Sunday, February 14, 2010

ਅੱਖ ਤੇ ਅੱਥਰੂ ਜੀਕਣ 'ਕੱਠੇ, ਵੱਖਰੇ ਨਹੀਓਂ ਕਰ ਹੁੰਦੇ ਨੇ

ਅੱਖ ਤੇ ਅੱਥਰੂ ਜੀਕਣ 'ਕੱਠੇ, ਵੱਖਰੇ ਨਹੀਓਂ ਕਰ ਹੁੰਦੇ ਨੇ।
ਟਾਹਣੀ ਨਾਲੋਂ ਟੁੱਟੇ ਫੁੱਲ ਤੋਂ, ਸਦਮੇ ਵੀ ਨਾ ਜਰ ਹੁੰਦੇ ਨੇ।

ਤੂੰ ਮੇਰੀ ਉਂਗਲੀ ਨਾ ਛੱਡੀਂ, ਸਦਾ ਹੁੰਗਾਰਾ ਦੇਂਦਾ ਰਹੁ ਤੂੰ,
ਨੈਣਾਂ ਵਿਚਲੇ ਤਲਖ਼ ਸਮੁੰਦਰ, 'ਕੱਲਿਆਂ ਕਿੱਥੇ ਤਰ ਹੁੰਦੇ ਨੇ।

ਛੱਡ ਜਿਸਮਾਂ ਦੀ ਮਿੱਟੀ, ਆ ਕੇ ਰੂਹ ਦੇ ਨੇੜੇ ਬੈਠ ਜ਼ਰਾ ਤੂੰ,
ਕਿਲ੍ਹੇ ਮੁਹੱਬਤ ਵਾਲੇ ਸੱਜਣਾਂ, ਏਸ ਤਰ੍ਹਾਂ ਹੀ ਸਰ ਹੁੰਦੇ ਨੇ।

ਉੱਛਲ ਕੇ ਬਰਬਾਦ ਕਰੇਂ, ਦਰਿਆਵਾ ! ਰੋੜ੍ਹੇਂ ਫ਼ਸਲਾਂ ਨੂੰ ਵੀ,
ਕੌਣ ਭਲਾ ਸਮਝਾਵੇ ਤੈਨੂੰ, ਮਿੱਟੀ ਦੇ ਵੀ ਘਰ ਹੁੰਦੇ ਨੇ।

ਬੜ੍ਹਕਾਂ ਮਾਰਨ ਵਾਲੇ ਬੰਦੇ, ਹੁੰਦੇ ਨਹੀਂ ਦਲੇਰ ਕਦੇ ਵੀ,
ਏਹੋ ਜਹੇ ਮਨ ਅੰਦਰ ਬੈਠੇ, ਵੰਨ ਸੁਵੰਨੇ ਡਰ ਹੁੰਦੇ ਨੇ।

ਹੱਕ ਸੱਚ ਇਨਸਾਫ਼ ਦੀ ਪਹਿਰੇਦਾਰੀ ਕਰਨਾ ਸਹਿਲ ਨਹੀਂ ਹੈ,
ਲੱਖ ਲੋਕਾਂ ਦੀ ਭੀੜ ਦੇ ਅੰਦਰ, ਵਿਰਲੇ ਬੰਦੇ ਨਰ ਹੁੰਦੇ ਨੇ।

ਤਨ ਦੀ ਸ਼ਕਤੀ, ਮਨ ਦਾ ਨਿਸ਼ਚਾ, ਤਰਦੈ ਸੱਤ ਸਮੁੰਦਰਾਂ ਨੂੰ ਵੀ,
ਪੈਰਾਂ ਥੱਲੇ ਧਰਤੀ ਹੋਵੇ, ਤਾਂ ਹੀ ਪੈਂਡੇ ਕਰ ਹੁੰਦੇ ਨੇ।

ਤੂੰ ਮੇਰੇ ਖੰਭਾਂ ਨੂੰ ਨੋਚੇਂ, ਸਮਝ ਲਵੇਂ, ਮੈਂ ਹਾਰ ਗਿਆ ਹਾਂ,
ਅੰਬਰ ਤੀਕ ਉਡਾਰੀ ਭਰਦੇ, ਖ਼ਾਬਾਂ ਨੂੰ ਵੀ ਪਰ ਹੁੰਦੇ ਨੇ।

