Tuesday, February 16, 2010

ਇਹ ਹੈ ਪੰਜਾਬ ਸਾਡਾ

ਇਹ ਹੈ ਪੰਜਾਬ ਸਾਡਾ, ਇਹ ਹੈ ਸ਼ਬਾਬ ਸਾਡਾ ।
ਫੁੱਲਾਂ 'ਚੋਂ ਫੁੱਲ ਸੋਹਣਾ, ਇਹ ਹੈ ਗੁਲਾਬ ਸਾਡਾ ।

ਇਸ ਦੇ ਹੁਸੀਨ ਜਲਵੇ, ਜੰਨੱਤ ਨੂੰ ਮਾਤ ਪਾਇਆ,
ਹੂਰਾਂ ਦੀ ਅੱਖ ਅੰਦਰ, ਇਹ ਹੈ ਖੁਆਬ ਸਾਡਾ ।

ਮਰਨਾ ਹੈ ਏਸ ਖਾਤਰ, ਜੀਣਾ ਹੈ ਏਸ ਖਾਤਰ ,
ਸਾਹਾਂ ਦੀ ਸਾਂਝ ਦਾ ਹੈ, ਸਾਂਝਾ ਜਵਾਬ ਸਾਡਾ ।

ਇਸ ਦੇ ਨਰੋਏ ਜ਼ਜਬੇ, ਸਿਰਜੀ ਹੈ ਸ਼ਹਿਨਸ਼ਾਹੀ ,
ਦੁਨੀਆਂ ਨੇ ਮੰਨਿਆ ਹੈ, ਅਦਬੋ ਆਦਾਬ ਸਾਡਾ ।

ਯੁਗਾਂ ਤੋਂ ਜੀ ਰਹੇ ਹਾਂ, ਇਕ ਦੂਸਰੇ ਦੀ ਖਾਤਰ ,
ਸਿਦਕਾਂ ਦੀ ਆਸ਼ਕੀ ਦਾ, ਇਹ ਹੈ ਹਿਸਾਬ ਸਾਡਾ ।

ਝੱਖੜ ਨੂੰ ਦੇਖ ਪਿੱਛੇ, ਹਰਗਿਜ਼ ਨਾ ਪੈਰ ਧਰੀਏ ,
ਭਾਵੇਂ ਸੌ ਬਾਰ ਸਾਨੂੰ, ਪਰਖੇ 'ਚਨਾਬ' ਸਾਡਾ ।

ਤੇਗਾਂ ਦੀ ਛਾਂਉਂ ਥੱਲੇ, ਪਲ ਕੇ ਜੁਆਨ ਹੋਏ ,
ਫਾਂਸੀ ਦੇ ਰੱਸਿਆਂ ਤੇ, ਹੋਇਆ ਹਿਸਾਬ ਸਾਡਾ ।

ਮਾਣਸ ਦੀ ਜਾਤ ਇਕੋ, ਇਕੋ ਤਾਸੀਰ ਸਾਡੀ ,
ਇਕੋ ਹੈ ਗੀਤ ਸਾਡਾ, ਇਕੋ 'ਰਬਾਬ' ਸਾਡਾ ।

ਪੰਜ-ਆਬ ਦੇ ਪਿਆਸੇ ਇਹ ਆਖਦੇ ਹਾਂ ਯਾਰੋ ,
ਸਤਲੁਜ ਬਿਆਸ ਰਾਵੀ ਜਿਹਲਮ ਚਨਾਬ ਸਾਡਾ ।

ਸਾਡੇ ਤਾਂ ਸੁਰਗ ਨੂੰ ਹੈ, ਲੱਗੀ ਨਜ਼ਰ ਕਿਸੇ ਦੀ ,
ਤਾਂਹੀਓਂ ਏ ਹਾਲ ਹੋਇਆ, ਏਹੋ ਜਨਾਬ ਸਾਡਾ ।

ਪੱਗਾਂ ਦੀ ਥਾਂ ਏ ਦਿੱਸਦੀ, ਭਰਮਾਰ ਟੋਪੀਆਂ ਦੀ

ਦਿਸਦੀ ਨਾ ਰੂਹ ਰੰਗੀਲੀ, ਨਾ ਹੀ ਸ਼ਬਾਬ ਦਿੱਸਦਾ ।
ਕਿਧਰੇ ਨਾ ਜਾਨ ਦਿਸਦੀ, ਨਾ ਹੀ ਪੰਜਾਬ ਦਿੱਸਦਾ ।

ਰੰਗਾਂ ਤੇ ਮੁਰਦਨੀ ਹੀ , ਛਾਈ ਚੁਫੇਰ ਦਿੱਸਦੀ,
ਕਿਧਰੇ ਨਾ ਸ਼ਾਇਰਾਂ ਦਾ, ਸੂਹਾ ਗੁਲਾਬ ਦਿੱਸਦਾ ।

ਭੁੱਕੀ ਅਫੀਮ ਬੋਤਲ, ਯੁੱਵਕਾਂ ਨੂੰ ਛਕ ਰਹੇ ਨੇ ,
ਸਭ ਥਾਂ ਮਹਾਨ ਉੱਤਮ, ਜਲਵਾ ਸ਼ਰਾਬ ਦਿੱਸਦਾ ।

ਦਿੱਸਦੀ ਨਾ ਮਾਣਮੱਤੀ, ਮਸਤੀ ਜੁਆਨੀਆਂ ਤੇ,
ਯੁੱਵਕਾਂ ਦਾ ਨਿੱਤ ਹੁੰਦਾ, ਖਾਨਾ ਖਰਾਬ ਦਿੱਸਦਾ ।

ਜੱਟਾਂ ਦੇ ਪੁੱਤ ਗਾ ਕੇ, ਬੱਕਰੇ ਬੁਲਾਉਣ ਕਾਹਦੇ,
ਕੰਨਾਂ ਚ' ਮੁੰਦਰਾਂ ਤੇ, ਇਸ ਦਾ ਜਵਾਬ ਦਿੱਸਦਾ ।

ਫੁੱਟਬਾਲ ਤੇ ਕਬੱਡੀ, ਹਾਕੀ ਦੀ ਗੱਲ ਛੱਡੀ,
ਹੁਣ ਤਾਂ ਕ੍ਰਿਕਟ ਅੰਦਰ, ਸਾਡਾ ਸਵਾਬ ਦਿੱਸਦਾ ।

ਪੱਗਾਂ ਦੀ ਥਾਂ ਏ ਦਿੱਸਦੀ, ਭਰਮਾਰ ਟੋਪੀਆਂ ਦੀ,
ਸਰਦਾਰ ਜੀ ਤਾਂ ਬਣਿਆਂ, ਬਾਬੂ ਨਵਾਬ ਦਿੱਸਦਾ

ਐਵੇਂ ਨਾ ਝੂਰ ਬਹਿ ਕੇ, ਦਿਲ ਨੂੰ ਕਰਾਰ ਦੇ

ਐਵੇਂ ਨਾ ਝੂਰ ਬਹਿ ਕੇ, ਦਿਲ ਨੂੰ ਕਰਾਰ ਦੇ ।
ਕਿੰਨੀ ਹਸੀਨ ਜ਼ਿੰਦਗੀ, ਹੱਸ ਕੇ ਗੁਜ਼ਾਰ ਦੇ ।

ਖੁਸ਼ੀਆਂ ਤੇ ਖੇੜਿਆਂ ਦੀ, ਲਾ ਦੇ ਚੁਫੇਰ ਮਹਿਫਲ
ਸੁਹਜਾਂ ਦੇ ਨਾਲ ਗਮ ਦਾ, ਮੁੱਖੜਾ ਸੁਆਰ ਦੇ ।

ਚੁਣ ਕੇ ਹਮੇਸ਼ ਕੰਡੇ, ਪੀੜਾਂ ਦੇ ਪੈਂਡਿਆਂ ਚੋਂ,
ਕਲੀਆਂ ਤੇ ਫੁੱਲ ਖੇੜੇ, ਹਰ ਥਾਂ ਖਿਲਾਰ ਦੇ ।

ਦੂਈ ਦਵੈਤ ਸਾੜਾ, ਛੱਡ ਈਰਖਾ ਬਖੀਲੀ,
ਕੋਮਲ ਮਲੂਕ ਜ਼ਜ਼ਬੇ, ਹਰ ਥਾਂ ਸ਼ਿੰਗਾਰ ਦੇ ।

ਵੈਰੀ ਨਹੀਂ ਹੈ ਕੋਈ, ਨਾ ਹੀ ਕੋਈ ਬੇਗਾਨਾ,
ਜੋ ਵੀ ਪਿਆਰ ਮੰਗਦਾ, ਉਸ ਨੂੰ ਪਿਆਰ ਦੇ ।

ਮੱਚਦੀ ਪਿਆਰ ਬਾਝੋਂ, ਦੁਨੀਆਂ ਮਾਯੂਸ ਹੋਈ,
ਅੰਮ੍ਰਿਤ ਦੇ ਪਿਆਰ ਛਿੱਟੇ, ਸਭਨਾ ਤੇ ਮਾਰ ਦੇ ।

ਸਭ ਦਾ ਭਲਾ ਹੈ ਕਰਨਾ, ਸਭ ਦੀ ਤੂੰ ਖੈਰ ਮੰਗੀਂ,
ਜ਼ਿੰਦਗੀ ਦਾ ਕਰਜ਼ ਏਦਾਂ, ਸਿਰ ਤੋਂ ਉਤਾਰ ਦੇ ।

ਮੁਲਕਾਂ ਦੇ ਛੱਡ ਬਖੇੜੇ, ਧਰਮਾਂ ਦੇ ਛੱਡ ਝੇੜੇ,
ਜੱਗ ਤੇ, ਜੱਨਤ ਉਸਾਰ ਦੇ ।

ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ

ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ।
ਆਗੀ, ਅਸਾਡੀ ਆਗੀ, ਚੱਲੇ, ਅਸੀਂ ਵੀ ਚੱਲੇ।

ਹੁਣ ਸੁਰਖ਼ੁਰੂ ਹਾਂ ਹੋਏ, ਥੋੜ੍ਹੇ ਪਲਾਂ ਨੂੰ ਛਡਕੇ,
ਸਾਰੀ ਹੀ ਉਮਰ ਸਾਡੇ, ਦਰਦਾਂ ਨੇ ਰਾਹ ਮੱਲੇ।

ਹੈ ਮਰਨ ਪਿੱਛੋਂ ਆਈ, ਮੁਸਕਾਨ ਤਾਂ ਹੀ ਬੁੱਲ੍ਹੀਂ,
ਮਨ ਨੇ ਸਹੇ ਨੇ ਤਾਨ੍ਹੇ, ਤਨ ਨੇ ਤਸੀਹੇ ਝੱਲੇ।

ਜੀਂਦੇ ਰਹੇ ਤਾਂ ਵੇਖੋ, ਪੁੱਛਿਆ ਕਿਸੇ ਨਾ ਸਾਨੂੰ,
ਹੁਣ ਮਰਨ ਪਿੱਛੋਂ ਸਾਡੀ, ਹੋਵੇਗੀ ਬੱਲੇ-ਬੱਲੇ।

ਹੁਣ ਜਾ ਰਹੇ ਹਾਂ ਜਿੱਥੇ, ਪਹੁੰਚੇ ਨਾ ਕਾਂ, ਕਬੂਤਰ,
ਦਿਲਬਰ ਨੂੰ ਆਖ ਦੇਣਾ, ਹੁਣ ਨਾ ਸੁਨੇਹੇ ਘੱਲੇ।

ਸ਼ਰਧਾਂਜਲੀ ਬਹਾਨੇ, ਦਿਲ ਦੀ ਭੜਾਸ ਕਢ ਕੇ,
ਨਾ ਛੇੜਿਓ ਇਨ੍ਹਾਂ ਨੂੰ, ਸਾਰੇ ਨੇ ਜ਼ਖ਼ਮ ਅੱਲੇ।

ਨਾਜ਼ੁਕ ਸਰੀਰ ਹੋਇਆ ਮਸਾਂ ਹੈ ਹੌਲ਼ਾ,
ਐਵੇਂ ਨਾ ਦੱਬੀ ਜਾਓ, ਲੋਈਆਂ ਦੇ ਭਾਰ ਥੱਲੇ।

ਤੇਰੇ ਗਮ ਅਸਾਨੂੰ ਪਿਆਰੇ ਬੜੇ ਨੇ

ਤੇਰੇ ਗਮ ਅਸਾਨੂੰ ਪਿਆਰੇ ਬੜੇ ਨੇ।
ਇਹਨਾਂ ਦੇ ਅਸਾਨੂੰ ਸਹਾਰੇ ਬੜੇ ਨੇ।

ਟੁੱਟਿਐ ਸਿਤਾਰਾ ਮੇਰੇ ਦਿਲ ਦਾ ਲੇਕਿਨ,
ਅਕਾਸ਼ੀਂ ਮੈਂ ਤੱਕਦਾਂ ਸਿਤਾਰੇ ਬੜੇ ਨੇ।

ਤੇਰੀ ਮਸਤ ਅੱਖ, ਹੈ ਨਹੀਂ ਕੋਲ ਮੇਰੇ,
ਤੇਰੀ ਯਾਦ ਦੇ ਪਰ ਨਜ਼ਾਰੇ ਬੜੇ ਨੇ।

ਤੇਰੇ ਗਮ ਅਸਾਨੂੰ ਬੜੇ ਰਾਸ ਆਏ,
ਊਂ ਤਾਂ ਚੁਫੇਰੇ ਕਿਨਾਰੇ ਬੜੇ ਨੇ।

ਮੇਰੇ ਤੰਗ ਦਸਤੀ ਦੀ ਏਹੀ ਜੇ ਦੌਲਤ,
ਅਕਾਸ਼ੀਂ ਗਮਾਂ ਦੇ ਸਿਤਾਰੇ ਬੜੇ ਨੇ।

ਨਾ ਸ਼ਿਕਵਾ ਕੋਈ ਨਾ ਕੋਈ ਸ਼ਿਕਾਇਤ,
ਮੈਂ ਚਾਨਣ ਦੀ ਖਾਤਰ ਸ਼ਰਾਰੇ ਫੜੇ ਨੇ।

ਤੇਰੇ ਸੌਣ ਕਮਰੇ 'ਚ ਤੱਕ ਕੇ ਤਾਂ ਵੇਖੀਂ,
ਦੋ ਅੱਥਰੂ ਕਦੋਂ ਦੇ ਕੁਆਰੇ ਖੜ੍ਹੇ ਨੇ।

ਜਦੋਂ ਅਸਾਂ ਬਹਿ ਕੇ ਤੇਰੇ ਛੇੜਿਆ ਜਿਕਰ ਨੂੰ

ਜਦੋਂ ਅਸਾਂ ਬਹਿ ਕੇ ਤੇਰੇ ਛੇੜਿਆ ਜਿਕਰ ਨੂੰ
ਉਹਦੇ ਖ਼ੋਰੀ ਹਾਸਿਆਂ ਨੇ ਵਿੰਨ੍ਹਿਆ ਜਿਗਰ ਨੂੰ

ਦੋਸਤਾਂ ਦੇ ਸੰਗ ਕਦੇ ਮਾਣਦੇ ਸਾਂ ਮਹਿਫਲਾਂ
ਪਤਾ ਨਹੀਂ ਕੀ ਹੋਇਆ ਹੁਣ ਯਾਰਾਂ ਦੀ ਨਜ਼ਰ ਨੂੰ

ਸੁੱਕਣ ਤੋਂ ਪਹਿਲਾਂ ਮਹਿੰਦੀ ਹੱਥਾਂ ਉਤੇ ਮਰ ਗਈ
ਕਾਲਜੇ ਨਾ ਘੁੱਟ ਘੁੱਟ ਲਾਉਂਦੀ ਰਹੀ ਹਿਜ਼ਰ ਨੂੰ

ਖਿੰਡ ਪੁੰਡ ਖ਼ਾਬ ਗਏ ਖੁੱਸ ਗਈ ਏ ਧੁੱਪ ਸਾਡੀ
ਰੋਟ ਹੁਣ ਸੁੱਖਣੇ ਨੇ ਕਿਸ ਨੇ ਖਿ਼ਜ਼ਰ ਨੂੰ

ਠੰਡੀ ਮਿੱਠੀ ਛਾਂ ਜੀਹਦੀ ਸਿਖਰ ਦੁਪਹਿਰਾਂ ਖਾਧੀ
ਰੋਹ ਉਹਦੇ ਹੰਝੂਆਂ ‘ਚੋਂ ਫੁੱਟੇਗਾ ਆਖਿਰ ਨੂੰ

ਅਸੀਂ ਤਾਂ ਨਾਅਰੇਬਾਜ਼ ਨਹੀਂ

ਅਸੀਂ ਤਾਂ ਨਾਅਰੇਬਾਜ਼ ਨਹੀਂ
ਇਹ ਤਾਂ ਤੁਸੀਂ ਹੀ ਕਹਿੰਦੇ ਹੋ
ਅਸੀਂ ਤਾਂ ਰੋਟੀ ਦੀ ਗੱਲ ਕੀਤੀ ਹੈ
ਜਾਂ ਫੇਰ ਵਧਦੇ ਪਾੜੇ ਦੀ ਗੱਲ ਕੀਤੀ ਹੈ
ਕਿਰਤੀ ਦੇ ਮੁੜ੍ਹਕੇ ਵਿਚੋਂ ਜੰਮਦੇ ਮੁਨਾਫੇ ਦਾ ਜ਼ਿਕਰ ਕੀਤਾ ਹੈ
ਜਿਸ ਵਿਚੋਂ ਨਵੇਂ ਕਰੋੜਪਤੀ ਜੰਮਦੇ ਹਨ
ਲੱਦੇ ਜਾ ਰਹੇ ਕਰਜ਼ੇ ਦੇ ਭਾਰ ਬਾਰੇ ਕੁੱਝ ਕਿਹਾ ਹੈ
ਵਧ ਰਹੇ ਬੇਘਰਿਆਂ ਦਾ ਕੌਣ ਜ਼ੁੰਮੇਵਾਰ ਹੈ?
ਭਲਾਂ ਗਰੀਬੀ ਨਾਲ ਅਸੀਂ ਹੀ ਪਿਆਰ ਕਿਉਂ ਕਰੀਏ?
ਸਾਨੂੰ ਹੀ 'ਰੱਬ' ਦੀ ਰਜ਼ਾ ਵਿਚ ਰਹਿਣ ਦਾ ਉਪਦੇਸ਼ ਕਿਉਂ?
'ਧਰਮੀ' ਜਿਨ੍ਹਾਂ ਨੇ 'ਰੱਬ' ਖਾ-ਪੀ ਛੱਡਿਆ ਹੈ
ਕੁਰਸੀਆਂ ਵਾਲਿਆਂ ਵਲੋਂ ਲਾਲਚ ਵਸ
ਮੁਲਕ ਨੂੰ ਗਹਿਣੇ ਧਰਨ ਦਾ ਵਿਰੋਧ ਕੀਤਾ ਹੈ
ਕਿਉਂ ਪੱਈਏ ਇਸ ਝਗੜੇ ਵਿਚ
ਬਹੁ-ਗਿਣਤੀ ਤੇ ਘੱਟ-ਗਿਣਤੀ ਕੀ ਹੁੰਦੀ ਹੈ?
ਕੀ ਸਾਰੇ ਇਨਸਾਨ ਬਰਾਬਰ ਨਹੀਂ ਹੁੰਦੇ?
ਕੀ ਸਾਰਿਆਂ ਨੂੰ ਭੁੱਖ ਨਹੀਂ ਲਗਦੀ?
ਕੀ ਸਾਰਿਆਂ ਦੀਆਂ ਸੱਧਰਾਂ ਵਧਣਾ-ਫੁਲਣਾ ਨਹੀਂ ਚਾਹੁੰਦੀਆਂ?
ਕੀ ਸਾਰਿਆਂ ਨੂੰ ਮੁਲਕ ਪਿਆਰਾ ਨਹੀਂ ਹੁੰਦਾ?
ਸ਼ਾਇਦ ! ਸਾਰਿਆਂ ਨੂੰ ਨਹੀਂ ਹੁੰਦਾ
ਕੀ ਕਹੋਗੇ ਉਨ੍ਹਾਂ ਅਖੌਤੀ ਵੱਡੇ ਲੋਕਾਂ ਦੇ ਸਬੰਧ ਵਿਚ
ਅਤੇ ਉਨ੍ਹਾਂ ਦੀ
ਆਪਣੀ ਹੀ ਮਾਂ ਨੂੰ ਗਹਿਣੇ ਧਰਨ ਦੀ
ਲੋਭ ਭਰੀ ਰਵਾਇਤ ਬਾਰੇ
ਤੁਸੀਂ ਕੀ ਕਹੋਗੇ?
ਪੁੱਤ ਤੋਂ ਕਪੁੱਤ ਹੋ ਗਏ ਸਿਆਸਤਦਾਨਾਂ ਬਾਰੇ
ਚਿੱਟੀਆਂ ਕੋਠੀਆਂ ਵਿਚ ਰਹਿੰਦੇ ਰਾਜ ਸੱਤਾ ਦੇ ਦੱਲੇ
ਰਾਜਸੀ ਨੇਤਾਵਾਂ ਦੇ ਯਾਰ, ਸਮਗਲਰਾਂ ਬਾਰੇ?
ਆਪਣੀ ਹੀ ਮਾਂ, ਭੈਣ ਨਾਲ ਬਲਾਤਕਾਰ ਕਰਨ ਵਾਲੀ
ਹਰਾਮੀ ਆਦਤਾਂ ਦਾ ਸ਼ਿਕਰ ਹੋ ਗਈ
ਲੁੱਟ ਨਾਲ ਬਣੀ ਧਨਾਢਾਂ ਦੀ ਵਿਗੜੀ ਮੁੰਡੀਹਰ ਬਾਰੇ
ਆਖਰ ਦੱਸੋ ਤਾਂ ਸਹੀ
ਭਲਾਂ ਤੁਸੀਂ ਕੀ ਕਹੋਗੇ?
ਮਿਹਣਾਂ ਮਾਰਨ ਤੋਂ ਪਹਿਲਾਂ
ਤੁਸੀਂ ਸੋਚ ਤਾਂ ਲੈਣਾ ਸੀ
ਜੋ ਕਹਿੰਦੇ ਹੋ ਉਹਦੇ ਪੈਰ ਵੀ ਹਨ
ਕਦੇ ਸੱਚ ਦੇ ਵਿਹੜੇ ਵਿਚਰੇ ਤਾਂ ਪਤਾ ਲੱਗੇਗਾ
ਆਪਣੇ ਜੀਊਂਦੇ-ਜੀਅ ਇਹ ਕੁੱਝ ਕਹਿਣਾ
ਹਰ ਕਿਸੇ ਦਾ ਫ਼ਰਜ਼ ਹੁੰਦਾ ਹੈ
ਪਰ, ਅੱਖਾਂ ਵਾਲੇ ਅੰਨ੍ਹਿਆਂ ਬਾਰੇ
ਤਿੱਖੀਆਂ ਜੀਭਾਂ ਦੇ ਹੁੰਦਿਆਂ
ਗੂੰਗੇ ਹੋ ਕੇ ਜੀਊਣ ਵਾਲਿਆਂ ਬਾਰੇ
ਕੰਨਾਂ ਦੇ ਹੁੰਦਿਆਂ, ਦੂਸ਼ਿਤ ਵਾਤਾਵਰਨ ਬਾਰੇ
ਕੁੱਝ ਵੀ ਨਾ ਸੁਣਨ ਵਾਲਿਆਂ
ਅਤੇ
ਕੁੱਝ ਵੀ ਨਾ ਕਹਿਣ ਵਾਲਿਆਂ ਬਾਰੇ
ਤੁਹਾਡੇ ਵਾਸਤੇ ਇਹ ਫਜ਼ੂਲ ਨਾਅਰਾ ਹੋ ਸਕਦਾ ਹੈ
ਇਹੋ ਤਾਂ ਲੋਕਾਈ ਦਾ ਦਰਦ ਹੈ
ਇਹੋ ਤਾਂ ਸੱਚ ਦੀ ਸਾਰਥਕਤਾ ਹੈ
ਪਰ
ਉੱਤਰ-ਆਧੁਨਿਕੀ ਫੌੜ੍ਹੀਆਂ ਦੇ ਆਸਰੇ ਖੜ੍ਹੇ
ਬੇਚਾਰੇ ਅਖੌਤੀ ਬੁੱਧੀਜੀਵੀ
ਇਹ ਸਮਝਣ ਤੋਂ ਕਿਉਂ ਅਸਮਰਥ ਹਨ?
ਕਿਰਤ ਕਰਕੇ ਫਲ਼ ਦੀ ਆਸ ਨਾ ਰੱਖਣ ਦੀ ਮੱਤ
ਭੁੱਖੇ ਢਿੱਡ ਨਾਲ ਭਗਤੀ ਦਾ ਸਬਕ
ਮਿਹਰਬਾਨੀ ਕਰਕੇ ਕਿਸੇ ਹੋਰ ਨੂੰ ਦਿਉ
ਤੁਹਾਨੂੰ ਤੁਹਾਡੀ ਹਰਾਮਜ਼ਦਗੀ
ਸਾਨੂੰ ਸਾਡਾ ਨਾਅਰਾ ਮੁਬਾਰਕ।