Friday, February 5, 2010

ਇਹ ਕੈਸੀਆਂ ਹਵਾਵਾਂ ਮੇਰੇ ਵਤਨਾਂ 'ਚ ਚੱਲੀਆਂ

ਰੋਜ਼ੀ ਰੋਟੀ ਖਾਤਿਰ ਵਿਦੇਸ਼ ਦੀਆਂ ਰਾਹਾਂ ਵੱਲੀਆਂ,
ਇਹ ਕੈਸੀਆਂ ਹਵਾਵਾਂ ਮੇਰੇ ਵਤਨਾਂ 'ਚ ਚੱਲੀਆਂ..

ਸੁੰਨੇ ਪਏ ਵੇਹੜ੍ਹੇ,ਤੇ ਦਿਸੇ ਹਰ ਪਾਸੇ ਹਨੇਰ,
ਸੱਥ ਦੀਆਂ ਰੌਣਕਾਂ,ਉਜਾੜਾਂ ਨੇ ਹੈ ਮੱਲੀਆਂ..

ਉਮਰਾਂ ਦੇ ਹਾਣੀ,ਸਾਥ ਛੱਡ ਗਏ ਪਲਾਂ ਚ,
ਮਿਟ ਗਈਆਂ ਪੈੜ੍ਹਾਂ,ਹੋਈਆਂ ਰਾਹਾਂ ਕੱਲੀਆਂ..

ਆਵੇ ਤੇਰੀ ਯਾਦ ਵੀਰਾ,ਭੈਣਾਂ ਕਹਿੰਦੀਆਂ,
ਅੱਜ ਰਖੜੀ ਦੇ ਦਿਨ ਅਸਾਂ ਹੋਈਆਂ ਕੱਲੀਆਂ...

ਇੰਤਜ਼ਾਰ ਵਿਚ ਉਮਰਾਂ ਦੀ ਸ਼ਾਮ ਪੈ ਗਈ,
ਤੱਕ ਤੱਕ ਰਾਹਵਾਂ,ਮਾਵਾਂ ਹੋਈਆਂ ਝੱਲੀਆਂ..

ਹੈ ਅੱਗ ਦਾ ਵੀ ਲਾਂਬੂ,ਬਸ ਕਮੀ ਪੁੱਤ ਦੀ,
ਬਾਪੂ ਉੱਤੇ ਆਸਮਾਨ,ਹੇਠਾਂ ਲੱਕੜਾਂ ਦੀਆਂ ਬੱਲੀਆਂ..

ਕੌਣ ਕਰੇਗਾ ਫ਼ੇਰ ਮਾਣ ਕੋਈ ਆਪਣੇ ਪੰਜਾਬ ਉੱਤੇ,
ਜੇ ਨਾ ਗਈਆਂ ਇਹ ਹਵਾਵਾਂ ਠੱਲੀਆਂ...

ਤੁਰ ਜਾਣੈ ਸਭ ਨੇ

ਤੁਰ ਜਾਣੈ ਸਭ ਨੇ
ਫੇਰ ਪਤਾ ਨੀ ਕਦੋਂ, ਕਿਸ-
ਕਿੱਥੇ ਕਿਹੜੇ ਹਾਲ ਮਿਲਣੈਂ।
ਕਿਸੇ ਕਿਤੇ ਇੰਟਰਵੀਊ ਤੇ ਮਿਲਣੈ
ਕਿਸੇ ਬਸ ਸਟੈਡ, ਰੇਲਵੇ ਸਟੇਸ਼ਨ
ਕਿਸੇ ਵਿੱਚ ਬਜ਼ਾਰ ਮਿਲਣੈ।
ਕੀ ਪਤਾ ਕਿਸ-
ਕਿੱਥੇ ਕਿਹੜੇ ਹਾਲ ਮਿਲਣੈ।