ਹੁਣ ਦੇ ਪਲ ਨੂੰ ਮਿੱਟੀ ਕਰਦੈਂ, ਕਾਹਲੀ ਨਾ ਕਰ ਬੈਠ ਜ਼ਰਾ ਤੂੰ
ਏਸ ਤਰ੍ਹਾਂ ਦੇ ਘਾਟੇ ਬੀਬਾ, ਮਗਰੋਂ ਕਿੱਥੇ ਭਰ ਹੁੰਦੇ ਨੇ।

ਅਸਾਂ ਕਿੰਨਾ ਚਿਰ ਜੀਣਾ ਯਾਦਾਂ ਤੇਰੀਆਂ ਸਹਾਰੇ

ਅਸਾਂ ਕਿੰਨਾ ਚਿਰ ਜੀਣਾ ਯਾਦਾਂ ਤੇਰੀਆਂ ਸਹਾਰੇ
ਰਹੀਏ ਹੰਝੂਆਂ' ਚ ਡੁੱਬੇ ਸਾਥੋਂ ਖੁੰਝ ਗਏ ਕਿਨਾਰੇ।
ਉਸ ਦੇਸ ਤੂੰ ਗਿਆ ਏਂ ਜਿੱਥੋਂ ਮੁੜ ਨਾ ਕੋਈ ਆਇਆ
ਸਾਨੂੰ ਲੈ ਜਾ ਉਸੇ ਦੇਸ ਗ਼ਮ ਮੁੱਕ ਜਾਣ ਸਾਰੇ।
ਨਿੱਤ ਸੁਪਨੇ' ਚ ਆ ਕੇ ਨਵੀਂ ਆਸ ਕੋਈ ਜਗਾਉਨੈ
ਅਸੀਂ ਝੂਟਦੇ ਆਂ ਸੱਖਣੀ ਜਹੀ ਪੀਂਘ ਦੇ ਹੁਲਾਰੇ।
ਖੌਰੇ ਗੁੰਮ ਗਿਆ ਕਿੱਥੇ ਸਾਨੂੰ ਛੱਡ ਅਧਵਾਟੇ
ਕਿਵੇਂ ਤੁਰਾਂਗੇ ਇਕੱਲੇ ਅਸੀਂ ਸੋਚ ਸੋਚ ਹਾਰੇ।
ਸਾਥੋਂ ਮੰਨਿਆ ਨਹੀਂ ਜਾਂਦਾ ਸਾਡੀ ਜ਼ਿੰਦਗੀ ਦਾ ਸੱਚ
ਕਾਹਤੋਂ ਆਉਂਦਾ ਨਹੀਂ ਯਕੀਨ ਤੂੰ ਨਹੀਂ ਲੱਭਣਾ ਦੁਬਾਰੇ।
ਅਸੀਂ ਮਰਦੇ ਇਕੱਲੇ ਰੋਜ਼ ਇੱਕ ਨਵੀਂ ਮੌਤ
ਗ਼ਮ ਢੋਏ ਨਹੀਉਂ ਜਾਂਦੇ ਸਾਥੋਂ ਜ਼ਿੰਦਗੀ ਤੋਂ ਭਾਰੇ।
਼ਲਾਸ਼ ਆਪਣੀ ਹੀ ਮੋਢਿਆਂ 'ਤੇ ਚੁੱਕਣੀ ਨਹੀਂ ਸੌਖੀ
ਦੁੱਖ ਕਿੰਨੇ ਵੀ ਸੁਣਾਵਾਂ ਤੂੰ ਨਹੀਂ ਭਰਨੇ ਹੁੰਗਾਰੇ।

