ਹੋਣਾ


ਇੱਕ ਦੂਜੇ ਲਈ ਜ਼ਿੰਦਗ਼ੀ ਚ, ਅਸੀਂ ਹੁਣ ਨਹੀਂ ਆਂ
ਇਹ ਕਹਿਣਾ ਹੈ ਆਸਾਨ , ਗੱਲ ਜਾਣ ਦੀ ਵੀ ਨਹੀਂ ਆ,
ਬੇ- ਵਫਾ ਜੇ ਸੀ ਹੁੰਦਾ, ਤੇਰਾ ਚੇਤਾ ਨਹੀਂ ਸੀ ਆਉਣਾ,



ਇੱਕੋ ਸਤਰ ਚ ਜਿਹਨੇ, ਸਾਰੀ ਜ਼ਿੰਦਗ਼ੀ ਛੁਪਾਈ,
ਕੁੱਖ ਤੋਂ ਕਬਰ ਤੱਕ, ਕਰੇ ਜੋ ਭਲਾਈ
ਓਸ ਰੱਬ ਨਾਲ ਵੈਰ ਮੈਥੋਂ, ਪਾ ਨਹੀਉਂ ਹੋਣਾ

ਰਾਤ ਨੂੰ ਮਦਹੋਸ਼ ਹੋਈ ਰਹਿਣ ਦਿਉ

ਰਾਤ ਨੂੰ ਮਦਹੋਸ਼ ਹੋਈ ਰਹਿਣ ਦਿਉ,
ਮੇਰੇ ਦਿਲ ਨੂੰ ਪੀੜਾਂ ਅਜੇ ਸਹਿਣ ਦਿਉ ।
ਦਿਲ ਦੀ ਕਲੀ ਮੁਰਝਾਉਣ ਤੋਂ ਪਹਿਲਾਂ,
ਅਵਾਰਾ ਭੰਵਰੇ ਨੂੰ ਉਪਰ ਬਹਿਣ ਦਿਉ ।
ਚਾਰ ਦਿਨਾਂ ਦੀ ਚਾਂਦਨੀ ਨੂੰ ਮਾਣ ਲਵੋ,
ਮੱਸਿਆ ਦੀ ਕਾਲਖ ਨੂੰ ਪਾਸੇ ਰਹਿਣ ਦਿਉ ।
ਜ਼ਿੰਦਗੀ ਬੇ-ਮਜ਼ਾ ਹੈ ਬਿਨਾਂ ਗ਼ਮਾਂ ਤੋਂ,
ਗ਼ਮਾਂ ਦਾ ਪਰਛਾਵਾਂ ਵੀ ਇਸ ਤੇ ਪੈਣ ਦਿਉ ।
ਉਹ ਤਾਰੇ ਜੋ ਦਿਸਦੇ ਨੇ ਸਿਰਫ ਰਾਤਾਂ ਨੂੰ,
ਓਹਨਾਂ ਤਾਰਿਆਂ ਨੂੰ ਅੰਬਰੀ ਹੀ ਰਹਿਣ ਦਿਉ ।
ਤੇਰਾ ਪਿਆਰ ਹੀ ਕਾਫੀ ਹੈ ਜੀਣ ਦੇ ਲਈ,
ਤੇਰੀ ਨਫ਼ਰਤ ਜੋ ਕਹਿੰਦੀ ਹੈ ਕਹਿਣ ਦਿਉ ।

ਸੂਰਜਾਂ ਦੀ ਧੁੱਪ; ਪ੍ਰਛਾਵੇਂ ਕਦੀ ਖਾਂਦੇ ਰਹੇ

ਇਸ ਤਰਾਂ ਦੇ ਦਿਨ ਕਦੀ ਆਉਂਦੇ ਰਹੇ;

ਸੂਰਜਾਂ ਦੀ ਧੁੱਪ; ਪ੍ਰਛਾਵੇਂ ਕਦੀ ਖਾਂਦੇ ਰਹੇ।

ਤਾਰਿਆਂ ਦੀ ਗਰਦ ਸੀ ਕਿ ਬੱਦਲਾਂ ਦਾ ਨੇਰ੍ਹ ਸੀ;

ਹਰ ਤਰਾਂ ਹਰ ਮੋੜ ਤੇ ਹੀ ਮੇਘਲੇ ਗਾਂਉਂਦੇ ਰਹੇ।

ਦਿਲ ਹੀ ਭੈੜਾ ਪਰਚਿਆ ਨਾ ਦਿਲ ਲਗੀ ਦੇ ਆਸਰੇ;

ਉਂਜ ਤਾਂ ਦਿਲਬਰ ਕਈ ਆਉਂਦੇ ਰਹੇ ਜਾਂਦੇ ਰਹੇ।

ਪੱਥਰਾਂ ਦੇ ਰਾਹ ਤੇ ਕੱਚ ਦੇ ਜਿਸਮ ਦਾ ਸਾਥ ਸੀ,

ਸ਼ੀਸਿ਼ਆਂ ਦੇ ਟੋਟਿਆਂ ਨਾ ਠੋਕਰਾਂ ਖਾਂਦੇ ਰਹੇ।

ਕੌਣ ਹੈ ਸਾਬਤ ਕਦਮ ਤੇ ਕੌਣ ਹੈ ਸੁੱਚਾ ਸਿਦਕ

ਟੁੱਟਦੇ ਜੁੜਦੇ ਰਹੇ; ਰਿਸ਼ਤੇ ਕਈ ਬਣਦੇ ਰਹੇ।

ਮੌਤ ਦੀ ਭਿੱਖਿਆ ਲਈ ਤੇ ਦਰਦ ਦੀ ਆਹਟ ਲਈ,

ਗਰਭ ਬੱਚੇ ਬੱਚੀਆ ਜੰਮਦੇ ਰਹੇ ਮਰਦੇ ਰਹੇ।

ਅੱਜ ਫਿਰ ਉਸ ਮੋੜ ਪੱਗ ਡੰਡੀ ਦੇ ਰਾਹਾਂ ਤੇ ਖੜੇ

ਸਹਿਕਦੇ ਹੱਸਦੇ ਰਹੇ; ਹਰ ਜ਼ੁਲਮ ਨੂੰ ਜਰਦੇ ਰਹੇ।

ਇੱਕ ਤਸੱਵਰ ਸੀ ਹਵਾਵਾਂ ਬੱਦਲਾਂ ਦੀ ਧੁੱਪ ਖਿੜੀ

ਦੋਸਤਾਂ ਦਾ ਕੀ ਸੀ! ਉਹ ਆਉਂਦੇ ਰਹੇ ਜਾਂਦੇ ਰਹੇ।

ਕਹਿ ਦਿਆਂ ਜੇ ਹਾਲ ਤੇ ਬੇਹਾਲ ਹੋ ਜਾਂਦਾ ਹੈ ਦਿਲ

ਕਹਿ ਦਿਆਂ ਜੇ ਹਾਲ ਤੇ ਬੇਹਾਲ ਹੋ ਜਾਂਦਾ ਹੈ ਦਿਲ;