ਮਿਲੇਗਾ ਕੋਈ ਕਿਤੇ ਗਲਵੱਕੜੀ ਪਾ,
ਕਿਸੇ ਹੱਥ ਮਿਲਾ ਕੇ ਲੰਘ ਜਾਣੈ,
ਕਿਸੇ ਤੇਜ਼ ਵਾਹਨ ਤੇ ਚੜੇ-
ਹੱਥ ਹਿਲਾ ਕੇ ਲੰਘ ਜਾਣੈ
ਕੀ ਪਤਾ ਕਿਸ-
ਕਿੱਥੇ ਕਿਹੜੇ ਰਾਹ ਮਿਲਣੈ।

ਕਈ ਮਿਲਣਗੇ ਕਿਤੇ
ਨਾਲ ਭਰਜਾਈਆਂ,
ਕਈਆਂ ਮਿਲਣੈ ਚੂੜੇ ਪਾ ਕੇ,
ਨਾਲ ਸਿਰਾਂ ਦਿਆਂ ਸਾਈਆਂ।
ਕਿਸੇ ਨਾਲ ਆਪਣੇ ਬਲੂਰ ਮਿਲਣੈ,
ਕੀ ਪਤਾ ਕਿਸ-
ਕਿੱਥੇ ਕੀਹਦੇ ਨਾਲ ਮਿਲਣੈ।

ਕੋਈ ਮਿਲੇਗਾ
ਚੜ੍ਹਦਾ ਸੰਘਰਸ਼ ਦੀਆਂ ਪੌੜੀਆਂ,
ਕੋਈ ਫਤਹਿ ਦੇ
ਨਿਸ਼ਾਨ ਝੁਲਾਉਂਦਾ ਮਿਲਣੈ।
ਕੋਈ ਕਿਸੇ ਦਾ ਬਣਿਆ-
ਚਾਨਣ ਮਿਨਾਰਾ ਮਿਲਣੈ
ਕੀ ਪਤਾ ਕਿਸ-
ਕਿਹੜੇ ਮਿਕਾਮ ਮਿਲਣੈ।

ਮਿਲੇ ਕੋਈ ਕਿਤੇ ਵੀ,
ਕਿਸੇ ਵੀ ਹਾਲ ਮਿਲੇ,
ਖੜਿਆ ਕਿਸੇ ਵੀ ਮੁਕਾਮ ਮਿਲੇ।
ਮੈਂ ਤਾਂ ਬਸ ਬਣ ਕੇ-
ਯਾਰਾਂ ਦਾ ਯਾਰ ਮਿਲਣੈ,
ਕਰ ਯਾਦ ਪੁਰਾਣੀ ਸਾਂਝ ਮਿਲਣੈ!

