Sunday, April 4, 2010

ਅੱਜ ਰੁੱਸੀਂ ਨਾ ਦਿਲਾ, ਕਿਸੇ ਮਨਾਉਣ ਵੀ ਨੀ ਆਉਣਾ

ਅੱਜ ਰੁੱਸੀਂ ਨਾ ਦਿਲਾ, ਕਿਸੇ ਮਨਾਉਣ ਵੀ ਨੀ ਆਉਣਾ
ਬੂਹਾ ਭੇਡ਼ ਕੇ ਤੂੰ ਸੌਂ ਜਾ, ਕਿਸੇ ਮਿਲਣ ਵੀ ਨੀ ਆਉਣਾ..
ਉਹ ਪਿਆਰ ਦੇ ਸੁਨੇਹਿਆਂ ਚ, ਗੱਚ ਗੱਚ ਭਿੱਜਣਾ
ਉਹ ਰੂਹ ਤੱਕ ਕੰਬਣਾ, ਤੇਰੇ ਹੱਥ ਜਦ ਚੁੰਮਣਾ
ਮਹਿਬੂਬ ਆਪਣੇ ਨੂੰ, ਵਿੱਚ ਤਾਰਿਆਂ ਪਰੋਣਾ ..


ਬਿਨਾਂ ਇੱਤਰੀਂ ਨਹਾਏ, ਖੁਸ਼ਬੋਈਆਂ ਉਹਦਾ ਵੰਡਣਾ
ਤਾਰਿਆਂ ਦੀ ਲੋਅ ਦੇ, ਪਰਛਾਵਿਆਂ ਤੋਂ ਸੰਗਣਾ
ਕੋਸੇ ਕੋਸੇ ਹਾਸਿਆਂ ਚ, ਮਹੀਨ ਗੱਲਾਂ ਸਮਝਾਉਣਾ


ਉਹ ਹਾਂਡੀਆਂ ਦੇ ਜ਼ਇਕੇ, ਤਸਵੀਰਾਂ ਤਿੰਨ ਰੰਗੀਆਂ
ਰਿਸ਼ੀ ਦਿਆਂ ਮੰਦਿਰਾਂ, ਦੁਆਵਾਂ ਕਈ ਮੰਗੀਆਂ
ਓਸ ਰੱਬ ਦੀ ਰਜ਼ਾ ਦੇ ਵਿੱਚ, ਸਾਥ ਸੀ ਨਿਭਾਉਣਾ


ਕਦੀ ਚੁੱਪ ਦੀ ਤਾਰੀਫ ਵਿੱਚ, ਲੰਬੀਆਂ ਲਡ਼ਾਈਆਂ
ਕੌਡ਼ਾ ਬੋਲਣ ਦੇ ਪਿੱਛੇ, ਕਦੇ ਦੇਣੀਆਂ ਸਫਾਈਆਂ
ਉਹਦਾ ਪਿਆਰ ਸੀ ਛਲਾਵਾ, ਮੈਥੋਂ ਕਹਿ ਨਹੀਂਉਂ ਹੋਣਾ


ਇੱਕ ਦੂਜੇ ਲਈ ਜ਼ਿੰਦਗ਼ੀ ਚ, ਅਸੀਂ ਹੁਣ ਨਹੀਂ ਆਂ
ਇਹ ਕਹਿਣਾ ਹੈ ਆਸਾਨ , ਗੱਲ ਜਾਣ ਦੀ ਵੀ ਨਹੀਂ ਆ,
ਬੇ- ਵਫਾ ਜੇ ਸੀ ਹੁੰਦਾ, ਤੇਰਾ ਚੇਤਾ ਨਹੀਂ ਸੀ ਆਉਣਾ,



ਇੱਕੋ ਸਤਰ ਚ ਜਿਹਨੇ, ਸਾਰੀ ਜ਼ਿੰਦਗ਼ੀ ਛੁਪਾਈ,
ਕੁੱਖ ਤੋਂ ਕਬਰ ਤੱਕ, ਕਰੇ ਜੋ ਭਲਾਈ
ਓਸ ਰੱਬ ਨਾਲ ਵੈਰ ਮੈਥੋਂ, ਪਾ ਨਹੀਉਂ ਹੋਣਾ

ਰਾਤ ਨੂੰ ਮਦਹੋਸ਼ ਹੋਈ ਰਹਿਣ ਦਿਉ

ਰਾਤ ਨੂੰ ਮਦਹੋਸ਼ ਹੋਈ ਰਹਿਣ ਦਿਉ,
ਮੇਰੇ ਦਿਲ ਨੂੰ ਪੀੜਾਂ ਅਜੇ ਸਹਿਣ ਦਿਉ ।
ਦਿਲ ਦੀ ਕਲੀ ਮੁਰਝਾਉਣ ਤੋਂ ਪਹਿਲਾਂ,
ਅਵਾਰਾ ਭੰਵਰੇ ਨੂੰ ਉਪਰ ਬਹਿਣ ਦਿਉ ।
ਚਾਰ ਦਿਨਾਂ ਦੀ ਚਾਂਦਨੀ ਨੂੰ ਮਾਣ ਲਵੋ,
ਮੱਸਿਆ ਦੀ ਕਾਲਖ ਨੂੰ ਪਾਸੇ ਰਹਿਣ ਦਿਉ ।
ਜ਼ਿੰਦਗੀ ਬੇ-ਮਜ਼ਾ ਹੈ ਬਿਨਾਂ ਗ਼ਮਾਂ ਤੋਂ,
ਗ਼ਮਾਂ ਦਾ ਪਰਛਾਵਾਂ ਵੀ ਇਸ ਤੇ ਪੈਣ ਦਿਉ ।
ਉਹ ਤਾਰੇ ਜੋ ਦਿਸਦੇ ਨੇ ਸਿਰਫ ਰਾਤਾਂ ਨੂੰ,
ਓਹਨਾਂ ਤਾਰਿਆਂ ਨੂੰ ਅੰਬਰੀ ਹੀ ਰਹਿਣ ਦਿਉ ।
ਤੇਰਾ ਪਿਆਰ ਹੀ ਕਾਫੀ ਹੈ ਜੀਣ ਦੇ ਲਈ,
ਤੇਰੀ ਨਫ਼ਰਤ ਜੋ ਕਹਿੰਦੀ ਹੈ ਕਹਿਣ ਦਿਉ ।

ਦਿਲ ਦਾ ਹਾਲ ਸੁਣਾਈਏ ਕੀਹਨੂੰ ਦਿਲਬਰ ਗੁੱਸੇ ਹੈ

ਦਿਲ ਦਾ ਹਾਲ ਸੁਣਾਈਏ ਕੀਹਨੂੰ ਦਿਲਬਰ ਗੁੱਸੇ ਹੈ।
ਸੀਨੇ ਨਾਲ ਲਗਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਚਾਰੇ ਪਾਸੇ ਛਾਈ ਖਾਮੋਸ਼ੀ ਤੋਂ ਦਿਲ ਡਰਦਾ ਹੈ,
ਹਾਕਾਂ ਮਾਰ ਬੁਲਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਗਲੀ ਗਲੀ ਵਿਚ ਸ਼ੋਰ ਹੈ ਲੀਡਰ ਲੁੱਟੀ ਜਾਂਦੇ ਨੇ,
ਘਰ ਅਪਣਾ ਸੰਭਲਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਲੋਕਾਂ ਦੀਆਂ ਚੋਭਾਂ ਨੇ ਹੈ ਤਨ ਮਨ ਡੰਗ ਲਿਆ,
ਦਿਲ ਦੇ ਚਾਕ ਦਿਖਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਮਾਂ ਸਮਝਾਉਂਦੀ ਪੁੱਤਰਾ ਕਿਧਰੇ ‘ਕੱਲਾ ਜਾਵੀਂ ਨਾ,
ਲੋਕੋ ਨਾਲ ਲਿਜਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਲਿਖ ਲਿਖ ਗ਼ਜ਼ਲਾਂ ਕਾਗਜ਼ ਕਾਲੇ ਕਰਦੇ ਹਾਂ,
ਕੋਲ ਬਹਾਲ ਸੁਣਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਕੋਠੇ ਚੜ੍ਹਨੇ ਨੂੰ ਦਿਲ ਉੱਕਾ ਹੀ ਹੁਣ ਕਰਦਾ ਨਈਂ,
ਸੈਨਤਾਂ ਨਾਲ ਬੁਲਾਈਏ ਕੀਹਨੂੰ ਦਿਲਬਰ ਗੁੱਸੇ ਹੈ।

ਸੂਰਜਾਂ ਦੀ ਧੁੱਪ; ਪ੍ਰਛਾਵੇਂ ਕਦੀ ਖਾਂਦੇ ਰਹੇ

ਇਸ ਤਰਾਂ ਦੇ ਦਿਨ ਕਦੀ ਆਉਂਦੇ ਰਹੇ;

ਸੂਰਜਾਂ ਦੀ ਧੁੱਪ; ਪ੍ਰਛਾਵੇਂ ਕਦੀ ਖਾਂਦੇ ਰਹੇ।

ਤਾਰਿਆਂ ਦੀ ਗਰਦ ਸੀ ਕਿ ਬੱਦਲਾਂ ਦਾ ਨੇਰ੍ਹ ਸੀ;

ਹਰ ਤਰਾਂ ਹਰ ਮੋੜ ਤੇ ਹੀ ਮੇਘਲੇ ਗਾਂਉਂਦੇ ਰਹੇ।

ਦਿਲ ਹੀ ਭੈੜਾ ਪਰਚਿਆ ਨਾ ਦਿਲ ਲਗੀ ਦੇ ਆਸਰੇ;

ਉਂਜ ਤਾਂ ਦਿਲਬਰ ਕਈ ਆਉਂਦੇ ਰਹੇ ਜਾਂਦੇ ਰਹੇ।

ਪੱਥਰਾਂ ਦੇ ਰਾਹ ਤੇ ਕੱਚ ਦੇ ਜਿਸਮ ਦਾ ਸਾਥ ਸੀ,

ਸ਼ੀਸਿ਼ਆਂ ਦੇ ਟੋਟਿਆਂ ਨਾ ਠੋਕਰਾਂ ਖਾਂਦੇ ਰਹੇ।

ਕੌਣ ਹੈ ਸਾਬਤ ਕਦਮ ਤੇ ਕੌਣ ਹੈ ਸੁੱਚਾ ਸਿਦਕ

ਟੁੱਟਦੇ ਜੁੜਦੇ ਰਹੇ; ਰਿਸ਼ਤੇ ਕਈ ਬਣਦੇ ਰਹੇ।

ਮੌਤ ਦੀ ਭਿੱਖਿਆ ਲਈ ਤੇ ਦਰਦ ਦੀ ਆਹਟ ਲਈ,

ਗਰਭ ਬੱਚੇ ਬੱਚੀਆ ਜੰਮਦੇ ਰਹੇ ਮਰਦੇ ਰਹੇ।

ਅੱਜ ਫਿਰ ਉਸ ਮੋੜ ਪੱਗ ਡੰਡੀ ਦੇ ਰਾਹਾਂ ਤੇ ਖੜੇ

ਸਹਿਕਦੇ ਹੱਸਦੇ ਰਹੇ; ਹਰ ਜ਼ੁਲਮ ਨੂੰ ਜਰਦੇ ਰਹੇ।

ਇੱਕ ਤਸੱਵਰ ਸੀ ਹਵਾਵਾਂ ਬੱਦਲਾਂ ਦੀ ਧੁੱਪ ਖਿੜੀ

ਦੋਸਤਾਂ ਦਾ ਕੀ ਸੀ! ਉਹ ਆਉਂਦੇ ਰਹੇ ਜਾਂਦੇ ਰਹੇ।

ਕਹਿ ਦਿਆਂ ਜੇ ਹਾਲ ਤੇ ਬੇਹਾਲ ਹੋ ਜਾਂਦਾ ਹੈ ਦਿਲ

ਕਹਿ ਦਿਆਂ ਜੇ ਹਾਲ ਤੇ ਬੇਹਾਲ ਹੋ ਜਾਂਦਾ ਹੈ ਦਿਲ;

ਨਾ ਕਹਾ ਤੇ ਫੇਰ ਵੀ ਬੇਚੈਨ ਹੋ ਜਾਂਦਾ ਹੈ ਦਿਲ।

ਧੜਕਦਾ ਰਹਿੰਦਾ ਹੈ ਹਰ ਪੈਗ਼ਾਮ ਦੇ ਬੂਹੇ ਤੇ ਦਿਲ;

ਪਰ ਖਮੋਸ਼ੀ ਵੀ ਕਦੀ ਪੈਗ਼ਾਮ ਬਣ ਜਾਂਦਾ ਹੈ ਦਿਲ।

ਜੋ ਕਦੀ ਸੀ ਰਾਹਬਰ ਤੇ ਰਾਹਨੁਮਾਂ ਸੀ ਕਾਰਵਾਂ;

ਰਾਹ ਦਾ ਪੱਥਰ ਕਦੀ ਕੰਕਰ ਵੀ ਬਣ ਬਹਿੰਦਾ ਹੈ ਦਿਲ।

ਅਪਣੇ ਹੀ ਹਾਸ਼ੀਏ ਤੇ ਨਕਸ਼ ਤੋਂ ਹੈ ਬੇਖਬਰ!

ਹਰ ਕਿਸੇ ਦੇ ਦਰਦ ਦੀ ਤਸਵੀਰ ਬਣ ਬਹਿੰਦਾ ਹੈ ਦਿਲ।

ਹੁਣ ਨਾ ਹਿਜਰਾਂ ਦੀ ਤਪਸ਼ ਨਾ ਵਾਸ਼ਨਾ ਹੈ ਵਸਲ ਦੀ;

ਤੱਤੀਆਂ ਵਾਵਾਂ ਦੇ ਠੰਡੇ ਸਾਹ ਭਰ ਬਹਿੰਦਾ ਹੈ ਦਿਲ।

ਅੱਗ ਨੂੰ ਦਰਿਆ ਤੇ ਬਰਫਾਂ ਨੀਲੀਆਂ ਨੂੰ ਵੀ ਤਪੱਸ਼;

ਜਲ਼ ਰਹੇ ਸ਼ੋਹਲੇ ਨੂੰ ਵੀ ਗੁਲਦਾਨ ਕਹਿ ਬਹਿੰਦਾ ਹੈ ਦਿਲ।

ਬੇਮੁਹਾਰਾ; ਬੇਲਗਾਮਾਂ; ਬੇਹਿਸਾਬਾ ਬੇਨਕਾਬਾ, ਬੇਕਿਨਾਰ;

ਕੁੱਝ ਨਾ ਕੁੱਝ;ਇਹ ਚੁੱਪ ਚੁਪੀਤਾ ਆਖਦਾ ਰਹਿੰਦਾ ਹੈ ਦਿਲ।

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ, ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,
ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ ।

ਬਾਲ ਉਮਰੇ ਇਹ ਨਿਰਲੇਪ ਜਾਪਣ,
ਕਿੰਨੀਆਂ ਭੋਲੀਆਂ ਅਤੇ ਨਾਦਾਨ ਅੱਖਾਂ ।

ਅੱਖਾਂ ਵਿਚੋਂ ਮਸਤੀ ਛਲਕਦੀ ਹੈ,
ਜੋਬਨ ਰੁਤੇ ਜਦ ਹੋਣ ਜਵਾਨ ਅੱਖਾਂ ।

ਬਾਰੀ ਖ੍ਹੋਲਕੇ ਤਕਦੀਆਂ ਰਹਿਣ ਸਦਾ,
ਹਰ ਆਹਟ ਦਾ ਰਖਣ ਧਿਆਨ ਅੱਖਾਂ ।

ਧੜਕਣ ਦਿਲ ਦੀ ਦੁਗਣੀ ਵਧ ਜਾਂਦੀ,
ਜਦੋਂ ਮਟਕਾਵੇ ਕੋਈ ਮੁਟਿਆਰ ਅੱਖਾਂ ।

ਇਲ ਦੇ ਅ੍ਹਾਲਣੇ ਕੋਈ ਕਹੇ ਆਂਡਾ,
ਹਰਨੋਟੀ ਵਰਗੀਆਂ ਆਖੇ ਯਾਰ ਅੱਖਾਂ ।

ਛੋਟੀਆਂ,ਵਡੀਆਂ,ਕਾਲੀਆਂ,ਭੂਰੀਆਂ ਵੀ ,
ਲੱਗਣ ਬਿਲੀਆਂ ਜ਼ਰਾ ਚਲਾਕ ਅੱਖਾਂ ।

ਬਿਨ ਬੋਲਿਆਂ ਅੱਖਾਂ ਬੋਲ ਪੈਂਦੀਆਂ ਨੇ,
ਅੱਖ ਮਾਰ ਕੇ ਦਿੰਦੀਆਂ ਮਾਰ ਅੱਖਾਂ ।

ਕਹਿੰਦੇ ਅੱਖਾਂ ਨਾਲ ਮਿਰਚਾਂ ਭੋਰਦੀ ਹੈ,
ਜਦੋਂ ਮਟਕਾਉਂਦੀ ਕੋਈ ਰਕਾਨ ਅੱਖਾਂ ।

ਆਖਦੇ ਅੱਖੀਆਂ ਨਾਲ ਬੰਦੇ ਨਾ ਮਰਦੇ,
ਪਰ ਕਰ ਦੇਵਣ ਮੋਇਆਂ ਸਮਾਨ ਅੱਖਾਂ ।

ਖਾਲੀ ਤੁਰਦਾ ਨਜ਼ਰ ਕਲਬੂਤ ਆਵੇ,
ਕਢ ਲੈਂਦੀਆਂ ਸਰੀਰ ਚੋਂ ਜਾਨ ਅੱਖਾਂ ।

ਸੇਹਲੀਆਂ ਤਿਖੀਆਂ ਭਵਾਂ ਕਮਾਨ ਵਾਂਗੂੰ,
ਧਾਰੀ ਖਿਚ ਕੇ ਲਗਣ ਕਟਾਰ ਅੱਖਾਂ ।

ਤਾਰ ਇਸ਼ਕੇ ਦੀ ਜਦੋਂ ਟੁਣਕਦੀ ਹੈ,
ਬਾਰਾਂ ਸਾਲ ਇਹ ਵਗ ਚਰਾਣ ਅੱਖਾਂ ।

ਕੀਤੇ ਕੌਲ ਇਕਰਾਰ ਕਦੇ ਭੁਲਦੇ ਨਹੀਂ,
ਪਟ ਯਾਰ ਦਾ ਚੀਰ ਖਵਾਣ ਅੱਖਾਂ ।

ਸ਼ੀਰੀਂ ਫਰਿਆਦ ਵੀ ਅੱਖਾਂ ਨੇ ਪਟੇ,
ਚਟਾਨਾਂ ਵਿਚੋਂ ਨਹਿਰ ਖੁਦਵਾਣ ਅੱਖਾਂ ।

ਦੁਨੀਆਂ ਦੀ ਸੁਧ ਬੁਧ ਭੁਲ ਜਾਂਦੀ,
ਜਦੋਂ ਹੋ ਜਾਣ ਕਿਧਰੇ ਚਾਰ ਅੱਖਾਂ ।

ਲਾਲ ਡੋਰੇ ਅੱਖਾਂ ਵਿਚਲੇ ਦਸਦੇ ਨੇ,
ਜਦੋਂ ਹੁੰਦੀਆਂ ਯਾਰ ਲਾਚਾਰ ਅੱਖਾਂ ।

ਸ਼ਮ ਸ਼ਮ ਸਾਵਣ ਵਾਂਗੂੰ ਵ੍ਹਰਦੀਆਂ ਨੇ,
ਕਰਕੇ ਸਜਣਾਂ ਦਾ ਇੰਤਜਾਰ ਅੱਖਾਂ ।

ਅਚੋ ਆਈ ਦਿਲ ਨੂੰ ਲੱਗੀ ਰਹਿੰਦੀ,
ਜਦੋਂ ਹੁੰਦੀਆਂ ਨੇ ਬੇ-ਕਰਾਰ ਅੱਖਾਂ ।

ਉਨੀਂਦਰੇ ਨਾਲ ਅੱਖਾਂ ਹੇਠ ਛ੍ਹਾਈਆਂ,
ਲਗਣ ਆਸ਼ਕਾਂ ਦੀਆਂ ਬਿਮਾਰ ਅੱਖਾਂ ।

ਅੱਖਾਂ ਘੂਰ ਕੇ ਕਈ ਵਾਰ ਵੇਹੰਦੀਆਂ ਨੇ,
ਕਦੇ ਝੁਕਦੀਆਂ ਨਾਲ ਸਤਿਕਾਰ ਅੱਖਾਂ ।

ਨਜ਼ਰ ਧਰਤੀ ‘ਚ ਗਡੀ ਰੱਖਦੀਆਂ ਨੇ,
ਕਈ ਹੁੰਦੀਆਂ ਨੇ ਸ਼ਰਮਸਾਰ ਅੱਖਾਂ ।

ਧੋਖਾ ਕਰਕੇ ਵੀ ਸਿਰ ਨਿਵਾਉਂਦੀਆਂ ਨੇ,
ਮਿਲਾਉਣ ਅੱਖ ਨਾ ਕਦੇ ਗਦਾਰ ਅੱਖਾਂ ।

ਜਦੋਂ ਲਾਲ ਗੁਸੇ ਵਿਚ ਹੁੰਦੀਆਂ ਨੇ,
ਅੱਗ ਸੁਟਦੀਆਂ ਬਣ ਅੰਗਿਆਰ ਅੱਖਾਂ ।

ਇਹ ਖਬੀ ਖਾਨਾਂ ਨੂੰ ਖੂੰਜੇ ਲਾ ਦੇਵਣ,
ਜਦੋਂ ਹੁੰਦੀਆਂ ਨੇ ਕਹਿਰਵਾਨ ਅੱਖਾਂ ।

ਇਸ਼ਾਰਾ ਅੱਖਾਂ ਦਾ ਸਮਝਦਾਰ ਲਈ ਹੈ,
ਬੇਸਮਝ ਲਈ ਹਨ ਬੇਕਾਰ ਅੱਖਾਂ ।

ਰੱਜ ਪਹਿਲਾਂ ਪਿਆਰ ਜਤਾਉਂਦੀਆਂ ਨੇ,
ਫਿਰ ਕਰਦੀਆਂ ਜੱਗ ਬਦਨਾਮ ਅੱਖਾਂ ।

ਜਿਸ ਪਿਛੇ ਸਭ ਕੁਝ ਬਰਬਾਦ ਕੀਤਾ,
ਉਹੀ ਲਗਦੀਆਂ ਫਿਰ ਬੇਈਮਾਨ ਅੱਖਾਂ ।

ਬੰਦਾ ਕਿਹੜੇ ਸਟੇਸ਼ਨ ਤੋਂ ਬੋਲਦਾ ਹੈ,
ਝਟ ਪਟ ਹੀ ਲੈਣ ਨਿਹਾਰ ਅੱਖਾਂ ।

ਮੁਦਤਾਂ ਬਾਅਦ ਮਿਲੇ ਜੇ ਯਾਰ ਬੇਲੀ,
ਇਕ ਦਮ ਹੀ ਲੈਣ ਪਛਾਣ ਅੱਖਾਂ ।

ਮਾਇਆ ਹੱਥ ਗਰੀਬ ਦੇ ਧਰ ਵੇਖੋ,
ਕਿਵੇਂ ਹੁੰਦੀਆਂ ਨੇ ਕਦਰ ਦਾਨ ਅੱਖਾਂ ।

ਲੱਖ ਅਸੀਸਾਂ ਉਪਜਣ ਦਿਲ ਵਿਚੋਂ,
ਵੇਦਨਾ ਦਿਲ ਦੀ ਉਦੋਂ ਸੁਨਾਣ ਅੱਖਾਂ ।

ਭਲਾ ਕਿਸੇ ਦਾ ਕਰ ਕੇ ਦੇਖਿਓ ਸਹੀ,
ਕਿਵੇਂ ਹੁੰਦੀਆਂ ਨੇ ਸ਼ੁਕਰ ਗੁਜਾਰ ਅੱਖਾਂ ।

ਡਿਗੇ ਹੋਏ ਨੂੰ ਸਹਾਰਾ ਦੇਹ ਤਾਂ ਸਹੀ,
ਦੇਵਣ ਦੁਆਵਾਂ ਲੱਖ ਹਜ਼ਾਰ ਅੱਖਾਂ ।

ਅੱਖ ਦੁਖਣੇ ਨੂੰ ਭਲਾ ਜੇ ਆ ਜਾਵੇ,
ਸੁਰਖ ਗੇਰੂ ਹੁੰਦੀਆਂ ਲਾਲ ਅੱਖਾਂ ।

ਜਵਾਨੀ ਢਲੀ ਤੇ ਨਜ਼ਰ ਕਮਜੋਰ ਹੁੰਦੀ,
ਪਰ ਫੇਰ ਵੀ ਦਿੰਦੀਆਂ ਸਾਥ ਅੱਖਾਂ ।

ਦੇਖ ਭਾਲ਼ ਕਰੋ ਸਦਾ ਅੱਖੀਆਂ ਦੀ,
ਨੇਹਮਤ ਰਬ ਦੀ ਰੱਖੋ ਸੰਭਾਲ ਅੱਖਾਂ ।

ਅੱਖਾਂ ਵਾਲਿਓ ਮਾਰ ਕੇ ਨਿਗਾਹ ਦੇਖੋ,
ਕਿੰਨੇ ਕਰਦੀਆਂ ਨੇ ਉਪਕਾਰ ਅੱਖਾਂ ।

ਮੋਇਆਂ ਬਾਅਦ ਨਾ ਕਿਸੇ ਕੰਮ ਆਵਣ,
ਜੀਉਂਦੇ ਲਿਖਕੇ ਕਰੀਏ ਦਾਨ ਅਖਾਂ ।

ਇਹੋ ਦਾਨ ਉਤਮ ਜੱਗ ਉਤੇ,
ਕਿਸੇ ਬੁਝੀ ਜੋਤ ਨੂੰ ਰੁਸ਼ਨਾਣ ਅੱਖਾਂ ।

ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,
ਨੇਹਮਤ ਬਖਸ਼ੀ ਤੂੰ ਵਰਦਾਨ ਅਖਾਂ ।

ਦਿਨ ਛੇ ਜੂਨ ਚੁਰਾਸੀ ਦਾ, ਨਾ ਸਿੱਖਾਂ ਤੋਂ ਭੁਲਿਆ ਜਾਵੇ

ਦਿਨ ਛੇ ਜੂਨ ਚੁਰਾਸੀ ਦਾ, ਨਾ ਸਿੱਖਾਂ ਤੋਂ ਭੁਲਿਆ ਜਾਵੇ ।
ਨਕਸ਼ਾ ਉਸ ਖੁਨੀ ਘੱਲੂਘਾਰੇ ਦਾ, ਝੱਟ ਅੱਖਾਂ ਸਾਹਵੇਂ ਆਵੇ ।

ਸ਼ਰਧਾ ਦੇ ਫੁਲ ਚੜ੍ਹਾਵਣ ਲਈ, ਸੰਗਤਾਂ ਹਰਿਮੰਦਰ ਨੂੰ ਜਾਵਣ ।
ਪਾਕ ਪਵਿਤਰ ਸਰੋਵਰ ਵਿਚ, ਚੁਭੀ ਲਾ ਕੇ ਰੋਗ ਮਿਟਾਵਣ ।

ਸ਼ਾਨੋ ਸ਼ੌਕਤ ਹਰਿਮੰਦਰ ਦੀ, ਨਾ ਪਾਪੀ ਗੰਗੂਆਂ ਤਾਈਂ ਭਾਵੇ ।
ਸਿੱਖੀ ਦੇ ਹਰਿਆਲੇ ਬੂਟੇ ਨੂੰ, ਸਮੇਂ ਦਾ ਹਾਕਮ ਪੁਟਣਾ ਚਾਹਵੇ ।

ਜਰਨੈਲ ਸਿੰਘ ਭਿੰਡਰਾਂ ਵਾਲ਼ੇ ਨੇ, ਸਿਰ ਲੱਥ ਜੋਧੇ ਸਿੰਘ ਸਜਾਏ ।
ਨਸ਼ਿਆਂ, ਅਫੀਮਾਂ ,ਚੋਂ ਕਢ ਕੇ, ਗਭਰੂ ਗੁਰੂ ਚਰਨਾਂ ਨਾਲ ਲਾਏ ।

ਦੇਖ ਕੇ ਬੋਲ ਬਾਲਾ ਸਿਖੀ ਦਾ, ਇੰਦਰਾ ਤੋਂ ਝਲ ਨਾ ਹੋਇਆ ।
ਕੂੜ ਸਿਰ ਚ੍ਹੜ ਬੋਲ ਪਿਆ, ਅੰਦਰੋਂ ਗੁਸਾ ਠ੍ਹਲ ਨਾ ਹੋਇਆ ।

ਨਿਸ਼ਾਨ ਮੀਰੀ ਪੀਰੀ ਦਾ, ਜਿਥੋਂ ਰਹੀ ਸੇਧ ਸਿਖਾਂ ਨੂੰ ਮਿਲਦੀ ।
ਔਰੰਗਜ਼ੇਬ ਜੇਹੇ ਜ਼ਾਲਮਾਂ ਦੀ, ਦੇਖ ਕੇ ਰੂਹ ਅੰਦਰੋਂ ਸੀ ਹਿਲਦੀ ।

ਭੈੜੀ ਸੋਚ ਫਿਰਕਾ ਪ੍ਰਸਤੀ ਦੀ, ਹਮੇਸ਼ਾਂ ਰਹੀ ਦਿਲੀ ਤੇ ਭਾਰੂ ।
ਸਬਕ ਸਿਖਾਉਣਾ ਸਿਖਾਂ ਨੂੰ, ਹੁਣ ਨਹੀਂ ਛਡਣਾ ਕੋਈ ਜੁਝਾਰੂ ।

ਅਕਾਲ ਤਖਤ ਨੂੰ ਢਾਉਣੇ ਲਈ, ਭਾਰਤੀ ਫੌਜ ਨੂੰ ਹੁਕਮ ਸੁਣਾਤਾ ।
ਸਿੰਘਾਂ ਨੂੰ ਮਾਰ ਮੁਕਾਉਣੇ ਲਈ, ਉਹਨਾਂ ਜੰਗ ਦਾ ਬਿਗਲ ਵਜਾਤਾ ।

ਅਕਾਲ ਛੰਨਣੀ ਕਰ ਦਿਤਾ, ਪਾਪੀ ਜ਼ਾਲਮਾਂ ਕਹਿਰ ਕਮਾਇਆ ।
ਬੁਢੇ, ਬੱਚੇ ਵੀ ਨਹੀਂ ਬਖਸ਼ੇ, ਸਭ ਨੂੰ ਗੋਲ਼ੀਆਂ ਨਾਲ਼ ਉਡਾਇਆ ।

ਅਮਰੀਕ ਸਿੰਘ, ਸੁਬੇਗ ਸਿੰਘ ਨੇ, ਬੜੇ ਡਟ ਕੇ ਜੌਹਰ ਦਿਖਾਏ ।
ਸਿੰਘ ਭੁਖੇ ਭਾਣੇ ਰਹਿ ਕੇ ਵੀ, ਨਹੀਂ ਬੰਬਾਂ ਤੋਪਾਂ ਤੋਂ ਘਬਰਾਏ ।

ਜਾਮ ਸ਼ਹਾਦਤ ਦਾ ਪੀ ਗਏ, ਪਰ ਨਹੀਂ ਈਨ ਸੂਰਮਿਆਂ ਮੰਨੀ ।
ਸਿਖ ਧਰਮ ਦੀ ਰਾਖੀ ਲਈ, ਫਿਰਦੇ ਕਫਣ ਸਿਰਾਂ ਤੇ ਬ੍ਹੰਨੀ ।

ਕਈ ਵਿਛੜੇ ਵੀਰੇ ਭੈਣਾਂ ਦੇ, ਕਈ ਪੁਤ ਅੰਮੜੀ ਮਾਂ ਦੇ ਜਾਏ ।
ਗਏ ਮਥਾ ਟੇਕਣ ਪੁਰਬ ਉਤੇ, ਉਹ ਨਾ ਮੁੜ ਕੇ ਘਰਾਂ ਨੂੰ ਆਏ ।

ਸੁਹਾਗ ਉਜੜੇ ਕਈ ਨਾਰਾਂ ਦੇ, ਲਥੇ ਸਜ ਵਿਆਹੀਆਂ ਦੇ ਚੂੜੇ ।
ਸਧਰਾਂ ਦਿਲ ਵਿਚ ਰਹਿ ਗਈਆਂ, ਸਭ ਰਹਿ ਗਏ ਚਾਅ ਅਧੂਰੇ ।

ਜਰਨੈਲ ਸਿੰਘ ਭਿੰਡਰਾਂ ਵਾਲ਼ੇ ਵੀ, ਲੜਦੇ ਹੋਏ ਸ਼ਹੀਦੀ ਪਾ ਗਏ ।
ਕੁਰਸੀ ਦੇ ਭੁਖੇ ਲੀਡਰਾਂ ਨੂੰ, ਉਹ ਬਚਨ ਪੂਰਾ ਕਰ ਦਿਖਲਾ ਗਏ ।

ਮਤਾ ਅੰਨਦਪੁਰ ਸਾਹਿਬ ਦਾ, ਲੀਡਰਾਂ ਜਿਸ ਦਿਨ ਸੀ ਪਕਾਇਆ ।
ਅਰਦਾਸ ਕਰਕੇ ਭਿੰਡਰਾਂ ਵਾਲ਼ੇ ਨੇ, ਮਤਾ ਉਸ ਦਿਨ ਜ੍ਹੇਬੇ ਪਾਇਆ ।

ਬਚਨ ਕੀਤੇ ਉਸ ਦਿਨ ਸੰਤਾਂ ਨੇ, ਆਪਣਾ ਕੀਤਾ ਕੌਲ ਪੁਗਾਉਣਾ ।
ਅਕਾਲੀਆਂ ਭੱਜਣਾਂ ਮਤਿਆਂ ਤੋਂ, ਪਰ ਮੈਂ ਨਹੀਂ ਮਤਾ ਭੁਲਾਉਣਾ ।

ਉਹਨਾਂ ਕਰ ਸੱਚ ਵਿਖਾ ਦਿਤਾ, ਜਿੰਦ ਸਿਖ ਪੰਥ ਦੇ ਲੇਖੇ ਲਾਈ ।
ਚੌਧਰ ਦੇ ਭੁਖੇ ਕਾਲੀ ਲੀਡਰਾਂ ਨੇ, ਸਿਖ ਕੌਮ ਨੂੰ ਪਿੱਠ ਦਿਖਾਈ ।

ਜੇ ਅਕਾਲ ਤਖਤ ਰੜਕਦਾ ਸੀ, ਕਿਉਂ ਕੀਤੇ ਬਾਕੀ ਗੁਰੂ ਘਰਾਂ ਤੇ ਹੱਲੇ ।
ਨਿਰਦੋਸ਼ ਨਿਹਥੇ ਸਿੰਘ ਫੜ ਕੇ, ਅਤਵਾਦੀ ਆਖ ਜ੍ਹੇਲਾਂ ਵਿਚ ਘੱਲੇ ।

ਕੀ ਸੀ ਦੋਸ਼ ਅਬਲਾਵਾਂ ਦਾ, ਜੋ ਸੀ ਗੁਰਪੁਰਬ ਮਨਾਵਣ ਆਈਆਂ ।
ਗੋਦੀ ਚੁਕੇ ਨਾਲ਼ ਨਿਕੇ ਬਾਲਾਂ ਦੇ, ਵੈਰੀਆਂ ਮਾਵਾਂ ਮਾਰ ਮੁਕਾਈਆਂ ।

ਪੱਗ ਲਾਹ ਬੁਢੇ ਬਜ਼ੁਰਗਾਂ ਦੀ, ਫੌਜੀਆਂ ਪੈਰਾਂ ਦੇ ਵਿਚ ਰੋਲ਼ੀ ।
ਸਿੱਖਾਂ ਦੇ ਕੇਸ ਕਤਲ ਕਰਕੇ, ਪਾਪੀਆਂ ਬਾਅਦ ‘ਚ ਮਾਰੀ ਗੋਲ਼ੀ ।

ਜਰਦਾ ਚੱਬ ਕੇ ਥੁਕਦੇ ਸੀ, ਬੀੜੀਆਂ ਪ੍ਰਕਰਮਾਂ ਦੇ ਵਿਚ ਸੁਟੀਆਂ ।
ਕੀਤੇ ਕੁਕਰਮ ਦਰਿੰਦਿਆਂ ਨੇ, ਇਜਤਾਂ ਬਹੂ ਬੇਟੀ ਦੀਆਂ ਲੁਟੀਆਂ ।

ਜਲ ਪਾਕ ਪਵਿਤਰ ਸਰੋਵਰ ਦਾ, ਰਤ ਨਾਲ ਗੇਰੂ ਰੰਗ ਸੀ ਹੋਇਆ ।
ਸਰੂਪ ਗੁਰਾਂ ਦਾ ਗੋਲ਼ੀ ਚੀਰ ਗਈ, ਅਖੰਡਪਾਠ ਭੰਗ ਸੀ ਹੋਇਆ ।

ਲਾਇਬਰੇਰੀ ਸਾੜੀ ਲੁਟਿਆ, ਅਜਾਇਬ ਘਰ ‘ਚੋਂ ਅਨਮੋਲ ਖਜ਼ਾਨਾ ।
ਲੁਕੇ ਅਤਿਵਾਦੀ ਫੜਨੇ ਦਾ, ਘੜ ਲਿਆ ਬਰਾੜ ਨੇ ਹੋਰ ਬਹਾਨਾ ।

ਬੇਇਜ਼ਤੀ ਸੋਹਣੇ ਹਰਿਮੰਦਰ ਦੀ, ਨਾ ਸਿੱਖਾਂ ਕੋਲੋਂ ਗਈ ਸਹਾਰੀ ।
ਬੇਅੰਤ,ਸਤਵੰਤ, ਕੇਹਰ ਸਿੰਘ ਦੇ, ਕੇਰਾਂ ਫਿਰ ਗਈ ਦਿਲ ਤੇ ਆਰੀ ।

ਸੌਂਹ ਖਾ ਲਈ ਸੂਰਮਿਆਂ, ਉਹਨਾਂ ਇਕੱਠੇ ਬੈਠ ਕੇ ਮਤਾ ਪਕਾਇਆ ।
ਨਹੀਂ ਪੁੱਤ ਕਲਗੀਆਂ ਵਾਲ਼ੇ ਦੇ, ਜੇ ਨਾ ਪਾਪਣ ਨੂੰ ਮਾਰ ਮੁਕਾਇਆ ।

ਹੋਇਆ ਹੁਕਮ ਅਕਾਲ ਵਲੋਂ, ਜੋਧਿਆਂ ਇੰਦਰਾ ਗਾਂਧੀ ਮਾਰ ਮੁਕਾਈ ।
ਪੱਗ ਲਥੀ ਹੋਈ ਸਿੱਖਾਂ ਦੀ, ਸੂਰਿਆਂ ਮੁੜ ਸਿਰ ਤੇ ਰਖ ਵਿਖਾਈ ।

ਬਚ ਸਕੇ ਨਾ ਸਿੰਘਾਂ ਤੋਂ, ਜਿਸ ਮਥਾ ਅਕਾਲ ਤਖਤ ਨਾਲ ਲਾਇਆ ।
ਸਿਰ ਵਢਿਆ ਮਸੇ ਰੰਘੜ ਦਾ, ਸ਼ੇਰਾਂ ਬਕਰੇ ਵਾਂਗ ਝਟਕਾਇਆ ।

ਇਸ ਸਿੱਖੀ ਦੇ ਫਲ਼ਦੇ ਬੂਟੇ ਨੂੰ, ਕਈ ਛਾਂਗਣ ਵਾਲੇ ਤੁਰ ਗਏ ।
ਜ਼ਾਲਮ ਅਬਦਾਲੀ ਵਰਗੇ ਵੀ, ਦੰਦ ਖਟੇ ਕਰਵਾ ਕੇ ਮੁੜ ਗਏ ।

ਇਕੱਠੇ ਹੋ ਨਿਸ਼ਾਨ ਸਾਹਿਬ ਥਲੇ, ਦਿਨ ਅਜ ਦੇ ਕਸਮਾਂ ਖਾਈਏ ।
ਭੇਖੀ ਪੰਖਡੀ ਚੋਲ਼ੇ ਵਾਲ਼ੇ ਸਾਧਾਂ ਦੇ, ਕਦੇ ਨਾ ਚਰਨੀ ਸੀਸ ਨਿਵਾਈਏ ।

ਦਖਲ ਅੰਦਾਜ਼ੀ ਧਰਮ ‘ਚ ਕਰਕੇ, ਭੇਖੀ ਸਾਧੂ ਘੋਲਣ ਕ੍ਹੜੀਆਂ ।
ਕਹਿੰਦੇ ਭੁਲ ਕੇ ਬਾਣੀ ਗਰੂਆਂ ਦੀ, ਪੂਜਣ ਲਗ ਜਾਓ ਮੜ੍ਹੀਆਂ ।

ਦੂਰ ਪ੍ਰਦੇਸੀਂ ਵੱਸ ਕੇ ਵੀ, ਆਪਣਾ ਧਰਮ ਨਾ ਕਦੇ ਭੁਲਾਉਣਾ ।
ਪੁੱਤ ਹਾਂ ਕਲਗੀਆਂ ਵਾਲ਼ੇ ਦੇ, ਸਿੱਖ ਧਰਮ ਦਾ ਨਾਂ ਚਮਕਾਉਣਾ ।

ਕਈ ਜਨੂੰਨੀ ਗੈਰ ਮਜ੍ਹਬਾਂ ਦੇ, ਸਾਨੂੰ ਨੇ ਕਾਫਰ ਆਖ ਬੁਲਾਉਂਦੇ ।
ਡਰੱਗਾਂ ਦੇ ਕੇ ਸਾਡੇ ਬੱਚਿਆਂ ਨੂੰ, ਪਏ ਧਰਮੋਂ ਅਧਰਮ ਬਣਾਉਂਦੇ ।

ਘਲੂਘਾਰਾ ਸੰਨ ਚੁਰਾਸੀ ਦਾ, ਜੋ ਅਜ ਸਾਰੇ ਅਸੀਂ ਮਨਾਈਏ ।
ਸਚੀ ਸ਼ਰਧਾਜਲੀ ਤਾਂ ਸ਼ਹੀਦਾਂ ਨੂੰ, ਜੇ ਵਿਰਸਾ ਮੋੜ ਲਿਆਈਏ ।

ਗੁਰੂ ਗ੍ਰੰਥ ਸਾਹਿਬ ਬਿਨਾਂ, ਨਹੀਂ ਦੇਹਧਾਰੀ ਗੁਰੂ ਬਨਾਉਣਾ ।
ਬਿਨਾਂ ਗੁਰੂ ਨਾਨਕ ਦੇ ਦਰ ਤੋਂ, ਨਹੀਂ ਕਿਸੇ ਅਗੇ ਸੀਸ ਝੁਕਾਉਣਾ ।

ਜਿਸ ਨੇ ਕਦੇ ਕੋਈ ਦੁਸ਼ਮਣ ,ਨਹੀਂ ਬਣਾਇਆ ਹੋਣਾ

ਜਿਸ ਨੇ ਕਦੇ ਕੋਈ ਦੁਸ਼ਮਣ ,ਨਹੀਂ ਬਣਾਇਆ ਹੋਣਾ ।
ਪਸੰਦ ਦੁਨੀਆਂ ਦੇ ਉਹ ਵੀ, ਨਹੀਂ ਆਇਆ ਨਹੀਂ ।
ਨਜ਼ਰ ਖ਼ੁਸ਼ਬੋ ਆਵਾਜ਼ ਬਣਦੀ,ਹਸਤੀ ਤਾਂ ਚੰਗਾ ਸੀ,
ਮੇਰਾ ਫਿਰ ਨਹੀਂ ਸੀ ਕਿਤੇ, ਕੋਈ ਸਾਇਆ ਹੋਣਾ ।
ਹਿਜ਼ਰ ਦਾ ਹਰ ਮਸੀਹਾ ਆਣ ਕੇ,ਫਿਰ ਮੁਸਕਰਾਂਉਂਦਾ ਹੈ,
ਦਰਦ ਬਣਦਾ ਹੈ ਜਦੋਂ ,ਵਕਤ ਦਾ ਜ਼ਾਇਆ ਹੋਣਾ ।
ਮਿਲਣ ਦੀ ਆਸ ਮੁੱਕਣ ‘ਤੇ,ਕਦੇ ਹੈਰਾਨ ਨਹੀਂ ਕਰਦਾ,
ਡੂੰਘੇਰੀ ਚੁੱਪ ਦਾ ਵਧਣਾ, ਤੇ ਗ਼ਮ ਸਵਾਇਆ ਹੋਣਾ ।
ਜਿਸ ਦੇ ਸਫ਼ਰ ਉਮਰਾਂ ਦੇ,ਨਹੀਂ ਕਟਦੇ ਕਦੇ “ਸ਼ੇਖਰ”,
ਜਿੰਦਗੀ ਨੇ ਨਹੀਂ ਉਸਨੂੰ , ਗਲੇ ਲਾਇਆ ਹੋਣਾ

ਚਾਰ-ਦੀਵਾਰੀ ਅੰਦਰ ਅਕਸਰ ‘ਕੱਲਿਆਂ ਨੂੰ ,ਅਲਮਾਰੀ ਦੀ ਪੁਸਤਕ ਬਨਣਾ ਪੈਂਦਾ ਹੈ

ਚਾਰ-ਦੀਵਾਰੀ ਅੰਦਰ ਅਕਸਰ ‘ਕੱਲਿਆਂ ਨੂੰ ,ਅਲਮਾਰੀ ਦੀ ਪੁਸਤਕ ਬਨਣਾ ਪੈਂਦਾ ਹੈ ।
ਖਿੜਕੀ ਅੰਦਰ ਖ੍ਹੜਕੇ ਬਾਹਰ ਵੇਖਣ ਲਈ, ਦੀਵਾਰਾਂ ਕੋਲੋਂ ਹੁਣ ਪੁੱਛਣਾ ਪੈਂਦਾ ਹੈ ।

ਜਿਸਦੇ ਘਰ ਦੇ ਕੋਲ ਨਹੀਂ ਰੁੱਖ ਹਰਾ ਕਿਤੇ, ਤੇਹ ਵੇਲੇ ਨਹੀਂ ਮਿਲਦਾ ਪਾਣੀ ਜ਼ਰਾ ਕਿਤੇ,
ਉਸਨੂੰ ਨੈਣਾਂ ‘ਤੇ ਹੋਠਾਂ ਵਿਚਕਾਰ ਜਿਹੇ, ਆਪੇ ਦਰਿਆ ਬਣਕੇ ਵਗਣਾ ਪੈਂਦਾ ਹੈ ।

ਜਿੰਨੀਆਂ ਪੈੜਾਂ ਗੁੰਮੀਆਂ ਮੇਰੇ ਰਾਹਾਂ ‘ਚੋਂ, ਭਾਲਾਂ ਮੈਂ ਉਹਨਾ ਨੂੰ ਮੁਕਦੇ ਸਾਹਾਂ ‘ਚੋਂ ,
ਲੱਖ ਛੁਪਾਵਾਂ ਬੇ-ਸ਼ੱਕ ਸਾਰੀ ਦੁਨੀਆਂ ਤੋਂ, ਕੋਰੇ ਕਾਗ਼ਜ਼ ਨੂੰ ਪਰ ਦੱਸਣਾ ਪੈਂਦਾ ਹੈ ।

ਸਾਜ਼ ਬਨਣ ਲਈ ਤੜਪ ਹੰਢਾਉਣੀ ਪੈਂਦੀ ਹੈ ,ਵੰਝਲੀ ਨੂੰ ਜਿੰਦ ਚਾਕ ਕਰਾਉਣੀ ਪੈਂਦੀ ਹੈ,
ਬੁੱਲੇ ਐਵੇਂ ਨਹੀਂ ਸੁਰੀਲੇ ਹੋ ਜਾਂਦੇ ,ਸਭ ਨੂੰ ਛੇਕਾਂ ਵਿੱਚੋਂ ਲੰਘਣਾ ਪੈਂਦਾ ਹੈ ।

ਅੰਬਰ ਦਾ ਦਸਤੂਰ ਨਿਰਾਲਾ ਹੋ ਜਾਂਦੈ, ਪਾਣੀ ਆਪਣੇ ਅੰਦਰ ਹੀ ਜਦ ਖੋ ਜਾਂਦੈ ,
ਬੱਦਲਾਂ ਨੂੰ ਜਦ ਕਣੀਆਂ ਬਣਕੇ ਮਿਟਣ ਲਈ, ਸਾਗਰ ਦੀ ਹਿੱਕ ਉੱਤੇ ਨੱਚਣਾ ਪੈਂਦਾ ਹੈ ।

ਅਗਨ ਸਮੁੰਦਰ ਵਿੱਚੋਂ ਤੈਨੂੰ ਟੋਲਦਿਆਂ, ਤੇਰੀ ਤੇਹ ਦਾ ਬਣਦਾ ਪਾਣੀ ਡ੍ਹੋਲਦਿਆਂ ,
ਤੇਰੀ ਪਿਆਸ ਘਟੇਗੀ ਏਦਾਂ ਸੋਚਦਿਆਂ, ਮੈਨੂੰ ਅੱਥਰੂ ਬਣਕੇ ਜਿਉਣਾ ਪੈਂਦਾ ਹੈ ।

ਲੱਗਿਆ ਸੀ ਜੋ ਰੰਗ ਸਮੇਟਣ ਚਾਨਣ ਦਾ ,ਚਾਅ ‘ਸ਼ੇਖ਼ਰ‘ ਨੂੰ ਸੀ ਜਦ ਧੁੱਪਾਂ ਮਾਨਣ ਦਾ,
ਉਸਨੂੰ ਪਤਾ ਨਹੀਂ ਸੀ ਆਥਣ ਮਗਰੋਂ ਵੀ,ਸੂਰਜ ਸਾਹੀਂ ਚੇਤੇ ਰੱਖਣਾ ਪੈਂਦਾ

ਨਾਂ ਰੋਸੇ ਤੋਂ ਡਰੀਏ, ਨਾਂ ਪਿਆਰ ਤੋਂ ਡਰੀਏ

ਨਾਂ ਰੋਸੇ ਤੋਂ ਡਰੀਏ, ਨਾਂ ਪਿਆਰ ਤੋਂ ਡਰੀਏ,
ਅਸੀਂ ਤੇ ਦੋ ਨੈਣਾਂ ਦੇ ਵਾਰ ਤੋਂ ਡਰੀਏ,
ਨਾਂ ਅੱਗ ਤੋਂ ਡਰੀਏ, ਨਾਂ ਠੱਗ ਤੋਂ ਡਰੀਏ,
ਅਸੀਂ ਤੇ ਦਾਗ ਨਾਲ ਭਰੀ ਪੱਗ ਤੋਂ ਡਰੀਏ,
ਨਾਂ ਦੁਨੀਆ ਤੋਂ ਡਰੀਏ, ਨਾਂ ਜਹਾਨ ਤੋਂ ਡਰੀਏ,
ਅਸੀਂ ਤੇ ਮੁੱਕਰਣ ਵਾਲੀ ਜੁਬਾਨ ਤੋਂ ਡਰੀਏ,
ਨਾਂ ਧਰਤ ਤੋਂ ਡਰੀਏ, ਨਾਂ ਅਕਾਸ਼ ਤੋਂ ਡਰੀਏ,
ਅਸੀਂ ਤੇ ਜੂਏ ਵਾਲੀ ਤਾਸ਼ ਤੋਂ ਡਰੀਏ,

ਵਲੈਤ ਹੋ ਗਏ ਪੱਕੇ, ਕੀ ਕਰੀਏ ਜ਼ਮੀਨਾਂ ਦਾ

ਵਲੈਤ ਹੋ ਗਏ ਪੱਕੇ, ਕੀ ਕਰੀਏ ਜ਼ਮੀਨਾਂ ਦਾ ।
ਬਣਾਇਆ ਕੋਠੀ ਤੇ ਜਹਾਜ, ਸ਼ੌਂਕ ਹੈ ਸ਼ੌਕੀਨਾਂ ਦਾ ।
ਸਾਰੀ ਰਾਤਾਂ ਦੀ ਕਮਾਈ, ਯਾਰੋ ਕੋਠੀ ਉੱਤੇ ਲਾਈ ।
ਪਿੱਛੇ ਰਹਿਣ ਨੂੰ ਨਾ ਮੰਨੇ, ਨਾ ਕੋਈ ਭੈਣ ਅਤੇ ਭਾਈ ।
ਸਾਲਾਂ ਪਿੱਛੋਂ ਪਿੰਡ ਜਾਣਾ, ਰਹਿਣਾ ਤਿੰਨ ਚਾਰ ਵੀਕਾਂ ।
ਨਾ ਕੋਈ ਦੇਖ ਖੁਸ਼ ਹੋਵੇ, ਮੱਥੇ ਤੀਉੜੀਆਂ ਸ਼ਰੀਕਾਂ ।

ਕੱਢ ਬੇਗਾਨਿਆਂ ਨੇ ਇਕ ਦਿਨ ਹੈ ਖਾਰ ਜਾਣੀ

ਦਗ਼ੇਬਾਜ਼ੀਆ ਨੇ ਪੈਰ-ਪੈਰ ਜੱਗ ਉਤੇ,
ਤੂੰ ਭਾਵੇਂ ਲੱਖ ਵਾਰੀਂ ਵਫਾ ਕਮਾ ਵੇਖੀਂ,

ਸੱਪਾਂ ਦੇ ਪੁਤਾਂ ਅਖੀਰੀਂ ਹੈ ਡੰਗਨਾ ਹੁੰਦਾ,
ਤੂੰ ਭਾਵੇਂ ਲੱਖ ਵਾਰੀਂ ਦੁਧ ਪਿਆ ਵੇਖੀਂ,

ਨਾ ਹੋ ਸਕਿਆ ਤੇ ਨਾ ਕਦੇ ਹੋਇਆ ਸੀ,
ਜੇ ਹੋ ਸਕੇ ਕੁਝ ਆਪਣੇ ਨਾਂ ਕਰਵਾ ਵੇਖੀਂ,

ਕੱਢ ਬੇਗਾਨਿਆਂ ਨੇ ਇਕ ਦਿਨ ਹੈ ਖਾਰ ਜਾਣੀ,
ਤੂੰ ਭਾਵੇਂ ਲੱਖ ਵਾਰੀਂ ਆਪਣਾ ਬਣਾ ਵੇਖੀਂ,

ਦੀਵਾ ਇਕ ਦਿਨ ਓੁਨਾਂ ਨੇ ਗੁਲ ਕਰ ਜਾਣਾ,
ਤੂੰ ਲੱਖ ਵਾਰੀਂ ਆਪਣਾ ਆਪ ਜਲਾ ਵੇਖੀਂ,

ਤੁਰ ਗਏ ਜੋ ਛੱਡ ਕੇ ਕੱਲਿਆ ਨੂੰ ਹੀ,
ਐਸੇ ਸੱਜਣਾ ਦਾ ਮੁੜ ਕੇ ਨਾ ਰਾਹ ਵੇਖੀਂ,

ਕੀ ਨੀ ਕੀਤਾ ਤੇਰੇ ਲਈ ਅਸੀਂ ਜਦ ਸੋਚਦੇ ਹਾਂ,
ਤੂੰ ਕੱਲੇ ਬੈਠ ਕਦੇ ਹਿਸਾਬ ਲਗਾ ਵੇਖੀਂ,

ਅਸੀਂ ਪਰਖਣਾ ਸੀ ਤੈਨੂੰ ਪਰਖ ਲਿਆ ਸੱਜਣਾ,
ਤੂੰ ਵੀ ਸ਼ੋੌਕ ਨਾਲ ਸਾਨੂੰ ਅਜ਼ਮਾ ਵੇਖੀਂ,

ਵਿਗੜੇ ਕੁਝ ਨਾ ਜੇ ਸਾਂਈ ਹੱਥ ਦੇ ਰੱਖੇ,
ਤੂੰ ਭਾਵੇਂ ਲੱਖ ਵਾਰੀਂ ਜ਼ੋਰ ਲਗਾ ਵੇਖੀਂ,

ਜੇ ਲਿਖਿਆ ਰੱਬ ਨੇ ਤੂੰ ਵਸਦਾ ਰਹਿ,
ਆਖ ਵੈਰੀ ਨੂੰ ਤੂੰ ਕਰ ਕੇ ਤਬਾਹ ਵੇਖੀਂ।

ਨਾ ਦਰਦ ਦੀ ਭਾਸ਼ਾ ਹੁੰਦੀ ਹੈ ਅਤੇ ਨਾ ਸ਼ੋਖ਼ ਚਿਹਰੇ ਦੀ!

ਨਾ ਹੰਝੂਆਂ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਹਾਸੇ ਦੀ!

ਨਾ ਦਰਦ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਸ਼ੋਖ਼ ਚਿਹਰੇ ਦੀ!

ਨਾ ਅੱਖਾਂ ਦੀ ਰੜਕ ਦੀ ਭਾਸ਼ਾ ਹੁੰਦੀ ਹੈ

ਨਾ ਪੈਰਾਂ ਦੇ ਛਾਲਿਆਂ ਦੀ!

ਨਾ ਅੱਗ ਦੇ ਸੇਕ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਸੀਤਲ ਜਲ ਦੀ!

ਨਾ ਸੁਆਦ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਬਿਖ਼ਰੀ ਖ਼ੁਸ਼ਬੂ ਦੀ!

ਨਾ ਬਹਾਰ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਪੱਤਝੜ ਦੀ!

ਤੈਨੂੰ ਯਾਦ ਮੇਰੀ ਆਣ ਕੇ ਸਤਾਇਆ ਕਰੂਗੀ… ਮਾਰ-ਮਾਰ ਠੋਲੇ ਲਊ ਰਾਤ ਨੂੰ ਜਗਾ ਵੇ

ਹਸਾਇਆ ਕਰੂਗੀ ਜਾਂ ਰੁਆਇਆ ਕਰੂਗੀ…

ਤੈਨੂੰ ਯਾਦ ਮੇਰੀ, ਆਣ ਕੇ ਸਤਾਇਆ ਕਰੂਗੀ…

ਯਾਦ ਮੇਰੀ ਆਊ, ਜਦੋਂ ‘ਕੱਲਾ ਬੈਠਾ ਹੋਵੇਂਗਾ,

ਅੱਖਾਂ ਜੀਆਂ ਧੋਵੇਂਗਾ ਤੇ ਹੰਝੂ ਵੀ ਪਰੋਵੇਂਗਾ

ਤੇਰੇ ਚਿੱਤ ਨੂੰ ਚਿਤਮਣੀ ਜੀ ਲਾਇਆ ਕਰੂਗੀ…

ਤੈਨੂੰ ਯਾਦ ਮੇਰੀ ਆਣ ਕੇ ਸਤਾਇਆ ਕਰੂਗੀ…

ਜਦੋ ਬਾਹਰ ਤੂੰ ਬਗੀਚੀ ਵਿੱਚ ਕਦੇ ਖੜੇਂਗਾ

‘ਕੱਲੇ-’ਕੱਲੇ ਪੱਤੇ ਉਤੇ ਨਾਮ ਮੇਰਾ ਪੜੇਂਗਾ,

ਵੇ ਦਿਲ ਨਾਲ ਲੜੇਗਾ…

ਦੇਖੀਂ ਤਿਤਲੀ ਜੀ ਬਣ ਮੂਹਰੇ ਆਇਆ ਕਰੂਗੀ…

ਤੈਨੂੰ ਯਾਦ ਮੇਰੀ ਆਣ ਕੇ ਸਤਾਇਆ ਕਰੂਗੀ…

ਮਾਰ-ਮਾਰ ਠੋਲੇ ਲਊ ਰਾਤ ਨੂੰ ਜਗਾ ਵੇ

ਆਪ ਆ ਕੇ ਹੱਸੂ ਲਊ ਤੈਨੂੰ ਵੀ ਹਸਾ ਵੇ

ਜਾਊਗੀ ਰੁਆ ਵੇ…

ਚੰਨਾਂ ਸੁਪਨੇ ਦੇ ਵਿੱਚ ਵੀ ਜਗਾਇਆ ਕਰੂਗੀ…

ਤੈਨੂੰ ਯਾਦ ਮੇਰੀ ਆਣ ਕੇ ਸਤਾਇਆ ਕਰੂਗੀ…

ਸੋਚੇਗਾ ਤੂੰ ਜਦੋ ਹੋ ਜਾਊ ਸੀਨੇ ਵਿਚ ਸੱਲ ਵੇ

ਪਿਆਰ ਵਾਲੀ ਜਿੰਦਗੀ ‘ਚ ਭੁੱਲੇਂਗਾ ਨਾ ਗੱਲ ਵੇ

ਨਾ ਸਕੇਗਾ ਤੂੰ ਝੱਲ ਵੇ…

ਤਾਂ ਨਿੱਤ ਤੜਫਾਇਆ ਕਰੂਗੀ…

ਤੈਨੂੰ ਯਾਦ ਮੇਰੀ ਆਣ ਕੇ ਸਤਾਇਆ ਕਰੂਗੀ…

ਮੇਲ ਮਿਲਾਪ ਕਰਾਉੇਣ ਵਾਲਾ ਕੋਈ ਨਹੀ ਮਿਲਿਆ

ਇਹ ਹੁਸੀਨ ਜਿੰਦਗੀ ਤੇਰੇ ਸਫਰ ਵਿੱਚ,

ਪਿਆਰ ਕਰਨ ਕਰਾਉਣ ਵਾਲਾ ਕੋਈ ਨਹੀ ਮਿਲਿਆ।

ਤੜਫਾਉਣ ਵਾਲੇ ਮਿਲੇ ਚੜਾਉਣ ਵਾਲੇ ਵੀ ਮਿਲੇ,

ਪਰ ਹਾਸੇ ਲਿਆਉਣ ਵਾਲਾ ਕੋਈ ਨਹੀ ਮਿਲਿਆ।

ਚਲਦੇ ਚਲਦੇ ਵਿਖੜੇ ਪੈਂਡੇ ਹੋ ਗਏ,

ਪਰ ਰਸਤਾ ਮਿਲਾਉਣ ਵਾਲਾ ਕੋਈ ਨਹੀ ਮਿਲਿਆ।

ਟਹਿਕਦੀ ਫੁਲਵਾੜੀ ਦੇ ਜੋ ਸੁਪਨੇ ਸਜੇ,

ਮਹਿਕਦਾ ਫੁੱਲ ਸਜਾਉਣ ਵਾਲਾ ਕੋਈ ਨਹੀ ਮਿਲਿਆ।

ਮਕਾਨ ਸੋਰੇ ਦੀ ਮਿੱਟੀ ਦੇ ਖੁਰਦੇ ਗਏ,

ਪਰ ਘਰ ਬਣਾਉਣ ਵਾਲਾ ਕੋਈ ਨਹੀ ਮਿਲਿਆ।

ਸੂਰਜ ਚੰਦ ਬਿਨ ਨਾਗਾ ਚੜਦੇ ਰਹੇ ਡੁੱਬਦੇ ਰਹੇ,

ਅੰਦਰ ਰੋਸ਼ਨੀ ਜਗਾਉਣ ਵਾਲਾ ਕੋਈ ਨਹੀ ਮਿਲਿਆ।

ਰਿਸਤੇ ਨਾਤੇ ਦੋਸਤ ਸਾਰੇ ਆਪਣੀ ਥਾਂ ਚੰਗੇ,

ਮੇਲ ਮਿਲਾਪ ਕਰਾਉੇਣ ਵਾਲਾ ਕੋਈ ਨਹੀ ਮਿਲਿਆ।

ਹੱਥੀ ਲਾਏ ਬੂਟੇ ਉਹ ਪੇੜ ਬਣ ਗਏ,

ਸੰਘਣੀ ਛਾਂ ਵਿਛਾਉਣ ਵਾਲਾ ਕੋਈ ਨਹੀ ਮਿਲਿਆ।

ਲਹੂ ਚਿੱਟੇ ਵਿੱਚ ਸਾਹ ਲੈ ਉਧਾਰੇ ਜਿੰਦ ਲੋਥ ਬਣੀ,

ਅਰਥੀ ਮੋਢਾ ਲਾਉਣ ਵਾਲਾ ਕੋਈ ਨਹੀ ਮਿਲਿਆ।

ਹਮ ਨਹੀ ਚੰਗੇ ਬੁਰਾ ਨਹੀ ਕੋਏ ਪੜ੍ਹਦਾ ਰਿਹਾ,

ਸੱਚੀ ਪੱਟੀ ਪੜਾਉਣ ਵਾਲਾ ਕੋਈ ਨਹੀ ਮਿਲਿਆ ।

ਗਿਲਾ ਕਰੇ ਤਾਂ ਕਰੇ ਕਿਸ ਨਾਲ,

ਰਖਵਾਲਾ ਕਹਾਉਣ ਵਾਲਾ ਕਿਤੇ ਕੋਈ ਕਹੀ ਮਿਲਿਆ।

ਸਬਰ ਪਿਆਲਾ, ਲਿਖੇ ਵਿਹੁ ਮਾਤਾ ਦੇ,

ਧਰਵਾਸ ਧਰਾਉਣ ਲਈ ਹੋਰ ਕੋਈ ਨਹੀ ਮਿਲਿਆ।

ਫ਼ੇਰ ਸਿਆਹੀ ਵੀ ਮੇਰੇ ਨਾਲ ਆਣ ਬੋਲੀ

ਚਿੱਠੀ ਲਿਖਣ ਲੱਗੀ ਨੂੰ ਪੈੱਨ ਪੁੱਛਦਾ,
ਚਿੱਠੀ ਕਿਹੜੇ ਸੱਜਣ ਨੂੰ ਪਾਉਣ ਲੱਗੀ
ਕੀ ਉਹ ਵੀ ਹੈ ਤੈਨੂੰ ਯਾਦ ਕਰਦਾ?
ਜਾਂ ਤੂੰ ਆਪਣਾ ਹੀ ਵਕਤ ਗੁਆਉਣ ਲੱਗੀ…?

ਪੈੱਨ ਪੁੱਛ ਕੇ ਗੱਲ ਨੂੰ ਪਰ੍ਹੇ ਹੋਇਆ,
ਫ਼ੇਰ ਵਰਕੇ ਆਣ ਸੁਆਲ ਕੀਤਾ
ਕੀ ਤੇਰੇ ਪਿੱਛੇ ਵੀ ‘ਉਹ’ ਹੋਇਆ ਝੱਲਾ,
ਜਾਂ ਤੂੰ ਆਪਣਾ ਹੀ ਬੁਰਾ ਹਾਲ ਕੀਤਾ…?

ਫ਼ੇਰ ਸਿਆਹੀ ਵੀ ਮੇਰੇ ਨਾਲ ਆਣ ਬੋਲੀ,
ਮੇਰੇ ਨੇੜੇ ਹੋ ਕੇ ਉਹ ਬਹਿ ਗਈ ਏ
ਜੇਕਰ ਤੈਨੂੰ ‘ਬੇਵਫ਼ਾ’ ਨਹੀਂ ਯਾਦ ਕਰਦਾ,
ਤੂੰ ਉਹਦੇ ਹੀ ਜੋਗੀ ਕਿਉਂ ਰਹਿ ਗਈ ਏਂ…?

ਯਾਦਾਂ ਯਾਰ ਦੀਆਂ ਸੀਨੇਂ ਦੇ ਵਿਚ ਰੱਖੇਂ,
ਲਿਖੇਂ ਮੁਬਾਰਕਾਂ ਕਿਉਂ ਹਰ ਸਾਲ ਉਹਨੂੰ?
ਸੱਚੇ ਪਿਆਰ ਵਿਚ ਵੱਸਦਾ ਰੱਬ ਭਲੀਏ,
ਏਨੀ ਗੱਲ ਦਾ ਨਹੀਂ ਖਿ਼ਆਲ ਉਹਨੂੰ…?

ਨਹੀਂ ਤੈਨੂੰ ਜੇ ਯਾਦ ਕਰਦਾ,
ਤੂੰ ਕਿਉਂ ਦੁਹਾਈਆਂ ਪਾਉਣ ਲੱਗੀ?
ਮਾਣਦਾ ਉਹ ਰੰਗਰਲ਼ੀਆਂ,
ਤੂੰ ਕਿਉਂ ਆਪਣਾ ਦਿਲ ਦੁਖਾਉਣ ਲੱਗੀ…?
ਕਾਹਨੂੰ ਆਪਣਾ ਆਪ ਖਪਾਉਣ ਲੱਗੀ…?
ਉਹਦੇ ਪਿਆਰ ‘ਚ ਹੋਸ਼ ਗਵਾਉਣ ਲੱਗੀ…?

ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ

ਇਕ ਉਲਾਂਭਾ ਤੈਨੂੰ ਦੇਵਾਂ ਵੇ ਰੱਬਾ,
ਸਾਡਾ ਪਾਇਆ ਕਿਉਂ ਵਿਯੋਗ?
ਵੇ ਦੱਸ ਲਿਖੇ ਕਿਉਂ ਨਹੀਂ,
ਸਾਡੇ ਸੱਜਣਾਂ ਨਾਲ ਸੰਯੋਗ?
ਪਿਆਰ ਤਾਂ ਰੱਬਾ ਪਾ ਦਿੱਤਾ ਸਾਡਾ,
ਮੇਲੀ ਨਾ ਤਕਦੀਰ ਵੇ…
ਵਿਚ ਵਿਛੋੜੇ ਪਾਗ਼ਲ ਕਰਤੇ,
ਦਿੱਤਾ ਕਲੇਜਾ ਚੀਰ ਵੇ…
ਜੇ ਸੀ ਰੱਬਾ ਇੰਜ ਤੜਫ਼ਾਉਣਾ,
ਕਾਹਨੂੰ ਲਾਇਆ ਇਸ਼ਕ ਦਾ ਰੋਗ…
ਵੇ ਰੱਬਾ ਲਿਖੇ ਕਿਉਂ ਨਹੀਂ,
ਸਾਡੇ ਸੱਜਣਾ ਨਾਲ਼ ਸੰਯੋਗ

ਕੀ ਖੱਟਿਆ ਇਹਨਾਂ ਮੁਲਕਾਂ ‘ਚੋਂ
ਅਸੀਂ ਹੰਝੂ ਝੋਲ਼ੀ ਪਾ ਬੈਠੇ
ਨਾ ਏਧਰ ਦੇ, ਨਾ ਓਧਰ ਦੇ,
ਅਸੀਂ ਆਪਣਾ ਆਪ ਗੁਆ ਬੈਠੇ
ਅਸੀਂ ਤੁਰਦੀਆਂ ਫਿ਼ਰਦੀਆਂ ਲਾਸ਼ਾਂ ਹਾਂ,
ਸਾਡਾ ਦਿਲ ਧੜਕਣਾਂ ਭੁੱਲ ਗਿਆ ਏ…
ਅਸੀਂ ਦਿਲੋਂ ਜੀਹਦੇ ‘ਤੇ ਡੁੱਲੇ ਸੀ,
ਉਹ ਹੋਰ ਕਿਸੇ ‘ਤੇ ਡੁੱਲ ਗਿਆ ਏ…

ਦਿਲ ਦੇਈਏ ਉਹਨਾਂ ਸੱਜਣਾਂ ਨੂੰ,
ਜੀਹਨੂੰ ਦਿਲ ਦੀ ਹੋਵੇ ਚਾਹ ਲੋਕੋ
ਦਿਲ ਦੇਈਏ ਨਾ ਬੇਕਦਰੇ ਨੂੰ,
ਜਿਹੜਾ ਲੈ ਕੇ ਦਿਲ ਜਾਏ, ਰਾਹ ਲੋਕੋ
ਇਹ ਦੁਨੀਆਂ ਧੋਖ਼ੇਬਾਜ਼ਾਂ ਦੀ,
ਨਿੱਤ ਰਹੇ ਬਦਲਦੀ ਰਾਹ ਨੀ…
ਬੰਦ ਰਹਿ ਕਲੀਏ, ਬੰਦ ਰਹਿ ਨੀ,
ਨਾ ਖਿੜ ਕੇ ਕਦਰ ਗੁਆ ਨੀ…

ਕਰਜ਼ਾ ਉਤਾਰ ਸਕਣਾ ਕੀਕਣ ਭਲਾ ਮੈਂ ਤੇਰਾ ਪੀੜਾਂ ਦਾ ਢੋ ਢੁਕਾਇਆ ਯਾਰਾ ਤਿਰੇ ਪਿਆਰ ਨੇ।

ਗਲੀਆਂ ਉਦਾਸ ਹੋਈਆਂ ਉਜੜੇ ਹੀ ਸਭ ਬਜ਼ਾਰ ਨੇ
ਡੇਰੇ ਨੇ ਜਾ ਕਨੇਡਾ ਲਾਏ ਜਦੋਂ ਦੇ ਯਾਰ ਨੇ।

ਪਾਈਆਂ ਜਦੋਂ ਸੀ ਪ੍ਰੀਤਾਂ ਲਾਰੇ ਬੜੇ ਸੀ ਲਾਏ
ਦੇਣਾ ਕੀ ਓਸ ਮੈਨੂੰ ਨੀਤਾਂ ਵੀ ਹੁਣ ਉਡਾਰ ਨੇ।

ਖ਼ਤ ਵੀ ਕਦੇ ਨਾ ਪਾਵੇ ਚੁੱਕੇ ਨਾ ਫੋਨ ਕੋਈ
ਕਿਹਦੇ ਨੇ ਨਾਲ ਮੈਂ ਹੁਣ ਸ਼ਿਕਵੇ ਗਿਲੇ ਗੁਜ਼ਾਰਨੇ।

ਡਾਢਾਂ ਉਦਾਸ ਹੋਵੇ ਦਿਲ ਜਾਂ ਇਹ ਨਿਮਾਣਾ
ਮੱਤਾਂ ਮੈਂ ਆਪ ਦੇਵਾਂ! ਦੇਣਾ ਕੀ ਇਸ ਵਪਾਰ ਨੇ?

ਉਸ ਦੇ ਹੀ ਸੁਪਨ ਲੈਂਦੇ ਤੜ੍ਹਕੇ ਸੀ ਅੱਖ ਲੱਗੀ
ਵੈਰੀਸੀ ਬਣ ਜਗਾਇਆ ਕਣੀਆਂਦੀ ਇਕ ਫੁਹਾਰਨੇ

ਆਵੇਂ ਕਦੀ ਜੇ ਮੁੜ ਕੇ, ਤੈਨੂੰ ਬਹਾ ਕੇ ਪੁੱਛਾਂ
ਮੇਰੇ ਵੀ ਦਿਲ 'ਚ ਸ਼ਿਕਵੇ ਵੈਸੇ ਤਾਂ ਬੇਸ਼ੁਮਾਰ ਨੇ।

ਦੂਰੀ ਦੇ ਮਾਮਲੇ ਨੇ ਦਿਲ ਤੋਂ ਨਾ ਪਰ ਭੁਲਾਵੀਂ
ਏਸੇ ਹੀ ਆਸ ਉੱਤੇ ਯਾਦਾਂ 'ਚ ਪਲ ਗੁਜ਼ਾਰਨੇ।

ਮੇਰੇ ਨੇ ਵਾਲ ਖਿਲਰੇ ਮੇਰੇ ਖ਼ਿਆਲ ਵਾਂਗੂੰ
ਮੇਰੇ ਨਸੀਬ ਕਿੱਥੇ ਵਾਲਾਂ 'ਚ ਫੁਲ ਸਵਾਰਨੇ।

ਬਰਸੇ ਕਣੀ ਨਾ ਜਿੱਥੇ ਹੋਇਆ ਵਿਰਾਨ ਵਿਹੜਾ
ਫੇਰਾ ਕਦੋਂ ਹੈ ਪਾਣਾ ਵਿਛੜੀ ਹੋਈ ਬਹਾਰ ਨੇ?

ਗਲਿਆਂ ਚੋਂ ਗੀਤ ਵਿਛੜੇ ਪੋਟੇ ਤੋਂ ਤਾਰ ਵਿਛੜੇ
ਕਿੱਲੀਤੇ ਟੰਗੀ ਰਹਿਣਾ ਉਮਰਾ ਹੀ ਹੁਣ ਸਿਤਾਰਨੇ

ਕਰਜ਼ਾ ਉਤਾਰ ਸਕਣਾ ਕੀਕਣ ਭਲਾ ਮੈਂ ਤੇਰਾ
ਪੀੜਾਂ ਦਾ ਢੋ ਢੁਕਾਇਆ ਯਾਰਾ ਤਿਰੇ ਪਿਆਰ ਨੇ।

ਗੁੰਬਦ ਪਿਆ ਇਹ ਗੂੰਜੇ ਮੁੜਕੇ ਅਵਾਜ਼ ਆਵੇ
ਤੇਰਾ ਹੀ ਨਾਮ ਲੈਣਾ ਮੇਰੇ ਤਾਂ ਇਸ ਮਜ਼ਾਰ ਨੇ।

ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ

ਅੱਜ ਆਖਾਂ ਵਾਰਸਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।
ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸਸ਼ਾਹ ਨੂੰ ਕਹਿਣ।
ਵੇ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ,
ਤੇ ਉਨ੍ਹਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ।
ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁੱਟਿਆ ਜ਼ਹਿਰ,
ਗਿੱਠ ਗਿੱਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ।
ਵਿਹੁ-ਵਲਿੱਸੀ 'ਵਾ ਫਿਰ ਵਣ ਵਣ ਵਗੀ ਜਾ,
ਉਹਨੇ ਹਰ ਇਕ ਬਾਂਸ ਦੀ ਵੰਝਲੀ ਦਿੱਤੀ ਨਾਗ ਬਣਾ।
ਪਹਿਲਾ ਡੰਗ ਮਾਂਦਰੀਆ ਮੰਤੂੰ ਗਏ ਗੁਆਚ,
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ।
ਨਾਗਾਂ ਕੀਲੇ ਲੋਕ-ਮੂੰਹ, ਬਸ ਫਿਰ ਡੰਗ ਹੀ ਡੰਗ,
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ।
ਗਲਿਓਂ ਟੁੱਟੇ ਗੀਤ ਫਿਰ ਤੱਕਲਿਓਂ ਟੁੱਟੀ ਤੰਦ,
ਤਿੂੰਜਣੋਂ ਟੁੱਟੀਆਂ ਸਹੇਲੀਆਂ, ਚਰੱਖੜੇ ਘੂਕਰ ਬੰਦ।
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ,
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ।
ਜਿੱਥੇ ਵਜਦੀ ਸੀ ਫੂਕ ਪਿਆਰ ਦੀ, ਵੇ ਉਹ ਵੰਝਲੀ ਗਈ ਗੁਆਚ,
ਰਾਂਝੇ ਦੇ ਸੱਭ ਵੀਰ ਅੱਜ ਭੁੱਲ ਗਏ ਉਹਦੀ ਜਾਚ।
ਧਰਤੀ 'ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ,
ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ।
ਅੱਜ ਸੱਭੇ ਕੈਦੋ ਬਣ ਗਏ ਹੁਸਨ ਇਸ਼ਕ ਦੇ ਚੋਰ,
ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਸਸ਼ਾਹ ਇਕ ਹੋਰ।
ਅੱਜ ਆਖਾਂ ਵਾਰਸਸ਼ਾਹ ਨੂੰ ਤੂੰਹੋਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।

ਦਰਦ ਦੀ ਦਿਸਦੀ ਦਵਾ ਕੋਈ ਨਹੀਂ

ਦਰਦ ਦੀ ਦਿਸਦੀ ਦਵਾ ਕੋਈ ਨਹੀਂ
ਗ਼ਮ ਮੇਰੇ ਦੀ ਇੰਤਹਾ ਕੋਈ ਨਹੀਂ।
ਹਿਜਰ ਦੀ ਹਰ ਵਕਤ ਕਾਲੀ ਰਾਤ ਹੈ
ਵਸਲ ਦੀ ਚੜ੍ਹਦੀ ਸੁਬ੍ਹਾ ਕੋਈ ਨਹੀਂ।
ਤੁਰਨ ਨੂੰ ਰਸਤੇ ਨੇ ਭਾਵੇਂ ਉਂਜ ਬੜੇ
ਤੇਰੇ ਵੱਲ ਜਾਵੇ ਜੋ ਰਾਹ ਕੋਈ ਨਹੀਂ।
ਸਾਥ ਛੱਡ ਕੇ ਤੂੰ ਜਦੋਂ ਦਾ ਟੁਰ ਗਿਐਂ
ਬਚਿਆ ਸਾਡੇ ਵਿੱਚ ਵੀ ਸਾਹ ਕੋਈ ਨਹੀਂ।
ਵਕਤ ਤੇਰੇ ਨਾਲ ਜਿਹੜਾ ਗੁਜ਼ਰਿਆ
ਮੁੜ ਕਦੇ ਆਵੇ ਵਜ੍ਹਾ ਕੋਈ ਨਹੀਂ।
ਤੂੰ ਸੀ ਤਾਂ ਪੱਕੇ ਨਮਾਜ਼ੀ ਸਾਂ ਬੜੇ
ਹੁਣ ਇਹੀ ਲੱਗਦੈ ਖ਼ੁਦਾ ਕੋਈ ਨਹੀਂ।
ਨੈਣਾ ਦਾ ਸਾਵਣ ਨਾ ਵਰ੍ਹਨੋਂ ਹਟ ਰਿਹਾ
ਕਦ ਰੁਕੇਗਾ ਇਹ ਪਤਾ ਕੋਈ ਨਹੀਂ।
ਮੁਕ ਜਾਵਾਂ ਛੇਤੀ ਅਵੱਲੀ ਰੀਝ ਹੈ
ਰੱਜ ਕੇ ਜੀਣੇ ਦੀ ਚਾਹ ਕੋਈ ਨਹੀਂ।

ਜੰਗਲ ਜੰਗਲ ਬਸਤੀ ਬਸਤੀ, ਗਾਹ ਗਈ ਦਹਿਸ਼ਤ

ਜੰਗਲ ਜੰਗਲ ਬਸਤੀ ਬਸਤੀ, ਗਾਹ ਗਈ ਦਹਿਸ਼ਤ।
ਭਾਸ਼ਾ ਧਰਮ ਰੰਗ ਨਸਲ ਤੇ, ਛਾ ਗਈ ਦਸ਼ਿਤ।
ਹਿੰਦੂ ਮੁਸਲਿਮ ਸਿੱਖ ਈਸਾਈ, ਵੱਖਰੇ ਨਾ
ਬਿਨਾ ਵਿਤਕਰੇ ਮਾਰ, ਆਪਣੇ ਰਾਹ ਗਈ ਦਹਿਸ਼ਤ।
ਬੰਬ ਗੋਲੀਆਂ ਖਾਵੇ, ਉਗਲੇ ਅੱਗ ਜ਼ਹਿਰੀ,
ਪੈਟਰੋਲ ਕਦੇ ਬਾਰੂਦ ਵਿੱਚ, ਨਹਾ ਗਈ ਦਹਿਸ਼ਤ।
ਅੱਗਾਂ, ਲੁੱਟਾਂ, ਖੋਹਾਂ, ਕਰੇ ਬਲਾਤਕਾਰ,
ਸੀਨਾ ਜ਼ੋਰੀ ਦੁਨੀਆਂ ਵਿੱਚ, ਸਿਖਾ ਗਈ ਦਹਿਸ਼ਤ।
ਪੁਲਿਸ, ਵਕੀਲ, ਦਲੀਲ, ਨਿਆਂ ਦਾ ਬੌਣਾ ਕੱਦ,
ਬੱਸਾਂ, ਗੱਡੀਆਂ, ਹੋਟਲਾਂ ਵਿੱਚ ਵੀ, ਛਾ ਗਈ ਦਹਿਸ਼ਤ।
ਵਤਨ ਛੱਡ ਬੇਵਤਨੇ ਹੋਏ, ਵਾਸੀ ਤੋਂ ਪ੍ਰਵਾਸੀ,
ਪ੍ਰਵਾਸ ਵਿੱਚ ਵੀ, ਨਫ਼ਰਤ ਦੀ ਅੱਗ ਲਾ ਗਈ ਦਹਿਸ਼ਤ।

ਖ਼ੁਸ਼ੀਆਂ ਤੇ ਗ਼ਮੀਆਂ, ਜ਼ਿੰਦਗੀ 'ਚ ਆਉਂਦੀਆਂ

ਖ਼ੁਸ਼ੀਆਂ ਤੇ ਗ਼ਮੀਆਂ, ਜ਼ਿੰਦਗੀ 'ਚ ਆਉਂਦੀਆਂ,
ਉਦਾਸੀਆਂ ਨਾ ਖ਼ੁਸ਼ੀ ਨੂੰ, ਸੱਚੇ ਦਿਲੋਂ ਚਾਹੁੰਦੀਆਂ।

ਪਰ, ਖ਼ੁਸ਼ੀ ਤੇ ਗ਼ਮੀ ਦਾ ਵੀ, ਰਿਸ਼ਤਾ ਅਨੋਖਾ ਏ,
ਵੱਖ ਕਰਨਾ ਇਹਨਾਂ ਨੂੰ, ਨਾ ਜ਼ਿੰਦਗੀ 'ਚੋਂ ਸੌਖਾ ਏ।

ਘਰ ਵਿਚ ਇਕ ਆਵੇ, ਝਾਤੀ ਦੂਜੀ ਵੀ ਮਾਰਦੀ,
ਖ਼ੁਸ਼ੀ ਲਾਵੇ ਡੇਰਾ, ਗ਼ਮੀ ਇਹ ਵੀ ਨਾ ਸਹਾਰਦੀ।

ਆਪੋ ਵਿਚ ਦੋਵੇਂ ਭੈਣਾਂ, ਅੱਗੇ ਪਿੱਛੇ ਰਹਿੰਦੀਆਂ,
ਕੱਠੇ ਹੋ ਕੇ ਰਹਿਣਾ, ਕਦੇ ਦਿਲੋਂ ਨਾ ਸਹਿੰਦੀਆਂ।

ਦੋਹਾਂ ਦਾ ਰਿਸ਼ਤਾ, ਮੈਂ ਕਿਵੇਂ ਆਖਾਂ ਚੰਗਾ ਏ,
ਇਕ ਘਰ ਵੜੇ, ਦੂਜੀ ਚੁੱਕ ਲੈਂਦੀ ਡੰਡਾ ਏ।

ਭੈਣਾਂ ਭਾਵੇਂ ਸੱਕੀਆਂ, ਪਰ ਵੱਖਰੇ ਹੀ ਹੱਠ ਨੇ,
ਹੱਕ ਲੈਣ ਵੇਲੇ ਅਕਸਰ ਦੋਵੇਂ ਵੱਖੋ-ਵੱਖ ਨੇ।

ਇਕ ਪਿਆਰ ਪਾ ਕੇ, ਘਰ ਸਭ ਦੇ ਵਸਾਉਂਦੀ ਏ,
ਇਕ ਪਾਣੇ ਪੁਆੜੇ, ਦੂਜੀ ਨੀਹਾਂ ਨੂੰ ਹਿਲਾਉਂਦੀ ਏ।

ਇਹਨਾਂ ਦਾ ਪਿਆਰ ਵੇਖੋ, ਦੁਨੀਆਂ ਤੋਂ ਅਨੋਖਾ ਏ,
ਦੋਹਾਂ ਨੂੰ ਨਜਿੱਠਣਾ, ਯਾਰੋ ਡਾਢਾ ਔਖਾ ਏ।

ਖ਼ੁਸ਼ੀ ਆਵੇ ਘਰ, ਸਾਰੇ ਪਾਣੀ ਉਹਦੇ ਭਰਦੇ,
ਗ਼ਮੀਆਂ ਨੂੰ ਵੇਖ ਸਾਰੇ,‘ਅੰਮ੍ਰਿਤ’ ਵਾਂਗ ਡਰਦੇ।

ਰੱਬ ਨੇ ਬਣਾਏ ਵੇਖੋ ਕਿਹੋ ਜਹੇ ਨਾਤੇ ਨੇ,
ਜ਼ਿੰਦਗੀ 'ਚ ਜੀਊਣ ਲਈ, ਯਾਰੋ ਦੋਵੇਂ ਪਾਸੇ ਨੇ।

ਕਿਤੇ ਬਿਜਲੀਆਂ ਨੇ ਕਿਤੇ ਨੇ ਘਟਾਵਾਂ ਤਾਂ ਕੀ ਮੈਂ ਕਿਤੇ ਆਲ੍ਹਣਾ ਬਣਾਵਾਂ?

ਕਿਤੇ ਬਿਜਲੀਆਂ ਨੇ ਕਿਤੇ ਨੇ ਘਟਾਵਾਂ
ਤਾਂ ਕੀ ਮੈਂ ਕਿਤੇ ਆਲ੍ਹਣਾ ਬਣਾਵਾਂ?

ਮੈਂ ਸਾਹਾਂ ਦੇ ਮਿਰਗਾਂ ਨੂੰ ਹੁਣ ਕੀ ਪਿਲਾਵਾਂ?
ਨਾ ਏਧਰ ਹਵਾਵਾਂ ਨਾਂ ਉਧਰ ਹਵਾਵਾਂ

ਹਿਲਾਉਂਦਾ ਸੀ ਹੱਥ ਇਉਂ, ਉਹ ਡੁੱਬਣ 'ਤੇ ਆਇਆ
ਮਲਾਹਾਂ ਨੂੰ ਜਿਉਂ ਦੇ ਰਿਹਾ ਸੀ ਦੁਆਵਾਂ

ਉਡੀਕਾਂਗਾ ਤੈਨੂੰ, ਸਮਾਂ ਮੈਂ ਨਹੀਂ ਹਾਂ
ਕਿ ਤੈਨੂੰ ਮਿਲੇ ਤੋਂ ਬਿਨਾ ਬੀਤ ਜਾਵਾਂ

ਚੁਰਾਹੇ 'ਚ ਰੁੱਖ ਅਹੁ, ਜੋ ਧੁੱਪ ਸੇਕਦਾ ਹੈ
ਚਲੋ ਉਸ ਨੂੰ ਪੁੱਛੀਏ ਕਿਧਰ ਗਈਆਂ ਛਾਵਾਂ

ਹਨੇਰਾ ਕਿਵੇਂ ਘੂਰ ਕੇ ਵੇਖਦਾ ਹੈ
ਮੈਂ ਫ਼ਿਰ ਰਾਖ ਤੋਂ ਰੌਸ਼ਨੀ ਬਣ ਨਾ ਜਾਵਾਂ

ਮੈਂ ਚਿਹਰੇ ਤੋਂ ਪੜ੍ਹਿਆ ਮੁਹੱਬਤ 'ਤੇ ਰੁਕਿਆ
ਸੀ ਬਾਜ਼ਾਰ ਵਿੱਚ ਫ਼ਿਰਦੀਆਂ ਕੁਝ ਸਰਾਵਾਂ

ਫ਼ਿਰਨ ਅਲਫ਼ ਨੰਗੀਆਂ ਆਵਾਰ ਇਹ ਸੜਕਾਂ
ਮੈਂ ਕਿਸ ਕਿਸ ਚੁਰਾਹੇ 'ਚ ਪਹਿਰੇ ਬਿਠਾਵਾਂ?

ਸੀ ਮੈਂ ਇੱਕ ਪਤੰਗ, ਹੋਰ ਉਡਿਆ ਉਚੇਰਾ
ਤੁਸਾਂ ਬਹੁਤ ਖਿੱਚ ਕੇ ਰੱਖੀਆਂ ਤਣਾਵਾਂ

ਵਕਤ ਸਾਜ਼ਿਸ਼ ਹੀ ਕਰਨੋਂ ਜੇ ਰੁਕਿਆ ਨਹੀਂ

ਆਸ ਦੇ ਮੱਥੇ ਵਿੱਚ ਦੀਵਾ ਬਲਦਾ ਰਹ,ੇ
ਹਰ ਨਿਾਰੇ 'ਤੇ ਰਸਤੇ ਨਿਕਲ ਆਉਣਗ।ੇ
ਵਕਤ ਸਾਜ਼ਿਸ਼ ਹੀ ਕਰਨੋਂ ਜੇ ਰੁਕਿਆ ਨਹੀਂ,
ਸੀਸ ਧਰ ਕੇ ਤਲੀ 'ਤੇ ਕਈ ਜਾਣਗੇ।

ਇਹ ਦੁਆ ਹੈ ਕਿ ਪੌਦਾ ਹਰਾ ਹੀ ਰਹੇ,
ਪਾਣੀਆਂ ਦਾ ਮੁਕੱਦਰ ਨਾ ਰੇਤਾ ਬਣੇ।
ਜ਼ਹਿਰ ਹੀ ਇਸ ਹਵਾ ਵਿੱਚ ਜੇ ਘੁਲਦਾ ਰਹੇ,
ਖ਼ਵਾਬ ਫੁੱਲਾਂ ਦੇ ਬੋਹਰ ਹੀ ਬਣ ਜਾਣਗੇ।

ਹੌਂਸਲਾ ਤੇ ਦਿਲਾਸਾ ਇਹ ਕੀ ਦੇਣਗੇ,
ਸ਼ਬਦ ਬਾਰੂਦ ਬਣ ਕੇ ਤਾਂ ਚੱਲਦਾ ਨਹੀਂ।
ਪੁਸਤਕਾਂ, ਮੈਗਜ਼ੀਨਾਂ ਦੇ ਸਫ਼ਿਆਂ ਉੱਤੇ,
ਦਰਦ ਦੇ ਸਬਣ ਬੂਟੇ ਤਾਂ ਸੁਕ ਜਾਣਗੇ।

ਸਹਿਮ, ਡਰ, ਦਰਦ, ਦੁਖ ਤੇ ਸਿਆਹ ਹਾਸ਼ੀਏ,
ਮਨ ਦੀ ਐਲਬਮ 'ਚ ਦੇਖਾਂਗਾ ਜਦ ਵੀ ਕਦੇ।
ਤਰਸ ਆਪਣੇ ਹੀ ਦਿਲ 'ਤੇ ਬੜਾ ਆਏਗਾ,
ਜ਼ਿਹਨ ਵਿੱਚ ਕਿਤਨੇ ਸ਼ੀਸ਼ੇ ਬਿਖਰ ਜਾਣਗੇ।

ਰਾਤ ਸਿਵਿਆਂ ਦੇ ਸਿਰ 'ਤੇ ਜੇ ਨਦੀ ਰਹੀ,
ਮਰਸੀਆ ਬਣ ਕੇ ਫੁਲ ਹੀ ਖਿੜਦੇ ਰਹੇ॥
ਸੋਚ ਦੀ ਬੇਬਸੀ ਜੇ ਰਹੀ ਇਸ ਤਰ੍ਹਾਂ,
ਗੀ ਦਿਲ ਦੇ ਸਫ਼ੇ 'ਤੇ ਹੀ ਮਰ ਜਾਣਗੇ।

ਇਹ ਪਰਿੰਦੇ ਜੋ ਬੈਠੇ ਨੇ ਦੀਵਾਰ 'ਤੇ,
ਕਰ ਰਹੇ ਨੇ ਸ਼ਾਇਦ ਇਹੋ ਇਹ ਮਸ਼ਵਰਾ।
ਜੇ ਲਹੂ ਦੇ ਨੇ ਕਤਰੇ ਪਰਾਂ ਵਿੱਚ ਤਾਂ ਫ਼ਿਰ,
ਆਲ੍ਹਣੇ ਵੀ ਦਰੱਖ਼ਤਾਂ ਦੇ ਬਣ ਜਾਣਗੇ।

ਮਛਲੀਆਂ ਨੂੰ ਮੌਤ ਦੇ ਜਲਵੇ ਦਿਖਾਏ ਜਾਣਗੇ

ਮਛਲੀਆਂ ਨੂੰ ਮੌਤ ਦੇ ਜਲਵੇ ਦਿਖਾਏ ਜਾਣਗੇ,
ਜਾਲ ਜਦ ਵੀ ਪਾਣੀਆਂ ਅੰਦਰ ਵਿਛਾਏ ਜਾਣਗੇ।

ਪਹਿਲਾਂ ਉਸ ਨੂੰ ਮਰਨ ਲਈ ਮਜਬੂਰ ਕੀਤਾ ਜਾਏਗਾ,
ਫੇਰ ਉਸ ਦੀ ਕਬਰ 'ਤੇ ਦੀਵੇ ਜਗਾਏ ਜਾਣਗੇ।

ਮਹਿਕ ਉੱਠੇਗਾ ਤੁਹਾਡੇ ਸੋਚ ਦਾ ਵਾਤਾਵਰਨ,
ਜੱਦ ਇਨ੍ਹਾਂ ਪਗਡੰਡੀਆਂ 'ਤੇ ਫੁੱਲ ਖਿੜਾਏ ਜਾਣਗੇ।

ਜੇ ਦਿਲਾਂ ਵਿੱਚ ਰਿਸ਼ਤਿਆਂ ਦਾ ਮਾਣ ਮੋਹ ਹੀ ਨਾ ਰਿਹਾ,
ਕਿਸ ਤਰ੍ਹਂ ਅਹਿਸਾਸ ਦੇ ਨਗ਼ਮੇ ਰਚਾਏ ਜਾਣਗੇ।

ਅੱਜ ਜਿਹਨੂੰ ਰੋਲ ਕੇ ਹੀ ਮਾਰ ਦਿੱਤਾ ਹੈ ਤੁਸਾਂ,
ਕੱਲ੍ਹ ਉਸ ਦੀਆਂ ਯਾਦਾਂ ਵਿੱਚ ਗਾਏ ਜਾਣਗੇ।

ਮਾਂ ਦੇ ਸਿਰ ਦੀ ਚੁੰਨੀ ਹਾਂ ਮੈ, ਤੇਰੀ ਵੀ ਦਸਤਾਰ ਬਾਬਲਾ

ਕੁੱਖ ਵਿਚ ਨਾ ਤੂੰ ਮਾਰ ਬਾਬਲਾ।
ਕਰ ਨਾ ਅੱਤਿਆਚਾਰ ਬਾਬਲਾ।

ਮਾਂ ਦੇ ਸਿਰ ਦੀ ਚੁੰਨੀ ਹਾਂ ਮੈ,
ਤੇਰੀ ਵੀ ਦਸਤਾਰ ਬਾਬਲਾ।

ਦੱਸ ਬਗ਼ੀਚੇ ਵਿਚ ਕੀ ਹੁੰਦੈ?
ਇੱਕ ਤਿੱਤਲੀ ਦਾ ਭਾਰ ਬਾਬਲਾ।

ਨਾ ਤੋੜੀ ਨਾ ਤੋੜੀ ਮੈਨੂੰ,
ਮੈਂ ਜ਼ਿੰਦਗੀ ਦੀ ਤਾਰ ਬਾਬਲਾ।

ਤੇਰੀਆਂ ਸੱਤੇ ਖ਼ੈਰਾਂ ਮੰਗਦੀ,
ਸਭ ਕੂੰਜਾਂ ਦੀ ਡਾਰ ਬਾਬਲਾ।

ਖ਼ੁਸ਼ਬੋਈ ਬਿਨ ਫੁੱਲ ਵੀ ਮੰਨਦੇ,
ਰੰਗਾਂ ਦਾ ਵੀ ਭਾਰ ਬਾਬਲਾ।

ਮੈਂ ਤੇਰੇ ਤੋਂ ਕੁਝ ਨਾ ਮੰਗਾਂ
ਲੈ ਬਾਹਾਂ ਵਿਚਕਾਰ ਬਾਬਲਾ।

ਕੋਠੀਆਂ, ਕਾਰਾਂ ਦੇ ਵਿਚ ਨੇਤਾ, ਮੌਜਾਂ ਪਏ ਉਡਾਣ

ਭਾਰਤ ਦੇਸ਼ ਮਹਾਨ
ਸਾਰੇ ਜੱਗ ਦੇ ਉੱਤੇ ਜਿਸ ਦਾ,
ਸਭ ਤੋਂ ਉੱਚੀ ਸ਼ਾਨ।
ਦੇਸ਼ਾਂ ਵਿਚੋਂ ਦੇਸ਼ ਉਹ ਮੇਰਾ,
ਭਾਰਤ ਦੇਸ਼ ਮਹਾਨ।
ਵੱਖਰੀ ਜਿਸ ਦੀ ਚਹਿਲ ਪਹਿਲ
ਤੇ ਵੱਖਰੀ ਹੈ ਪਹਿਚਾਣ।
ਛਾਤੀ ਕਰ ਕੇ ਚੌੜੀ,
ਭਾਰਤ ਵਾਸੀ ਕਰਦੇ ਮਾਣ।
ਸੂਰਜ ਵਾਂਗ ਚਮਕੇ ਇਹ,
ਤੇ ਚਮਕਾਂ ਦੂਰੋਂ ਪੈਣ।
ਸਾਡੇ ਦਿਲ ਦਾ ਟੁਕੜਾ ਹੈ ਇਹ,
ਭਾਰਤ ਵਾਸੀ ਕਹਿਣ।
ਰੱਬ ਦੀ ਪੂਰੀ ਮਿਹਰ ਏਸ 'ਤੇ,
ਕੁਦਰਤ ਵੀ ਕੁਰਬਾਨ।
ਕੁਦਰਤ ਰੰਗ ਜਮਾਇਆ ਏਥੇ,
ਮੋਰ ਪਏ ਪੈਲਾਂ ਪਾਣ।
ਪ੍ਰਾਕਿਰਤਕ ਸੁੰਦਰਤਾ ਇਸ ਦੀ,
ਸਭ ਨੂੰ ਕਰੇ ਹੈਰਾਨ।
ਹਰ ਕੋਈ ਆਖੇ ਭਾਰਤ ਸਾਨੂੰ
ਲੱਗਦਾ ਸੁਰਗ ਸਮਾਨ।
ਇੱਕ ਪਾਸੇ ਹਿਮਾਲਾ ਇਸ ਦੇ,
ਦੂਜੇ ਕੰਨਿਆ ਕੁਮਾਰੀ।
ਕੁੱਲ ਦੁਨੀਆਂ ਦੀ ਕੁਦਰਤ ਇਥੇ,
ਜਾਪੇ ਆ ਗਈ ਸਾਰੀ।
ਚੜ੍ਹਿਆ ਚੰਨ ਅਕਾਸ਼ 'ਚ ਜਿਵੇਂ?
ਸੁੰਦਰ ਰੂਪ ਅਕਾਰ।
ਤਾਰਿਆਂ ਵਾਂਗ ਚਮਕਣ ਇਸ ਵਿਚ,
ਵੱਖ-ਵੱਖ ਸੱਭਿਆਚਾਰ।
ਹਿੰਦੀ, ਪੰਜਾਬੀ ਤੇ ਗੁਜਰਾਤੀ,
ਭਿੰਨ ਭਿੰਨ ਸੱਭਿਆਚਾਰ।
ਸਾਂਝੇ ਚੁੱਲ੍ਹੇ ਬੈਠੇ ਦਿੱਸਣ,
ਬਣ ਕੇ ਇੱਕ ਪਰਿਵਾਰ
ਰਿਸ਼ੀਆਂ ਮੁਨੀਆਂ ਬੈਠ ਕੇ ਇਥੇ,
ਕੀਤਾ ਤਪ ਅਪਾਰ।
ਭਗਤੀ ਰਸ ਨਾਲ ਸਿੰਜ ਕੇ,
ਦਿਸ ਨੂੰ ਕੀਤਾ ਖੂਬ ਤਿਆਰ।
ਗੁਰੂਆਂ ਪੀਰਾਂ ਤੇ ਪੈਗ਼ੰਬਰਾਂ,
ਦੀ ਕਰਤਾਰੀ ਛੋਹ।
ਕਦਮ ਕਦਮ ਦੇ ਉੱਤੇ ਆਪਣੀ,
ਵੰਡਦੀ ਪਈ ਖ਼ੁਸ਼ਬੋ।
ਦੇਵੀ ਦੇਵਤਿਆਂ ਦਾ ਇਸ ਨੂੰ,
ਮਿਲਿਆ ਅਸ਼ੀਰਵਾਦ।
ਬ੍ਰਹਮਾ, ਬਿਸ਼ਨ, ਮਹੇਸ਼ ਦੇ ਇਸ ਨੂੰ,
ਚਰਨਾਂ ਦੀ ਹੈ ਲਾਗ।
ਵੇਦਾਂ ਉਪਨਿਸ਼ਦਾਂ ਦੀ ਧਰਤੀ,
ਇਹ ਪਾਵਨ ਅਸਥਾਨ।
ਰਾਮਾਇਣ ਤੇ ਗੀਤਾ ਜਿਥੇ,
ਰਚੇ ਗ੍ਰੰਥ ਮਹਾਨ।
ਦੁਨੀਆਂ ਦੇ ਮਹਾਂਤੀਰਥ ਏਥੇ,
ਕੁਰੂਖੇਤਰ ਅਸਥਾਨ।
ਜਿਥੇ ਹੋਇਆ ਧਰਮ ਯੁੱਧ
ਮਹਾਂਭਾਰਤ ਦਾ ਘਮਸਾਨ।
ਅਮਨ ਸ਼ਾਂਤੀ ਦਾ ਇਹ ਪੁੰਜ ਹੇ,
ਸਾਰੇ ਲੋਕੀਂ ਕਹਿਣ।
ਦੂਰ ਦੂਰ ਤੱਕ ਸ਼ੋਭਾ ਇਸ ਦੀ,
ਧੁੰਮਾਂ ਪਈਆਂ ਪੈਣ।
ਸੋਹਣੇ, ਛੈਲ ਛਬੀਲੇ ਗੱਭਰੂ,
ਦੇਸ਼ ਲਈ ਮਰ ਜਾਣ।
ਭਗਤ ਸਿੰਘ ਜਿਹੇ ਸੂਰੇ ਹੱਸ ਕੇ,
ਫਾਂਸੀ 'ਤੇ ਚੜ੍ਹ ਜਾਣ।
ਸੋਹਣੀਆਂ ਤੇ ਲੰਮੀਆਂ ਮੁਟਿਆਰਾਂ,
ਸੋਹਲੇ ਇਸ ਦੇ ਗਾਣ।
ਲੋੜ ਪੈਣ 'ਤੇ ਇਹ ਮੁਟਿਆਰਾਂ,
ਚੰਡੀ ਵੀ ਬਣ ਜਾਣ।
ਰਾਂਝੇ ਏਥੇ ਜੋਗੀ ਬਣ ਕੇ,
ਸੱਚਾ ਇਸ਼ਕ ਕਮਾਣ।
ਇਸ਼ਕ ਝਨਾਂ ਵਿਚ ਸੋਹਣੀਆਂ ਏਥੇ,
ਕੱਚਿਆਂ ਤੇ ਤਰ ਜਾਣ।
ਇਸ਼ਕ ਦੀ ਖਾਤਰ ਮਿਰਜ਼ੇ ਏਥੇ,
ਜੰਡ ਹੇਠਾਂ ਕੱਟ ਜਾਣ।
ਇਸ਼ਕ ਕਮਾਵਣ ਖ਼ਾਤਰ ਮਜਨੂੰ,
ਸੁੱਕ ਤੀਲਾ ਹੋ ਜਾਣ।
ਸੜ ਸੜ ਮਰਨ ਥਲਾਂ ਵਿਚ ਸੱਸੀਆਂ,
ਹੀਰਾਂ ਮੋਹਰਾ ਖਾਣ।
ਪਹਾੜਾਂ ਵਿਚੋਂ ਆਸ਼ਕ ਏਥੇ,
ਨਹਿਰਾਂ ਪੁੱਟ ਵਖਾਣ।
ਧਰਤੀ ਇਸ ਦੀ ਸੋਨਾ ਉਗਲੇ,
ਦੌਲਤ ਬੇਸ਼ੁਮਾਰ।
ਦੁੱਧ ਦਹੀਂ ਦੀਆਂ ਨਦੀਆਂ ਵੱਗਣ,
ਅੰਨ ਦੇ ਭਰੇ ਭੰਡਾਰ।
ਕਿੰਨੀ ਸੋਹਣੀ ਤੇ ਦਿਲਕਸ਼ ਇਹ,
ਭਾਰਤ ਦੀ ਤਸਵੀਰ।
ਲੱਗ ਗਈ ਨਜ਼ਰ ਕਿਸੇ ਦੀ ਭੈੜੀ,
ਫੁੱਟ ਗਈ ਅੱਜ ਤਕਦੀਰ।
ਧਰਮ ਕਰਮ ਸਭ ਉੱਡ ਚੁੱਕਾ ਹੈ,
ਕੂੜ ਫਿਰੇ ਪ੍ਰਧਾਨ।
ਭਿੱਟ ਕੇ ਨਾਲ ਸਵਾਰਥ ਦੇ ਅੱਜ,
ਸੱਚ ਹੋਇਆ ਬਦਨਾਮ।
ਕਰਮ ਕਾਂਡ ਪਿਆ ਨੱਚੇ ਏਥੇ,
ਨੱਸ ਗਿਆ ਹੈ ਰਾਮ।
ਬਲੀ ਸਿਆਸਤ ਦੀ ਚੜ੍ਹ ਗਏ ਨੇ,
ਸੱਚ ਸੁੱਚ ਦੇ ਧਾਮ।
ਮੰਗਤਿਆਂ ਵਾਂਗ ਲੋਭੀ ਏਥੇ,
ਨਿੱਤ ਪਏ ਰੌਲਾ ਪਾਣੀ।
ਖ਼ੁਦਕੁਸ਼ੀਆਂ ਪਏ ਕਰਦੇ ਏਥੇ,
ਅੰਨਦਾਤੇ ਕਿਰਸਾਣ।
ਭੁੱਖ ਗਰੀਬੀ ਗਲ ਗਲ ਆਈ,
ਰਾਜਾ ਬੇਈਮਾਨ।
ਕੋਠੀਆਂ, ਕਾਰਾਂ ਦੇ ਵਿਚ ਨੇਤਾ,
ਮੌਜਾਂ ਪਏ ਉਡਾਣ।
ਚੀਰ ਹਰਨ ਨਿੱਤ ਹੁੰਦੇ ਏਥੇ,
ਸੀਤਾ ਸਾੜਨ ਰਾਮ।
ਅੱਗਾਂ, ਲੁੱਟਾਂ, ਖੋਹਾ ਖੋਹੀ,
ਚੋਰੀ, ਕਤਲੇਆਮ।
ਰਿਸ਼ਵਤ, ਚੋਰਬਜ਼ਾਰੀ ਏਥੇ,
ਫਿਰਦੀ ਹੈ ਸ਼ਰੇਆਮ।
ਵਾੜ ਖੇਤ ਨੂੰ ਖਾਈ ਜਾਵੇ,
ਸੁੱਤਾ ਹੋਇਐ ਰਾਮ।
ਮਲਕ ਭਾਗੋਆਂ ਦੀ ਅੱਜ ਇਥੇ,
ਝੰਡੀ ਉੱਚੀ ਹੋਈ।
ਲਾਲੋ ਫਿਰਦਾ ਭੁੱਖਾ, ਨੰਗਾ,
ਕੁੱਲੀ ਵੀ ਨਹੀਂ ਕੋਈ।
ਰਾਜਾ ਬਣਿਆ ਭੋਗ ਵਿਲਾਸੀ,
ਜਨਤਾ ਵੱਲ ਨਹੀਂ ਧਿਆਨ।
ਆਪਣੀ ਐਸ਼ੋ ਇਸ਼ਰਤ ਦੇ ਵਿਚ,
ਹੋਇਆ ਉਹ ਗਲਤਾਨ।
ਸੋਨੇ ਦੀ ਚਿੜੀਆ ਅੱਜ ਉਡ ਗਈ,
ਲੰਮੀ ਭਰ ਉਡਾਨ।
ਕਿਥੋਂ ਲਿਆਈਏ ਲੱਭ ਕੇ,
ਅੱਜ ਭਾਰਤ ਦੀ ਸ਼ਾਨ!

ਗੀਤ ਮੇਰੇ ਹੀ ਮੇਰਾ ਤਾਂ ਈਮਾਨ ਨੇ

ਗੀਤ ਮੇਰੇ ਹੀ ਮੇਰਾ ਤਾਂ ਈਮਾਨ ਨੇ,
ਇਨ੍ਹਾਂ ਗੀਤਾਂ 'ਚ ਮੈਂ ਹਾਂ ਇਹ ਅਰਮਾਨ ਨੇ।
ਮੈਨੂੰ ਜੀਣਾ ਤੇ ਖੀਣਾ ਸਿਖਾਉਂਦੇ ਨੇ ਇਹ,
ਮੇਰੀ ਧਰਤੀ ਮੇਰਾ ਇਹ ਆਸਮਾਨ ਨੇ।
ਉਠਦੇ, ਬਹਿੰਦੇ ਤੇ ਸੌਂਦੇ ਮੇਰੇ ਨਾਲ ਇਹ,
ਮੇਰੇ ਜੀਵਨ ਦੇ ਰੱਥ ਦੇ ਇਹ ਰਥਵਾਨ ਨੇ।
ਕਿਉਂ ਗਿਲਾ ਮੈਂ ਕਰਾਂ ਦੋਸਤਾਂ 'ਤੇ ਭਲਾ,
ਗੀਤ ਮੇਰੇ ਤਾਂ ਮੇਰੇ ਕਦਰਦਾਨ ਨੇ।
ਗੀਤ ਮੇਰੇ ਨੇ ਮੇਰੀ ਜਨਮ ਕੁੰਡਲੀ,
ਗੀਤ ਮੇਰੇ ਹੀ ਮੇਰੀ ਤਾਂ ਪਹਿਚਾਨ ਨੇ।
ਮੇਰੇ ਸਾਕੀ ਨੇ, ਗ਼ਮ ਤੇ ਉਦਾਸੀ 'ਚ ਇਹ,
ਦੁਸ਼ਮਣਾਂ ਨੂੰ ਵੀ ਇਹ ਗੀਤ ਪਰਵਾਨ ਨੇ।
ਕਿਸ ਤਰ੍ਹਾਂ ਇਸ ਜਨਮ ਵਿਚ ਉਤਾਰਾਂਗਾ ਮੈਂ,
ਮੇਰੇ ਸਿਰ 'ਤੇ ਇਨ੍ਹਾਂ ਦੇ ਜੋ ਅਹਿਸਾਨ ਨੇ।
ਇਹ ਨਹੀਂ ਕੋਈ ਕ੍ਰਿਸ਼ਮਾ ਹੁਨਰ ਦਾ ਮੇਰੇ,
ਤੇਰੀਆਂ ਹੀ ਮੁਹੱਬਤਾਂ ਦਾ ਵਰਦਾਨ ਨੇ।

ਜਿਊਣਾ ਅਜੇ ਮੈਂ ਹੋਰ ਸੀ, ਪਰ ਰਾਤ ਮੁੱਕ ਗਈ

ਜਿਊਣਾ ਅਜੇ ਮੈਂ ਹੋਰ ਸੀ, ਪਰ ਰਾਤ ਮੁੱਕ ਗਈ
ਮੇਰੀ ਉਹਦੇ ਨਾਲ ਸੁਫ਼ਨਿਆਂ 'ਚ ਵੀ ਬਾਤ ਮੁੱਕ ਗਈ

ਕੋਈ ਲੈ ਗਇਆ ਦਵਾਤ 'ਚੋਂ ਸਭ ਦਰਦ ਕਢ ਕੇ
ਦਰਦਾਂ ਵਿਹੂਣੀ ਕਲਮ ਦੀ ਜ਼ੁਬਾਨ ਰੁਕ ਗਈ

ਕੁਝ ਤਾਂ ਮਰੇ ਨੇ ਜ਼ਹਿਰ ਨਾਲ, ਕੁਝ ਕਤਲ ਹੋ ਗਏ
ਮਹਿਫ਼ਿਲ ਭਰੀ ਸੀ ਦੋਸਤਾਂ ਯਾਰਾਂ ਦੀ ਉਠ ਗਈ

ਅੱਜ ਤਾਂ ਹਵਾ ਹੀ ਹੋਰ ਹੈ, ਬਿਰਖਾਂ 'ਤੇ ਕੀ ਗਿਲਾ
ਪ੍ਰੀਤਾਂ ਭਰੀ ਤਰੇਲ ਸੀ ਪੱਤਿਆਂ 'ਤੇ ਸੁੱਕ ਗਈ

ਉਸ ਤਾਂ ਕਿਹਾ ਸੀ ਡੋਲ੍ਹ ਦੇ ਲਫ਼ਜ਼ਾਂ ਦੀ ਇਹ ਚਿਲਮ
ਫਿਰ ਨਾ ਕਹੀਂ ਕਿ ਗ਼ਜਲ ਵੀ ਧੂਏਂ 'ਚ ਉੱਡ ਗਈ।

ਗੱਲੋ ਗੱਲੀ ਕਰ ਦੇਣ ਦੂਰ ਗਰੀਬੀ ਗੱਲਾਂ ਨਾਲ ਜਾਵਣ ਬੰਦੇ ਨੂੰ ਖਰੀਦੀ

ਇਹ ਜੱਗ ਗੱਲਾਂ ਦੀ ਖੱਟੀ ਖਾਵੇ

ਨਾਲ ਥੁੱਕ ਦੇ ਇਹ ਵੜੇ ਪਕਾਵੇ

ਗੱਲਾਂ ਦੀ ਚਲਾਵੇ ਤਲਵਾਰ

ਅੱਗੇ ਕਰਦਾ ਗੱਲਾਂ ਦੀ ਢਾਲ

ਇੱਥੇ ਗੱਲਾਂ ਨਾਲ ਢਿੱਡ ਭਰਦੇ ਦੇਖੇ

ਲੋਕ ਗੱਲਾਂ ਨੂੰ ਸਲਾਮਾਂ ਕਰਦੇ ਦੇਖੇ

ਨਾਲ ਗੱਲਾਂ ਦੇ ਮਹਿਲ ਬਨਾਵਣ

ਗੱਲਾਂ ਨਾਲ ਹੀ ਮਨ ਪਰਚਾਵਣ

ਗੱਲੋ ਗੱਲੀ ਕਰ ਦੇਣ ਦੂਰ ਗਰੀਬੀ

ਗੱਲਾਂ ਨਾਲ ਜਾਵਣ ਬੰਦੇ ਨੂੰ ਖਰੀਦੀ

ਗੱਲਾਂ ਵਾਲੇ ਗੱਲਾਂ ਦਾ ਮੁੱਲ ਪਾਇਆ

ਜੀ ਗੱਲਾਂ ਕਰ ਕਰ ਧੰਨ ਕਮਾਇਆ

ਗੱਲਾਂ ਤਾਂ ਰਹਿਜਾਣੀਆਂ ਨੇ ਬਸ ਗੱਲਾਂ

ਗੱਲਾਂ ਨਾਲ ਨਾ ਹੋਣਾ ਕਿਸੇ ਦਾ ਭਲਾ

ਗੱਲ ਉਹ ਜੋ ਕੰਮ ਦੇ ਕੰਮ ਆ ਜਾਵੇ

ਜਾਂ ਭਟਕੇ ਨੂੰ ਸਿੱਧਾ ਰਾਹ ਵਿਖਾ ਜਾਵੇ

ਗੱਲਾਂ ਪਿੱਛੇ ਇਸ ਜੱਗ ਤੇ ਬੰਦੇ ਮਰਦੇ

ਭਲੇ ਉਹ ਜੋ ਇਹਨਾਂ ਤੋਂ ਪਾਸਾ ਕਰਦੇ

ਗੱਲਾਂ ਨੇ ਦੇਸ਼ ਮੇਰੇ ਚੋ ਹੈ ਗੰਦ ਪਾਇਆ

ਸੋਨ ਚਿੜੀ ਨੂੰ ਬਜ਼ਾਰ ਦੀ ਰੰਡੀ ਬਨਾਇਆ

ਪਿਆਰ ਹੁੰਦੀਆਂ ਹੁਣ ਪੈਸੇ ਦੀਆਂ ਗੱਲਾਂ

ਅੱਜ ਹੋਰ ਹੱਥ ਮੁੰਦੀ ਕੱਲ ਹੋਰ ਹੱਥ ਛੱਲਾ

ਇੰਝ ਹੀ ਹੁੰਦੀਆਂ ਧਰਮਾਂ ਚੋ ਹੁਣ ਗੱਲਾਂ

ਬੰਦੇ ਨੇ ਵੰਡ ਦਿੱਤੇ ਨਾਨਕ, ਰਾਮ ਤੇ ਅੱਲ੍ਹਾ

ਹੁਣ ਤੂੰ ਨਾ ਗੱਲਾਂ ਚ ਆਂਵੀ ਉਏ ਬੰਦੂਆ

ਬਸ ਖਰੀਆਂ ਲਿਖੀ ਤੇ ਸੁਨਾਈ ਵੇ

ਕੁਝ ਇੰਝ ਗੱਲਾਂ ਤੂੰ ਲਿਖਦੇ ਮੇਰੇ ਯਾਰਾ

ਤੇਰੇ ਪਿੱਛੋਂ ਗੱਲਾਂ ਤੇਰੀਆਂ ਕਰੇ ਜੱਗ ਸਾਰਾ

ਕੁਰਸੀ ਇਹ ਸਰਕਾਰੀ ਕੁਰਸੀ

ਕੁਰਸੀ ਇਹ ਸਰਕਾਰੀ ਕੁਰਸੀ, ਕੁਰਸੀ ਇਹ ਕੁਆਰੀ ਕੁਰਸੀ

ਕੁਰਸੀ ਬੜੀ ਪਿਆਰੀ ਏ……

ਮਿਲ ਜਾਵੇ ਤਾਂ ਪੌਂ ਬਾਰਾਂ ਜੇ ਖੁਸ ਜਾਵੇ ਤਾਂ ਖੁਆਰੀ ਏ

ਕੁਰਸੀ ਇਹ ਸਰਕਾਰੀ ਕੁਰਸੀ, ਕੁਰਸੀ ਇਹ ਕੁਆਰੀ ਕੁਰਸੀ

…………

ਇਸ ਕੁਰਸੀ ਦੀ ਚੌਧਰ ਜਗ ਤੇ ਘਰ ਵੀ ਕੁਰਸੀ ਬਾਹਰ ਵੀ ਕੁਰਸੀ

ਗੱਡੀਆ ਮੋਟਰਾਂ ਬਸਾਂ ਵਿਚ ਵੀ ਬਣੀ ਫਿਰੇ ਸਰਦਾਰ ਏ ਕੁਰਸੀ

ਬਾਥ ਰੂਮ ਵਿਚ ਟਾਇਲਟ ਬਣ ਕੇ ਕਰਦੀ ਪਈ ਮੁਖਤਾਰੀ ਏ

ਮਿਲ ਜਾਵੇ ਤਾਂ ਪੋਂ ਬਾਰਾਂ ਜੇ ਖੁਸ ਜਾਵੇ ਤਾਂ ਖੁਆਰੀ ਏ

ਕਿਸੇ ਸਮੇਂ ਵਿਚ ਮੰਜੀਆਂ ਪੀਹੜੇ ਘਰਾਂ ਦੇ ਸ਼ੰਗਾਰ ਹੁੰਦੇ ਸਨ

ਰੰਗਲੇ ਪਾਵੇ ਵਾਲੀਆਂ ਪੀਹੜੀਆਂ ਦਾਜ ਦਹੇਜ ਦੇ ਨਾਲ ਹੁੰਦੇ ਸਨ

ਲੁਕ ਛੁਪ ਗਈਆਂ ਪੀਹੜੀਆਂ ਮੰਜੀਆਂ ਕੁਰਸੀ ਦੀ ਸਰਦਾਰੀ ਏ

ਲੰਗਰਾਂ ਤੇ ਘਰਾਂ’ਚ ਬਣ ਕੇ ਰਹਿੰਦੀ ਸੇਵਾਦਾਰ ਹੈ ਕੁਰਸੀ

ਸਰਕਾਰ ਦੁਆਰੇ ਜਦ ਆ ਜਾਵੇ ਬਣ ਬੈਹਿੰਦੀ ਮੁਖਤਾਰ ਹੈ ਕੁਰਸੀ

ਬੈਠਦਿਆਂ ਹੀ ਇਸ ਕੁਰਸੀ ਤੇ ਚੜ੍ਹਦੀ ਕਿਮੇਂ ਖੁਮਾਰੀ ਏ

ਲੋਕ ਤੰਤਰ ਦੀ ਬਰਕਤ ਹੋ ਏਹ, ਹਰ ਤੀਜੇ ਦਿਨ ਹੁੰਦੀਆਂ ਚੋਣਾ

ਭੁੱਕੀ ਬੋਤਲ ਮੁਰਗ ਤੰਦੂਰੀ ਨਾਲ ਖਰੀਦੀਆਂ ਜਾਂਦੀਆਂ ਚੋਣਾ

ਸਸਤੇ ਭਾ ਤੇ ਮਤ ਵੇਚ ਕੇ ਪਲੇ ਪਵੇ ਖੁਆਰੀ ਏ

ਧਰਮ ਅਸਥਾਨੀ ਜਦ ਆ ਵੜਦੀ ਪਾਵੇ ਬੜਾ ਪੁਆੜਾ

ਪਾਠ ਪੁਜਾ ਦੀ ਥ੍ਹਾਂ ਫਿਰ ਲਗਦਾ ਜੰਗ ਦਾ ਨਿਤ ਅਖਾੜਾ

ਮਿਲਵੇ ਕੀ ਮਹਿਮਾਂ ਭੁਲ ਭੁਲਾ ਕੇ ਰਖਣ ਖੜੀ ਬਹਾਰੀ ਏ

ਸਾਹਤਿਕਾਰ ਵੀ ਇਸ ਕੁਰਸੀ ਲਈ ਆਪਸ ਦੇ ਵਿਚ ਲੜ ਪੈਂਦੇ ਨੇ

ਜੇ ਨਾ ਮਿਲੇ ਚੌਧਰ ਦੀ ਕੁਰਸੀ ਸਭਾ ਦੇ ਟੋਟੇ ਕਰ ਲੈਂਦੇ ਨੇ

ਚੰਗੀ ਭਲੀ ਦੇਖਣ ਨੂੰ ਲਗੇ ਪਰ ਇਹ ਬੜੀ ਬੀਮਾਰੀ ਏ

ਚੋਣਾ ਵੇਲੇ ਵੋਟਾਂ ਦੇ ਲਈ ਦੇਖੇ ਆਗੂ ਤਰਲੇ ਕਰਦੇ

ਜਿੱਤ ਜਾਣ ਤੇ ਭੁਲ ਭੁਲਾਕੇ ਵੀ ਉਸ ਵੇੜ੍ਹੇ ਪੈਰ ਨਾ ਧਰਦੇ

ਜਿੱਤ ਦੀ ਖੁਸ਼ੀਆਂ ਵਿਚ ਮਸਤ ਹੋ ਮਾਰਨ ਪਏ ਚਟਕਾਰੀ ਏ

ਛੋਟੀ ਤੋਂ ਵਡੀ ਕੁਰਸੀ ਲਈ ਦੌੜ ਹੈ ਅਗੋਂ ਲਗਦੀ

ਵਡੀ ਕੁਰਸੀ ਮਿਲ ਜਾਵੇ ਤਾਂ ਮਾਰਦੀ ਫਿਰੇ ਸਲੂਟ ਵੀ ਵਰਦੀ

ਬੜੇ ਘਰਾਂ ਦੇ ਕਾਕੇ ਨੇ ਫਿਰ ਕਰਦੇ ਪਏ ਬਦਕਾਰੀ ਏ

ਜਿਡੀ ਵੱਡੀ ਕੁਰਸੀ ਜਿਸਦੀ ਉਡੀਆਂ ੳਸਦੀਆਂ ਮਾਰਾਂ ਨੇ

ਪੁਤ ਪੋਤੇ ਤੇ ਯਾਰ ਬੇਲੀ ਵੀ ਕਰਦੇ ਫਿਰਨ ਬਹਾਰਾਂ ਨੇ

ਪਰਦੇਸਾਂ ਵਿਚ ਸੈਰ ਕਰਨ ਲਈ ਟਿਕਟ ਮਿਲੇ ਸਰਕਾਰੀ ਏ

…………………

ਲੋਕ ਤੰਤਰ ਨੂੰ ਸਮਝੋ ਲੋਕੋ ਜੇ ਕਰ ਸੁਖੀ ਹੈ ਰਹਿਣਾ

ਵੋਟ ਆਪਣੀ ਦੀ ਤਾਕਤ ਸਮਝੋ ਇਹ ਹੈ ਤੁਹਾਡਾ ਗਹਿਣਾ

ਮੱਤ ਦਾਨ ਵੇਲੇ ਮੱਤ ਨਾ ਵਰਤੀਏ ਹੁੰਦੀ ਸਦਾ ਖੁਆਰੀ ਏ

ਮਿਲ ਜਾਵੇ ਤਾਂ ਪੋਂ ਬਾਰਾਂ ਜੇ ਖੁਸ ਜਾਵੇ ਤਾਂ ਖੁਆਰੀ ਏ

ਕੁਰਸੀ ਇਹ ਸਰਕਾਰੀ ਕੁਰਸੀ, ਕੁਰਸੀ ਇਹ ਕੁਆਰੀ ਕੁਰਸੀ

ਜਦ ਉਹ ਨਜ਼ਰ ਆ ਜਾਂਦੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ

ਸਕੂਨ ਰੂਹ ਨੂੰ ਮਿਲਦਾ ਹੈ ਤਬੀਅਤ ਵੱਲ ਹੋ ਜਾਂਦੀ
ਜਦ ਉਹ ਨਜ਼ਰ ਆ ਜਾਂਦੇ ਤਾਂ ਮੁਸ਼ਕਿਲ ਹੱਲ ਹੋ ਜਾਂਦੀ ।

ਦਿਲ ਦੀ ਸਲੈਬ ਤੋਂ ਲਗਦਾ ਕੋਈ ਭਾਰ ਲਹਿ ਜਾਵੇ
ਕਦੇ ਜੇ ਭੀੜ ਵਿਚ ਮਿਲਿਆਂ ਉਹਦੇ ਨਾਲ ਗੱਲ ਹੋ ਜਾਂਦੀ ।

ਹਰ ਰਾਤ ਨੂੰ ਇਕ ਨਵੀਂ ਤਮੰਨਾ ਲੈ ਕੇ ਸੌਂਦੇ ਹਾਂ
ਹਰ ਖਾਹਿਸ਼ ਅਗਲੇ ਦਿਨ ਹੀ ਬੀਤਿਆ ਕੱਲ ਹੋ ਜਾਂਦੀ ।

ਉਹ ਗੂੜੀ ਨੀਂਦ ਸੌਂ ਗਏ ਪਰ ਅਸੀਂ ਗਿਣਦੇ ਰਹੇ ਤਾਰੇ
ਸਿ਼ਕਾਰ ਬੇਰੁਖੀ ਦਾ ਜਿ਼ੰਦਗੀ ਹਰੇਕ ਪਲ ਹੋ ਜਾਂਦੀ ।

ਅਸੀਂ ਖਮੋਸ਼ੀਆਂ ਤਨਹਾਈਆਂ ਵਿਚ ਸ਼ਾਂਤ ਰਹਿੰਦੇ ਹਾਂ
ਇਹ ਜਦ ਨੇੜੇ ਨਹੀਂ ਹੁੰਦੇ ਤਾਂ ਫਿਰ ਤਰਥੱਲ ਹੋ ਜਾਂਦੀ ।

ਸਿਆਸਤ ਅਤੇ ਗੁੰਡਾਗਰਦੀ ਵਿਚ ਫਰਕ ਰਿਹਾ ਥੋੜਾ
ਦੋਹਾਂ ਨੂੰ ਛੇੜਕੇ ਔਖੀ ਬਚਾਉਣੀ ਫਿਰ ਖੱਲ ਹੋ ਜਾਂਦੀ ।

ਬੇਗਾਨਿਆਂ ਦੇ ਵਾਰ ਅਸੀਂ ਹਮੇਸ਼ਾ ਚੁਪ ਚਾਪ ਸਹਿ ਲੈਂਦੇ
ਚੋਟ ਸਿਰਫ ਆਪਣਿਆਂ ਦੀ ਸੀਨਿਆਂ ਵਿਚ ਸੱਲ ਹੋ ਜਾਂਦੀ ।

ਕਹਿਣਾ ਕਾਫੀ ਕੁਝ ਚਾਹੁੰਦਾ ਹੈ ਅੱਜ ਦਾ ਆਮ ਆਦਮੀ ਵੀ
ਪੁਕਾਰ ਉਸਦੀ ਲੇਕਿਨ ਰੌਲਿਆਂ ਵਿਚ ਰਲ ਹੋ ਜਾਂਦੀ ।

ਗਮਾਂ ਨੇ ਰੋਲਿਆ ਏਦਾਂ ਕਿ ਲੀਰੋ ਲੀਰ ਹੋ ਗਏ ਹਾਂ

ਗਮਾਂ ਨੇ ਰੋਲਿਆ ਏਦਾਂ ਕਿ ਲੀਰੋ ਲੀਰ ਹੋ ਗਏ ਹਾਂ
ਕੱਖਾਂ ਤੋਂ ਹੌਲੇ ਹੋ ਗਏ ਪਤਲੇ ਨੀਰ ਹੋ ਗਏ ਹਾਂ।

ਦਿਸਦਾ ਹੈ ਸਭ ਬਨਾਉਟੀ ਓਪਰਾ ਦਿਖਾਵਾ ਜੋ
ਤਨ ਦੇ ਉਜਲੇ ਮਨ ਦੇ ਪਰ ਫਕੀਰ ਹੋ ਗਏ ਹਾਂ ।

ਤੁਰੇ ਸਾਂ ਕੁਝ ਲੰਮਿਆਂ ਰਾਹਾਂ ਨੂੰ ਮਾਪਣ ਵਾਸਤੇ
ਰਸਤਿਆਂ ਤੇ ਧੂੰਏ ਦੀ ਲੇਕਿਨ ਲਕੀਰ ਹੋ ਗਏ ਹਾਂ ।

ਅੰਨੇਵਾਹ ਜੋ ਸੇਧ ਦਿਤਾ ਪਰਖਿਆਂ ਬਗੈਰ
ਖੁੰਝ ਗਿਆ ਨਿਸ਼ਾਨਿਓ ਉਹ ਤੀਰ ਹੋ ਗਏ ਹਾਂ ।

ਹਨੇਰੀਆਂ ਜੂਹਾਂ ਵਿਚ ਹੱਥ ਪੈਰ ਮਾਰਦੇ ਰਹੇ
ਅੰਨਿਆਂ ਦੀ ਬਸਤੀ ਦੇ ਵਜੀਰ ਹੋ ਗਏ ਹਾਂ ।

ਬਦਲ ਦਿਤਾ ਮੌਸਮਾਂ ਨੇ ਸਾਡਾ ਇਹ ਵਜੂਦ ਹੀ
ਬੋਹੜ ਵਰਗੇ ਸੀ ਕਦੇ ਕਰੀਰ ਹੋ ਗਏ ਹਾਂ ।

ਲੋਕੀਂ ਕਰਦੇ ਨੇ ਕੁੱਲੀਆਂ ਤੇ ਢਾਰਿਆਂ ਦੀ ਗੱਲ

ਲੋਕੀਂ ਕਰਦੇ ਨੇ ਕੁੱਲੀਆਂ ਤੇ ਢਾਰਿਆਂ ਦੀ ਗੱਲ;
ਪਰ ਸੁਣਦੇ ਨੇ ਮਹਿਲਾਂ-ਮੁਨਾਰਿਆਂ ਦੀ ਗੱਲ।

ਜਿਹੜੇ ਹੱਥਾਂ ਨੇ ਹਥੌੜਾ ਫੜ ਕੁੱਟਿਆ ਹੈ ਲੋਹਾ;
ਕਰੋ ਛਾਲਿਆਂ ਦੇ ਭਰੇ ਹੱਥਾਂ ਪਿਆਰਿਆਂ ਦੀ ਗੱਲ।

ਗੱਲ ਗੱਲ ਵਿੱਚ ਰੱਖਦੇ ਨੇ ਗੱਲ ਦਾ ਲੁਕਾ ਓਹ;
ਨਹੀਂ ਕਰਦੇ ਉਹ ਖੁੱਲ ਕੇ ਵਿਚਾਰਿਆਂ ਦੀ ਗੱਲ।

ਜਿਹੜੇ ਬੁਣਦੇ ਨੇ ਕੱਪੜਾ ਸਿਲਕ ਅਤੇ ਖਾਦੀ;
ਆਪ ਰਹਿੰਦੇ ਅਧਨੰਗੇ ਓਹਨਾਂ ਸਾਰਿਆਂ ਦੀ ਗੱਲ।

ਖਦੇ ਕੱਕਰਾਂ ਨੇ ਠਾਰੇ,ਕਦੇ ਗਰਮੀ ਨੇ ਭੁੰਨੇ;
ਕੌਣ ਕਰੂ ਅੱਜ ਓਹਨਾਂ ਬੇ ਸਹਾਰਿਆਂ ਦੀ ਗੱਲ।

ਖਾਲੀ ਪਿਆ ਜੋ ਭੜੋਲਾ ਓਹ ਵੀ ਏਹੋ ਪਿਆ ਦੱਸੇ;
ਬਿਨਾਂ ਖਾਦ-ਪਾਣੀ ਵਾਲਿਆਂ ਕਿਆਰਿਆਂ ਦੀ ਗੱਲ।

ਕੋਈ ਜਾ ਰਿਹਾ ਇਧਰ ਕੋਈ ਜਾ ਰਿਹਾ ਉਧਰ

ਕੋਈ ਜਾ ਰਿਹਾ ਇਧਰ ਕੋਈ ਜਾ ਰਿਹਾ ਉਧਰ
ਭੀੜ ਹੈ ਤੇ ਸ਼ੋਰ ਹੈ ਵੇਖੀਏ ਚਾਹੇ ਜਿਧਰ ।

ਗੈਰ ਵਾਜਿਬ ਚੱਲ ਪਏ ਬੱਸਾਂ ਅੰਦਰ ਵੀਡੀਓ,
ਨਹੀਂ ਰਿਹਾ ਸਕੂਨ ਵਾਲਾ ਹੁਣ ਮੁਸਾਫਿਰ ਦਾ ਸਫਰ ।

ਹੋ ਰਿਹਾ ਬਲਾਤਕਾਰ ਸਾਡੇ ਸੱਭਿਆਚਾਰ ਨਾਲ ,
ਔਰਤ ਦੇ ਨੰਗੇਜ਼ ਦਾ ਹਰ ਗੀਤ ਵਿੱਚ ਹੈ ਜਿਕਰ ।

ਦੌਲਤ ਲਈ ਅੰਨੀ ਦੌੜ ਨੇ ਬੜਾ ਹੀ ਕੁੱਝ ਖੋਹ ਲਿਆ
ਸਵਾਰਥ ਭਾਰੂ ਹੋ ਗਿਆ ਸੰਵੇਦਨਾ ਗਈ ਹੈ ਮਰ ।

ਸਹਿਜ਼ ਅਤੇ ਸੁਹਜ ਕਿਧਰੇ ਉੱਡ ਗਏ ਜੀਵਨ ਚੋਂ,
ਕਾਹਲ ਭਰੀ ਤੁਰ ਰਿਹਾ ਤੋਰ ਹਰ ਇਕ ਬਸ਼ਰ ।

ਕੁਦਰਤ ਦੇ ਸਮਤੋਲ ਨੂੰ ਆਦਮੀ ਨੇ ਵਿਗਾੜਿਆ,
ਹੋ ਰਹੀਆਂ ਅਣਹੋਣੀਆਂ,ਉਠ ਗਿਆ ਖੁਦਾ ਦਾ ਡਰ ।
ਇਨਸਾਫ ਦੀ ਉਮੀਦ ਹੁਣ ਰੱਖਣੀ ਉੱਕਾ ਹੀ ਫਜ਼ੂਲ
ਉਡੀਕ ਰਹੇ ਲੋਕਾਂ ਨੂੰ ਆਖੋ,ਮੁੜ ਜਾਣ ਆਪਣੇ ਘਰ

ਝੋਂਪੜੀਆਂ ਵਿਚ ਵੱਸਣਾ ਪੈ ਜਾਂਦਾ ਮਜ਼ਬੂਰੀ ਹੈ

ਦਿਲ ਦੇ ਬੂਹੇ ਚੁੱਪ ਹੋਏ ਕੋਈ ਦਸਤਕ ਮਿਲੇ

ਪਿਆਰ ਵਿਹੂਣੀ ਰੂਹ ਨੂੰ ਹੁਣ ਮੁਹੱਬਤ ਮਿਲੇ ।

ਹਮੇਸ਼ਾ ਬੀਜੇ ਬੀਜ ਕਿ ਸੂਹੇ ਫੁੱਲ ਮਹਿਕਣਗੇ

ਕਦ ਚਾਹਿਆ ਸੀ ਅਸੀਂ ਸਦਾ ਨਫਰਤ ਮਿਲੇ ।

ਦੇਰ ਨਹੀਂ ਲਗਦੀ ਬੁਰਾ ਵਕਤ ਜਦ ਆ ਜਾਂਦਾ

ਰੱਬ ਕਰੇ ਹਰ ਆਦਮੀ ਨੂੰ ਚੰਗੀ ਕਿਸਮਤ ਮਿਲੇ ।

ਉਹ ਜੋ ਰੇਹੜੀ ਖਿਚਦਾ ਹੈ ਨੰਗੇ ਪੈਰੀਂ ਸੜਕਾਂ ਤੇ

ਕੀ ਇਹ ਉਸਦਾ ਸੁਪਨਾ ਸੀ ਕਿ ਗੁਰਬਤ ਮਿਲੇ ।

ਝੋਂਪੜੀਆਂ ਵਿਚ ਵੱਸਣਾ ਪੈ ਜਾਂਦਾ ਮਜ਼ਬੂਰੀ ਹੈ

ਵੈਸੇ ਤਾਂ ਹਰ ਇਕ ਚਾਹੁੰਦਾ ਹੈ ਕਿ ਜੰਨਤ ਮਿਲੇ ।

ਅਸੀਂ ਵੀ ਕਦੇ ਇਕੱਠੇ ਮਹਿਕਾਂ ਦੀ ਵਾਦੀ ਘੁੰਮਾਂਗੇ

ਥੋੜਾ ਸਮਾਂ ਠਹਿਰੋ ਬਸ ਜਰਾ ਫੁਰਸਤ ਮਿਲੇ ।

ਸੰਤਾਪ ਹੰਢਾਉਣਾ ਸਦਾ ਇਸ਼ਕ ਦੇ ਹਿੱਸੇ ਆਇਆ

ਹੁਸਨ ਐਪਰ ਹਰ ਮੋੜ ਤੇ ਸ਼ੁਹਰਤ ਮਿਲੇ ।

ਕੇਵਲ ਉਹੀ ਵਿਅਕਤੀ ਜੀਵਨ ਮੁਕਤ ਹੈ ਜੋ ਵਾਹਿਗੁਰੂ ਨੂੰ ਹੀ ਕਰਨਹਾਰ ਜਾਣ ਕੇ ਆਪਣੀ ਹਉਮੇ ਤਿਆਗਦਾ ਹੈ।

1. ਕੇਵਲ ਉਹੀ ਵਿਅਕਤੀ ਜੀਵਨ ਮੁਕਤ ਹੈ ਜੋ ਵਾਹਿਗੁਰੂ ਨੂੰ ਹੀ ਕਰਨਹਾਰ ਜਾਣ ਕੇ ਆਪਣੀ ਹਉਮੇ ਤਿਆਗਦਾ ਹੈ।

ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਨਿ॥ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ॥

2. ਮੁਕਤੀ ਪਰਾਪਤੀ ਦੀ ਨਿਸ਼ਾਨੀ ਸੁਖ ਦੁਖ ਤੋਂ ਉਪਰ ਉਠਣਾ ਅਤੇ ਦੁਸ਼ਮਨ ਦੋਸਤ ਨੂੰ ਸਮਾਨ ਸਮਝਣਾ ਹੈ ।

ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨਿ॥

3. ਗਿਆਨਵਾਨ ਉਸੇ ਨੂੰ ਮੰਨੋ ਜੋ ਨਾ ਕਿਸੇ ਤੋਂ ਡਰਦਾ ਤੇ ਨਾ ਹੀ ਕਿਸੇ ਨੂੰ ਡਰ ਦਿੰਦਾ ਹੈ।
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ॥ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨ॥

4. ਜੀਵਨ-ਮੁਕਤ ਉਸ ਨੂੰ ਜਾਣੋ ਜੋ ਪ੍ਰਸ਼ੰਸਾ ਤੇ ਨਿੰਦਿਆ ਤੋਂ ਨਿਰਲੇਪ ਹੈ ਤੇ ਜਿਸ ਲਈ ਸੋਨਾ ਤੇ ਲੋਹਾ ਇਕ ਬਰਾਬਰ ਹੈ।

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ਕਹੁ ਨਾਨਕ ਸੁਨਿ ਰੇ ਮਨਾ ਮੁਕਤ ਤਾਹਿ ਤੈ ਜਾਨਿ॥

5. ਜਵਾਨੀ ਅਜਾਈਂ ਹੀ ਚਲੀ ਗਈ ਅਤੇ ਬੁਢਾਪੇ ਨੇ ਤਨ ਤੇ ਕਾਬੂ ਪਾ ਲਿਆ।ਐ ਮਨ, ਵਾਹਿਗੁਰੂ ਨੂੰ ਸਿਮਰ ਕਿ ਉਮਰ ਖਿਸਕਦੀ ਜਾ ਰਹੀ ਹੈ।

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ॥ ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤ ਹੈ ਬੀਤਿ॥

6. ਸੁਖ ਪ੍ਰਾਪਤੀ ਦੇ ਅਨੇਕਾਂ ਜਤਨ ਕੀਤੇ, ਦੁਖ ਲਈ ਕੋਈ ਨਹੀਂ ਕੀਤਾ।ਐ ਮਨ, ਪਰ ਵਾਪਰਦਾ ਉਹੀ ਹੈ ਜੋ

ਵਾਹਿਗੁਰੂ ਨੂੰ ਭਾਉਂਦਾ ਹੈ।

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ॥

7. ਸੁਖਾਂ ਵੇਲੇ ਬਹੁਤ ਸਾਥੀ ਬਣ ਜਾਂਦੇ ਹਨ ਪਰ ਦੁਖ ਸਮੇ ਸਭ ਸਾਥ ਛੱਡ ਜਾਂਦੇ ਹਨ। ਹੇ ਮਨਾ, ਵਾਹਿਗੁਰੂ ਦਾ ਸਿਮਰਨ ਕਰ ਕਿ ਅੰਤ ਵੇਲੇ ਉਹੀ ਸਹਾਇਕ ਹੁੰਦਾ ਹੈ।

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗ ਨ ਕੋਇ॥ ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ॥

8. ਓ ਮਨਾ, ਉਸ ਵਾਹਿਗੁਰੂ ਨੂੰ ਕਿਉਂ ਨਹੀਂ ਯਾਦ ਕਰਦਾ ਜਿਸ ਨੇ ਤੈਨੂੰ ਸਰੀਰ, ਦੌਲਤ, ਪਦਾਰਥਾਂ ਦੇ ਸੁਖ ਅਤੇ ਸੋਹਣੇ ਨਿਵਾਸ ਬਖ਼ਸ਼ੇ ਹਨ।

ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ॥ ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹੇ ਨ ਰਾਮੁ॥

9. ਵੱਡੇ ਲਾਉ ਲਸ਼ਕਰਾਂ ਵਾਲੇ ਰਾਮ ਤੇ ਰਾਵਨ ਦੋਵੇਂ ਬਿਨਸ ਗਏ।ਸੁਪਨੇ ਵਰਗੇ ਇਸ ਸੰਸਾਰ ਵਿਚ ਕੁਛ ਵੀ ਸਦਾ ਨਹੀਂ ਰਹਿੰਦਾ।

ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ॥ਕਹੁ ਨਾਨਕ ਥਿਰ ਕਛੁ ਨਹੀ ਸੁਪਨੇ ਜਿਉ ਸੰਸਾਰੁ॥

ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ ਜੱਗ ਨੂੰ ਭੰਬਲਭੂਸੇ ਪਾਇਆ ਮਜ੍ਹਬਾਂ ਨੇ

ਚੰਗਾ ਰੱਬ ਦਾ ਰਾਹ ਦਿਖਲਾਇਆ ਮਜ੍ਹਬਾਂ ਨੇ
ਜੱਗ ਨੂੰ ਭੰਬਲਭੂਸੇ ਪਾਇਆ ਮਜ੍ਹਬਾਂ ਨੇ
ਅੱਵਲ ਅੱਲ੍ਹਾ ਇਕੋ ਨੂਰ ਉਪਾਇਆ ਸੀ
ਇਸ ਮਗਰੋਂ ਸੌ ਚੰਦ ਚੜਾਇਆ ਮਜ੍ਹਬਾਂ ਨੇ
‘ਮਾਣਸ ਕੀ ਇਕ ਜਾਤ’ ਪਛਾਣੇ ਕੌਣ ਭਲਾ
ਸਭ ਦੇ ਅੱਖੀ ਘੱਟਾ ਪਾਇਆ ਮਜ੍ਹਬਾਂ ਨੇ
ਵੇਦ- ਕਿਤੇਬਾਂ ਵਿਚ ਹੇ ਪਾਠ ਮੁਹੱਬਤ ਦਾ
ਪਰ ਨਫਰਤ ਦਾ ਪਾਠ ਪੜ੍ਹਾਇਆ ਮਜ੍ਹਬਾਂ ਨੇ
ਬਣਮਾਣਸ ਬਣਿਆ ਸੀ ਬੰਦਾ ਮਸਾਂ ਮਸਾਂ
ਇਸ ਨੂੰ ਬਾਂਦਰ ਫੇਰ ਬਣਾਇਆ ਮਜ੍ਹਬਾਂ ਨੇ
ਨਾਨਕ ਤੇਰੀ ‘ਤੇਰਾ ਤੇਰਾ’ ਕੌਣ ਸੁਣੇ
‘ਮੈ ਮੇਰੀ’ ਦਾ ਸ਼ੋਰ ਮਚਾਇਆ ਮਜ੍ਹਬਾਂ ਨੇ
ਸ਼ਰਣ ਪਏ ਨੂੰ ਕੰਠ ਕੋਈ ਹੁਣ ਲਾਉਦਾ ਨਹੀਂ
ਜੋ ਅੜਿਆ ਸੋ ਤਖਤ ਬਹਾਇਆ ਮਜ੍ਹਬਾਂ ਨੇ
ਗੁਰ ਪੀਰਾਂ ਨੇ ਸੱਚੇ ਮਾਰਗ ਪਾਇਆ ਸੀ
ਪਰ ਕੂੜਾ ਮਾਰਗ ਅਪਣਾਇਆ ਮਜ੍ਹਬਾਂ ਨੇ

ਜਿੰਦਾ ਰਹਿਣਾ ਤਾਂ ਪਿਆਰ ਕਰ ਪਿਆਰ ਬਿਨ ਜਿੰਦਗੀ ਨਹੀਂ ਹੁੰਦੀ

ਮੈਥੋਂ ਚਮਚਾਗਿਰੀ ਨਹੀਂ ਹੁੰਦੀ
ਰੂਹ ਤੋਂ ਖੁਦਕੁਸ਼ੀ ਨਹੀਂ ਹੁੰਦੀ
ਚੁਗਲੀ ਮਰਦਾਨਗੀ ਨਹੀਂ ਹੁੰਦੀ
ਮੈਥੋਂ ਇਹ ਬੁਜਦਿਲੀ ਨਹੀਂ ਹੁੰਦੀ
ਦਿਲ ਦੇ ਪਿੱਛੇ ਹੀ ਲਗ ਤੁਰਾਂ ਕਿਉਂ ਨਾ
ਅਕਲ ਤੋਂ ਰਹਿਬਰੀ ਨਹੀਂ ਹੁੰਦੀ
ਹਾਰ ਬਹਿੰਦੇ ਨੇ ਲੋਕ ਹੀ ਹਿੰਮਤ
ਬੇਵਸੀ ਬੇਵਸੀ ਨਹੀਂ ਹੁੰਦੀ
ਆਦਮੀ ਆਦਮੀ ਨਹੀਂ ਹੁੰਦਾ
ਇਸ ਚ ਜਦ ਤਕ ਖੁਦੀ ਨਹੀਂ ਹੁੰਦੀ
ਖਾਰ ਚੁਭਦਾ ਹੈ ਤੈਨੂੰ ਕਿਉਂ ਫੁੱਲਾਂ
ਖਾਰਬਾਜੀ ਖਰੀ ਨਹੀਂ ਹੁੰਦੀ
ਤੇਰੇ ਬਿਨ ਇਸ ਤਰਾਂ ਮੈਂ ਜੀਂਦਾ ਹਾਂ
ਜਿਸ ਤਰ੍ਹਾਂ ਜਿੰਦਗੀ ਨਹੀਂ ਹੁੰਦੀ
ਤੇਰਾ ਜਲਵਾ ਨਜਰ ਨਹੀ ਆਉਂਦਾ
ਦਿਲ ਚ ਜਦ ਰੌਸ਼ਨੀ ਨਹੀਂ ਹੁੰਦੀ
ਜਿੰਦਾ ਰਹਿਣਾ ਤਾਂ ਪਿਆਰ ਕਰ
ਪਿਆਰ ਬਿਨ ਜਿੰਦਗੀ ਨਹੀਂ ਹੁੰਦੀ

ਜੇ ਮੰਗ ਕੇ ਹੀ ਲਿਆ, ਤੇ ਕੀ ਲਿਆ ਦਰਬਾਰ ਤੇਰੇ ਚੋਂ

ਸਾਥੋਂ ਮੁਂਖ ਨਾ ਮੋੜੀਂ, ਅਸੀਂ ਕੁਝ ਲੈਣ ਨੲ੍ਹੀਂ ਆਏ।

ਤੇਰੀ ਸੋਭਾ ਈ ਸੁਣ ਕੇ ਆ ਗਏ ਸਾਂ, ਰਹਿਣ ਨੲ੍ਹੀਂ ਆਏ।

ਸਾਡੀ ਪਰਦੇਸੀਆਂ ਦੀ, ਜੋਗੀਆਂ ਵਾਲੀ ਹੀ ਫੇਰੀ ਹੈ,

ਲੰਘਣੀਂ ਸਫਰ ਵਿਚ ਸਾਡੀ, ਤਾਂ ਏਥੇ ਬਹਿਣ ਨੲ੍ਹੀਂ ਆਏ।

ਤੂੰ ਏਹੋ ਆਖਿਆ ਸੀ’ਨਾ, ਸਰਾਂ ਹੈ ਇਹ ਮੁਸਾਫਿਰ ਲਈ,

ਅਸੀਂ ਪਾਹਰੂ ਬਣੇ ਹਾਂ, ਇਸ ਸਰਾਂ ਵਿਚ ਸੌਣ ਨੲ੍ਹੀਂ ਆਏ।

ਬਣੇ ਨੲ੍ਹੀਂ ਫੁਂਲ ਜਾਂ ਤਾਰਾ, ਰਤਾ ਵੀ ਹਿਰਖ ਨੲ੍ਹੀਂ ਸਾਨੂੰ,

ਅਜਾਈਂ ਅਂਥਰੂ ਦੀ ਜੂਨ ਵੀ, ਪਰ ਜੀਣ ਨੲ੍ਹੀਂ ਆਏ।

ਦਿਲਾਂ ਦੀ ਤਰਬ ਵੀ ਛੇੜੇਂ, ਕਹੇਂ ਖਾਮੋਸ਼ ਵੀ ਰਹੀਓ,

ਅਸੀਂ ਕੋਈ ਐਸੀਆਂ ਬਾਤਾਂ,ਚੁਰਂਸਤੇ ਪਾਉਣ ਨੲ੍ਹੀਂ ਆਏ।

ਕਿਸੇ ਨੇ ਪਤਾ ਨੲ੍ਹੀਂ ਕੋਲੋਂ, ਬਣਾ ਕੇ ਕੀ ਕਿਹਾ ਹੋਣਾ,

ਸਿਰਾਂ ਦੇ ਭਾਰ ਆਏ ਹਾਂ, ਵਿਗੋਚਾ ਲਾਹੁਣ ਨੲ੍ਹੀਂ ਆਏ ।

ਜੇ ਮੰਗ ਕੇ ਹੀ ਲਿਆ, ਤੇ ਕੀ ਲਿਆ ਦਰਬਾਰ ਤੇਰੇ ਚੋਂ,

ਤੇਰਾ ਦੀਦਾਰ ਨਾ ਹੋਵੇ, ਤੇ ਇਹ ਵੀ ਸਹਿਣ ਨੲ੍ਹੀਂ ਆਏ।

ਵਰਤ ਬਿਗਾਨੀ ਮਾਇਆ ਚੌਧਰ ਨੂੰ ਹੱਥ ਪਾਉਂਦੇ ਨੇ

ਅੱਜ ਦੇ ਜੁਗ ਵਿਚ ਨਟ ਖਟ ਬੰਦੇ ਕੀ ਕੀ ਕਰਦੇ ਨੇ ?

ਗ਼ੈਰ-ਕਾਨੂੰਨੀ ਧੰਦੇ ਕਰ ਕੇ ਬੈਂਕਾਂ ਭਰਦੇ ਨੇ ।

ਫੋਕੀ ਧੌਂਸ ਜਮਾਉਂਦੇ ਰਹਿੰਦੇ ਬਾਹਰ ਦੂਜਿਆਂ ‘ਤੇ,

ਅਪਣੇ ਘਰ ਵਿਚ ਵਹੁਟੀ ਦੀ ‘ਮਿਆਊਂ’ ਤੋਂ ਡਰਦੇ ਨੇ ।

ਵਰਤ ਬਿਗਾਨੀ ਮਾਇਆ ਚੌਧਰ ਨੂੰ ਹੱਥ ਪਾਉਂਦੇ ਨੇ,

ਗੱਲੀਂ-ਬਾਤੀਂ ਪੰਜੇ ਪਾਂਜੇ ਪੂਰੇ ਕਰਦੇ ਨੇ ।

ਸਿਰ ਉੱਚਾ ਕਰ ਕੇ ਨਾ ਬੋਲਣ ਦੇਵਣ ਸੱਚੇ ਨੂੰ,

ਪਰ ਤਕੜੇ ਦੇ ਪੈਂਦੀਂ ਬਹਿ ਕੇ ਪਾਣੀ ਭਰਦੇ ਨੇ ।

ਝੂਠੇ, ਧੋਖੇਬਾਜ਼, ਫ਼ਰੇਬੀ, ਛਿੱਦੀਆਂ ਰਹਿ ਜਾਂਦੇ,

ਸੱਚੇ ਮਖਣੀ ਵਾਂਗ ਨਿਤਰ ਕੇ ਉੱਤੇ ਤਰਦੇ ਨੇ ।

ਨੀਤ ਦੇ ਇਹ ਕੰਗਾਲ ਸਦਾ ਜਨਮਾਂ ਤੋਂ ਭੁੱਖੇ ਨੇ,

ਪਸ਼ੂਆਂ ਵਾਂਗਰ ਦੂਜੇ ਦੀ ਖੁਰਲੀ ਤੋਂ ਚਰਦੇ ਨੇ ।

ਨਿਤ ਦਿਖਾਉਂਦੇ ਸਬਜ਼ਬਾਗ਼ ਜਗ ਨੂੰ ਭਰਮਾਵਣ ਲਈ,

ਔਖੇ ਵੇਲੇ ਛਡ ਕੇ ਸਾਥ ਜ਼ਬਾਨੋ ਭਜਦੇ ਨੇ ।

ਲਾ-ਲਾ, ਲਾ-ਲਾ ਕਰ ਕੇ ਝਗੜੇ ਖੂਬ ਵਧਾ ਲੈਂਦੇ,

ਭੀੜ ਪਈ ਤੋਂ ਪੂਛ ਲੁਕੋ ਕੇ ਖੁੱਡੀਂ ਵੜਦੇ ਨੇ ।

ਜਣਾ ਖਣਾ ਹੀ ਸਾਧ ਅਤੇ ਫ਼ਨਕਾਰ ਕਹਾਉਂਦਾ ਹੈ,

ਵਿਰਲਿਆਂ ਨੂੰ ਛਡ ਬਾਕੀ ਤਾਂ ਗੁਮਰਾਹ ਹੀ ਕਰਦੇ ਨੇ ।

ਅਪਣੀ ਅਕ਼ਲ ਦਾ ਜੁੱਗਾ ਆਉਂਦਾ ਮੇਚ ਆਪਣੇ ਹੀ,

ਕਿਉਂ ਦਖ਼ਲ ਅੰਦਾਜ਼ੀ ਕਰਦੇ ਨੇ ?

ਸਰਹੱਦਾਂ ਦੀ ਰਾਖੀ ਖ਼ਾਤਰ ਦਿਲ ਮੇਰਾ ਬਲਵਾਨ ਨਹੀਂ

ਕਦੇ ਕਦਾਈਂ ਕਾਲੇ ਰੰਗ ਦਾ, ਕੋਟ-ਪੈਂਟ ਮੈਂ ਪਹਿਨ ਲਵਾਂ,

ਜਲਦੀ ਹੀ ਮੈਂ ਲਾਹ ਦਿੰਦਾ ਹਾਂ, ਕਿਉਂਕਿ ਮੈਂ ਵਕੀਲ ਨਹੀਂ ।

ਬਣ ਸਕਦਾ ਸਾਂ, ਬਣ ਨਈਂ ਸਕਿਆ, ਕਿਉਂਕਿ ਫੀਸ ਵਧਾਵਣ ਦੇ ਲਈ,

ਕਿਸੇ ਗ਼ਰੀਬ ਕਿਸਾਨ ਦੇ ਕੋਲੋਂ, ਮੇਰੇ ਪਾਸ ਦਲੀਲ ਨਹੀਂ ।

ਕਦੇ ਕਦਾਈਂ ਭਗਵੀਂ ਪਗੜੀ, ਨੂੰ ਮੈਂ ਚਿਣ ਕੇ ਬੰਨ੍ਹ ਲਵਾਂ,

ਲਾਹ ਦਿੰਦਾ ਹਾਂ ਜਲਦੀ ਕਿਉਂਕਿ, ਮੈਂ ਕੋਈ ਸੰਤ-ਫ਼ਕੀਰ ਨਹੀਂ ।

ਬਣ ਸਕਦਾ ਸਾਂ, ਬਣ ਨਈਂ ਸਕਿਆ, ਕਿਉਂਕਿ ਪੂਜਾ-ਧਾਨ ਖਾਣ ਲਈ,

ਮੇਰੇ ਜਿ਼ਹਨ ਦੇ ਵਿਚ ਐਸੀ, ਕੋਈ ਗ਼ਲਤ ਜ਼ਮੀਰ ਨਹੀਂ ।

ਕਦੇ ਕਦਾਈਂ ਪਹਿਨ ਲਵਾਂ ਰੰਗ, ਜ਼ਹਿਰ-ਮੋਹਰੇ ਦੇ ਕੱਪੜੇ ਜਾਂ,

ਜਲਦੀ ਦਿਆਂ ਉਤਾਰ ਮੈਂ ਕਿਉਂਕਿ, ਫ਼ੌਜੀ ਕੋਈ ਜਵਾਨ ਨਹੀਂ ।

ਬਣ ਸਕਦਾ ਸਾਂ, ਬਣ ਨਈਂ ਸਕਿਆ, ਕਿਉਂਕਿ ਫ਼ੌਜੀ ਵੀਰਾਂ ਵਰਗਾ,

ਸਰਹੱਦਾਂ ਦੀ ਰਾਖੀ ਖ਼ਾਤਰ ਦਿਲ ਮੇਰਾ ਬਲਵਾਨ ਨਹੀਂ ।

ਹੋਰ ਸਿਆਸੀ ਰੰਗਾਂ ਵਾਲੀ, ਵੀ ਮੈਂ ਪਗੜੀ ਬੰਨ੍ਹ ਲਵਾਂ,

ਪਰ ਮੈਂ ਜਲਦੀ ਲਾਹ ਦਿੰਦਾ ਹਾਂ, ਕਿਉਂਕਿ ਸਿਆਸਤਦਾਨ ਨਹੀਂ ।

ਬਣ ਸਕਦਾ ਸਾਂ ਬਣ ਨਹੀਂ ਸਕਿਆ, ਕਿਉਂਕਿ ਵੋਟਾਂ ਮੰਗਣ ਦੇ ਲਈ,

ਊਠ ਦੇ ਬੁੱਲ੍ਹ ਲਟਕਦੇ ਵਰਗੇ, ਮੇਰੇ ਕੋਲ ਬਿਆਨ ਨਹੀਂ ।

ਕੜਾ ਤੇ ਸ਼ਾਪਾਂ-ਛੱਲੇ ਵੀ ਮੈਂ, ਉਂਗਲ਼ਾਂ ਵਿਚ ਫਸਾ ਲੈਂਦਾ ਹਾਂ,

ਜਲਦੀ ਹੀ ਮੈਂ ਲਾਹ ਦਿੰਦਾ ਹਾਂ, ਕਿਉਂਕਿ ਮੈਂ ਫ਼ਨਕਾਰ ਨਹੀਂ ।

ਬਣ ਸਕਦਾ ਸਾਂ, ਬਣ ਨਈਂ ਸਕਿਆ, ਕਿਉਂਕਿ ਲਚਰ ਗੀਤ ਗਾਉਣ ਦਾ,

ਸਾਹਿਤਕ ਸਿੱਖਿਆ ਵਿੱਚੋਂ ਮਿਲਿਆ, ਮੈਨੂੰ ਕੋਈ ਅਧਿਕਾਰ ਨਹੀਂ ।

ਜਿਆਦਾ ਤਰ ਮੈਂ ਸਾਦ ਮੁਰਾਦਾ, ਵੇਸ ਹੀ ਪਹਿਨੀ ਰਖਦਾ ਹਾਂ,

ਤਨਹਾ ਦੇ ਵਿਚ ਬਹਿ ਕੇ ਹੀ ਕੁੱਝ, ਸੋਚ-ਵਿਚਾਰੀ ਜਾਂਦਾ ਹਾਂ ।

ਮਨ ਅਪਣੇ ਦੇ ਵਿਚ ਖਿ਼ਆਲਾਂ, ਨਾਲ ਕਲੋਲਾਂ ਕਰਦਾ ਹਾਂ,

ਹਰ ਕਵਿਤਾ ਦੇ, ਅਲਫ਼ਾਜ਼ ਸਿ਼ੰਗਾਰੀ ਜਾਂਦਾ ਹਾਂ ।

ਭਾਰਤ ਨੇ ਹੋਰ, ਦਗਾ ਕਮਾਇਆ ਗਾਂਧੀ ਨੂੰ ਹਰ, ਨੋਟ ਤੇ ਲਾਇਆ ਭਗਤ, ਸਰਾਭਾ, ਗਿਆ ਭੁਲਾਇਆ

ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ
ਬੇਲੀ ਮਿੱਤਰ, ਖੂਹ ਦੀਆਂ ਗੱਲਾਂ
ਵਗਦਾ ਪਾਣੀ, ਨੱਚਦੀਆਂ ਛੱਲਾਂ
ਸੱਥ ