Tuesday, September 1, 2009

ਕੋਈ ਉਮੀਦ ਨਾ ਬਾਕੀ

ਕੋਈ ਉਮੀਦ ਨਾ ਬਾਕੀ ਨਾ ਕੋਈ ਆਸ ਬਾਕੀ ਏ
ਮੇਰੇ ਪੱਥਰਾਏ ਬੁਲ੍ਹਾਂ ਤੇ ਅਜੇ ਵੀ ਪਿਆਸ ਬਾਕੀ ਏ

ਕਦੇ ਜੰਗਲ ਕਦੇ ਪਰਬਤ ਭਟਕਦੇ ਉਮਰ ਬੀਤੀ ਹੈ
ਖਰੇ ਕਿੰਨਾ ਮੇਰੇ ਲੇਖੀਂ ਅਜੇ ਬਨਵਾਸ ਬਾਕੀ ਏ

ਡਬੋ ਕੇ ਸ਼ਹਿਦ ਵਿਚ ਘੱਲਿਆ ਹਰ ਪੈਗਾਮ ਸਜਣਾ ਨੂੰ
ਉਨ੍ਹਾਂ ਦੇ ਬੋਲਾਂ ਚ' ਹਾਲੇ ਵੀ ਕੁੱਝ ਖੱਟਾਸ ਬਾਕੀ ਏ

ਹਰਿਕ ਪਾਸੇ ਅਮਨ ਹੋਵੇ ਰਹੇ ਖੁਸ਼ਹਾਲ ਹਰ ਕੋਈ
ਮੇਰੇ ਦਾਤਾ ਤੇਰੇ ਅੱਗੇ ਇਹੀ ਅਰਦਾਸ ਬਾਕੀ ਏ

ਉਹ ਕਦ ਆਏ ਤੇ ਆਕੇ ਤੁਰ ਗਏ ਕੋਈ ਖਬਰ ਨਈ ਮੈਨੂੰ
ਮਹਿਕ ਜਿਹੀ ਕੋਈ ਖਿਲਰੀ ਹੁਣ ਵੀ ਮੇਰੇ ਪਾਸ ਬਾਕੀ ਏ

ਤੁਸੀਂ ਸੰਭਾਲੋ ਅਪਣਾ ਅੱਜ ਤੇ ਚਿੰਤਾ ਕਰੋ ਕਲ੍ਹ ਦੀ
ਮੇਰੇ ਕੋਲ ਸਾਂਭ ਕੇ ਰੱਖਿਆ ਮੇਰਾ ਇਤਿਹਾਸ ਬਾਕੀ ਏ

ਗੁਆ ਬੈਠਾ ਸਭੇ ਕੁੱਝ ਰਿਹਾ ਨਾ ਕੁੱਝ ਵੀ ਹੁਣ ਪੱਲੇ
ਮਗਰ ਹਾਲੇ ਵੀ ਮੇਰੇ ਕੋਲ ਤੇਰਾ ਅਹਿਸਾਸ ਬਾਕੀ ਏ

ਤੁਸੀਂ ਆਵੋ ਤੁਸੀਂ ਮੁੜ ਚੱਲੇ ਹੋ ਕਿਉਂ ਹਿਜ਼ਰ ਦੇ ਕਾਂਵੋ
ਅਜੇ ਵੀ’ਅੰਮ੍ਰਿਤ’ ਦੇ ਪਿੰਜ਼ਰ ਤੇ ਕੁੱਝ ਕੂ ਮਾਸ ਬਾਕੀ ਏ