ਕਿੱਸ ਤਰ੍ਰਾਂ ਦਿਨ ਬੀਤਿਆਂ ਤੈਨੂੰ ਲ਼ਿਖਾਂ

ਕਿੱਸ ਤਰ੍ਰਾਂ ਦਿਨ ਬੀਤਿਆਂ ਤੈਨੂੰ ਲ਼ਿਖਾਂ ।
ਕਿੱਸ ਤਰ੍ਹਾਂ ਦਿਲ ਤਿੜਕਿਆਂ ਤੈਨੂੰ ਲ਼ਿਖਾਂ ।

ਜਿਗਰ ਦੇ ਸ਼ੀਸ਼ੇ ਦੇ ਟੋਟੇ ਜਦ ਖਿੰਡੇ,
ਹਰ ਇਕ 'ਚ ਤੂੰ ਹੀ ਉਭਰਿਆ ਤੈਂਨੂੰ ਲ਼ਿਖਾਂ ।

ਤਰਤੀਬ ਕੁਝ ਸ਼ਬਦਾਂ ਦੀ ਏਦਾਂ ਹੋ ਗਈ,
ਚਿਹਰਾ ਗਿਆ ਇਕ ਚਿਤਰਿਆ ਤੈਂਨੂੰ ਲਿਖ਼ਾਂ ।

ਹੁਣ ਨਹੀਂ ਸਾਡੇ ਉਹ, ਨਾ ਦੇਹ ਦਸਤਕਾਂ,
ਬਹੁਤ ਮਨ ਨੂੰ ਵਰਜਿਆਂ ਤੈਨੂੰ ਲਿਖ਼ਾਂ ।

ਝੜੇ ਪੱਤੇ ਦੀ ਕਥਾ ਕੋਈ ਕੀ ਲਿਖੇ,
ਕਿਸੇ ਕੰਮ ਦਾ ਨਾ ਰਿਹਾ,ਤੈਨੂੰ ਲਿਖ਼ਾਂ ।

ਜਿਸ ਤਰ੍ਰਾਂ ਬਦਲੇ ਅਚਾਨਕ ਹੋ ਤੁਸੀਂ,
ਉਂਝ ਹੀ ਮੌਸਮ ਬਦਲਿਆ ਤੈਨੂੰ ਲ਼ਿਖਾਂ ।

ਕਰਕੇ ਵਾਅਦਾ ਹੋ ਗਿਐਂ ਵਾਅਦਾ-ਸ਼ਿਕਨ,
ਕਿਸ ਤਰ੍ਹਾਂ ਤੂੰ ਮੁੱਕਰਿਆ,ਤੈਨੂੰ ਲਿਖ਼ਾਂ ।

ਰਹਿ ਕੇ ਸਾਗ਼ਰ ਵਿਚ ਪਿਆਸਾ ਹੀ ਰਿਹਾਂ,
ਕਿਸ ਤਰ੍ਹਾਂ ਹਾਂ ਜੀਵਿਆ ਤੈਨੂੰ ਲਿਖ਼ਾਂ ।

ਮੈਂ ਤਾਂ ਸਾਂ ਜੁੱਗਨੂੰ ਬੜਾ ਛੋਟਾ ਜਿਹਾ,
ਮਨ ਨੇ ਕਿਹਾ ਕਿ ਦੀਵਿਆ,ਤੈਨੂੰ ਲਿਖ਼ਾਂ ।

ਅੰਦਰ ਹੀ ਸਾਥੀ ਹੈ ਕਿਤੇ ਲੁਕਿਆ ਹੋਇਆ,
ਅੰਦਰੋਂ ਹੀ ਲੱਭ ਉਇ ਕਮਲਿਆ ਤੈਨੂੰ ਲਿਖ਼ਾਂ ।

ਹੁਣ ਦਸਤਕ ਦੇਣ ਦਾ ਕੀ ਫਾਇਦਾ

ਮੇਰੇ ਦਿਲ ਦੇ ਦਰਵਾਜ਼ੇ'ਤੇ, ਹੁਣ ਦਸਤਕ ਦੇਣ ਦਾ ਕੀ ਫਾਇਦਾ...
ਮੇਰੇ ਨੈਣੋਂ ਵਗਦੇ ਹੰਝੂਆਂ ਨੂੰ, ਹੁਣ ਪੂੰਝ ਦੇਣ ਦਾ ਕੀ ਫਾਇਦਾ...
ਅਸੀਂ ਦਰਦਾਂ ਦੇ ਦਰਿਆ ਬਣਗੇ, ਇਹ ਵਹਿਣ ਕਦੇ ਵੀ ਰੁਕਣੇ ਨਹੀਂ...
ਇਨ੍ਹਾਂ ਦੀ ਮੰਜ਼ਿਲ ਮੌਤ ਹੁੰਦੀ, ਫਿਰ ਬੰਨ੍ ਲਾਉਣ ਦਾ ਕੀ ਫਾਇਦਾ

ਬਿਨ ਨਾਗਾਹ ਹੀ ਤੇਰਾ ਦੀਦਾਰ ਹੋਈ ਜਾਦਾ ਏ

ਬਿਨ ਨਾਗਾਹ ਹੀ ਤੇਰਾ ਦੀਦਾਰ ਹੋਈ ਜਾਦਾ ਏ,

ਮੈਨੂੰ ਲੱਗਦਾ ਏ ਇੱਕ ਪਾਸੜ ਪਿਆਰ ਹੋਈ ਜਾਦਾ ਏ ,

ਸੁਬਾਹ ਦੀ ਸੈਰ ਨਾਲ ਤੂੰ ਤੰਦਰੁਸਤ ਹੁੰਦੀ ਜਾਨੀ ਏ,

ਪਰ "ਅੰਮ੍ਰਿਤ" ਵਿਚਾਰਾ ਦਿਲ ਦਾ ਬਿਮਾਰ ਹੋਈ ਜਾਦਾ ਏ...

Thursday, February 4, 2010

ਮੇਰੀ ਬਣੀਂ ਨਾਂ ਐਦਕੀਂ ਸਰਕਾਰ ਭਾਂਵੇਂ

ਮੇਰੀ ਬਣੀਂ ਨਾਂ ਐਦਕੀਂ ਸਰਕਾਰ ਭਾਂਵੇਂ, ਪੁੱਛ ਗਿੱਛ ਨਾਂ ਫੇਰ ਵੀ ਘਟਣ ਲੱਗੀ ।
ਡੇਗ ਦਿਆਂਗੇ ਇਸ ਸਰਕਾਰ ਨੂੰ ਵੀ, ਕੁਰਸੀ ਖੋਹਲਾਂਗੇ ਕਿਤੇ ਨੀਂ ਭੱਜਣ ਲੱਗੀ।
‘ਪੀ-ਆਰ’ ਵਾਲੀ ਕਰੂੰਗਾਂ ‘ਫਰਮ’ ਹਾਇਰ, ਜਿਹੜੀ ਦਿਊਗੀ ਅਕਸ਼ ਸੁਧਾਰ ਮੇਰਾ।
ਧੋਤੀ ਜਾਊ ਹਰ ਕਰਤੂਤ ਕਾਲੀ, ਗੋਰਖ ਧੰਦਾ ਲੱਗੂ ਹਰ ਵਪਾਰ ਮੇਰਾ।

ਮਾਲਕ ਖਰੀਦਕੇ ਕਿਸੇ ਅਖਬਾਰ ਵਾਲਾ, ‘ਬਰੇਨ-ਵਾਸ਼’ ਕਰੂੰ ਸੂਬੇ ਦੇ ਪਾੜਿਆਂ ਦਾ
ਖੁਦ ਨੂੰ ਦਸਕੇ ਮੈਂ ਦਰਦੀ ਪੰਥ ਵਾਲਾ, ਮੁੱਲ ਵੱਟੂਗਾਂ ਪਏ ਹੋਏ ਪਾੜ੍ਹਿਆਂ ਦਾ।
ਫਿਰ ਆਊਗਾ ਮੌਸਮ ਜੁ ‘ਲੈਕਸ਼ਨਾਂ ਦਾ, ਓਦੋਂ ਵਿਕਣਗੇ ਲੋਕਾਂ ਦੇ ਚੁਣੇ ਹੋਏ।
ਵਾਂਗ ਮੱਛੀਆਂ ਫਸੂਗੀ ਕੌਮ ਮੇਰੀ, ਤੇ ਜਾਲ ਹੋਣਗੇ ਮੇਰੇ ਹੀ ਬੁਣੇ ਹੋਏ।

ਕਹਿ ਕੇ ਖਤਰੈਂ ਪੰਥ ਨੂੰ ਸੰਘ ਪਾੜੂੰ, ਵੇਖੀਂ ਭੜਕਦੇ ਕਿਵੇਂ ਤੂੰ ਜੱਟ ਭੋਲੇ।
ਹਲ਼ ਛੱਡ ਕੇ ਆਉਣਗੇ ਸੁਣਨ ਰੈਲੀ, ਪੱਗਾਂ ਬੰਨ ਕੇ ਨੀਲੀਆਂ ਜੱਟ ਭੋਲੇ।
ਜੇ ਫੇਰ ਵੀ ਦਿਸੀ ਨਾਂ ਗੱਲ ਬਣਦੀ, ਕੱਢੂੰ ਮੋਰਚੇ ਸਾਰੇ ਪੰਜਾਬ ਅੰਦਰ।
‘ਏਅਰ ਕੰਡੀਸ਼ਨ’ ਮੇਰੀ ਤਾਂ ਜੇਲ੍ਹ ਹੋਣੀ, ਬਾਕੀ ਸੜਨਗੇ ਜੇਲ੍ਹੀਂ ਪੰਜਾਬ ਅੰਦਰ।

ਚੰਡੀਗੜ੍ਹ ਵੀ ਅਜੇ ਤਾਂ ਮੰਗਣਾ ਏ, ਫੇਰ ਮੰਗਾਗੇ ਖੁੱਸੇ ਹੋਏ ਪਾਣੀਆਂ ਨੂੰ।
ਚੁੱਪ ਰਿਹਾ ਤਾਂ ਹੋਣਗੇ ਜਾਹਰ ਘੱਪਲੇ, ਫੇਰ ਛੇੜੂਗਾਂ ਚੁਰਾਸੀ ਦੀਆਂ ਕਹਾਣੀਆਂ ਨੂੰ।
ਕਾਂਗਰਸ ਜਿੱਤਦੀ,ਜਿੱਤਜੇ ਲੱਖ ਵਾਰੀ, ਪਰ ਮੈਂ ਜਿਤਣ ਕਦੇ ਨਾਂ ਪੰਥ ਦੇਣਾ।
ਘੁੰਮਣ ਘੇਰੀਂਆਂ ‘ਚ ਪਾ ਰੋਲ਼ ਦੇਣਾ, ਮੇਰੇ ਮਾਲਕਾਂ ਜਿੱਤਣ ਨਾਂ ਪੰਥ ਦੇਣਾ।

ਕਾਂਗਰਸੀਏ ਕਿਹੜਾ ਕੋਈ ਓਪਰੇ ਨੇ, ਦੂਰੋਂ ਨੇੜਿਓਂ ਲੱਗਣ ਓਹ ਸਾਕ ਮੇਰੇ।
ਨਾਂ ਕੁਝ ਮੈਂ ਕੀਤਾ,ਨਾਂ ਕੁਝ ਉਨਾਂ ਕਰਨਾਂ, ਮਸਲੇ ਲਮਕਦੇ ਪੱਕੇ ਨੇ ਗਾਹਕ ਮੇਰੇ।
ਮੇਰੀ ਬਣੇ ਸਰਕਾਰ ਨਾਂ ਬਣੇ ਭਾਂਵੇਂ, ਬੱਤੀ ਲਾਲ ਰਹੂ ਸਦਾ ਹੀ ਕਾਰ ੳੱਤੇ।
ਜਿੰਨਾਂ ਚਿਰ ਨੇ ਗਰੀਬ ਅਨਪੜ੍ਹ ਲੋਕੀ, ਸ਼ਕ ਨਾਂ ਕਰੂ ਕੋਈ ਗੁਝੇ ਵਾਰ ੳੱਤੇ।

Sunday, January 31, 2010

ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ

ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ......
ਖਾਮੋਸ਼ ਕਾਰਡ,ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ,ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ ,
ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ,ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ ,
ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ,ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ.....
ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ,ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ ,
ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ,ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ ,
ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ,ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ.....
ਅਕਸਰ ਪੈ ਜਾਂਦਾ ਭੁਲੇਖਾ ਤੇਰੀ ' ਹੈਲੋ ' ਕਹੀ ਦਾ,ਨਾਲ ਗੂੰਜਦੇ ਪੁਰਾਣੇ ਤੇਰੇ ਬੋਲ ਦਿਲ ਵਿੱਚ ,
ਮੈਨੂੰ ਚੜਦਾ ਸੀ ਚਾਅ , ਤੂੰ ਉਡੀਕਦੀ ਸੀ ਹੁੰਦੀ,ਅੱਜ ਚਾਅ ਸਾਰੇ ਲਏ ਨੀ ਮੈਂ ਰੋਲ ਦਿਲ ਵਿੱਚ ,
ਪਤਾ ਲੱਗੈ ਹੁਣ ਮੰਗਦੀ ਏਂ ਕਿਸੇ ਲਈ ਖੈਰਾਂ,ਸੁਣ "ਅੰਮ੍ਰਿਤ" ਦਾ ਵੀ ਮੌਤ ਨਾਲ ਕਰਾਰ ਹੋ ਗਿਆ ......