ਅਜੀਬ ਤੇਰੇ ਸ਼ਹਿਰ ਦੇ ਵੇਖੇ ਮੈਂ ਲੋਕ

ਅਜੀਬ ਤੇਰੇ ਸ਼ਹਿਰ ਦੇ ਵੇਖੇ ਮੈਂ ਲੋਕ।
ਘਰ ਨੂੰ ਜਾਂਦੇ ਠੇਕਿਆਂ ਤੇ ਠਹਿਰਦੇ ਵੇਖੇ ਮੈਂ ਲੋਕ।
ਬਾਹਰੋਂ ਦਿਸਣ ਬਹੁਤ ਹੀ, ਸਾਊ ਤੇ ਮਿੱਠ ਬੋਲੜੇ,
ਅੰਦਰੋਂ ਨੱਕੋ ਨੱਕ ਭਰੇ ਹੋਏ, ਜ਼ਹਿਰ ਦੇ ਵੇਖੇ ਮੈਂ ਲੋਕ।
ਪਾਗਲਾਂ ਦੇ ਵਾਂਗਰਾਂ, ਵਿਹਲੜ ਤੇ ਬੇਕਾਰ ਜਹੇ,
ਚਰਸ, ਭੁੱਕੀ, 'ਫੀਮ ਖਾ ਕੇ, ਲਹਿਰਦੇ ਵੇਖੇ ਮੈਂ ਲੋਕ।
ਸਵੇਰ ਨੂੰ ਜੋ ਸਾਹਮਣੇ, ਆਉਣ ਤੋਂ ਕਤਰਾ ਗਏ,
ਸ਼ਾਮ ਨੂੰ ਬੈਠੇ ਉਹ ਕੰਢੇ, ਨਹਿਰ ਦੇ ਵੇਖੇ ਮੈਂ ਲੋਕ।
ਦੂਜਿਆਂ ਨੂੰ ਸੱਚ ਬੋਲਣ ਤੋਂ ਵੀ, ਨੇ ਜੋ ਵਰਜਦੇ,
ਆਪ ਕਰਦੇ ਨੇ ਜ਼ੁਲਮ ਉਹ, ਕਹਿਰ ਦੇ ਵੇਖੇ ਮੈਂ ਲੋਕ।

