Tuesday, February 16, 2010

ਇਹ ਹੈ ਪੰਜਾਬ ਸਾਡਾ

ਇਹ ਹੈ ਪੰਜਾਬ ਸਾਡਾ, ਇਹ ਹੈ ਸ਼ਬਾਬ ਸਾਡਾ ।
ਫੁੱਲਾਂ 'ਚੋਂ ਫੁੱਲ ਸੋਹਣਾ, ਇਹ ਹੈ ਗੁਲਾਬ ਸਾਡਾ ।

ਇਸ ਦੇ ਹੁਸੀਨ ਜਲਵੇ, ਜੰਨੱਤ ਨੂੰ ਮਾਤ ਪਾਇਆ,
ਹੂਰਾਂ ਦੀ ਅੱਖ ਅੰਦਰ, ਇਹ ਹੈ ਖੁਆਬ ਸਾਡਾ ।

ਮਰਨਾ ਹੈ ਏਸ ਖਾਤਰ, ਜੀਣਾ ਹੈ ਏਸ ਖਾਤਰ ,
ਸਾਹਾਂ ਦੀ ਸਾਂਝ ਦਾ ਹੈ, ਸਾਂਝਾ ਜਵਾਬ ਸਾਡਾ ।

ਇਸ ਦੇ ਨਰੋਏ ਜ਼ਜਬੇ, ਸਿਰਜੀ ਹੈ ਸ਼ਹਿਨਸ਼ਾਹੀ ,
ਦੁਨੀਆਂ ਨੇ ਮੰਨਿਆ ਹੈ, ਅਦਬੋ ਆਦਾਬ ਸਾਡਾ ।

ਯੁਗਾਂ ਤੋਂ ਜੀ ਰਹੇ ਹਾਂ, ਇਕ ਦੂਸਰੇ ਦੀ ਖਾਤਰ ,
ਸਿਦਕਾਂ ਦੀ ਆਸ਼ਕੀ ਦਾ, ਇਹ ਹੈ ਹਿਸਾਬ ਸਾਡਾ ।

ਝੱਖੜ ਨੂੰ ਦੇਖ ਪਿੱਛੇ, ਹਰਗਿਜ਼ ਨਾ ਪੈਰ ਧਰੀਏ ,
ਭਾਵੇਂ ਸੌ ਬਾਰ ਸਾਨੂੰ, ਪਰਖੇ 'ਚਨਾਬ' ਸਾਡਾ ।

ਤੇਗਾਂ ਦੀ ਛਾਂਉਂ ਥੱਲੇ, ਪਲ ਕੇ ਜੁਆਨ ਹੋਏ ,
ਫਾਂਸੀ ਦੇ ਰੱਸਿਆਂ ਤੇ, ਹੋਇਆ ਹਿਸਾਬ ਸਾਡਾ ।

ਮਾਣਸ ਦੀ ਜਾਤ ਇਕੋ, ਇਕੋ ਤਾਸੀਰ ਸਾਡੀ ,
ਇਕੋ ਹੈ ਗੀਤ ਸਾਡਾ, ਇਕੋ 'ਰਬਾਬ' ਸਾਡਾ ।

ਪੰਜ-ਆਬ ਦੇ ਪਿਆਸੇ ਇਹ ਆਖਦੇ ਹਾਂ ਯਾਰੋ ,
ਸਤਲੁਜ ਬਿਆਸ ਰਾਵੀ ਜਿਹਲਮ ਚਨਾਬ ਸਾਡਾ ।

ਸਾਡੇ ਤਾਂ ਸੁਰਗ ਨੂੰ ਹੈ, ਲੱਗੀ ਨਜ਼ਰ ਕਿਸੇ ਦੀ ,
ਤਾਂਹੀਓਂ ਏ ਹਾਲ ਹੋਇਆ, ਏਹੋ ਜਨਾਬ ਸਾਡਾ ।

ਪੱਗਾਂ ਦੀ ਥਾਂ ਏ ਦਿੱਸਦੀ, ਭਰਮਾਰ ਟੋਪੀਆਂ ਦੀ

ਦਿਸਦੀ ਨਾ ਰੂਹ ਰੰਗੀਲੀ, ਨਾ ਹੀ ਸ਼ਬਾਬ ਦਿੱਸਦਾ ।
ਕਿਧਰੇ ਨਾ ਜਾਨ ਦਿਸਦੀ, ਨਾ ਹੀ ਪੰਜਾਬ ਦਿੱਸਦਾ ।

ਰੰਗਾਂ ਤੇ ਮੁਰਦਨੀ ਹੀ , ਛਾਈ ਚੁਫੇਰ ਦਿੱਸਦੀ,
ਕਿਧਰੇ ਨਾ ਸ਼ਾਇਰਾਂ ਦਾ, ਸੂਹਾ ਗੁਲਾਬ ਦਿੱਸਦਾ ।

ਭੁੱਕੀ ਅਫੀਮ ਬੋਤਲ, ਯੁੱਵਕਾਂ ਨੂੰ ਛਕ ਰਹੇ ਨੇ ,
ਸਭ ਥਾਂ ਮਹਾਨ ਉੱਤਮ, ਜਲਵਾ ਸ਼ਰਾਬ ਦਿੱਸਦਾ ।

ਦਿੱਸਦੀ ਨਾ ਮਾਣਮੱਤੀ, ਮਸਤੀ ਜੁਆਨੀਆਂ ਤੇ,
ਯੁੱਵਕਾਂ ਦਾ ਨਿੱਤ ਹੁੰਦਾ, ਖਾਨਾ ਖਰਾਬ ਦਿੱਸਦਾ ।

ਜੱਟਾਂ ਦੇ ਪੁੱਤ ਗਾ ਕੇ, ਬੱਕਰੇ ਬੁਲਾਉਣ ਕਾਹਦੇ,
ਕੰਨਾਂ ਚ' ਮੁੰਦਰਾਂ ਤੇ, ਇਸ ਦਾ ਜਵਾਬ ਦਿੱਸਦਾ ।

ਫੁੱਟਬਾਲ ਤੇ ਕਬੱਡੀ, ਹਾਕੀ ਦੀ ਗੱਲ ਛੱਡੀ,
ਹੁਣ ਤਾਂ ਕ੍ਰਿਕਟ ਅੰਦਰ, ਸਾਡਾ ਸਵਾਬ ਦਿੱਸਦਾ ।

ਪੱਗਾਂ ਦੀ ਥਾਂ ਏ ਦਿੱਸਦੀ, ਭਰਮਾਰ ਟੋਪੀਆਂ ਦੀ,
ਸਰਦਾਰ ਜੀ ਤਾਂ ਬਣਿਆਂ, ਬਾਬੂ ਨਵਾਬ ਦਿੱਸਦਾ

ਐਵੇਂ ਨਾ ਝੂਰ ਬਹਿ ਕੇ, ਦਿਲ ਨੂੰ ਕਰਾਰ ਦੇ

ਐਵੇਂ ਨਾ ਝੂਰ ਬਹਿ ਕੇ, ਦਿਲ ਨੂੰ ਕਰਾਰ ਦੇ ।
ਕਿੰਨੀ ਹਸੀਨ ਜ਼ਿੰਦਗੀ, ਹੱਸ ਕੇ ਗੁਜ਼ਾਰ ਦੇ ।

ਖੁਸ਼ੀਆਂ ਤੇ ਖੇੜਿਆਂ ਦੀ, ਲਾ ਦੇ ਚੁਫੇਰ ਮਹਿਫਲ
ਸੁਹਜਾਂ ਦੇ ਨਾਲ ਗਮ ਦਾ, ਮੁੱਖੜਾ ਸੁਆਰ ਦੇ ।

ਚੁਣ ਕੇ ਹਮੇਸ਼ ਕੰਡੇ, ਪੀੜਾਂ ਦੇ ਪੈਂਡਿਆਂ ਚੋਂ,
ਕਲੀਆਂ ਤੇ ਫੁੱਲ ਖੇੜੇ, ਹਰ ਥਾਂ ਖਿਲਾਰ ਦੇ ।

ਦੂਈ ਦਵੈਤ ਸਾੜਾ, ਛੱਡ ਈਰਖਾ ਬਖੀਲੀ,
ਕੋਮਲ ਮਲੂਕ ਜ਼ਜ਼ਬੇ, ਹਰ ਥਾਂ ਸ਼ਿੰਗਾਰ ਦੇ ।

ਵੈਰੀ ਨਹੀਂ ਹੈ ਕੋਈ, ਨਾ ਹੀ ਕੋਈ ਬੇਗਾਨਾ,
ਜੋ ਵੀ ਪਿਆਰ ਮੰਗਦਾ, ਉਸ ਨੂੰ ਪਿਆਰ ਦੇ ।

ਮੱਚਦੀ ਪਿਆਰ ਬਾਝੋਂ, ਦੁਨੀਆਂ ਮਾਯੂਸ ਹੋਈ,
ਅੰਮ੍ਰਿਤ ਦੇ ਪਿਆਰ ਛਿੱਟੇ, ਸਭਨਾ ਤੇ ਮਾਰ ਦੇ ।

ਸਭ ਦਾ ਭਲਾ ਹੈ ਕਰਨਾ, ਸਭ ਦੀ ਤੂੰ ਖੈਰ ਮੰਗੀਂ,
ਜ਼ਿੰਦਗੀ ਦਾ ਕਰਜ਼ ਏਦਾਂ, ਸਿਰ ਤੋਂ ਉਤਾਰ ਦੇ ।

ਮੁਲਕਾਂ ਦੇ ਛੱਡ ਬਖੇੜੇ, ਧਰਮਾਂ ਦੇ ਛੱਡ ਝੇੜੇ,
ਜੱਗ ਤੇ, ਜੱਨਤ ਉਸਾਰ ਦੇ ।

ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ

ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ।
ਆਗੀ, ਅਸਾਡੀ ਆਗੀ, ਚੱਲੇ, ਅਸੀਂ ਵੀ ਚੱਲੇ।

ਹੁਣ ਸੁਰਖ਼ੁਰੂ ਹਾਂ ਹੋਏ, ਥੋੜ੍ਹੇ ਪਲਾਂ ਨੂੰ ਛਡਕੇ,
ਸਾਰੀ ਹੀ ਉਮਰ ਸਾਡੇ, ਦਰਦਾਂ ਨੇ ਰਾਹ ਮੱਲੇ।

ਹੈ ਮਰਨ ਪਿੱਛੋਂ ਆਈ, ਮੁਸਕਾਨ ਤਾਂ ਹੀ ਬੁੱਲ੍ਹੀਂ,
ਮਨ ਨੇ ਸਹੇ ਨੇ ਤਾਨ੍ਹੇ, ਤਨ ਨੇ ਤਸੀਹੇ ਝੱਲੇ।

ਜੀਂਦੇ ਰਹੇ ਤਾਂ ਵੇਖੋ, ਪੁੱਛਿਆ ਕਿਸੇ ਨਾ ਸਾਨੂੰ,
ਹੁਣ ਮਰਨ ਪਿੱਛੋਂ ਸਾਡੀ, ਹੋਵੇਗੀ ਬੱਲੇ-ਬੱਲੇ।

ਹੁਣ ਜਾ ਰਹੇ ਹਾਂ ਜਿੱਥੇ, ਪਹੁੰਚੇ ਨਾ ਕਾਂ, ਕਬੂਤਰ,
ਦਿਲਬਰ ਨੂੰ ਆਖ ਦੇਣਾ, ਹੁਣ ਨਾ ਸੁਨੇਹੇ ਘੱਲੇ।

ਸ਼ਰਧਾਂਜਲੀ ਬਹਾਨੇ, ਦਿਲ ਦੀ ਭੜਾਸ ਕਢ ਕੇ,
ਨਾ ਛੇੜਿਓ ਇਨ੍ਹਾਂ ਨੂੰ, ਸਾਰੇ ਨੇ ਜ਼ਖ਼ਮ ਅੱਲੇ।

ਨਾਜ਼ੁਕ ਸਰੀਰ ਹੋਇਆ ਮਸਾਂ ਹੈ ਹੌਲ਼ਾ,
ਐਵੇਂ ਨਾ ਦੱਬੀ ਜਾਓ, ਲੋਈਆਂ ਦੇ ਭਾਰ ਥੱਲੇ।

ਤੇਰੇ ਗਮ ਅਸਾਨੂੰ ਪਿਆਰੇ ਬੜੇ ਨੇ

ਤੇਰੇ ਗਮ ਅਸਾਨੂੰ ਪਿਆਰੇ ਬੜੇ ਨੇ।
ਇਹਨਾਂ ਦੇ ਅਸਾਨੂੰ ਸਹਾਰੇ ਬੜੇ ਨੇ।

ਟੁੱਟਿਐ ਸਿਤਾਰਾ ਮੇਰੇ ਦਿਲ ਦਾ ਲੇਕਿਨ,
ਅਕਾਸ਼ੀਂ ਮੈਂ ਤੱਕਦਾਂ ਸਿਤਾਰੇ ਬੜੇ ਨੇ।

ਤੇਰੀ ਮਸਤ ਅੱਖ, ਹੈ ਨਹੀਂ ਕੋਲ ਮੇਰੇ,
ਤੇਰੀ ਯਾਦ ਦੇ ਪਰ ਨਜ਼ਾਰੇ ਬੜੇ ਨੇ।

ਤੇਰੇ ਗਮ ਅਸਾਨੂੰ ਬੜੇ ਰਾਸ ਆਏ,
ਊਂ ਤਾਂ ਚੁਫੇਰੇ ਕਿਨਾਰੇ ਬੜੇ ਨੇ।

ਮੇਰੇ ਤੰਗ ਦਸਤੀ ਦੀ ਏਹੀ ਜੇ ਦੌਲਤ,
ਅਕਾਸ਼ੀਂ ਗਮਾਂ ਦੇ ਸਿਤਾਰੇ ਬੜੇ ਨੇ।

ਨਾ ਸ਼ਿਕਵਾ ਕੋਈ ਨਾ ਕੋਈ ਸ਼ਿਕਾਇਤ,
ਮੈਂ ਚਾਨਣ ਦੀ ਖਾਤਰ ਸ਼ਰਾਰੇ ਫੜੇ ਨੇ।

ਤੇਰੇ ਸੌਣ ਕਮਰੇ 'ਚ ਤੱਕ ਕੇ ਤਾਂ ਵੇਖੀਂ,
ਦੋ ਅੱਥਰੂ ਕਦੋਂ ਦੇ ਕੁਆਰੇ ਖੜ੍ਹੇ ਨੇ।

ਜਦੋਂ ਅਸਾਂ ਬਹਿ ਕੇ ਤੇਰੇ ਛੇੜਿਆ ਜਿਕਰ ਨੂੰ

ਜਦੋਂ ਅਸਾਂ ਬਹਿ ਕੇ ਤੇਰੇ ਛੇੜਿਆ ਜਿਕਰ ਨੂੰ
ਉਹਦੇ ਖ਼ੋਰੀ ਹਾਸਿਆਂ ਨੇ ਵਿੰਨ੍ਹਿਆ ਜਿਗਰ ਨੂੰ

ਦੋਸਤਾਂ ਦੇ ਸੰਗ ਕਦੇ ਮਾਣਦੇ ਸਾਂ ਮਹਿਫਲਾਂ
ਪਤਾ ਨਹੀਂ ਕੀ ਹੋਇਆ ਹੁਣ ਯਾਰਾਂ ਦੀ ਨਜ਼ਰ ਨੂੰ

ਸੁੱਕਣ ਤੋਂ ਪਹਿਲਾਂ ਮਹਿੰਦੀ ਹੱਥਾਂ ਉਤੇ ਮਰ ਗਈ
ਕਾਲਜੇ ਨਾ ਘੁੱਟ ਘੁੱਟ ਲਾਉਂਦੀ ਰਹੀ ਹਿਜ਼ਰ ਨੂੰ

ਖਿੰਡ ਪੁੰਡ ਖ਼ਾਬ ਗਏ ਖੁੱਸ ਗਈ ਏ ਧੁੱਪ ਸਾਡੀ
ਰੋਟ ਹੁਣ ਸੁੱਖਣੇ ਨੇ ਕਿਸ ਨੇ ਖਿ਼ਜ਼ਰ ਨੂੰ

ਠੰਡੀ ਮਿੱਠੀ ਛਾਂ ਜੀਹਦੀ ਸਿਖਰ ਦੁਪਹਿਰਾਂ ਖਾਧੀ
ਰੋਹ ਉਹਦੇ ਹੰਝੂਆਂ ‘ਚੋਂ ਫੁੱਟੇਗਾ ਆਖਿਰ ਨੂੰ

ਅਸੀਂ ਤਾਂ ਨਾਅਰੇਬਾਜ਼ ਨਹੀਂ

ਅਸੀਂ ਤਾਂ ਨਾਅਰੇਬਾਜ਼ ਨਹੀਂ
ਇਹ ਤਾਂ ਤੁਸੀਂ ਹੀ ਕਹਿੰਦੇ ਹੋ
ਅਸੀਂ ਤਾਂ ਰੋਟੀ ਦੀ ਗੱਲ ਕੀਤੀ ਹੈ
ਜਾਂ ਫੇਰ ਵਧਦੇ ਪਾੜੇ ਦੀ ਗੱਲ ਕੀਤੀ ਹੈ
ਕਿਰਤੀ ਦੇ ਮੁੜ੍ਹਕੇ ਵਿਚੋਂ ਜੰਮਦੇ ਮੁਨਾਫੇ ਦਾ ਜ਼ਿਕਰ ਕੀਤਾ ਹੈ
ਜਿਸ ਵਿਚੋਂ ਨਵੇਂ ਕਰੋੜਪਤੀ ਜੰਮਦੇ ਹਨ
ਲੱਦੇ ਜਾ ਰਹੇ ਕਰਜ਼ੇ ਦੇ ਭਾਰ ਬਾਰੇ ਕੁੱਝ ਕਿਹਾ ਹੈ
ਵਧ ਰਹੇ ਬੇਘਰਿਆਂ ਦਾ ਕੌਣ ਜ਼ੁੰਮੇਵਾਰ ਹੈ?
ਭਲਾਂ ਗਰੀਬੀ ਨਾਲ ਅਸੀਂ ਹੀ ਪਿਆਰ ਕਿਉਂ ਕਰੀਏ?
ਸਾਨੂੰ ਹੀ 'ਰੱਬ' ਦੀ ਰਜ਼ਾ ਵਿਚ ਰਹਿਣ ਦਾ ਉਪਦੇਸ਼ ਕਿਉਂ?
'ਧਰਮੀ' ਜਿਨ੍ਹਾਂ ਨੇ 'ਰੱਬ' ਖਾ-ਪੀ ਛੱਡਿਆ ਹੈ
ਕੁਰਸੀਆਂ ਵਾਲਿਆਂ ਵਲੋਂ ਲਾਲਚ ਵਸ
ਮੁਲਕ ਨੂੰ ਗਹਿਣੇ ਧਰਨ ਦਾ ਵਿਰੋਧ ਕੀਤਾ ਹੈ
ਕਿਉਂ ਪੱਈਏ ਇਸ ਝਗੜੇ ਵਿਚ
ਬਹੁ-ਗਿਣਤੀ ਤੇ ਘੱਟ-ਗਿਣਤੀ ਕੀ ਹੁੰਦੀ ਹੈ?
ਕੀ ਸਾਰੇ ਇਨਸਾਨ ਬਰਾਬਰ ਨਹੀਂ ਹੁੰਦੇ?
ਕੀ ਸਾਰਿਆਂ ਨੂੰ ਭੁੱਖ ਨਹੀਂ ਲਗਦੀ?
ਕੀ ਸਾਰਿਆਂ ਦੀਆਂ ਸੱਧਰਾਂ ਵਧਣਾ-ਫੁਲਣਾ ਨਹੀਂ ਚਾਹੁੰਦੀਆਂ?
ਕੀ ਸਾਰਿਆਂ ਨੂੰ ਮੁਲਕ ਪਿਆਰਾ ਨਹੀਂ ਹੁੰਦਾ?
ਸ਼ਾਇਦ ! ਸਾਰਿਆਂ ਨੂੰ ਨਹੀਂ ਹੁੰਦਾ
ਕੀ ਕਹੋਗੇ ਉਨ੍ਹਾਂ ਅਖੌਤੀ ਵੱਡੇ ਲੋਕਾਂ ਦੇ ਸਬੰਧ ਵਿਚ
ਅਤੇ ਉਨ੍ਹਾਂ ਦੀ
ਆਪਣੀ ਹੀ ਮਾਂ ਨੂੰ ਗਹਿਣੇ ਧਰਨ ਦੀ
ਲੋਭ ਭਰੀ ਰਵਾਇਤ ਬਾਰੇ
ਤੁਸੀਂ ਕੀ ਕਹੋਗੇ?
ਪੁੱਤ ਤੋਂ ਕਪੁੱਤ ਹੋ ਗਏ ਸਿਆਸਤਦਾਨਾਂ ਬਾਰੇ
ਚਿੱਟੀਆਂ ਕੋਠੀਆਂ ਵਿਚ ਰਹਿੰਦੇ ਰਾਜ ਸੱਤਾ ਦੇ ਦੱਲੇ
ਰਾਜਸੀ ਨੇਤਾਵਾਂ ਦੇ ਯਾਰ, ਸਮਗਲਰਾਂ ਬਾਰੇ?
ਆਪਣੀ ਹੀ ਮਾਂ, ਭੈਣ ਨਾਲ ਬਲਾਤਕਾਰ ਕਰਨ ਵਾਲੀ
ਹਰਾਮੀ ਆਦਤਾਂ ਦਾ ਸ਼ਿਕਰ ਹੋ ਗਈ
ਲੁੱਟ ਨਾਲ ਬਣੀ ਧਨਾਢਾਂ ਦੀ ਵਿਗੜੀ ਮੁੰਡੀਹਰ ਬਾਰੇ
ਆਖਰ ਦੱਸੋ ਤਾਂ ਸਹੀ
ਭਲਾਂ ਤੁਸੀਂ ਕੀ ਕਹੋਗੇ?
ਮਿਹਣਾਂ ਮਾਰਨ ਤੋਂ ਪਹਿਲਾਂ
ਤੁਸੀਂ ਸੋਚ ਤਾਂ ਲੈਣਾ ਸੀ
ਜੋ ਕਹਿੰਦੇ ਹੋ ਉਹਦੇ ਪੈਰ ਵੀ ਹਨ
ਕਦੇ ਸੱਚ ਦੇ ਵਿਹੜੇ ਵਿਚਰੇ ਤਾਂ ਪਤਾ ਲੱਗੇਗਾ
ਆਪਣੇ ਜੀਊਂਦੇ-ਜੀਅ ਇਹ ਕੁੱਝ ਕਹਿਣਾ
ਹਰ ਕਿਸੇ ਦਾ ਫ਼ਰਜ਼ ਹੁੰਦਾ ਹੈ
ਪਰ, ਅੱਖਾਂ ਵਾਲੇ ਅੰਨ੍ਹਿਆਂ ਬਾਰੇ
ਤਿੱਖੀਆਂ ਜੀਭਾਂ ਦੇ ਹੁੰਦਿਆਂ
ਗੂੰਗੇ ਹੋ ਕੇ ਜੀਊਣ ਵਾਲਿਆਂ ਬਾਰੇ
ਕੰਨਾਂ ਦੇ ਹੁੰਦਿਆਂ, ਦੂਸ਼ਿਤ ਵਾਤਾਵਰਨ ਬਾਰੇ
ਕੁੱਝ ਵੀ ਨਾ ਸੁਣਨ ਵਾਲਿਆਂ
ਅਤੇ
ਕੁੱਝ ਵੀ ਨਾ ਕਹਿਣ ਵਾਲਿਆਂ ਬਾਰੇ
ਤੁਹਾਡੇ ਵਾਸਤੇ ਇਹ ਫਜ਼ੂਲ ਨਾਅਰਾ ਹੋ ਸਕਦਾ ਹੈ
ਇਹੋ ਤਾਂ ਲੋਕਾਈ ਦਾ ਦਰਦ ਹੈ
ਇਹੋ ਤਾਂ ਸੱਚ ਦੀ ਸਾਰਥਕਤਾ ਹੈ
ਪਰ
ਉੱਤਰ-ਆਧੁਨਿਕੀ ਫੌੜ੍ਹੀਆਂ ਦੇ ਆਸਰੇ ਖੜ੍ਹੇ
ਬੇਚਾਰੇ ਅਖੌਤੀ ਬੁੱਧੀਜੀਵੀ
ਇਹ ਸਮਝਣ ਤੋਂ ਕਿਉਂ ਅਸਮਰਥ ਹਨ?
ਕਿਰਤ ਕਰਕੇ ਫਲ਼ ਦੀ ਆਸ ਨਾ ਰੱਖਣ ਦੀ ਮੱਤ
ਭੁੱਖੇ ਢਿੱਡ ਨਾਲ ਭਗਤੀ ਦਾ ਸਬਕ
ਮਿਹਰਬਾਨੀ ਕਰਕੇ ਕਿਸੇ ਹੋਰ ਨੂੰ ਦਿਉ
ਤੁਹਾਨੂੰ ਤੁਹਾਡੀ ਹਰਾਮਜ਼ਦਗੀ
ਸਾਨੂੰ ਸਾਡਾ ਨਾਅਰਾ ਮੁਬਾਰਕ।

ਹਕੂਮਤ ਦਨਦਨਾਏਗੀ

ਹਕੂਮਤ ਦਨਦਨਾਏਗੀ, ਜਦੋਂ ਤਕ ਲੋਕ ਸੁੱਤੇ ਨੇ।
ਸਿਤਮ ਕਹਿਰਾਂ ਦੇ ਢਾਏਗੀ ਜਦੋਂ ਤਕ ਲੋਕ ਸੂੱਤੇ ਨੇ।

ਘਟਾ ਚੜ੍ਹ ਚੜ੍ਹ ਕੇ ਆਏਗੀ, ਜਦੋਂ ਤਕ ਲੋਕ ਸੁੱਤੇ ਨੇ ।
ਅਮਾਵਸ ਮੁਸਕਰਾਏਗੀ, ਜਦੋਂ ਤਕ ਲੋਕ ਸੁੱਤੇ ਨੇ ।

ਬਹਾਰਾਂ ਨੇ ਵੀ ਲੁੱਟਣਾ ਹੈ, ਖ਼ਿਜ਼ਾਵਾਂ ਨੇ ਵੀ ਲੁੱਟਣਾ ਹੈ,
ਕਿਆਮਤ ਰੋਜ਼ ਆਏਗੀ, ਜਦੋਂ ਤਕ ਲੋਕ ਸੁੱਤੇ ਨੇ ।

ਦਿਲਾਂ ਨੂੰ ਅੱਗ ਲਾਏਗੀ, ਚਿਰਾਗਾਂ ਨੂੰ ਬੁਝਾਏਗੀ ,
ਹਨੇਰੀ ਚੜ੍ਹ ਕੇ ਆਏਗੀ , ਜਦੋਂ ਤਕ ਲੋਕ ਸੂੱਤੇ ਨੇ ।

ਰੁਲਾਏਗੀ , ਸਤਾਏਗੀ, ਸਿਆਸਤ ਮੁਸਕਰਾਏਗੀ,
ਨਵੇਂ ਹੀ ਗੁਲ ਖਿਲਾਏਗੀ , ਜਦੋਂ ਤਕ ਲੋਕ ਸੁੱਤੇ ਨੇ ।

ਕੋਈ ਪਰਦਾ ਨਹੀਂ ਰਹਿਣਾ,ਕੋਈ ਰਿਸ਼ਤਾ ਨਹੀਂ ਰਹਿਣਾ,
ਵਿਰਾਸਤ ਲੁੱਟੀ ਜਾਏਗੀ , ਜਦੋਂ ਤਕ ਲੋਕ ਸੁੱਤੇ ਨੇ।

ਨਹੱਕੇ ਮਰਦੇ ਰਹਿਣੇ ਨੇ, ਕਿਸੇ ਨੂੰ ਹੱਕ ਨਹੀਂ ਮਿਲਣਾ ,
ਖ਼ੁਸ਼ਾਮਦ ਖੋਹ ਕੇ ਖਾਏਗੀ, ਜਦੋਂ ਤਕ ਲੋਕ ਸੁੱਤੇ ਨੈ।

ਸਮਗਲਿੰਗ ਚੋਰ ਬਾਜ਼ਾਰੀ, ਕਿਤੇ ਰਿਸ਼ਵਤ ਦੀ ਸਰਦਾਰੀ,
ਦਿਨੇ ਹੀ ਲੁੱਟ ਪਾਏਗੀ, ਜਦੋਂ ਤਕ ਲੋਕ ਸੁੱਤੇ ਨੇ ।

ਬੁਰੀ ਹੈ ਜੂਨ ''ਮਾਨਵ'' ਦੀ ਕਿਸੇ ਨੂੰ ਦੇਈਂ ਨਾ ਰੱਬਾ,
ਮਨੁੱਖਤਾ ਵੈਣ ਪਾਏਗੀ , ਜਦੋਂ ਤਕ ਲੋਕ ਸੁੱਤੇ ਨੇ।