ਸ਼ੇਰਾਂ ਦੇ ਡੇਰਿਆਂ ਤੇ

ਸ਼ੇਰਾਂ ਦੇ ਡੇਰਿਆਂ ਤੇ ਅਜ ਗਿੱਦੜ ਕਰਨ ਕਲੋਲਾਂ, ਹਥ ਧਰਕੇ ਕਾਲਜੇ ਤੇ ਮੈਂ ਤਾਂ ਦਿਲ ਦੇ ਵਰਕੇ ਫੋਲਾਂ ।
ਧਰਤੀ ਪੰਜਾਬ ਦੀ ਇਹ ਬੋਲੀ ਭਰ-ਭਰ ਕੇ ਹਟਕੋਰੇ, ਮੇਰੀ ਹਿਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ!
ਤੇਰੀ ਪੱਤ ਦੀ ਰਾਖੀ ਨੀਂ ਮੇਰੇ ਕੁੱਖ ਦੇ ਜਾਇਆਂ ਕੀਤੀ, ਅੱਜ ਕੱਢ ਕੇ ਮੱਤਲਬ ਨੂੰ ਨੀਂ ਤੂੰ ਧਾਰ ਲਈ ਬਦਨੀਤੀ ।
ਇਹ ਸਾਡੇ ਦਿਨ ਜੋ ਖੁਸ਼ੀਆਂ ਦੇ ਨੀਂ ਤੂੰ ਗਮੀਆਂ ਦੇ ਵਿੱਚ ਰੋੜੇ ਮੇਰੀ..
ਜੋ ਤੇਰੇ ਹਾਕਮ ਨੇਂ ਮਾਤ ਹੈ ਮੀਰ ਮੰਨੂ ਨੂੰ ਪਾਉੰਦੇ, ਕਰ ਫਾਇਰ ਗੋਲੀਆਂ ਦੇ ਫਿਰਦੇ ਥਾਂ-ਥਾਂ ਮੌਤ ਨਚਾਉੰਦੇ ।
ਸਿੰਘਾਂ ਨਿਰਦੋਸ਼ਿਆਂ ਦੇ ਨਿੰਬੂਆਂ ਵਾਂਗਰ ਖੂਨ ਨਿਚੋੜੇ ਮੇਰੀ..
ਪੰਜਾਬ ਦੇ ਜੰਮਿਆਂ ਨੇਂ ਕਦੇ ਨਹੀਂ ਈਨ ਕਿਸੇ ਦੀ ਮੰਨੀ, ਜਾਲਮ ਦੀ ਧੌਣ ਸਦਾ ਲੜ੍ਹਕੇ ਵਿੱਚ ਮੈਦਾਨ ਦੇ ਭੰਨੀ ।
ਜਾਬਰ ਦੀ ਘੰਡੀ ਨੂੰ ਖਾਲਸਾ ਮੁਰਗੇ ਵਾਂਗ ਮਰੋੜੇ ਮੇਰੀ..

ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ

ਸੁਣ ਸਕਦਾ ਏਂ ਤਾਂ ਅੱਜ ਸੁਣ ਲੈ ਆ ਕੇ, ਤੈਨੂੰ ਦਿਲ ਦਾ ਹਾਲ ਸੁਣਾਵਾਂ....
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ, ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
ਦੇਖ ਸਕਦਾ ਏਂ ਤਾਂ ਅੱਜ ਦੇਖ ਲੈ ਆ ਕੇ, ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ....
ਕੀ ਪਤਾ ਕੱਲ ਮਿਚ ਜਾਣ ਅੱਖੀਆਂ, ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...
ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ...
ਕੀ ਪਤਾ ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ.....‌‌‌‌‌!!!!

DeBi Maksoospuri

ਤੇਰੀ ਯ਼ਾਰੀ ਮਾਰੂਥਲ਼ ਸੱਚੀ ਮਰਦ਼ੇ ਪਿਆਸਿਆਂ ਲਈ ਨੀਰ ਕੋਈ ਨਾਂ
ਜਾਂ ਫ਼ੇਰ ਤਿੱਖੀ ਡੌਰ ਗੁੰਜਲਾ ਤੇ ਪੇਚਾਂ ਵਾਲੀ ਜਿਸਦਾ ਅਖ਼ੀਰ ਕੋਈ ਨਾਂ
ਡਾਢਾ ਅੰਦਰੋਂ ਤੇ ਬਾਹਰੋਂ ਸਾਨੂੰ ਸਾੜਿਆ ਨੀ ਹਾੜ ਦੇ ਮਹੀਨੇਂ ਵਾਂਗਰਾਂ
ਤੂੰ ਤਾਂ ਬੇਈਮਾਨੇ ਮਿੱਤਰਾਂ ਨੂੰ ਪੂੰਝ ਤਾਂ ਨੀ ਮੱਥੇ ਤੋਂ ਪਸੀਨ਼ੇ ਵਾਂਗਰਾਂ

==

ਖ਼ਤਾਂ ਚ ਮੋਹੱਬ਼ਤ ਜਤਾਉਂਣ ਵਾਲੇ ਬਹੁਤ ਨੇ
ਸ਼ੁਭਕਾਮਨਾਂ ਦੇ ਕਾਰਡ ਪਾਉਂਣ ਵਾਲੇ ਬਹੁਤ ਨੇ
ਸਾਡੀ ਰੀਝਾਂ ਵਾਲੀ ਮਾਲ਼ਾ ਤਾਂ ਚਿਰੋਕੀ ਟੁੱਟ ਗਈ
ਇਹਨਾਂ ਮੌਤੀ ਅਣਮੁੱਲਿਆਂ ਦਾ ਕੀ ਕਰੀਏ
ਸਾਡੇ ਸੌਹਣੇਂ ਮਹਿਬੂਬ ਹੋਰਾਂ ਉੱਤੇ ਡੁੱਲ ਗਏ
ਅਸੀਂ ਆਪਣੇਂ ਤੇ ਡੁੱਲਿਆਂ ਨੂੰ ਕੀ ਕਰੀਏ

==

ਨਜ਼ਰਾਂ ਵਿੱਚ ਏਦਾਂ ਵੱਸ ਗਈਂ ਏ ਨਾਂ ਹੋਦਰ ਕਿਤੇ ਨਿਗ਼ਾਹ ਅਟਕੇ
ਤੇਰੀ ਘੂਰੀ ਨਬ਼ਜ਼ਾਂ ਰੋਕ ਦੇਵੇ ਲੈ ਸੰਘ ਵਿੱਚ ਫਾਹਾ ਸਾਹ ਅਟਕੇ
ਜੇ ਤੂੰ ਨਈਂ ਤੇਰੇ ਪੱਟਿਆਂ ਨੂੰ ਫਿਰ ਸਕਦੈ ਕੌਣਂ ਵਸਾ ਅੜੀਏ
ਨੀ ਤੇਰੇ ਯ਼ਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ

ਤਕਦੀਰ ਤਾਂ ਅਪਣੀ ਸੌਂਕਣ ਸੀ

ਤਕਦੀਰ ਤਾਂ ਅਪਣੀ ਸੌਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਕਿੰਜ ਝੰਗ ਛੁਟਿਆ ਕਿੰਜ ਕੰਨ ਪਾਟੇ
ਚੁੰਡ ਲੰਗ ਗਿਆ ਇੰਜ ਹੀ ਹੀਰਾਂ ਦਾ
ਕੀ ਲਿਖਿਆ ਕਿਸੇ ਮੁਕੱਦਰ ਸੀ
ਇਹ ਹੱਥ ਦੀਆਂ ਚਾਰ ਲਕੀਰਾਂ ਦਾ
ਕੀ ਪੁਛਦੇ ਓ ਹਾਲ ਫਕੀਰਾਂ ਦਾ
ਸਾਡਾ ਨਦੀਓ ਵਿਛੜੇ ਨੀਰਾਂ ਦਾ

ਸੁਣ ਤਾਰਿਆ ਵੇ

ਸੁਣ ਤਾਰਿਆ ਵੇ ਇੱਕ ਚੰਨ ਤੇ ਮੈਂ ਵੀ ਮਰਦਾ ਹਾਂ
ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਤੈਨੂੰ ਦਿੱਤੇ ਸੀ ਜੋ ਖੱਤ ਭਾਂਵੇ ਪਾੜ ਦਿੱਤੇ ਹੋਣੇ,
ਜਿਹੜੇ ਦਿੱਤੇ ਸੀ ਤੋਹਫੇ, ਉਹ ਵੀ ਹਾੜ ਦਿੱਤੇ ਹੋਣੇ,
ਪਰ ਉਹਨਾਂ ਯਾਦਾਂ ਦੀ ਅੱਗ 'ਚ ਤੂੰ ਵੀ ਸੜਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜਿਥੇ ਬੈਠਕੇ ਇਕਠੇ ਕਦੇ ਹੱਸਦੇ ਸੀ ਹੁੰਦੇ,
ਇਕ ਦੂਜੇ ਤਾਂਈ ਹੀਰ ਰਾਂਝਾ ਦੱਸਦੇ ਸੀ ਹੁੰਦੇ,
ਹੁਣ ਉਹਨਾਂ ਰਾਹਵਾਂ ਤੇ ਕਿੰਝ ਪੈਰ ਧਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਜੇ ਨੀ ਕੀਤੀ ਬੇਵਫਾਈ, ਤੈਥੋਂ ਵਫਾ ਵੀ ਨਾ ਹੋਈ,
ਜੀਹਦੀ ਐਡੀ ਸੀ ਸਜ਼ਾ, ਸਾਥੋਂ ਖਤਾ ਵੀ ਨਾ ਹੋਈ,
ਹੁਣ ਮੇਰੇ ਵਾਂਗੂੰ ਤੁੰ ਵੀ ਨਿਤ ਮਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ,
ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ ।

ਲੱਗੀ ਨਜ਼ਰ ਪੰਜਾਬ ਨੂੰ

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ

ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ

ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ
ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ

ਪੱਤੇ ਬੂਟੇ ਡੋਡੀਆਂ, ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ, ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ , ਏਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ, ਅੱਗ ਦੇ ਵਿਚ ਸਾੜੋ ।

ਅੱਗ ਪਿਤਰਾਂ ਦੀ ਜੀਭ ਹੈ, ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆਂ, ਬੀਤੇ ਸੰਗ ਸਾੜੋ ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ

ਐਵੇਂ ਨਾ ਗੁਜ਼ਰ ਜਾਵੇ

ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।
ਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ।
ਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ।
ਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ,
ਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ।
ਮੈਂ ਦੂਰ ਬੜੀ ਜਾਣੈ, ਅੰਬਰ ਹੈ ਨਿਗਾਹਾਂ ਵਿਚ,
ਨਾ ਰੋਕ ਅਜੇ ਮੈਨੂੰ, ਤੂੰ ਆਪਣੀਆਂ ਬਾਹਾਂ ਵਿਚ।
ਮਿੱਟੀ ਦੇ ਖਿਡਾਉਣੇ ਹਾਂ, ਕੁਝ ਪਲ ਦੇ ਪਰਾਹੁਣੇ ਹਾਂ,
ਕਿਉਂ ਸੱਚ, ਨਹੀਂ ਹੁੰਦਾ, ਇਹ ਖ਼ਾਬ ਨਿਗਾਹਾਂ ਵਿਚ।
ਕੁਝ ਮਹਿਕ, ਮੁਹੱਬਤ ਦੀ, ਆਪਾਂ ਵੀ ਹੰਢਾ ਲਈਏ,
ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।

ਅਸਾਂ ਤਾਂ ਜੋਬਨ ਰੁਤੇ ਮਰਨਾ

ਅਸਾਂ ਤਾਂ ਜੋਬਨ ਰੁਤੇ ਮਰਨਾ
ਅਸਾਂ ਤਾਂ ਜੋਬਨ ਰੁਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾਂ
ਅਸਾਂ ਤਾਂ ਜੋਬਨ ਰੁੱਤੇ ਮਰਨਾ

ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਝੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ
ਕਿ ਜਿਨਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾਂ ਤਾਂ ਜੋਬਨ ਰੁਤੇ ਮਰਨਾ

ਸੱਜਣ ਜੀ
ਭਲਾ ਕਿਸ ਲਈ ਜੀਣਾ
ਸ਼ਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ
ਜੋਬਨ ਰੁੱਤ ਤੱਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆ ਦੀਆਂ ਜੰਮਣ ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਖਿੜਨਾ
ਨਿਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ

ਸੱਜਣ ਜੀ,
ਪਏ ਸੱਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਨੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ
ਇਕ ਦੂਜੇ ਦੀ
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ
ਅਸਾਂ ਤਾਂ ਜੋਬਨ ਰੁਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾਂ
ਅਸਾਂ ਤਾਂ ਜੋਬਨ ਰੁੱਤੇ ਮਰਨਾ।

Patjhad - ਪਤਝੜ

ਪਤਝੜ ਦੀ ਇੱਕ ਸ਼ਾਮ ਸੁਨਹਿਰੀ, ਪੱਤਾ ਪੱਤਾ ਝੜਦਾ ਹੈ,
ਚੁੱਪ ਚਪੀਤੇ ਚਿਹਰਾ ਤੇਰਾ, ਯਾਦਾਂ ਵਿੱਚ ਆ ਵੜਦਾ ਹੈ,
ਹਰ ਐਸੀ ਪਤਝੜ ਮਗਰੋਂ, ਕੁਝ ਅੰਦਰ ਮੇਰੇ ਸੜਦਾ ਹੈ,
ਲੰਘਿਆ ਹੋਇਆ ਕੱਲ੍ਹ ਮੇਰਾ, ਫਿਰ ਵਰਤਮਾਨ ਹੋ ਖੜ੍ਹਦਾ ਹੈ.

ਇਹ ਦਰਦ ਜੁਦਾਈਆਂ ਵਾਲਾ

ਅੰਬਰਾਂ ਤੇ ਟੁੱਟਦਾ ਤਾਰਾ
ਗੱਲ ਦਿਲ ਦੀ ਕਹਿ ਗਿਆ
ਇਹ ਦਰਦ ਜੁਦਾਈਆਂ ਵਾਲਾ
ਜੋਬਨ ਰੁੱਤੇ ਹੀ ਪੈ ਗਿਆ....