ਨਾ ਕਹਾ ਤੇ ਫੇਰ ਵੀ ਬੇਚੈਨ ਹੋ ਜਾਂਦਾ ਹੈ ਦਿਲ।

ਧੜਕਦਾ ਰਹਿੰਦਾ ਹੈ ਹਰ ਪੈਗ਼ਾਮ ਦੇ ਬੂਹੇ ਤੇ ਦਿਲ;

ਪਰ ਖਮੋਸ਼ੀ ਵੀ ਕਦੀ ਪੈਗ਼ਾਮ ਬਣ ਜਾਂਦਾ ਹੈ ਦਿਲ।

ਜੋ ਕਦੀ ਸੀ ਰਾਹਬਰ ਤੇ ਰਾਹਨੁਮਾਂ ਸੀ ਕਾਰਵਾਂ;

ਰਾਹ ਦਾ ਪੱਥਰ ਕਦੀ ਕੰਕਰ ਵੀ ਬਣ ਬਹਿੰਦਾ ਹੈ ਦਿਲ।

ਅਪਣੇ ਹੀ ਹਾਸ਼ੀਏ ਤੇ ਨਕਸ਼ ਤੋਂ ਹੈ ਬੇਖਬਰ!

ਹਰ ਕਿਸੇ ਦੇ ਦਰਦ ਦੀ ਤਸਵੀਰ ਬਣ ਬਹਿੰਦਾ ਹੈ ਦਿਲ।

ਹੁਣ ਨਾ ਹਿਜਰਾਂ ਦੀ ਤਪਸ਼ ਨਾ ਵਾਸ਼ਨਾ ਹੈ ਵਸਲ ਦੀ;

ਤੱਤੀਆਂ ਵਾਵਾਂ ਦੇ ਠੰਡੇ ਸਾਹ ਭਰ ਬਹਿੰਦਾ ਹੈ ਦਿਲ।

ਅੱਗ ਨੂੰ ਦਰਿਆ ਤੇ ਬਰਫਾਂ ਨੀਲੀਆਂ ਨੂੰ ਵੀ ਤਪੱਸ਼;

ਜਲ਼ ਰਹੇ ਸ਼ੋਹਲੇ ਨੂੰ ਵੀ ਗੁਲਦਾਨ ਕਹਿ ਬਹਿੰਦਾ ਹੈ ਦਿਲ।

ਬੇਮੁਹਾਰਾ; ਬੇਲਗਾਮਾਂ; ਬੇਹਿਸਾਬਾ ਬੇਨਕਾਬਾ, ਬੇਕਿਨਾਰ;

ਕੁੱਝ ਨਾ ਕੁੱਝ;ਇਹ ਚੁੱਪ ਚੁਪੀਤਾ ਆਖਦਾ ਰਹਿੰਦਾ ਹੈ ਦਿਲ।

ਜਿਸ ਨੇ ਕਦੇ ਕੋਈ ਦੁਸ਼ਮਣ ,ਨਹੀਂ ਬਣਾਇਆ ਹੋਣਾ

ਜਿਸ ਨੇ ਕਦੇ ਕੋਈ ਦੁਸ਼ਮਣ ,ਨਹੀਂ ਬਣਾਇਆ ਹੋਣਾ ।
ਪਸੰਦ ਦੁਨੀਆਂ ਦੇ ਉਹ ਵੀ, ਨਹੀਂ ਆਇਆ ਨਹੀਂ ।
ਨਜ਼ਰ ਖ਼ੁਸ਼ਬੋ ਆਵਾਜ਼ ਬਣਦੀ,ਹਸਤੀ ਤਾਂ ਚੰਗਾ ਸੀ,
ਮੇਰਾ ਫਿਰ ਨਹੀਂ ਸੀ ਕਿਤੇ, ਕੋਈ ਸਾਇਆ ਹੋਣਾ ।
ਹਿਜ਼ਰ ਦਾ ਹਰ ਮਸੀਹਾ ਆਣ ਕੇ,ਫਿਰ ਮੁਸਕਰਾਂਉਂਦਾ ਹੈ,
ਦਰਦ ਬਣਦਾ ਹੈ ਜਦੋਂ ,ਵਕਤ ਦਾ ਜ਼ਾਇਆ ਹੋਣਾ ।
ਮਿਲਣ ਦੀ ਆਸ ਮੁੱਕਣ ‘ਤੇ,ਕਦੇ ਹੈਰਾਨ ਨਹੀਂ ਕਰਦਾ,
ਡੂੰਘੇਰੀ ਚੁੱਪ ਦਾ ਵਧਣਾ, ਤੇ ਗ਼ਮ ਸਵਾਇਆ ਹੋਣਾ ।
ਜਿਸ ਦੇ ਸਫ਼ਰ ਉਮਰਾਂ ਦੇ,ਨਹੀਂ ਕਟਦੇ ਕਦੇ “ਸ਼ੇਖਰ”,
ਜਿੰਦਗੀ ਨੇ ਨਹੀਂ ਉਸਨੂੰ , ਗਲੇ ਲਾਇਆ ਹੋਣਾ

ਚਾਰ-ਦੀਵਾਰੀ ਅੰਦਰ ਅਕਸਰ ‘ਕੱਲਿਆਂ ਨੂੰ ,ਅਲਮਾਰੀ ਦੀ ਪੁਸਤਕ ਬਨਣਾ ਪੈਂਦਾ ਹੈ

ਚਾਰ-ਦੀਵਾਰੀ ਅੰਦਰ ਅਕਸਰ ‘ਕੱਲਿਆਂ ਨੂੰ ,ਅਲਮਾਰੀ ਦੀ ਪੁਸਤਕ ਬਨਣਾ ਪੈਂਦਾ ਹੈ ।
ਖਿੜਕੀ ਅੰਦਰ ਖ੍ਹੜਕੇ ਬਾਹਰ ਵੇਖਣ ਲਈ, ਦੀਵਾਰਾਂ ਕੋਲੋਂ ਹੁਣ ਪੁੱਛਣਾ ਪੈਂਦਾ ਹੈ ।

ਜਿਸਦੇ ਘਰ ਦੇ ਕੋਲ ਨਹੀਂ ਰੁੱਖ ਹਰਾ ਕਿਤੇ, ਤੇਹ ਵੇਲੇ ਨਹੀਂ ਮਿਲਦਾ ਪਾਣੀ ਜ਼ਰਾ ਕਿਤੇ,
ਉਸਨੂੰ ਨੈਣਾਂ ‘ਤੇ ਹੋਠਾਂ ਵਿਚਕਾਰ ਜਿਹੇ, ਆਪੇ ਦਰਿਆ ਬਣਕੇ ਵਗਣਾ ਪੈਂਦਾ ਹੈ ।

ਜਿੰਨੀਆਂ ਪੈੜਾਂ ਗੁੰਮੀਆਂ ਮੇਰੇ ਰਾਹਾਂ ‘ਚੋਂ, ਭਾਲਾਂ ਮੈਂ ਉਹਨਾ ਨੂੰ ਮੁਕਦੇ ਸਾਹਾਂ ‘ਚੋਂ ,
ਲੱਖ ਛੁਪਾਵਾਂ ਬੇ-ਸ਼ੱਕ ਸਾਰੀ ਦੁਨੀਆਂ ਤੋਂ, ਕੋਰੇ ਕਾਗ਼ਜ਼ ਨੂੰ ਪਰ ਦੱਸਣਾ ਪੈਂਦਾ ਹੈ ।

ਸਾਜ਼ ਬਨਣ ਲਈ ਤੜਪ ਹੰਢਾਉਣੀ ਪੈਂਦੀ ਹੈ ,ਵੰਝਲੀ ਨੂੰ ਜਿੰਦ ਚਾਕ ਕਰਾਉਣੀ ਪੈਂਦੀ ਹੈ,
ਬੁੱਲੇ ਐਵੇਂ ਨਹੀਂ ਸੁਰੀਲੇ ਹੋ ਜਾਂਦੇ ,ਸਭ ਨੂੰ ਛੇਕਾਂ ਵਿੱਚੋਂ ਲੰਘਣਾ ਪੈਂਦਾ ਹੈ ।

ਅੰਬਰ ਦਾ ਦਸਤੂਰ ਨਿਰਾਲਾ ਹੋ ਜਾਂਦੈ, ਪਾਣੀ ਆਪਣੇ ਅੰਦਰ ਹੀ ਜਦ ਖੋ ਜਾਂਦੈ ,
ਬੱਦਲਾਂ ਨੂੰ ਜਦ ਕਣੀਆਂ ਬਣਕੇ ਮਿਟਣ ਲਈ, ਸਾਗਰ ਦੀ ਹਿੱਕ ਉੱਤੇ ਨੱਚਣਾ ਪੈਂਦਾ ਹੈ ।

ਅਗਨ ਸਮੁੰਦਰ ਵਿੱਚੋਂ ਤੈਨੂੰ ਟੋਲਦਿਆਂ, ਤੇਰੀ ਤੇਹ ਦਾ ਬਣਦਾ ਪਾਣੀ ਡ੍ਹੋਲਦਿਆਂ ,
ਤੇਰੀ ਪਿਆਸ ਘਟੇਗੀ ਏਦਾਂ ਸੋਚਦਿਆਂ, ਮੈਨੂੰ ਅੱਥਰੂ ਬਣਕੇ ਜਿਉਣਾ ਪੈਂਦਾ ਹੈ ।

ਲੱਗਿਆ ਸੀ ਜੋ ਰੰਗ ਸਮੇਟਣ ਚਾਨਣ ਦਾ ,ਚਾਅ ‘ਸ਼ੇਖ਼ਰ‘ ਨੂੰ ਸੀ ਜਦ ਧੁੱਪਾਂ ਮਾਨਣ ਦਾ,
ਉਸਨੂੰ ਪਤਾ ਨਹੀਂ ਸੀ ਆਥਣ ਮਗਰੋਂ ਵੀ,ਸੂਰਜ ਸਾਹੀਂ ਚੇਤੇ ਰੱਖਣਾ ਪੈਂਦਾ

ਨਾਂ ਰੋਸੇ ਤੋਂ ਡਰੀਏ, ਨਾਂ ਪਿਆਰ ਤੋਂ ਡਰੀਏ

ਨਾਂ ਰੋਸੇ ਤੋਂ ਡਰੀਏ, ਨਾਂ ਪਿਆਰ ਤੋਂ ਡਰੀਏ,
ਅਸੀਂ ਤੇ ਦੋ ਨੈਣਾਂ ਦੇ ਵਾਰ ਤੋਂ ਡਰੀਏ,
ਨਾਂ ਅੱਗ ਤੋਂ ਡਰੀਏ, ਨਾਂ ਠੱਗ ਤੋਂ ਡਰੀਏ,
ਅਸੀਂ ਤੇ ਦਾਗ ਨਾਲ ਭਰੀ ਪੱਗ ਤੋਂ ਡਰੀਏ,
ਨਾਂ ਦੁਨੀਆ ਤੋਂ ਡਰੀਏ, ਨਾਂ ਜਹਾਨ ਤੋਂ ਡਰੀਏ,
ਅਸੀਂ ਤੇ ਮੁੱਕਰਣ ਵਾਲੀ ਜੁਬਾਨ ਤੋਂ ਡਰੀਏ,
ਨਾਂ ਧਰਤ ਤੋਂ ਡਰੀਏ, ਨਾਂ ਅਕਾਸ਼ ਤੋਂ ਡਰੀਏ,
ਅਸੀਂ ਤੇ ਜੂਏ ਵਾਲੀ ਤਾਸ਼ ਤੋਂ ਡਰੀਏ,

ਵਲੈਤ ਹੋ ਗਏ ਪੱਕੇ, ਕੀ ਕਰੀਏ ਜ਼ਮੀਨਾਂ ਦਾ

ਵਲੈਤ ਹੋ ਗਏ ਪੱਕੇ, ਕੀ ਕਰੀਏ ਜ਼ਮੀਨਾਂ ਦਾ ।
ਬਣਾਇਆ ਕੋਠੀ ਤੇ ਜਹਾਜ, ਸ਼ੌਂਕ ਹੈ ਸ਼ੌਕੀਨਾਂ ਦਾ ।
ਸਾਰੀ ਰਾਤਾਂ ਦੀ ਕਮਾਈ, ਯਾਰੋ ਕੋਠੀ ਉੱਤੇ ਲਾਈ ।
ਪਿੱਛੇ ਰਹਿਣ ਨੂੰ ਨਾ ਮੰਨੇ, ਨਾ ਕੋਈ ਭੈਣ ਅਤੇ ਭਾਈ ।
ਸਾਲਾਂ ਪਿੱਛੋਂ ਪਿੰਡ ਜਾਣਾ, ਰਹਿਣਾ ਤਿੰਨ ਚਾਰ ਵੀਕਾਂ ।
ਨਾ ਕੋਈ ਦੇਖ ਖੁਸ਼ ਹੋਵੇ, ਮੱਥੇ ਤੀਉੜੀਆਂ ਸ਼ਰੀਕਾਂ ।

ਕੱਢ ਬੇਗਾਨਿਆਂ ਨੇ ਇਕ ਦਿਨ ਹੈ ਖਾਰ ਜਾਣੀ

ਦਗ਼ੇਬਾਜ਼ੀਆ ਨੇ ਪੈਰ-ਪੈਰ ਜੱਗ ਉਤੇ,
ਤੂੰ ਭਾਵੇਂ ਲੱਖ ਵਾਰੀਂ ਵਫਾ ਕਮਾ ਵੇਖੀਂ,

ਸੱਪਾਂ ਦੇ ਪੁਤਾਂ ਅਖੀਰੀਂ ਹੈ ਡੰਗਨਾ ਹੁੰਦਾ,
ਤੂੰ ਭਾਵੇਂ ਲੱਖ ਵਾਰੀਂ ਦੁਧ ਪਿਆ ਵੇਖੀਂ,

ਨਾ ਹੋ ਸਕਿਆ ਤੇ ਨਾ ਕਦੇ ਹੋਇਆ ਸੀ,
ਜੇ ਹੋ ਸਕੇ ਕੁਝ ਆਪਣੇ ਨਾਂ ਕਰਵਾ ਵੇਖੀਂ,

ਕੱਢ ਬੇਗਾਨਿਆਂ ਨੇ ਇਕ ਦਿਨ ਹੈ ਖਾਰ ਜਾਣੀ,
ਤੂੰ ਭਾਵੇਂ ਲੱਖ ਵਾਰੀਂ ਆਪਣਾ ਬਣਾ ਵੇਖੀਂ,

ਦੀਵਾ ਇਕ ਦਿਨ ਓੁਨਾਂ ਨੇ ਗੁਲ ਕਰ ਜਾਣਾ,
ਤੂੰ ਲੱਖ ਵਾਰੀਂ ਆਪਣਾ ਆਪ ਜਲਾ ਵੇਖੀਂ,

ਤੁਰ ਗਏ ਜੋ ਛੱਡ ਕੇ ਕੱਲਿਆ ਨੂੰ ਹੀ,
ਐਸੇ ਸੱਜਣਾ ਦਾ ਮੁੜ ਕੇ ਨਾ ਰਾਹ ਵੇਖੀਂ,

ਕੀ ਨੀ ਕੀਤਾ ਤੇਰੇ ਲਈ ਅਸੀਂ ਜਦ ਸੋਚਦੇ ਹਾਂ,
ਤੂੰ ਕੱਲੇ ਬੈਠ ਕਦੇ ਹਿਸਾਬ ਲਗਾ ਵੇਖੀਂ,

ਅਸੀਂ ਪਰਖਣਾ ਸੀ ਤੈਨੂੰ ਪਰਖ ਲਿਆ ਸੱਜਣਾ,
ਤੂੰ ਵੀ ਸ਼ੋੌਕ ਨਾਲ ਸਾਨੂੰ ਅਜ਼ਮਾ ਵੇਖੀਂ,

ਵਿਗੜੇ ਕੁਝ ਨਾ ਜੇ ਸਾਂਈ ਹੱਥ ਦੇ ਰੱਖੇ,
ਤੂੰ ਭਾਵੇਂ ਲੱਖ ਵਾਰੀਂ ਜ਼ੋਰ ਲਗਾ ਵੇਖੀਂ,

ਜੇ ਲਿਖਿਆ ਰੱਬ ਨੇ ਤੂੰ ਵਸਦਾ ਰਹਿ,
ਆਖ ਵੈਰੀ ਨੂੰ ਤੂੰ ਕਰ ਕੇ ਤਬਾਹ ਵੇਖੀਂ।

ਨਾ ਦਰਦ ਦੀ ਭਾਸ਼ਾ ਹੁੰਦੀ ਹੈ ਅਤੇ ਨਾ ਸ਼ੋਖ਼ ਚਿਹਰੇ ਦੀ!

ਨਾ ਹੰਝੂਆਂ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਹਾਸੇ ਦੀ!

ਨਾ ਦਰਦ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਸ਼ੋਖ਼ ਚਿਹਰੇ ਦੀ!

ਨਾ ਅੱਖਾਂ ਦੀ ਰੜਕ ਦੀ ਭਾਸ਼ਾ ਹੁੰਦੀ ਹੈ

ਨਾ ਪੈਰਾਂ ਦੇ ਛਾਲਿਆਂ ਦੀ!

ਨਾ ਅੱਗ ਦੇ ਸੇਕ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਸੀਤਲ ਜਲ ਦੀ!

ਨਾ ਸੁਆਦ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਬਿਖ਼ਰੀ ਖ਼ੁਸ਼ਬੂ ਦੀ!

ਨਾ ਬਹਾਰ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਪੱਤਝੜ ਦੀ!

ਮੇਲ ਮਿਲਾਪ ਕਰਾਉੇਣ ਵਾਲਾ ਕੋਈ ਨਹੀ ਮਿਲਿਆ

ਇਹ ਹੁਸੀਨ ਜਿੰਦਗੀ ਤੇਰੇ ਸਫਰ ਵਿੱਚ,

ਪਿਆਰ ਕਰਨ ਕਰਾਉਣ ਵਾਲਾ ਕੋਈ ਨਹੀ ਮਿਲਿਆ।

ਤੜਫਾਉਣ ਵਾਲੇ ਮਿਲੇ ਚੜਾਉਣ ਵਾਲੇ ਵੀ ਮਿਲੇ,

ਪਰ ਹਾਸੇ ਲਿਆਉਣ ਵਾਲਾ ਕੋਈ ਨਹੀ ਮਿਲਿਆ।

ਚਲਦੇ ਚਲਦੇ ਵਿਖੜੇ ਪੈਂਡੇ ਹੋ ਗਏ,

ਪਰ ਰਸਤਾ ਮਿਲਾਉਣ ਵਾਲਾ ਕੋਈ ਨਹੀ ਮਿਲਿਆ।

ਟਹਿਕਦੀ ਫੁਲਵਾੜੀ ਦੇ ਜੋ ਸੁਪਨੇ ਸਜੇ,

ਮਹਿਕਦਾ ਫੁੱਲ ਸਜਾਉਣ ਵਾਲਾ ਕੋਈ ਨਹੀ ਮਿਲਿਆ।

ਮਕਾਨ ਸੋਰੇ ਦੀ ਮਿੱਟੀ ਦੇ ਖੁਰਦੇ ਗਏ,

ਪਰ ਘਰ ਬਣਾਉਣ ਵਾਲਾ ਕੋਈ ਨਹੀ ਮਿਲਿਆ।

ਸੂਰਜ ਚੰਦ ਬਿਨ ਨਾਗਾ ਚੜਦੇ ਰਹੇ ਡੁੱਬਦੇ ਰਹੇ,

ਅੰਦਰ ਰੋਸ਼ਨੀ ਜਗਾਉਣ ਵਾਲਾ ਕੋਈ ਨਹੀ ਮਿਲਿਆ।

ਰਿਸਤੇ ਨਾਤੇ ਦੋਸਤ ਸਾਰੇ ਆਪਣੀ ਥਾਂ ਚੰਗੇ,

ਮੇਲ ਮਿਲਾਪ ਕਰਾਉੇਣ ਵਾਲਾ ਕੋਈ ਨਹੀ ਮਿਲਿਆ।

ਹੱਥੀ ਲਾਏ ਬੂਟੇ ਉਹ ਪੇੜ ਬਣ ਗਏ,

ਸੰਘਣੀ ਛਾਂ ਵਿਛਾਉਣ ਵਾਲਾ ਕੋਈ ਨਹੀ ਮਿਲਿਆ।

ਲਹੂ ਚਿੱਟੇ ਵਿੱਚ ਸਾਹ ਲੈ ਉਧਾਰੇ ਜਿੰਦ ਲੋਥ ਬਣੀ,

ਅਰਥੀ ਮੋਢਾ ਲਾਉਣ ਵਾਲਾ ਕੋਈ ਨਹੀ ਮਿਲਿਆ।

ਹਮ ਨਹੀ ਚੰਗੇ ਬੁਰਾ ਨਹੀ ਕੋਏ ਪੜ੍ਹਦਾ ਰਿਹਾ,

ਸੱਚੀ ਪੱਟੀ ਪੜਾਉਣ ਵਾਲਾ ਕੋਈ ਨਹੀ ਮਿਲਿਆ ।

ਗਿਲਾ ਕਰੇ ਤਾਂ ਕਰੇ ਕਿਸ ਨਾਲ,

ਰਖਵਾਲਾ ਕਹਾਉਣ ਵਾਲਾ ਕਿਤੇ ਕੋਈ ਕਹੀ ਮਿਲਿਆ।

ਸਬਰ ਪਿਆਲਾ, ਲਿਖੇ ਵਿਹੁ ਮਾਤਾ ਦੇ,

ਧਰਵਾਸ ਧਰਾਉਣ ਲਈ ਹੋਰ ਕੋਈ ਨਹੀ ਮਿਲਿਆ।

ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ

ਅੱਜ ਆਖਾਂ ਵਾਰਸਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।
ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸਸ਼ਾਹ ਨੂੰ ਕਹਿਣ।
ਵੇ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ,
ਤੇ ਉਨ੍ਹਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ।
ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁੱਟਿਆ ਜ਼ਹਿਰ,
ਗਿੱਠ ਗਿੱਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ।
ਵਿਹੁ-ਵਲਿੱਸੀ 'ਵਾ ਫਿਰ ਵਣ ਵਣ ਵਗੀ ਜਾ,
ਉਹਨੇ ਹਰ ਇਕ ਬਾਂਸ ਦੀ ਵੰਝਲੀ ਦਿੱਤੀ ਨਾਗ ਬਣਾ।
ਪਹਿਲਾ ਡੰਗ ਮਾਂਦਰੀਆ ਮੰਤੂੰ ਗਏ ਗੁਆਚ,
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ।
ਨਾਗਾਂ ਕੀਲੇ ਲੋਕ-ਮੂੰਹ, ਬਸ ਫਿਰ ਡੰਗ ਹੀ ਡੰਗ,
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ।
ਗਲਿਓਂ ਟੁੱਟੇ ਗੀਤ ਫਿਰ ਤੱਕਲਿਓਂ ਟੁੱਟੀ ਤੰਦ,
ਤਿੂੰਜਣੋਂ ਟੁੱਟੀਆਂ ਸਹੇਲੀਆਂ, ਚਰੱਖੜੇ ਘੂਕਰ ਬੰਦ।
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ,
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ।
ਜਿੱਥੇ ਵਜਦੀ ਸੀ ਫੂਕ ਪਿਆਰ ਦੀ, ਵੇ ਉਹ ਵੰਝਲੀ ਗਈ ਗੁਆਚ,
ਰਾਂਝੇ ਦੇ ਸੱਭ ਵੀਰ ਅੱਜ ਭੁੱਲ ਗਏ ਉਹਦੀ ਜਾਚ।
ਧਰਤੀ 'ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ,
ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ।
ਅੱਜ ਸੱਭੇ ਕੈਦੋ ਬਣ ਗਏ ਹੁਸਨ ਇਸ਼ਕ ਦੇ ਚੋਰ,
ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਸਸ਼ਾਹ ਇਕ ਹੋਰ।
ਅੱਜ ਆਖਾਂ ਵਾਰਸਸ਼ਾਹ ਨੂੰ ਤੂੰਹੋਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।

ਖ਼ੁਸ਼ੀਆਂ ਤੇ ਗ਼ਮੀਆਂ, ਜ਼ਿੰਦਗੀ 'ਚ ਆਉਂਦੀਆਂ

ਖ਼ੁਸ਼ੀਆਂ ਤੇ ਗ਼ਮੀਆਂ, ਜ਼ਿੰਦਗੀ 'ਚ ਆਉਂਦੀਆਂ,
ਉਦਾਸੀਆਂ ਨਾ ਖ਼ੁਸ਼ੀ ਨੂੰ, ਸੱਚੇ ਦਿਲੋਂ ਚਾਹੁੰਦੀਆਂ।

ਪਰ, ਖ਼ੁਸ਼ੀ ਤੇ ਗ਼ਮੀ ਦਾ ਵੀ, ਰਿਸ਼ਤਾ ਅਨੋਖਾ ਏ,
ਵੱਖ ਕਰਨਾ ਇਹਨਾਂ ਨੂੰ, ਨਾ ਜ਼ਿੰਦਗੀ 'ਚੋਂ ਸੌਖਾ ਏ।

ਘਰ ਵਿਚ ਇਕ ਆਵੇ, ਝਾਤੀ ਦੂਜੀ ਵੀ ਮਾਰਦੀ,
ਖ਼ੁਸ਼ੀ ਲਾਵੇ ਡੇਰਾ, ਗ਼ਮੀ ਇਹ ਵੀ ਨਾ ਸਹਾਰਦੀ।

ਆਪੋ ਵਿਚ ਦੋਵੇਂ ਭੈਣਾਂ, ਅੱਗੇ ਪਿੱਛੇ ਰਹਿੰਦੀਆਂ,
ਕੱਠੇ ਹੋ ਕੇ ਰਹਿਣਾ, ਕਦੇ ਦਿਲੋਂ ਨਾ ਸਹਿੰਦੀਆਂ।

ਦੋਹਾਂ ਦਾ ਰਿਸ਼ਤਾ, ਮੈਂ ਕਿਵੇਂ ਆਖਾਂ ਚੰਗਾ ਏ,
ਇਕ ਘਰ ਵੜੇ, ਦੂਜੀ ਚੁੱਕ ਲੈਂਦੀ ਡੰਡਾ ਏ।

ਭੈਣਾਂ ਭਾਵੇਂ ਸੱਕੀਆਂ, ਪਰ ਵੱਖਰੇ ਹੀ ਹੱਠ ਨੇ,
ਹੱਕ ਲੈਣ ਵੇਲੇ ਅਕਸਰ ਦੋਵੇਂ ਵੱਖੋ-ਵੱਖ ਨੇ।

ਇਕ ਪਿਆਰ ਪਾ ਕੇ, ਘਰ ਸਭ ਦੇ ਵਸਾਉਂਦੀ ਏ,
ਇਕ ਪਾਣੇ ਪੁਆੜੇ, ਦੂਜੀ ਨੀਹਾਂ ਨੂੰ ਹਿਲਾਉਂਦੀ ਏ।

ਇਹਨਾਂ ਦਾ ਪਿਆਰ ਵੇਖੋ, ਦੁਨੀਆਂ ਤੋਂ ਅਨੋਖਾ ਏ,
ਦੋਹਾਂ ਨੂੰ ਨਜਿੱਠਣਾ, ਯਾਰੋ ਡਾਢਾ ਔਖਾ ਏ।

ਖ਼ੁਸ਼ੀ ਆਵੇ ਘਰ, ਸਾਰੇ ਪਾਣੀ ਉਹਦੇ ਭਰਦੇ,
ਗ਼ਮੀਆਂ ਨੂੰ ਵੇਖ ਸਾਰੇ,‘ਅੰਮ੍ਰਿਤ’ ਵਾਂਗ ਡਰਦੇ।

ਰੱਬ ਨੇ ਬਣਾਏ ਵੇਖੋ ਕਿਹੋ ਜਹੇ ਨਾਤੇ ਨੇ,
ਜ਼ਿੰਦਗੀ 'ਚ ਜੀਊਣ ਲਈ, ਯਾਰੋ ਦੋਵੇਂ ਪਾਸੇ ਨੇ।

ਕਿਤੇ ਬਿਜਲੀਆਂ ਨੇ ਕਿਤੇ ਨੇ ਘਟਾਵਾਂ ਤਾਂ ਕੀ ਮੈਂ ਕਿਤੇ ਆਲ੍ਹਣਾ ਬਣਾਵਾਂ?