ਪਿਆਰ, ਤਾਂ ਰੱਬ ਦਾ ਨਾਂ ਹੈ ਦੂਜਾ

ਗ਼ਜ਼ਲ ਚਾਹਤ ਹੈ ਜੰਜ਼ੀਰ ਨਹੀਂ ਹੈ ।
ਪਿਆਰ ਕੋਈ ਜਾਗੀਰ ਨਹੀਂ ਹੈ ।

ਪਿਆਰ, ਤਾਂ ਰੱਬ ਦਾ ਨਾਂ ਹੈ ਦੂਜਾ,
ਪਿਆਰ ਦੀ ਕੋਈ ਆਖ਼ੀਰ ਨਹੀਂ ਹੈ ।

ਸਾਰੇ ਸੁਪਨੇ, ਸੱਚ ਹੋ ਜਾਵਣ,
ਏਦਾਂ ਦੀ ਤਕਦੀਰ ਨਹੀਂ ਹੈ ।

ਰੰਗ ਭਰੇ ਸਨ ਜਿਸ ਵਿਚ ਆਪਾਂ ,
ਇਹ ਤਾਂ , ਉਹ ਤਸਵੀਰ ਨਹੀਂ ਹੈ।

ਮੌਸਿਮ ਬਦਲੇ ਦੁਨੀਆ ਬਦਲੀ ,
ਬਦਲੀ ਪਰ ਤਕਦੀਰ ਨਹੀਂ ਹੈ।

ਓਦੋਂ ਸ਼ੋਖ਼ ਬਲਾਵਾਂ ਪਈਆਂ,
ਤਰਕਸ਼ ਵਿਚ ਜਦ ਤੀਰ ਨਹੀਂ ਹੈ ।

ਬੁੱਝ ਲੈਂਦਾ ਹੈ, ਗੁੱਝੀਆਂ ਰਮਜ਼ਾਂ,
ਮਨ ਵਰਗਾ ਕੋਈ ਪੀਰ ਨਹੀਂ ਹੈ।

ਲੀਰੋ ਲੀਰ ਜ਼ਮੀਰ ਹੈ ਹੁਣ ਤਾਂ ,
ਤਨ ਤੇ ਕੋਈ ਲੀਰ ਨਹੀਂ ਹੈ।

ਵੇਖਣ ਨੂੰ ਹੀ ਲਗਦੈ '' ਮਾਨਵ'',
ਮਾਨਵ ਦੀ ਤਾਸੀਰ ਨਹੀਂ ਹੈ ।

ਰਿਹਾ ਰਹਿਬਰ ਨਹੀਂ ਕੋਈ

ਰਿਹਾ ਰਹਿਬਰ ਨਹੀਂ ਕੋਈ, ਕਿ ਜੋ ਰਸਤਾ ਦਿਖਾ ਦੇਵੇ
ਭਲਾ ਬੰਦਾ ਨਹੀਂ ਦਿਸਦਾ, ਡਿੱਗੇ ਨੂੰ ਜੋ ਉਠਾ ਦੇਵੇ।

ਜ਼ਮਾਨਾ ਜੰਗਲੀ ਹੁੰਦਾ, ਸਬਕ ਤਹਿਜ਼ੀਬ ਦੇ ਦੇਂਦੇ
ਭਲਾ ਆਲਮ ਤੇ ਫ਼ਾਜ਼ਿਲ ਨੂੰ, ਕੋਈ ਕੀਕਣ ਪੜ੍ਹਾ ਦੇਵੇ।

ਬੜੇ ਆਏ ਮੁਹੱਬਤ ਦਾ ਸੁਨੇਹਾ ਲੈ ਕੇ ਧਰਤੀ ‘ਤੇ
ਨਹੀਂ ਮਿਲਿਆ ਰਿਸ਼ੀ ਬੰਦੇ ਨੂੰ ਜੋ ਬੰਦਾ ਬਣਾ ਦੇਵੇ।

ਕਸਾਬ ਆਇਆ ਕਰਾਚੀ ਤੋਂ ਕਸਮ ਖਾ ਕੇ ਤਬਾਹੀ ਦੀ
ਖ਼ਬਰ ਆਪਣੀ ਵਿਰਾਸਤ ਦੀ ਕੋਈ ਉਸ ਨੂੰ ਸੁਣਾ ਦੇਵੇ।

ਜੋ ਲੀਕਾਂ ਨੀਰ ਵਿੱਚ ਪਾਵੇ ਮਜ਼੍ਹਬ ਕੋਈ ਨਹੀਂ ਐਸਾ
ਖ਼ੁਦਾ ਦੇ ਆਦਮੀ ਨੂੰ ਇਹ ਕਿਵੇਂ ਦਾਨਵ ਬਣਾ ਦੇਵੇ।

ਚਲੋ ਐਸੇ ਗੁਰੂ ਦੀ ਰਲਕੇ ਆਪਾਂ ਭਾਲ ਸਭ ਕਰੀਏ
ਜੋ ਕਤਲਗਾਹ ‘ਚ ਵੀ ਸੂਹੇ ਜਿਹੇ ਕੁੱਝ ਫੁੱਲ ਖਿੜਾ ਦੇਵੇ।

‘ਜਹਾਦੋ’ ਕੋਈ ਵੀ ਰਸਤਾ, ਨਹੀਂ ਜੱਨਤ ਵੱਲ ਜਾਂਦਾ
ਕਿਸੇ ਥਾਂ ਇਸ ਤਰ੍ਹਾਂ ਲਿਖਿਆ, ਕੋਈ ਮੈਨੂੰ ਦਿਖਾ ਦੇਵੇ।

ਦੇਖੋ ਨਾ ਡੁੱਬ ਜਾਏ ਕਿਸ਼ਤੀ ਤੂਫਾਨ ਘੇਰੇ

ਦੇਖੋ ਨਾ ਡੁੱਬ ਜਾਏ ਕਿਸ਼ਤੀ ਤੂਫਾਨ ਘੇਰੇ
ਮੰਜ਼ਲ ਨਾ ਪਹੁੰਚ ਪਾਏ ਚੀਰੇ ਨਾ ਜੋ ਹਨੇਰੇ।

ਪੂਰਾ ਯਕੀਨ ਮੈਨੂੰ ਆਵੇਂਗਾ ਤੂੰ ਜ਼ਰੂਰੀ
ਰਸਤੇ 'ਚ ਤਾਂ ਹੀ ਲਾਕੇ ਬੈਠਾ ਹਾਂ ਯਾਰ ਡੇਰੇ।

ਢੂਡੇਂਗੀ ਆਣ ਮੈਨੂੰ ਬਾਹਾਂ ਨੂੰ ਜਦ ਉਲਾਰੀ
ਮਸਤੀ ਸ਼ਰਾਬ ਵਰਗੀ ਮਿਲਦੀ ਹੈ ਸਾਥ ਤੇਰੇ।

ਲਗਦੀ ਹੈ ਇੰਜ ਮੈਨੂੰ ਸਾਰੀ ਬਜ਼ਮ' ਹੀ ਖ਼ਾਲੀ
ਜਿੱਥੇ ਨਾ ਯਾਰ ਮੇਰਾ ਮਹਿਫਿਲ ਨਾ ਕੰਮ ਮੇਰੇ।

ਬਣਕੇ ਸ਼ੁਆ ਜਾਂ ਪੈਂਦੀ ਤੇਰੀ ਨਜ਼ਰ ਹੈ ਮਹਿਰਮ
ਰੌਸ਼ਨ ਜਹਾਨ ਹੋਂਦਾ ਹੋਂਦੇ ਨੇ ਤਦ ਸਵੇਰੇ।

ਮਨ ਦਾ ਇਹ ਮੋਰ ਨੱਚੇ ਸਾਵਣ ਨੂੰ ਵੇਖ ਔਂਦੇ
ਕਾਲੀ ਘਟਾ ਦੇ ਵਾਂਗੂੰ ਜਦ ਵਾਲ ਤੂੰ ਖਲੇਰੇ।

ਜਾਂਦੀ ਹਵਾ ਵੀ ਦੇਵੇ ਉਸ ਦੇ ਹੀ ਆ ਸੁਨੇਹੇ
ਆਵੇ ਜਾਂ ਯਾਰ ਮੇਰਾ ਮਹਿਕਣ ਇਹ ਤਦ ਚੁਫੇਰੇ
ਝੁਲ ਝੁਲ ਵੇ ਤਿਰੰਗਿਆ ਝੁਲ ਝੁਲ ਝੁਲ

ਤਿੰਨਾਂ ਰੰਗਾਂ ਉਤੇ ਜਾਵੇ ਮੇਰਾ ਦਿੱਲ ਡੁਲ ਡੁਲ



ਤੂੰ ਹਿੰਦ ਦੀ ਹੈ ਜ਼ਾਨ, ਤੇਰੀ ਜੱਗ ਤੇ ਹੈ ਸ਼ਾਨ

ਸਾਨੂੰ ਅਪਣੇ ਤੋ ਵੱਧ , ਸੋਹਣੇ ਝੰਡੇ ਉਤੇ ਮਾਣ

ਤੈਨੂੰ ਲਹੂ ਨਾਲ ਰੰਗ , ਤਾਂ ਸ਼ਹੀਦਾ ਦੀ ਮੰਗ

ਤੇਰੀ ਅਣਖ ਤੇ ਆਣ , ਸਾਡੇ ਜੀ ਨੇ ਪ੍ਰਾਣ

ਕੀ ਹੋਣਾ ਏ ਮੁਕਾਬਲਾ, ਤੇਰੇ ਤੁਲ ਤੁਲ



ਇਹ ਹੈ ਸ਼ਾਂਤੀ ਪੁਜਾਰੀ,ਵੰਡੇ ਸਭਨਾਂ ਨੂੰ ਹਾਸੇ

ਇਹਦੇ ਗੀਤਾਂ ਦੇ ਬੋਲ, ਮਿੱਠੇ ਸ਼ਹਿੱਦ ਤੇ ਪਤਾਸੇ

ਸਾਡੇ ਦਿਲ ਦੀ ਅਵਾਜ਼,ਸਾਡੀ ਸ਼ਾਨ ਹੈ ਤਿਰੰਗਾਂ

ਸਾਡਾ ਮਾਣ ਹੈ ਤਿਰੰਗਾਂ, ਸਾਡੀ ਜਾਨ ਹੈ ਤਿਰੰਗਾਂ

ਤੈਨੂੰ ਝੁਲਦੇ ਨੂੰ ਵੇਖਾਂ, ਜਾਂਵਾਂ ਮੈਂ ਫੁਲ ਫੁਲ


,ਭਗਤ ਸਿੰਘ ਦਿਤੀ ਕੁਰਬਾਨੀ

ਅੱਜ ਮਾਣਦੇ ਹਾਂ ਮੋਜਾਂ, ਉਹਨਾਂ ਦੀ ਮਹਿਰਬਾਨੀ

ਛੱਡੋ ਦੰਗੇ ਤੇ ਫਸਾਦ , ਸਾਰੇ ਰਲ ਮਿਲ ਰਹੀਏ

ਉਥੇ ਵੱਸਦਾ ਏ ਰੱਬ, ਜਿਥੇ ਦੁੱਖ ਸੁੱਖ ਕਹੀਏ

ਅਖਦੀ ਏ ਪਿਆਰ ਦਾ ਨਾ ਕੋਈ ਮੁਲ ਮੁਲ



ਝੁਲ ਝੁਲ ਵੇ ਤਿਰੰਗਿਆ ਝੁਲ ਝੁਲ ਝੁਲ

ਤਿੰਨਾਂ ਰੰਗਾਂ ਉਤੇ ਜਾਵੇ ਮੇਰਾ ਦਿਲ ਡੁਲ ਡੁਲ

ਬਾਲ ਮਜਦੂਰੀ ਕਰਦਾ ਬੱਚਾ

ਪਿੱਪਲੀ ਦਾ ਪੱਤਾ ਤੋੜਿਆ.