ਛੋਟੇ ਹੁੰਦੇ ਅਸੀਂ ਰਲ ਕੇ
ਮਿੱਟੀ ਦਾ ਬਣਾਇਆ ਘਰ ਸੀ
ਸੱਜਣ ਆਉਂਦੇ ਸੀ ਚਲ ਕੇ
ਸਾਡਾ ਕਠਿਆਂ ਦਾ ਇਹ ਦਰ ਸੀ
ਬਚਪਨ ਦਾ ਨਜ਼ਾਰਾ ਬੱਸ
ਇਕ ਸੁਪਨਾ ਬਣ ਕੇ ਰਹਿ ਗਿਆ...

ਯਾਦਾਂ ਤੇਰੀਆਂ ਵਿਚ ਸੱਜਣਾ
ਅਸੀਂ ਬਹਿ ਕੇ ਸੋਚਦੇ ਕੱਲੇ
ਫੱਟ ਜ਼ਖਮ ਦੇ ਸਿਲ ਜਾਂਦੇ
ਪਰ ਦਿਲ ਦੇ ਰਹਿੰਦੇ ਅੱਲ੍ਹੇ
ਅੱਲ੍ਹੇ ਜ਼ਖਮਾਂ ਦੀ ਤਾਬ
ਦਿਲ ਸਾਡਾ ਹੀ ਸਹਿ ਗਿਆ...

ਸਾਨੂੰ ਸੋਚਾਂ ਸੋਚਦਿਆਂ ਨੂੰ
ਦਿਨ ਤੋ ਰਾਤ ਹੋ ਜਾਵੇ
ਜੁਦਾਈ ਤੇਰੀ ਸੱਜਣਾ ਵੇ
ਇਸ ਦਿਲ ਨੂੰ ਲਾਂਬੂੰ ਲਾਵੇ
ਬੱਸ ਦਰਸ਼ਨ ਹੀ ਇਕ
ਤੇਰਾ ਹੁਣ ਸਾਨੂੰ ਰਹਿ ਗਿਆ...

’ਅੰਮ੍ਰਿਤ ’ ਗੱਲ ਸੋਚਦਾ
ਬਸ ਤੈਨੂੰ ਰਹਿੰਦਾ ਲੋਚਦਾ
ਪੱਬ ਆਪਣੇ ਰਹਿੰਦਾ ਬੋਚਦਾ
ਜ਼ਖਮਾਂ ਨੂੰ ਰਹਿੰਦਾ ਖਰੋਚਦਾ
ਦਰਦ ਸੁਣਾਉਦਾ ਉਹ
ਘੜੀ ਪਲ ਐਵੇਂ ਬਹਿ ਗਿਆ....

Badalna Zamane Da Dastoor

ਉਹ ਬਦਲੇ ਬਦਲੇ ਲਗਦੇ ਨੇ, ਉਹਨਾਂ ਦਿਲ ਉਚਿਆਂ ਨਾਲ ਲਾ ਲਏ ਨੇ,
ਕਹਿੰਦੇ ਥੋਡੀ ਨਾ ਕੋਈ ਲੋੜ ਰਹੀ, ਅਸੀਂ ਸੱਜਣ ਹੋਰ ਬਣਾ ਲਏ ਨੇ,
ਅਸੀਂ ਅੱਖਾਂ ਭਰਕੇ ਕਹਿ ਦਿੱਤਾ, ਸਾਨੂੰ ਕਿਤੇ ਮਰਜ਼ੀ ਪਰਖ ਕੇ ਵੇਖ ਲਵੋ,
ਉਹ ਕਹਿੰਦੇ ਅਸੀਂ ਤੁਹਾਨੂੰ ਵਰਤ ਕੇ ਵੇਖ ਲਿਆ, ਹੁਣ ਤੁਸੀਂ ਹੋਰ ਵਰਤ ਕੇ ਵੇਖ ਲਵੋ,
ਉਹਨਾਂ ਦੇ ਬੋਲ ਗੂੰਜਦੇ ਕੰਨਾਂ ਵਿਚ, ਹੁਣ ਦਿਲ ਤੇ ਲਾਉਣੇ ਬੰਦ ਕਰਤੇ,
ਅਸੀਂ ਦੁਸ਼ਮਣ ਲੱਭਦੇ ਫਿਰਦੇ ਹਾਂ, ਹੁਣ ਯਾਰ ਬਨਾਉਣੇ ਬੰਦ ਕਰਤੇ.