ਅਸੀਂ ਜ਼ਿੰਦਗੀ ਜਿਉਂਦੇ ਸਿਰਫ ਤੇਰੇ ਵਾਸਤੇ

ਅਸੀਂ ਜ਼ਿੰਦਗੀ ਜਿਉਂਦੇ ਸਿਰਫ ਤੇਰੇ ਵਾਸਤੇ।
ਸ਼ੇਅਰ ਗ਼ਜ਼ਲਾਂ ਦੇ ਕਹਿੰਦੇ ਸਿਰਫ਼ ਤੇਰੇ ਵਾਸਤੇ।

ਸਾਡੀ ਇੱਕੋ ਹੀ ਤਮੰਨਾ ਤੇਰਾ ਦਰਸ ਦੀਦਾਰ।
ਦਰਦ ਹਿਜਰਾਂ ਦੇ ਸਹਿੰਦੇ ਸਿਰਫ਼ ਤੇਰੇ ਵਾਸਤੇ।

ਸਾਨੂੰ ਬਿੜਕ ਤੇਰੀ ਰਹਿੰਦੀ ਪਲ ਪਲ ਸੱਜਣਾ,
ਰਾਤੀ ਉਠ ਉਠ ਬਹਿੰਦੇ ਸਿਰਫ਼ ਤੇਰੇ ਵਾਸਤੇ।

ਜਾਨ ਲਬਾਂ ਉਤੇ ਆਈ ਹੋਈ ਖ਼ਤਮ ਹਯਾਤੀ,
ਫਿਰ ਵੀ ਹੌਸਲੇ ਨਾ ਢਹਿੰਦੇ ਸਿਰਫ਼ ਤੇਰੇ ਵਾਸਤੇ।

ਸਾਨੂੰ ਹੋਰ ਨਾ ਕੋਈ ਗ਼ਮ ਸੱਚੇ ਰੱਬ ਦੀ ਕਸਮ,
ਹੰਝੂ ਨੈਣਾਂ ਵਿਚੋਂ ਵਹਿੰਦੇ ਸਿਰਫ਼ ਤੇਰੇ ਵਾਸਤੇ

ਸਾਨੂੰ ਮਿਲ ਇੱਕ ਵਾਰੀ ਤੂੰ ਅਹਿਸਾਨ ਕਰਕੇ
ਸਾਹ ਆਖ਼ਰੀ ਨੇ ਰਹਿੰਦੇ ਸਿਰਫ਼ ਤੇਰੇ ਵਾਸਤੇ।

ਮੈਂ ਆਪਣੇ ਗੀਤ ਖ਼ੁਦ ਨੂੰ ਸੁਣਾ ਕੇ

ਮੈਂ ਆਪਣੇ ਗੀਤ ਖ਼ੁਦ ਨੂੰ ਸੁਣਾ ਕੇ
ਦਿਲ ਪਰਚਾਉਂਦੀ ਰਹਿੰਦੀ ਹਾਂ।
ਦਿਲ ਵਿਚ ਦਿਲ ਦਾ ਦਰਦ ਛੁਪਾ ਕੇ,
ਖ਼ੁਦ ਨੂੰ ਮਿਟਾਉਂਦੀ ਰਹਿੰਦੀ ਹਾਂ।
ਕੀ ਹੋਇਆ ਜੇ ਦਿਨ ਦਾ ਚਾਨਣ?
ਰਾਤ ਦੀ ਕਾਲਖ਼ ਬਣ ਜਾਂਦਾ।
ਨ੍ਹੇਰੇ ਵਿਚ ਖ਼ੁਦ ਨੂੰ ਜਲਾ ਕੇ,
ਰਾਹ ਰੁਸ਼ਨਾਉਂਦੀ ਹਾਂ।
ਸੁਪਨੇ, ਸੱਧਰਾਂ, ਰੀਝਾਂ, ਚਾਵਾਂ
ਦੇ ਰੰਗ ਅੱਜ ਦੇ ਬਦਲ ਗਏ।
ਆਪਣੇ ਦਿਲ ਦੇ ਅਰਮਾਨ ਜਲਾ ਕੇ,
ਰੰਗ ਸਜਾਉਂਦੀ ਰਹਿੰਦੀ ਹਾਂ।
ਰੌਣਕ, ਹਾਸੇ, ਖੁਸ਼ੀਆਂ, ਖੇੜੇ,
ਨਾ ਲੱਭੇ ਤਾਂ ਕੀ ਹੋਇਆ।
ਹਉਕੇ, ਹਾਵੇ, ਗ਼ਮ ਹੰਢਾ ਕੇ,
ਖੁਸ਼ੀ ਹੰਢਾਉਂਦੀ ਰਹਿੰਦੀ ਹਾਂ।
ਵੇਖ ਕੇ ਰੰਗ ਬਦਰੰਗ ਦੁਨੀਆਂ ਦੇ,
ਦਿਲ ਜਿਉਣ ਤੋਂ ਡਰਦਾ ਹੈ।
ਦਿਲ ਵਿਚ ਜਗਾ ਕੇ ਫਿਰ ਵੀ ਚਾਹਤਾਂ,
ਡੰਗ ਟਪਾਉਂਦੀ ਰਹਿੰਦੀ ਹਾਂ।
ਦਿਲ ਵਿਚ ਦਿਲ ਦਾ ਦਰਦ ਛੁਪਾ ਕੇ,
ਖ਼ੁਦ ਨੂੰ ਮਿਟਾਉਂਦੀ ਰਹਿੰਦੀ ਹਾਂ।
ਮੈਂ ਆਪਣੇ ਗੀਤ ਖ਼ੁਦ ਨੂੰ ਸੁਣਾ ਕੇ,
ਦਿਲ ਪਰਚਾਉਂਦੀ ਰਹਿੰਦੀ ਹਾਂ।