ਫਿਰ ਹੱਥਾਂ ਨਾਲ ਮਰੋੜਿਆ,

ਜਦ ਜੀਅ ਆਇਆ ਸੜਕ ਤੇ ਸੁੱਟ ਦਿੱਤਾ ।

ਬਾਲ ਮਜਦੂਰੀ ਕਰਦਾ ਬੱਚਾ,

ਅਜੇ ਉਹ ਉਮੱਰ ਦਾ ਕੱਚਾ,

ਜਦ ਜੀਅ ਆਇਆ ਉਹਨੂ ਕੁੱਟ ਦਿਤਾ।

ਧੀ ਪਰਾਈ,

ਘਰ ਆਈ ਵਿਆਹੀ,

ਜਦ ਜੀਅ ਆਇਆ ਉਹਨੂੰ ਕੁੱਟ ਦਿੱਤਾ।

ਗਰੀਬ ਦੀ ਝੁੱਗੀ,

ਹਮੇਸ਼ਾਂ ਰਹਿੰਦੀ ਲੁੱਗੀ,

ਜਦ ਜੀਅ ਆਇਆ ਉਹਨੂੰ ਲੁੱਟ ਲੀੱਤਾ।

ਇਹਦੇ ਦੋ ਪਾਤਰ,

ਇੱਕ ਸਕਤਾ, ਇਕ ਗਰੀਬ ।

ਦੋਹਾਂ ਦਾ ਆਪਣਾ ਆਪਣਾ ਨਸੀਬ।

ਇੱਕ ਖਾਵੇ ਲੁੱਟ ਦੀ ਚੂਰੀ,

ਦੂਜਾ ਖਾਵੇ ਕਰ ਮਜਦੂਰੀ,

ਰਚਨਾ ਕਰਨ ਵਾਲਾ ਵੀ ਹੈ ਅਜ਼ੀਬ ।

ਜੰਮਦਿਆਂ ਹੀ ਕਈਂ ਮਾਲੋ-ਮਾਲ,

ਜੰਮਦਿਆਂ ਹੀ ਕਈਂ ਹੋਏ ਕੰਗਾਲ,

ਵਾਹਿਗੁਰੂ ਤੇਰੀ ਕੁਦਰੱਤ ਹੈ ਅਜ਼ੀਬ ।

ਜਿਤਨੇ ਵੀ ਇਥੇ ਹੈਨ ਬਖੇੜੇ,

ਸ਼ੁੱਭ ਅਮਲਾਂ ਤੇ ਹੋਣਗੇ ਨਬੇੜੇ,

‘ਪਾਲਣਹਾਰ’ ਹੈ ਸੱਭ ਦੇ ਕਰੀਬ

ਤੇਰਾ ਭਾਣਾ ਤੂੰ ਹੀ ਜਾਣੇ

ਤੇਰਾ ਭਾਣਾ ਤੂੰ ਹੀ ਜਾਣੇ,
ਕੀ ਮੈਂ ਜਾਣਾ ਅਨਜਾਣ ।

ਨਿਰਾਕਾਰ ਤੇਰਾ ਰੂਪ ਅਨੂਪ,
ਮੈ ਕਿਵੇਂ ਕਰਾਂ ਪਛਾਣ ।

ਤੂੰ ਦਾਤਾ ਚਤੁਰ ਬਕੀਤਾ,
ਮੈ ਮੂਰਖ ਅਨਜਾਣ ।

ਇਹ ਮੇਰੀ ਅੱਖ ਵਿੱਖ ਭਰੀ,
ਕਰ ਨਾ ਸਕੇ ਪਛਾਣ ।

ਮੈ ਨਿਤਾਣਾ, ਤੂੰ ਮੇਰਾ ਤਾਣ,
ਕਿਵੇਂ ਹੋਵੇ ਮੇਰਾ ਕਲਿਆਣ।

ਦਾਤਾ ਦੇਹੁ ਆਪਣਾ ਨਾਮ,
ਮੇਰਾ ਕਰ ਕਲਿਆਣ ।

ਕੋਈ ਨਾ ਇਸ ਜੱਗ ਵਿਚ ਮੇਰਾ,
ਇੱਕ ਤੂੰ ਹੀ ਮੇਰਾ ਮਹਿਮਾਨ ।

ਹੇ ਮਾਲਿਕ ਜੇ ਕਰੇਂ ਬਖਸ਼ੀਸ਼,
ਹੋਵੇ ਰਾਹੀ ਦਾ ਕਲਿ਼ਆਣ ।

ਵਿੱਚ ਵਿਛੋੜੇ, ਦਿੱਲ ਵੀ ਰੋਂਦੇ

ਵਿੱਚ ਵਿਛੋੜੇ, ਦਿੱਲ ਵੀ ਰੋਂਦੇ ।

ਹੋਠਾਂ ਤੋਂ, ਹਾਸੇ ਵੀ ਖੋਹੰਦੇ ।

ਦਿਲ ਨੂੰ ਖਾ ਜਾਂਦੇ ਨੇ ਗੱਮ, ਗੱਮ ਕਦੇ ਮੁੱਕਦੇ ਨਾ ।

ਖੂੱਹ ਜਾਂਦੇ ਨੇ ਸੁੱਕ, ਨੈਣ ਮੇਰੇ ਸੁੱਕਦੇ ਨਾ ॥

ਟੁੱਟ ਗਈ ਮਾਲਾ, ਬਿਖੱਰ ਗਿਆ ਹੀਰਾ ।

ਹੁਣ ਨਹੀਂ ਮਿਲਣਾ, ਭੈਣਾ ਦਾ ਵੀਰਾ ।

ਦਰਿਆ ਵੀ ਜਾਂਦੇ ਰੁੱਕ, ਨੈਣਾ ਚੋਂ ਹੰਝੂ ਰੁੱਕਦੇ ਨਾ ।

ਖੂੱਹ ਜਾਂਦੇ ਨੇ ਸੁੱਕ, ਨੈਣ ਮੇਰੇ ਸੁੱਕਦੇ ਨਾ ॥

ਹੋਣੀ ਨੂੰ ਨਾ ਅਨਹੋਣੀ ਆਖੋ, ਇਹ ਤਾਂ ਉਸਦੀ ਫਿਦਰੱਤ ਹੈ ।

ਆਪ ਬਣਾਵੇ, ਆਪੇ ਢਾਵੇ, ਇਹ ਤਾਂ ਉਸਦੀ ਕੁਦਰੱਤ ਹੈ।

ਬੰਦਿਆ ਕੰਮ ਜਾਂਦੇ ਨੇ ਮੁੱਕ, ਗੱਮ ਕਦੀਂ ਮੁੱਕਦੇ ਨਾ ।

ਖੂੱਹ ਜਾਂਦੇ ਨੇ ਸੁੱਕ, ਨੈਣ ਮੇਰੇ ਸੁੱਕਦੇ ਨਾ ॥

ਨਾ ਕੋਈ ਇਥੇ ਸੰਗੀ ਸਾਥੀ, ਨਾ ਸੰਗ ਕਿਸੇ ਨੇ ਜਾਣਾ ਏ ।

ਅਨ-ਜਲ ਦਾ ਖੇਲ ਹੈ ਸਾਰਾ,ਸਦਾ ਆਪਣਾ ਕਰਮ ਕਮਾਣਾ ਏ ।

ਇਹ ਦੁੱਨੀਆਂ ਹੈ ਆਣੀ-ਜਾਣੀ, ‘ਰਾਹੀ’ ਜਾਣ ਵਾਲੇ ਕਦੇ ਰੁੱਕਦੇ ਨਾ ।

ਖੂੱਹ ਜਾਂਦੇ ਨੇ ਸੁੱਕ, ਨੈਣ ਮੇਰੇ ਸੁੱਕਦੇ ਨਾ ॥

ਤੈਨੂੰ ਇਕ ਗੱਲ ਪੁਛਾਂ ਮਾਂ

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।

ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

ਉਹ ਮਾਵਾਂ ਵੀ ਧੀਆਂ ਸਨ, ਜਿਹਨਾ ਜੰਮੇ ਪੀਰ ਤੇ ਫਕੀਰ।

ਮਾਵਾਂ ਉਹ ਵੀ ਧੀਆਂ ਸਨ, ਜਿਹਨਾ ਜੰਮੇ ਨਲੂਏ ਜਿਹੇ ਵੀਰ।

ਕਰ ਧਿਆਨ ਮਾਤਾ ਭਾਨੀ ਜੀ ਵੱਲ, ਸੀ ਜਿਹੜੀ ਗੁਰੂ ਜੀ ਦੀ ਧੀ ।

ਉਹ ਮਹਿਲ ਬਣੇ ਗੁਰੂ ਜੀ ਦੇ, ਉਹ ਹੀ ਜਨਨੀ ਗੁਰੂ ਜੀ ਦੀ ਸੀ ।

ਇਕ ਧੀ ਤੇਰੀ, ਝਾਂਸੀ ਦੀ ਰਾਣੀ, ਦੇਸ਼ ਦੀ ਅਜ਼ਾਦੀ ਲਈ ਲੜੀ ਸੀ।

ਧੀ ਤੇਰੀ ਭਾਗੋ, ਖਿਦਰਾਣੇ ਵਾਲੀ ਢਾਬ ਤੇ, ਨਾਲ ਵੈਰੀਆਂ ਦੇ ਲੜੀ ਸੀ।

ਮੇਰੇ ਜੰਮਣ ਤੋਂ ਪਹਿਲਾਂ, ਅੱਜ ਤੂੰ ਹੀ ਮੈਂਨੂੰ ਮਾਰੇਂ, ਦਸ ਮੇਰਾ ਕੀ ਕਸੂਰ।

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।

ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