ਕਿਤੇ ਬਿਜਲੀਆਂ ਨੇ ਕਿਤੇ ਨੇ ਘਟਾਵਾਂ
ਤਾਂ ਕੀ ਮੈਂ ਕਿਤੇ ਆਲ੍ਹਣਾ ਬਣਾਵਾਂ?

ਮੈਂ ਸਾਹਾਂ ਦੇ ਮਿਰਗਾਂ ਨੂੰ ਹੁਣ ਕੀ ਪਿਲਾਵਾਂ?
ਨਾ ਏਧਰ ਹਵਾਵਾਂ ਨਾਂ ਉਧਰ ਹਵਾਵਾਂ

ਹਿਲਾਉਂਦਾ ਸੀ ਹੱਥ ਇਉਂ, ਉਹ ਡੁੱਬਣ 'ਤੇ ਆਇਆ
ਮਲਾਹਾਂ ਨੂੰ ਜਿਉਂ ਦੇ ਰਿਹਾ ਸੀ ਦੁਆਵਾਂ

ਉਡੀਕਾਂਗਾ ਤੈਨੂੰ, ਸਮਾਂ ਮੈਂ ਨਹੀਂ ਹਾਂ
ਕਿ ਤੈਨੂੰ ਮਿਲੇ ਤੋਂ ਬਿਨਾ ਬੀਤ ਜਾਵਾਂ

ਚੁਰਾਹੇ 'ਚ ਰੁੱਖ ਅਹੁ, ਜੋ ਧੁੱਪ ਸੇਕਦਾ ਹੈ
ਚਲੋ ਉਸ ਨੂੰ ਪੁੱਛੀਏ ਕਿਧਰ ਗਈਆਂ ਛਾਵਾਂ

ਹਨੇਰਾ ਕਿਵੇਂ ਘੂਰ ਕੇ ਵੇਖਦਾ ਹੈ
ਮੈਂ ਫ਼ਿਰ ਰਾਖ ਤੋਂ ਰੌਸ਼ਨੀ ਬਣ ਨਾ ਜਾਵਾਂ

ਮੈਂ ਚਿਹਰੇ ਤੋਂ ਪੜ੍ਹਿਆ ਮੁਹੱਬਤ 'ਤੇ ਰੁਕਿਆ
ਸੀ ਬਾਜ਼ਾਰ ਵਿੱਚ ਫ਼ਿਰਦੀਆਂ ਕੁਝ ਸਰਾਵਾਂ

ਫ਼ਿਰਨ ਅਲਫ਼ ਨੰਗੀਆਂ ਆਵਾਰ ਇਹ ਸੜਕਾਂ
ਮੈਂ ਕਿਸ ਕਿਸ ਚੁਰਾਹੇ 'ਚ ਪਹਿਰੇ ਬਿਠਾਵਾਂ?

ਸੀ ਮੈਂ ਇੱਕ ਪਤੰਗ, ਹੋਰ ਉਡਿਆ ਉਚੇਰਾ
ਤੁਸਾਂ ਬਹੁਤ ਖਿੱਚ ਕੇ ਰੱਖੀਆਂ ਤਣਾਵਾਂ

ਵਕਤ ਸਾਜ਼ਿਸ਼ ਹੀ ਕਰਨੋਂ ਜੇ ਰੁਕਿਆ ਨਹੀਂ

ਆਸ ਦੇ ਮੱਥੇ ਵਿੱਚ ਦੀਵਾ ਬਲਦਾ ਰਹ,ੇ
ਹਰ ਨਿਾਰੇ 'ਤੇ ਰਸਤੇ ਨਿਕਲ ਆਉਣਗ।ੇ
ਵਕਤ ਸਾਜ਼ਿਸ਼ ਹੀ ਕਰਨੋਂ ਜੇ ਰੁਕਿਆ ਨਹੀਂ,
ਸੀਸ ਧਰ ਕੇ ਤਲੀ 'ਤੇ ਕਈ ਜਾਣਗੇ।

ਇਹ ਦੁਆ ਹੈ ਕਿ ਪੌਦਾ ਹਰਾ ਹੀ ਰਹੇ,
ਪਾਣੀਆਂ ਦਾ ਮੁਕੱਦਰ ਨਾ ਰੇਤਾ ਬਣੇ।
ਜ਼ਹਿਰ ਹੀ ਇਸ ਹਵਾ ਵਿੱਚ ਜੇ ਘੁਲਦਾ ਰਹੇ,
ਖ਼ਵਾਬ ਫੁੱਲਾਂ ਦੇ ਬੋਹਰ ਹੀ ਬਣ ਜਾਣਗੇ।

ਹੌਂਸਲਾ ਤੇ ਦਿਲਾਸਾ ਇਹ ਕੀ ਦੇਣਗੇ,
ਸ਼ਬਦ ਬਾਰੂਦ ਬਣ ਕੇ ਤਾਂ ਚੱਲਦਾ ਨਹੀਂ।
ਪੁਸਤਕਾਂ, ਮੈਗਜ਼ੀਨਾਂ ਦੇ ਸਫ਼ਿਆਂ ਉੱਤੇ,
ਦਰਦ ਦੇ ਸਬਣ ਬੂਟੇ ਤਾਂ ਸੁਕ ਜਾਣਗੇ।

ਸਹਿਮ, ਡਰ, ਦਰਦ, ਦੁਖ ਤੇ ਸਿਆਹ ਹਾਸ਼ੀਏ,
ਮਨ ਦੀ ਐਲਬਮ 'ਚ ਦੇਖਾਂਗਾ ਜਦ ਵੀ ਕਦੇ।
ਤਰਸ ਆਪਣੇ ਹੀ ਦਿਲ 'ਤੇ ਬੜਾ ਆਏਗਾ,
ਜ਼ਿਹਨ ਵਿੱਚ ਕਿਤਨੇ ਸ਼ੀਸ਼ੇ ਬਿਖਰ ਜਾਣਗੇ।

ਰਾਤ ਸਿਵਿਆਂ ਦੇ ਸਿਰ 'ਤੇ ਜੇ ਨਦੀ ਰਹੀ,
ਮਰਸੀਆ ਬਣ ਕੇ ਫੁਲ ਹੀ ਖਿੜਦੇ ਰਹੇ॥
ਸੋਚ ਦੀ ਬੇਬਸੀ ਜੇ ਰਹੀ ਇਸ ਤਰ੍ਹਾਂ,
ਗੀ ਦਿਲ ਦੇ ਸਫ਼ੇ 'ਤੇ ਹੀ ਮਰ ਜਾਣਗੇ।

ਇਹ ਪਰਿੰਦੇ ਜੋ ਬੈਠੇ ਨੇ ਦੀਵਾਰ 'ਤੇ,
ਕਰ ਰਹੇ ਨੇ ਸ਼ਾਇਦ ਇਹੋ ਇਹ ਮਸ਼ਵਰਾ।
ਜੇ ਲਹੂ ਦੇ ਨੇ ਕਤਰੇ ਪਰਾਂ ਵਿੱਚ ਤਾਂ ਫ਼ਿਰ,
ਆਲ੍ਹਣੇ ਵੀ ਦਰੱਖ਼ਤਾਂ ਦੇ ਬਣ ਜਾਣਗੇ।

ਮਛਲੀਆਂ ਨੂੰ ਮੌਤ ਦੇ ਜਲਵੇ ਦਿਖਾਏ ਜਾਣਗੇ

ਮਛਲੀਆਂ ਨੂੰ ਮੌਤ ਦੇ ਜਲਵੇ ਦਿਖਾਏ ਜਾਣਗੇ,
ਜਾਲ ਜਦ ਵੀ ਪਾਣੀਆਂ ਅੰਦਰ ਵਿਛਾਏ ਜਾਣਗੇ।

ਪਹਿਲਾਂ ਉਸ ਨੂੰ ਮਰਨ ਲਈ ਮਜਬੂਰ ਕੀਤਾ ਜਾਏਗਾ,
ਫੇਰ ਉਸ ਦੀ ਕਬਰ 'ਤੇ ਦੀਵੇ ਜਗਾਏ ਜਾਣਗੇ।

ਮਹਿਕ ਉੱਠੇਗਾ ਤੁਹਾਡੇ ਸੋਚ ਦਾ ਵਾਤਾਵਰਨ,
ਜੱਦ ਇਨ੍ਹਾਂ ਪਗਡੰਡੀਆਂ 'ਤੇ ਫੁੱਲ ਖਿੜਾਏ ਜਾਣਗੇ।

ਜੇ ਦਿਲਾਂ ਵਿੱਚ ਰਿਸ਼ਤਿਆਂ ਦਾ ਮਾਣ ਮੋਹ ਹੀ ਨਾ ਰਿਹਾ,
ਕਿਸ ਤਰ੍ਹਂ ਅਹਿਸਾਸ ਦੇ ਨਗ਼ਮੇ ਰਚਾਏ ਜਾਣਗੇ।

ਅੱਜ ਜਿਹਨੂੰ ਰੋਲ ਕੇ ਹੀ ਮਾਰ ਦਿੱਤਾ ਹੈ ਤੁਸਾਂ,
ਕੱਲ੍ਹ ਉਸ ਦੀਆਂ ਯਾਦਾਂ ਵਿੱਚ ਗਾਏ ਜਾਣਗੇ।

ਗੀਤ ਮੇਰੇ ਹੀ ਮੇਰਾ ਤਾਂ ਈਮਾਨ ਨੇ

ਗੀਤ ਮੇਰੇ ਹੀ ਮੇਰਾ ਤਾਂ ਈਮਾਨ ਨੇ,
ਇਨ੍ਹਾਂ ਗੀਤਾਂ 'ਚ ਮੈਂ ਹਾਂ ਇਹ ਅਰਮਾਨ ਨੇ।
ਮੈਨੂੰ ਜੀਣਾ ਤੇ ਖੀਣਾ ਸਿਖਾਉਂਦੇ ਨੇ ਇਹ,
ਮੇਰੀ ਧਰਤੀ ਮੇਰਾ ਇਹ ਆਸਮਾਨ ਨੇ।
ਉਠਦੇ, ਬਹਿੰਦੇ ਤੇ ਸੌਂਦੇ ਮੇਰੇ ਨਾਲ ਇਹ,
ਮੇਰੇ ਜੀਵਨ ਦੇ ਰੱਥ ਦੇ ਇਹ ਰਥਵਾਨ ਨੇ।
ਕਿਉਂ ਗਿਲਾ ਮੈਂ ਕਰਾਂ ਦੋਸਤਾਂ 'ਤੇ ਭਲਾ,
ਗੀਤ ਮੇਰੇ ਤਾਂ ਮੇਰੇ ਕਦਰਦਾਨ ਨੇ।
ਗੀਤ ਮੇਰੇ ਨੇ ਮੇਰੀ ਜਨਮ ਕੁੰਡਲੀ,
ਗੀਤ ਮੇਰੇ ਹੀ ਮੇਰੀ ਤਾਂ ਪਹਿਚਾਨ ਨੇ।
ਮੇਰੇ ਸਾਕੀ ਨੇ, ਗ਼ਮ ਤੇ ਉਦਾਸੀ 'ਚ ਇਹ,
ਦੁਸ਼ਮਣਾਂ ਨੂੰ ਵੀ ਇਹ ਗੀਤ ਪਰਵਾਨ ਨੇ।
ਕਿਸ ਤਰ੍ਹਾਂ ਇਸ ਜਨਮ ਵਿਚ ਉਤਾਰਾਂਗਾ ਮੈਂ,
ਮੇਰੇ ਸਿਰ 'ਤੇ ਇਨ੍ਹਾਂ ਦੇ ਜੋ ਅਹਿਸਾਨ ਨੇ।
ਇਹ ਨਹੀਂ ਕੋਈ ਕ੍ਰਿਸ਼ਮਾ ਹੁਨਰ ਦਾ ਮੇਰੇ,
ਤੇਰੀਆਂ ਹੀ ਮੁਹੱਬਤਾਂ ਦਾ ਵਰਦਾਨ ਨੇ।

ਜਦ ਉਹ ਨਜ਼ਰ ਆ ਜਾਂਦੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ

ਸਕੂਨ ਰੂਹ ਨੂੰ ਮਿਲਦਾ ਹੈ ਤਬੀਅਤ ਵੱਲ ਹੋ ਜਾਂਦੀ
ਜਦ ਉਹ ਨਜ਼ਰ ਆ ਜਾਂਦੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ ।

ਦਿਲ ਦੀ ਸਲੈਬ ਤੋਂ ਲਗਦਾ ਕੋਈ ਭਾਰ ਲਹਿ ਜਾਵੇ
ਕਦੇ ਜੇ ਭੀੜ ਵਿਚ ਮਿਲਿਆਂ ਉਹਦੇ ਨਾਲ ਗੱਲ ਹੋ ਜਾਂਦੀ ।

ਹਰ ਰਾਤ ਨੂੰ ਇਕ ਨਵੀਂ ਤਮੰਨਾ ਲੈ ਕੇ ਸੌਂਦੇ ਹਾਂ
ਹਰ ਖਾਹਿਸ਼ ਅਗਲੇ ਦਿਨ ਹੀ ਬੀਤਿਆ ਕੱਲ ਹੋ ਜਾਂਦੀ ।

ਉਹ ਗੂੜੀ ਨੀਂਦ ਸੌਂ ਗਏ ਪਰ ਅਸੀਂ ਗਿਣਦੇ ਰਹੇ ਤਾਰੇ
ਸਿ਼ਕਾਰ ਬੇਰੁਖੀ ਦਾ ਜਿ਼ੰਦਗੀ ਹਰੇਕ ਪਲ ਹੋ ਜਾਂਦੀ ।

ਅਸੀਂ ਖਮੋਸ਼ੀਆਂ ਤਨਹਾਈਆਂ ਵਿਚ ਸ਼ਾਂਤ ਰਹਿੰਦੇ ਹਾਂ
ਇਹ ਜਦ ਨੇੜੇ ਨਹੀਂ ਹੁੰਦੇ ਤਾਂ ਫਿਰ ਤਰਥੱਲ ਹੋ ਜਾਂਦੀ ।

ਸਿਆਸਤ ਅਤੇ ਗੁੰਡਾਗਰਦੀ ਵਿਚ ਫਰਕ ਰਿਹਾ ਥੋੜਾ
ਦੋਹਾਂ ਨੂੰ ਛੇੜਕੇ ਔਖੀ ਬਚਾਉਣੀ ਫਿਰ ਖੱਲ ਹੋ ਜਾਂਦੀ ।

ਬੇਗਾਨਿਆਂ ਦੇ ਵਾਰ ਅਸੀਂ ਹਮੇਸ਼ਾ ਚੁਪ ਚਾਪ ਸਹਿ ਲੈਂਦੇ
ਚੋਟ ਸਿਰਫ ਆਪਣਿਆਂ ਦੀ ਸੀਨਿਆਂ ਵਿਚ ਸੱਲ ਹੋ ਜਾਂਦੀ ।

ਕਹਿਣਾ ਕਾਫੀ ਕੁਝ ਚਾਹੁੰਦਾ ਹੈ ਅੱਜ ਦਾ ਆਮ ਆਦਮੀ ਵੀ
ਪੁਕਾਰ ਉਸਦੀ ਲੇਕਿਨ ਰੌਲਿਆਂ ਵਿਚ ਰਲ ਹੋ ਜਾਂਦੀ ।

ਲੋਕੀਂ ਕਰਦੇ ਨੇ ਕੁੱਲੀਆਂ ਤੇ ਢਾਰਿਆਂ ਦੀ ਗੱਲ

ਲੋਕੀਂ ਕਰਦੇ ਨੇ ਕੁੱਲੀਆਂ ਤੇ ਢਾਰਿਆਂ ਦੀ ਗੱਲ;
ਪਰ ਸੁਣਦੇ ਨੇ ਮਹਿਲਾਂ-ਮੁਨਾਰਿਆਂ ਦੀ ਗੱਲ।

ਜਿਹੜੇ ਹੱਥਾਂ ਨੇ ਹਥੌੜਾ ਫੜ ਕੁੱਟਿਆ ਹੈ ਲੋਹਾ;
ਕਰੋ ਛਾਲਿਆਂ ਦੇ ਭਰੇ ਹੱਥਾਂ ਪਿਆਰਿਆਂ ਦੀ ਗੱਲ।

ਗੱਲ ਗੱਲ ਵਿੱਚ ਰੱਖਦੇ ਨੇ ਗੱਲ ਦਾ ਲੁਕਾ ਓਹ;
ਨਹੀਂ ਕਰਦੇ ਉਹ ਖੁੱਲ ਕੇ ਵਿਚਾਰਿਆਂ ਦੀ ਗੱਲ।

ਜਿਹੜੇ ਬੁਣਦੇ ਨੇ ਕੱਪੜਾ ਸਿਲਕ ਅਤੇ ਖਾਦੀ;
ਆਪ ਰਹਿੰਦੇ ਅਧਨੰਗੇ ਓਹਨਾਂ ਸਾਰਿਆਂ ਦੀ ਗੱਲ।

ਖਦੇ ਕੱਕਰਾਂ ਨੇ ਠਾਰੇ,ਕਦੇ ਗਰਮੀ ਨੇ ਭੁੰਨੇ;
ਕੌਣ ਕਰੂ ਅੱਜ ਓਹਨਾਂ ਬੇ ਸਹਾਰਿਆਂ ਦੀ ਗੱਲ।

ਖਾਲੀ ਪਿਆ ਜੋ ਭੜੋਲਾ ਓਹ ਵੀ ਏਹੋ ਪਿਆ ਦੱਸੇ;
ਬਿਨਾਂ ਖਾਦ-ਪਾਣੀ ਵਾਲਿਆਂ ਕਿਆਰਿਆਂ ਦੀ ਗੱਲ।

ਜਿੰਦਾ ਰਹਿਣਾ ਤਾਂ ਪਿਆਰ ਕਰ ਪਿਆਰ ਬਿਨ ਜਿੰਦਗੀ ਨਹੀਂ ਹੁੰਦੀ

ਮੈਥੋਂ ਚਮਚਾਗਿਰੀ ਨਹੀਂ ਹੁੰਦੀ
ਰੂਹ ਤੋਂ ਖੁਦਕੁਸ਼ੀ ਨਹੀਂ ਹੁੰਦੀ
ਚੁਗਲੀ ਮਰਦਾਨਗੀ ਨਹੀਂ ਹੁੰਦੀ
ਮੈਥੋਂ ਇਹ ਬੁਜਦਿਲੀ ਨਹੀਂ ਹੁੰਦੀ
ਦਿਲ ਦੇ ਪਿੱਛੇ ਹੀ ਲਗ ਤੁਰਾਂ ਕਿਉਂ ਨਾ
ਅਕਲ ਤੋਂ ਰਹਿਬਰੀ ਨਹੀਂ ਹੁੰਦੀ
ਹਾਰ ਬਹਿੰਦੇ ਨੇ ਲੋਕ ਹੀ ਹਿੰਮਤ
ਬੇਵਸੀ ਬੇਵਸੀ ਨਹੀਂ ਹੁੰਦੀ
ਆਦਮੀ ਆਦਮੀ ਨਹੀਂ ਹੁੰਦਾ
ਇਸ ਚ ਜਦ ਤਕ ਖੁਦੀ ਨਹੀਂ ਹੁੰਦੀ
ਖਾਰ ਚੁਭਦਾ ਹੈ ਤੈਨੂੰ ਕਿਉਂ ਫੁੱਲਾਂ
ਖਾਰਬਾਜੀ ਖਰੀ ਨਹੀਂ ਹੁੰਦੀ
ਤੇਰੇ ਬਿਨ ਇਸ ਤਰਾਂ ਮੈਂ ਜੀਂਦਾ ਹਾਂ
ਜਿਸ ਤਰ੍ਹਾਂ ਜਿੰਦਗੀ ਨਹੀਂ ਹੁੰਦੀ
ਤੇਰਾ ਜਲਵਾ ਨਜਰ ਨਹੀ ਆਉਂਦਾ
ਦਿਲ ਚ ਜਦ ਰੌਸ਼ਨੀ ਨਹੀਂ ਹੁੰਦੀ
ਜਿੰਦਾ ਰਹਿਣਾ ਤਾਂ ਪਿਆਰ ਕਰ
ਪਿਆਰ ਬਿਨ ਜਿੰਦਗੀ ਨਹੀਂ ਹੁੰਦੀ