ਏਦਾਂ ਦੀ ਤਕਦੀਰ ਨਹੀਂ ਹੈ

ਗ਼ਜ਼ਲ ਚਾਹਤ ਹੈ ਜੰਜ਼ੀਰ ਨਹੀਂ ਹੈ ।
ਪਿਆਰ ਕੋਈ ਜਾਗੀਰ ਨਹੀਂ ਹੈ ।

ਪਿਆਰ, ਤਾਂ ਰੱਬ ਦਾ ਨਾਂ ਹੈ ਦੂਜਾ,
ਪਿਆਰ ਦੀ ਕੋਈ ਆਖ਼ੀਰ ਨਹੀਂ ਹੈ ।

ਸਾਰੇ ਸੁਪਨੇ, ਸੱਚ ਹੋ ਜਾਵਣ,
ਏਦਾਂ ਦੀ ਤਕਦੀਰ ਨਹੀਂ ਹੈ ।

ਰੰਗ ਭਰੇ ਸਨ ਜਿਸ ਵਿਚ ਆਪਾਂ ,
ਇਹ ਤਾਂ , ਉਹ ਤਸਵੀਰ ਨਹੀਂ ਹੈ।

ਮੌਸਿਮ ਬਦਲੇ ਦੁਨੀਆ ਬਦਲੀ ,
ਬਦਲੀ ਪਰ ਤਕਦੀਰ ਨਹੀਂ ਹੈ।

ਓਦੋਂ ਸ਼ੋਖ਼ ਬਲਾਵਾਂ ਪਈਆਂ,
ਤਰਕਸ਼ ਵਿਚ ਜਦ ਤੀਰ ਨਹੀਂ ਹੈ ।

ਬੁੱਝ ਲੈਂਦਾ ਹੈ, ਗੁੱਝੀਆਂ ਰਮਜ਼ਾਂ,
ਮਨ ਵਰਗਾ ਕੋਈ ਪੀਰ ਨਹੀਂ ਹੈ।

ਲੀਰੋ ਲੀਰ ਜ਼ਮੀਰ ਹੈ ਹੁਣ ਤਾਂ ,
ਤਨ ਤੇ ਕੋਈ ਲੀਰ ਨਹੀਂ ਹੈ।

ਵੇਖਣ ਨੂੰ ਹੀ ਲਗਦੈ
ਮਾਨਵ ਦੀ ਤਾਸੀਰ ਨਹੀਂ ਹੈ

ਆਸ਼ਿਕ ਨੇ ਖੁਸ਼ ਮਿਜ਼ਾਜ਼ੀ, ਕਰਦੇ ਰੰਗੀਨ ਗੱਲਾਂ

ਆਸ਼ਿਕ ਨੇ ਖੁਸ਼ ਮਿਜ਼ਾਜ਼ੀ, ਕਰਦੇ ਰੰਗੀਨ ਗੱਲਾਂ ।
ਜਾਚਿਕ ਨੇ ਦਿਲ ਦਿਮਾਗੀ, ਕਰਦੇ ਜ਼ਹੀਨ ਗੱਲਾਂ ।

ਖੁਸੀਆਂ ਤੇ ਖੇੜਿਆਂ ਦੇ, ਕਰਨੇ ਸਾਕਾਰ ਸੁਪਨੇ,
ਦੱਸਦੇ ਨੇ ਸ਼ੌਕ ਆਪਣਾ, ਕਰਕੇ ਸ਼ੌਕੀਨ ਗੱਲਾਂ ।
.
ਸਿਦਕਾਂ ਦੇ ਪਾਰ ਬੇੜੇ, ਜ਼ਹਿਮਤ ਦੇ ਲੱਖ ਝੇੜੇ,
ਸਾਦਿਕ ਨੂੰ ਦੱਸਦੀਆਂ ਨੇ, ਕਰਨਾ ਯਕੀਨ ਗੱਲਾਂ।

ਉਹ ਹੀ ਸੁਭਾਗ ਸੁਖੀਏ, ਉਹਨਾਂ ਚ' ਜੋਤ ਰੱਬੀ,
ਕਰਦੇ ਜੋ ਇਕ ਸੁਰ ਚ', ਭਰਤਾ ਮਦੀਨ ਗੱਲਾਂ ।

ਫੁੱਲਾਂ ਦਾ ਸੁਹਜ ਜਿਨ੍ਹਾਂ, ਦਿਲ ਚ' ਵਸਾ ਲਿਆ ਹੈ,
ਕਰਦੇ ਉਹ ਸੁਹਲ ਸੁੰਦਰ, ਬੜੀਆਂ ਹਸੀਨ ਗੱਲਾਂ ।

ਉਹ ਹੀ ਨਾਯਾਬ ਦੌਲਤ, ਜ਼ਿੰਦਗੀ ਦੀ ਜੋੜ ਲੈਂਦੇ,
ਜਿਹੜੇ ਨੇ ਸਾਂਭ ਰੱਖਦੇ, ਚੁਣ ਕੇ ਨਵੀਨ ਗੱਲਾਂ ।

ਬਲਦੀ ਤੇ ਤੇਲ ਪਾਉਣਾ, ਲਾਉਣੀ ਹਮੇਸ਼ ਲੂਤੀ,
ਏਹੋ ਨੇ ਬਹੁਤ ਘਟੀਆ, ਮਾਰੂ ਮਲੀਨ ਗੱਲਾਂ ।

ਹੱਤਿਆ ਤੇ ਕਤਲ ਗਾਰਤ, ਭੁੱਖ ਨੰਗ ਤੇ ਗ੍ਰੀਬੀ,
ਜ਼ਿੰਦਗੀ ਦੇ ਵਾਸਤੇ ਨੇ, ਬੜੀਆਂ ਸੰਗੀਨ ਗੱਲਾਂ ।

ਮਾਨਵ ਦਾ ਘਾਣ ਰੋਕੋ, ਸਾੜੋ ਨਾ ਹਿੱਕ ਮੇਰੀ,
ਕਹਿੰਦੀ ਹਸੀਨ ਸਾਡੀ, ਮਾਤਾ ਜ਼ਮੀਨ ਗੱਲਾਂ ।