ਗੁਰੁ ਨਾਨਕ ਜੀ ਨੇ, ਦਰਜ਼ਾ ਦਿੱਤਾ ਨਾਰੀ ਨੂੰ, ਇਕ ਪੁਰਸ਼ ਸਮਾਨ।

ਭਾਰਤ ਦੇਸ਼ ਦੀ ਰਾਸ਼ਟ੍ਰਪਤੀ ਪ੍ਰਤਿਭਾ ਪਾਟਿਲ,ਇਕ ਔਰਤ ਮਹਾਨ।

ਪੁਤਰ ਨਿਸ਼ਾਨ, ਔਰਤ ਈਮਾਨ, ਦੌਲਤ ਗੁਜਰਾਨ, ਕਹਿਣ ਗ੍ਰੰਥ ਮਹਾਨ।

ਜੋ ਪੂਜੇ ਲਛੱਮੀ,ਉਹੋ ਮਾਲਾ-ਮਾਲ, ਇਹ ਗੱਲ ਕਹਿੰਦਾ ਹੈ ਕੁੱਲ ਜਹਾਨ ।

ਐ ਦੁੱਨੀਆ ਵਾਲਿਓ, ਜਦੋਂ ਸਮਝੋਗੇ ਲੜਕਾ ਲ਼ੜਕੀ ਇਕ ਸਮਾਨ।

ਤਾਂ ਹੀ ਹੋਵੇਗਾ ਦੁਨੱੀਆ ‘ਚ, ਸਾਡਾ ਸਮਾਜ ਅਤੇ ਭਾਰਤ ਦੇਸ਼ ਮਹਾਨ।

ਅੱਜ ਧੀ ਨੂੰ ਗਰਭ ਚ ਮਾਰਨ ਲਈ, ਕਿਉਂ ਹੋਈ ਇਕ ਮਾਂ ਮਜਬੂਰ ।

ਚੌਧਰੀ ਸਮਾਜ ਦੇਉ, ਜੇ ਮਨੁੱਖਤਾ ਦਾ ਭੱਲਾ ਚਾਹੋ, ਗੱਲ ਵੀਚਾਰੋ ਜਰੂਰ ।

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।

ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

ਅਕੱਲਾਂ ਬਾਝੋ ਖੂੱਹ ਖਾਲੀ, ਅਖਾਣ ਕਹਿਣ ਇਹ ਸਿਆਣੇ।

ਸੱਚ ਹੈ ਅਖਾਣ,ਜਿਹਦੇ ਘਰ ਦਾਣੇ,ਉਹ ਕਮਲੇ ਵੀ ਸਿਆਣੇ।

ਅੱਜ ਰਾਹ ਤੋਂ ਕੁਰਾਹੇ ਪਏ ਨੇ, ਮਾਤਾ ਪਿਤਾ ਮੇਰੇ ।

ਜੰਮਣ ਤੋ ਪਹਿਲਾਂ ਹੀ, ਪ੍ਰਾਣ ਤਿਆਗ ਦੇਂਦੇ ਮੇਰੇ ।

ਤੇਰੀ ਧੀ ਲਾਡੋ, ਨਹੀਂ ਪੁਤਰਾਂ ਤੋਂ ਘੱਟ, ਜੇ ਉਹ ਵੀ ਲਿੱਖੇ ਪੜ੍ਹੇ।

ਸੋਚ ਦਾਜ਼ ਦੇਣ ਲੈਣ ਦੀ ਜੇ ਤਿਆਗੋ, ਕਿਉਂ ਲਾਡੋ ਰਾਣੀ ਸੜੇ।

ਮਾਂ ਪਿਓ ਵੀ ਨੇ ਇਸੇ ਸਮਾਜ ਦਾ ਅੰਗ, ਸਮਾਜ ਦਸੇ ਇਹ ਜਰੂਰ।

ਅੱਜ ਮਾਂ, ਧੀ ਤੋਂ ਨਰਾਜ, ਦਸੋ ਕੀ ਧੀ ਦਾ ਕਸੂਰ।

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।

ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

ਅੱਜ ਕਰ ਲਵੋ ਪ੍ਰਣ ਤੇ ਤਿਆਗੋ, ਭਰੂਣ ਵਾਲਾ ਪਾਪ।

ਧੀਆਂ ਜਾਣੋ ਪੁਤਂਰਾਂ ਸਮਾਨ, ਨਾ ਲਵੋ ਧੀ ਦਾ ਸਰਾਪ।

ਮੋਕਾ ਦੇਵੋ ਵਧੱਣ ਦਾ ਹਰੇਕ ਖੇਤਰ ਵਿਚ ਧੀ ਨੂੰ ।

ਰੱਖੋ ਸੁਥਰਾ ਸਮਾਜ, ਸੁੱਖੀ ਰਖੋ ਆਪਣੀ ਨੂੰਹ ਧੀ ਨੂੰ ।

ਛੱਡੋ ਝੂਠੀ ਵਡਿਆਈ, ਨਾ ਭਰਮਾਓ ਐਵੇਂ ਜੀਅ ਨੂੰ ।

“ਰਾਹੀ: ਖੁਸ਼ੀਆਂ ਦੇ ਜੇ ਰਾਹ ਪੈਣਾ, ਮੁੱਖ ਰਖੋ ਧੀ ਨੂੰ।

ਮਾਂ ਠੰਡੀ ਛਾਂ ਵਾਲਾ ਰੁੱਖ, ਜੇ ਚਾਹੁੰਦੇ ਓ ਬਚਾਣਾ, ਧੀ ਪਾਲੋ ਜਰੂਰ।

ਨਾ ਗਰਭ ਵਿਚ ਮਰੇ, ਨਾ ਬਲੀ ਦਾਜ ਦੀ ਚੜੇ, ਹੋਕੇ ਧੀ ਮਜਬੂਰ।

ਮਨੁਖੱਤਾ ਦੇ ਭੱਲੇ ਲਈ, ਹਰ ਭੈਣ ਵੀਰ, ਉਧੱਮ ਕਰੇ ਇਹ ਜਰੂਰ।

ਵੱਧੇ ਫੁੱਲੇ ਵਿਰਸਾ, ਭਾਈ-ਚਾਰੇ ਵਾਲਾ, ਮਹਿੱਕ ਆਵੇਗੀ ਜਰੂਰ।

ਜੇ ਮਿਂਠੀ ਛਾਂ ਮਾਨਣੀਏ ਮਾਂ ਦੀ, ਧੀ ਰੁੱਖ ਲਾਵੋ ਜਰੂਰ।

ਸੁਚੇਤ ਹੋਣਾ ਪੈਣਾ ਏ ਜਰੂਰ, ਰੁੱਖ ਲਾਉਣੇ ਪੈਣੇ ਨੇ ਜਰੂਰ।

ਅੱਜ ਮਾਂ, ਧੀ ਤੋਂ ਨਰਾਜ, ਦਸੋ ਕੀ ਧੀ ਦਾ ਕਸੂਰ।

ਤੈਨੂੰ ਇਕ ਗੱਲ ਪੁਛਾਂ ਮਾਂ, ਮੈਨੂੰ ਤੂੰ ਦਸ ਨੀ ਜਰੂਰ।

ਹੋਈ ਮਾਂ ਧੀ ਤੋਂ ਨਰਾਜ, ਦਸ ਕੀ ਧੀ ਦਾ ਕਸੂਰ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ ।

ਗਲੀ ਗਲੀ ਮੈ ਹੋਕਾ ਦੇ ਕੇ, ਵੰਡਾ ਮਹਿਕ ਗੁਲਾਬ ਦੀ ।

ਸਰਗੀ ਵੇਲੇ ਉਠ ਮੈ, ਪਾਵਾਂ ਚਾਟੀ ਵਿਚ ਮਧਾਣੀ ।

ਕਰ ਇਸ਼ਨਾਨ ਵੇਲੇ ਅਮ੍ਰਿਤ ਦੇ, ਪੜ੍ਹਾਂ ਗੁਰੂ ਦੀ ਬਾਣੀ

ਰੱਖਾਂ ਮੱਝਾਂ ਲਵੇਰੀਆਂ, ਖਾਵਾਂ ਮਖੱਣ, ਪੀਵਾਂ ਲੱਸੀ ਪੰਜਾਬ ਦੀ ।

ਮੇਨੂੰ ਨਸ਼ਾ ਨਾ ਸਮਝੀ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ ।

ਮੈ ਮਾਂ ਭਾਗੋ ਦੀ ਲਾਡਲੀ, ਲਛਮੀ ਬਾਈ ਦੀ ਭੈਣ ।

ਸੁਮੇਲ ਹਾਂ ਭਗਤੀ ਸ਼ਕਤੀ ਦੀ, ਮੈ ਜਿੰਦਾਂ ਦੀ ਭੈਣ ।

ਗਿੱਧਾ ਪਾ ਕੇ ਚੰਦ ਤੇ ਚਾਵਲਾ, ਰੀਝ ਪੂਰੀ ਕੀਤੀ ਪੰਜਾਬ ਦੀ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ ਮੈ ਹਾਂ ਨਾਰ ਪੰਜਾਬ ਦੀ।

ਮੈ ਇਸ਼ਕ ਹੰਡਾਇਆ ਝੰਗ ਵੇ, ਮੈ ਕੀਤਾ ਰਾਜ ਪੰਜਾਬ ਤੇ।

ੰਮੈ ਸਾਹਿਬ ਕੌਰ ਬੱਚੀ ਪੰਜਾਬ ਦੀ, ਮੇਰੀ ਮਾਂ ਲੜੀ ਖਿਦਰਾਣੇ ਵਾਲੀ ਢਾਬ ਤੇ।

ਮੈ ਹੀ ਆਬਰੂ ਹਿੰਦ ਦੀ, ਮੈਂ ਹੀ ਹਾਂ ਸ਼ਾਨ ਪੰਜਾਬ ਦੀ ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ ।

ਛਡ ਨੱਸ਼ਿਆ ਨੂੰ ਸੋਹਣਿਆ, ਆਪਣਾ ਆਪ ਪਛਾਣ ਵੇ ।

ਅਪੱਣਾ ਲੈ ਆਪਣੇ ਵਿਰਸੇ ਨੂੰ, ਨਾ ਬਣ ਐਵੇਂ ਅਨਜਾਣ ਵੇ ।

’ ਭੰਨ ਸ਼ਰਾਬ ਦੀਆਂ ਬੋਤਲਾਂ, ਤੈਨੂੰ ਪੁਤੱਰੀ ਕਹੇ ਪੰਜਾਬ ਦੀ।

ਮੈਨੂੰ ਨਸ਼ਾ ਨਾ ਸਮਝੀਂ ਸੋਹਣਿਆ, ਮੈ ਹਾਂ ਨਾਰ ਪੰਜਾਬ ਦੀ।

ਦੇਈਂ ਸੁਨੇਹਾ ਮੇਰੇ ਪਿੰਡ..

ਦੇਈਂ ਸੁਨੇਹਾ ਮੇਰੇ ਪਿੰਡ..
ਬੋਹੜਾਂ ਦੀਆਂ ਛਾਂਵਾਂ ਨੂੰ
ਬੂਹੇ ਬੈਠ ਉਡੀਕ ਰਹੀਆਂ
ਪੁੱਤਾਂ ਦੀਆਂ ਮਾਂਵਾਂ ਨੂੰ
ਯਾਦ ਤੁਹਾਨੂੰ ਕਰ ਕਰ
ਨੈਣੋਂ ਹੰਝੂ ਵਹਿੰਦੇ ਨੇ
ਪ੍ਰਦੇਸਾਂ ਵਿੱਚ ਰਹਿੰਨੇ ਆਂ
ਮਨ ਵਤਨੀ ਰਹਿੰਦੇ ਨੇ
ਦੇਈਂ ਸੁਨੇਹਾ ਮੇਰੇ ਪਿੰਡ
ਵੱਲ ਜਾਂਦਿਆਂ ਰਾਹਵਾਂ ਨੂੰ
ਮੇਰੇ ਪਿੰਡ ਦੀ ਜੂਹ ਵਿੱਚ
ਉਡੱਦੇ ਚਿੜੀਆਂ ਕਾਂਵਾਂ ਨੂੰ
ਸ਼ਾਮ ਢਲੀ ਜੋ ਆਹਲਣਿਆਂ ਦੇ
ਵਿੱਚ ਜਾ ਬਹਿੰਦੇ ਨੇ
ਦੇਈਂ ਸੁਨੇਹਾ ਮੇਰੇ
ਸਾਰੇ ਭੈਣ ਭਰਾਵਾਂ ਨੂੰ
ਸਾਡਾ ਵੀ ਜੀਅ ਕਰਦੈ
ਆ ਮਿਲੀਏ ਮਾਂਵਾਂ ਨੂੰ
ਰੋਜ਼ੀ ਰੋਟੀ ਖਾਤਿਰ ਪਏ
ਵਿਛੋੜੇ ਸਹਿੰਦੇ ਨੇ
ਦੇਈਂ ਸੁਨੇਹਾ ਮੇਰਾ
ਚੂੜੇ ਵਾਲੀਆਂ ਬਾਹਵਾਂ ਨੂੰ
ਕਦ ਮਾਹੀਏ ਨੇ ਆਉਣਾ
ਪੁੱਛਦੀਆਂ ਕਾਂਵਾਂ ਨੂੰ
ਹੌਸਲਿਆਂ ਦੇ ਮਹਿਲ ਉਹਨਾਂ ਦੇ
ਕਦੀ ਨਾ ਢਹਿੰਦੇ ਨੇ
ਦੇਈਂ ਸੁਨੇਹਾ ਦੇਸ ਮੇਰੇ ਦੇ
ਪੰਜ ਦਰਿਆਵਾਂ ਨੂੰ
ਰੋਕ ਕੇ ਰੱਖਣ ਵਗਣ ਨਾ ਦੇਵਣ
ਤੱਤੀਆਂ ਵਾਵ੍ਹਾਂ ਨੂੰ
ਵੈਰੀ ਤਾਂ ਹਰ ਵੇਲੇ
ਏਸੇ ਤਾਕ ‘ਚ ਰਹਿੰਦੇ ਨੇ

ਅੰਦਰੋਂ ਝੂਠਾ, ਬਾਹਰੋਂ ਸਂਚਾ ਹੋਣ ਦੀ ਕੋਸ਼ਿਸ਼ ਕਰਦਾ ਏ

ਅੰਦਰੋਂ ਝੂਠਾ, ਬਾਹਰੋਂ ਸਂਚਾ ਹੋਣ ਦੀ ਕੋਸ਼ਿਸ਼ ਕਰਦਾ ਏ।
ਐਨੇ ਖੇਖਣ ਕਰ ਕੇ ਫਿਰ ਵੀ ਬੰਦੇ ਦਾ ਨਾ ਸਰਦਾ ਏ।
ਜਦ ਨ੍ਹੇਰੇ ਵਿਚ ਸੀ, ਨ੍ਹੇਰੇ ਤੋਂ ਡਰ ਲਗਦਾ ਸੀ
ਹੁਣ ਚਾਨਣ ਵਿਚ ਪਛਾਣੇ ਜਾਣ ਤੋਂ ਡਰਦਾ ਏ।
ਦੂਜੇ ਨਾਲ ਜ਼ਿਆਦਤੀ ਕਰਦਾ ਏ ਬੰਦਾ
ਅਪਣੇ ’ਤੇ ਪੈਂਦੀ ਏ ਤਾਂ ਨਾ ਜਰਦਾ ਏ।
ਵਂਡੇ-ਵਂਡੇ ਦਾਅਵੇ ਕਰਦਾ ਰਹਿੰਦਾ ਏ,
ਨਿਂਕੀ-ਨਿਂਕੀ ਗਂਲ ਤੇ ਐਪਰ ਮਰਦਾ ਏ।
ਦਾਅਵਾ ਕਰਦਾ ਰਹੇ ਜ਼ਮਾਨਾ ਬਦਲਣ ਦਾ
ਤਂਤੀ ’ਵਾ ਚਂਲੇ ਤਾਂ ਐਪਰ ਡਰਦਾ ਏ।
ਜੇਤੂ ਹੋ ਕੇ ਜਾਬਰ ਬਣਨਾ ਲੋਚੇ ਜੋ
ਜਿਂਤ ਜਾਣ ਦੇ ਮਗਰੋਂ ਵੀ ਉਹ ਹਰਦਾ ਏ।
ਉਹ ਬੰਦਾ ਕਮਜ਼ੋਰ ਯਕੀਨਨ ਹੋਣਾ ਏ
ਦੁਸ਼ਮਣ ਮਰਿਆਂ ਜਿਸ ਦਾ ਸੀਨਾ ਠਰਦਾ ਏ।
ਬੇਨਕਾਬ ਹੋਇਆ ਤਾਂ ਕੰਬ ਜਾਓਗੇ,
ਹਾਲੇ ਝੂਠ ਨੇ ਪਾਇਆ ਉਸ ’ਤੇ ਪਰਦਾ ਏ।

ਬੇਦਰਦਾਂ ਨਾਲ ਜਿਹੜੇ ਯਾਰੀ ਲਾਂਦੇ ਨੇ

ਬੇਦਰਦਾਂ ਨਾਲ ਜਿਹੜੇ ਯਾਰੀ ਲਾਂਦੇ ਨੇ।
ਆਖ਼ਿਰ ਇਕ ਦਿਨ ਤਾਂ ਉਹ ਚੋਟਾਂ ਖਾਂਦੇ ਨੇ।
ਇਸ਼ਕ ਜਿਨ੍ਹਾਂ ਨੂੰ ਅਧਵਾਟੇ ਛਂਡ ਜਾਂਦਾ ਹੈ।
ਬਸ ਗੀਤ ਦਰਦ ਦੇ ਹੀ ਓਨ੍ਹਾਂ ਨੂੰ ਭਾਂਦੇ ਨੇ।
ਨਾ ਡੰਡੀ, ਨਾ ਪਂਧਰ ਰਸਤਾ, ਨਾ ਚਾਨਣ,
ਫਿਰ ਵੀ ਆਸ਼ਕ ਏਨ੍ਹੀਂ ਰਸਤੀਂ ਜਾਂਦੇ ਨੇ।
ਦਰਦ ਦੇ ਨਸ਼ੇ ਕੁਝ ਤਾਂ ਦਰਦ ਭੁਲਾਂਦੇ ਨੇ।
ਵਕਤ ਬੀਤਿਆਂ ਕੁਝ ਸਦਮੇ ਭੁਲ ਜਾਂਦੇ ਨੇ।
ਸਖ਼ਸ਼ ਜੋ ਤਗੜੇ ਜਿਗਰੇ ਵਾਲੇ ਹੁੰਦੇ ਨੇ,
ਆਪਣੇ ਗ਼ਮ ਨੂੰ ਉਮਰਾਂ ਤੀਕ ਛੁਪਾਂਦੇ ਨੇ।
ਗਂਲਾਂ ਕਰਦੇ ਬੜੇ ਅਜਬ ਜਿਹੇ ਲਗਦੇ ਨੇ,
ਐਪਰ ਸਦੀਆਂ ਤੀਕਰ ਚੇਤੇ ਆਂਦੇ ਨੇ।
ਜੀਣਾ ਮਰਨਾ ਰਂਬ ਦੇ ਹਂਥ ਜੋ ਮੰਨਦੇ ਨਹੀਂ,
’ਕਂਠੇ ਜੀਣ-ਮਰਨ ਦੀਆਂ ਕਸਮਾਂ ਖਾਂਦੇ ਨੇ

ਕੋਈ ਨਾ ਬੋਲੇਗਾ ਤਾਂ ਫਿਰ ਸ਼ਰਮਾਓਗੇ

ਕੋਈ ਨਾ ਬੋਲੇਗਾ ਤਾਂ ਫਿਰ ਸ਼ਰਮਾਓਗੇ।
ਏਸ ਖ਼ਲਾਅ ਤੋਂ ਆਪੂੰ ਵੀ ਡਰ ਜਾਓਗੇ।
ਸਾਥੀ ਪਹਿਲੇ ਮੋੜ ਤੇ ਭਟਕੇ ਪਾਓਗੇ।
ਤੇਜ਼ ਟੁਰੋਗੇ ਤਾਂ ’ਕਂਲੇ ਰਹਿ ਜਾਓਗੇ।
ਅੰਨ੍ਹੇ ਰਾਹੀ, ਬਗਲੇ ਆਗੂ, ਭੋਲੇ ਲੋਕ,
ਪਰੇਸ਼ਾਨ ਹੋ ਕੇ ਸਭ ਨੂੰ ਛਂਡ ਆਓਗੇ।
ਜਿਹੜੇ ਭੇਡਾਂ ਵਾਂਗ ਇਂਜੜ ’ਚ ਟੁਰਦੇ ਨੇ,
ਰਾਹ ਮੰਜਿਲ ਦਾ ਓਨ੍ਹੀਂ ਕੀ ਦਿਖਲਾਓਗੇ।
ਕਾਵਾਂ-ਰੌਲੀ ਵਿਚ ਸਿਰਫ਼ ਚੁਪ ਚੰਗੀ ਹੈ,
ਆਪਣੀ ਰੂਹ ਨੂੰ ਕਦ ਤੀਕਰ ਕਲਪਾਓਗੇ।
ਜਿਸ ਦੇ ਅੰਦਰ ਹਰ ਦਮ ਰਂਬ ਦਾ ਡਰ ਹੋਵੇ,
ਉਸ ਕਾਫ਼ਿਰ ਨੂੰ ਕਿਂਥੋਂ ਲਂਭ ਲਿਆਓਗੇ।
ਮੌਸਮ, ਹਂਦਾਂ, ਰਸਤੇ, ਦਿਂਖ ਤੇ ਦਰਵਾਜ਼ੇ,
ਵਾਪਿਸ ਮੁੜ ਕੇ ਸਭ ਬਦਲੇ ਹੀ ਪਾਓਗੇ।
ਕੀ ਅਫ਼ਸੋਸ ਕਰੋਗੇ ਕੌਮ ਦੀ ਹਾਲਤ ਤੇ,
ਆਪਣੇ ਰਾਹ ਦੀ ਚੌਣ ਤੇ, ਕੀ, ਪਛਤਾਓਗੇ?
ਆਪਣਾ ਹਾਲ ਬਿਆਨ ਕਰੋਗੇ ਜੇ ਸਂਚਾ,
ਕਿੰਨਿਆਂ ਹੋਰਾਂ ਨੂੰ ਦਿਲਗੀਰ ਬਣਾਓਗੇ।
ਸਾਡੇ ਮਗਰੋਂ ਚੁਪ ਵਰਤੇਗੀ ਮਹਫ਼ਿਲ ਵਿਚ,
ਕੋਈ ਬੋਲੇਗਾ ਤਾਂ ਫ਼ਤਵਾ ਲਾਓਗੇ।
ਸਾਡੇ ਮਗਰੋਂ ਚੁਪ ਵਰਤੇਗੀ ਮਹਫ਼ਿਲ ਵਿਚ,
ਕੋਈ ਬੋਲੇਗਾ ਤਾਂ ਫ਼ਤਵਾ ਲਾਓਗੇ !

ਕੁਦਰਤ ਦੇ ਰੰਗ ਨਿਆਰੇ

ਕੁਦਰਤ ਦੇ ਰੰਗ ਨਿਆਰੇ, ਜਾਈਏ ਇਹਦੇ ਵਾਰੇ-ਵਾਰੇ।
ਹਾਉਮੈਂ ਵਿਚ ਆ ਕੇ ਮੱਥਾ ਇਸ ਦੇ ਨਾਲ ਲਾਈਏ ਨਾ,
ਜਿਸ ਰਾਹ ਤੋਂ ਮਾਪੇ ਰੋਕਣ ਭੁੱਲ ਕੇ ਵੀ ਜਾਈਏ ਨਾ।

ਰੱਬ ਕੋਲੋਂ ਡਰ ਕੇ ਰਹੀਏ, ਮੰਦਾਂ ਨਾ ਕਿਸੇ ਨੂੰ ਕਈਏ।
ਕਿਸਮਤ ਦੇ ਮਾਰਿਆਂ ਤਾਈਂ ਹੋਰ ਸਤਾਈਏ ਨਾ,

ਲਾਲਚ ਹੈ ਬੁਰੀ ਬਿਮਾਰੀ, ਗਲਤੀ ਕਰਵਾ ਦਿੰਦਾਂ ਭਾਰੀ।
ਦੇਖ ਕੇ ਮਾਲ ਪਰਾਇਆ, ਮਨ ਨੂੰ ਲਲਚਾਈਏ ਨਾ,

ਪਾਣੀ ਦੀ ਰੇੜ ਜੇ ਹੋਵੇ, ਸਾਨਾਂ ਦਾ ਭੇੜ ਜੇ ਹੋਵੇ।
ਦੂਜੇ ਦੀ ਚੱਕ ‘ਚ ਆ ਕੇ ਵਿਚ ਕਦੇ ਆਈਏ ਨਾ,

ਨਸ਼ਿਆਂ ਦੀ ਆਦਤ ਮਾੜੀ, ਬਿਨ ਜਾਂਦੀ ਨਾੜੀ-ਨਾੜੀ।
ਇਹੋ ਜਿਹਾ ਗੰਦਾਂ ਕਦੇ ਸ਼ੌਂਕ ਫਰਮਾਈਏ ਨਾ,

ਹੱਥ ਦੀ ਮਿਹਨਤ ਚੰਗੀ, ਹੋਵੇ ਭਾਵੇਂ ਕਿੱਢੀ ਤੰਗੀ।
ਚੂਸ ਕੇ ਖੂਨ ਬਗਾਨਾਂ, ਪਿਆਸ ਬੁਝਾਈਏ ਨਾ,

ਦੁਨੀਆਂ ਤੇ ਬੈਠ ਨਾ ਰਹਿਣਾ, ਇਕ ਦਿਨ ਤਾਂ ਜਾਣਾ ਪੈਣਾ।
ਵੈਰੀ ਨੂੰ ਦੇਖ ਕੇ ਮਰਿਆਾਂ, ਖੁਸ਼ੀਆਂ ਮਨਾਈਏ ਨਾ,
ਜਿਸ ਰਾਹ ਤੋਂ ਮਾਪੇ ਰੋਕਣ ਭੁੱਲ ਕੇ ਵੀ ਜਾਈਏ ਨਾ

ਅਸੀਂ ਵੀ ਇਨਵਰਟ ਲਿਆਂਦਾ

ਅਸੀਂ ਵੀ ਇਨਵਰਟ ਲਿਆਂਦਾ, ਹੁਣ ਬਿਜਲੀ ’ਨੀ ਜਾਣੀ,
ਤੰਗ ਬੜਾ ਸੀ ਕਰਦੀ ਸਾਨੂੰ, ਜਿਹੜੀ ਖਸਮਾ ਖਾਣੀ।
ਕੱਲ੍ਹ ਜਦੋਂ ਮਹਿਮਾਨ ਸੀ ਆਏ, ਇਹਨ੍ਹੇ ਆਪਣੇ ਰੰਗ ਦਿਖਾਏ।
ਨਾ ਤਾਂ ਕੋਈ ਪੱਖਾ ਚੱਲਿਆ ਨਾ ਸੀ ਠੰਡਾ ਪਾਣੀ,
ਬਾਪੂ ਜੀ ਨੂੰ ਗੁੱਸਾ ਆਇਆ,ਬਿਜਲੀ ਵਾਲਾ ਭਾਈ ਬੁਲਾਇਆ।
ਕੋਲ ਬਿਠਾ ਕੇ ਦੱਸਤੀ ਉਹਨੂੰ ਸਾਰੀ ਰਾਮ ਕਹਾਣੀ,
ਉਹ ਕਹਿੰਦਾ ਤੁਸੀਂ ਆਏ ਕਰੋ ਜੀ, ਹੁਣੇ ਇਨਵਰਟਰ ਲਿਆ ਧਰੋ ਜੀ।
ਕਿਸ਼ਤਾ ਦੇ ਵਿਚ ਪੈਸੇ ਦੇ ਦਿਉ ਆਪਣੀ ਸਾਂਝ ਪੁਰਾਣੀ,
ਸਾਰਿਆਂ ਦੇ ਗੱਲ ਮਨ ਨੂੰ ਭਾਅ ਗਈ, ਘਰ ਬਿਜਲੀ ਆ ਗਈ।
ਕੈਦਣ ਬਣ ਕੇ ਰਹੂਗੀ ਸਾਡੀ ਬਣਦੀ ਸੀ ਜੋ ਰਾਣੀ,
ਅਸੀਂ ਵੀ ਇਨਵਰਟ ਲਿਆਂਦਾ, ਹੁਣ ਬਿਜਲੀ ’ਨੀ ਜਾਣੀ,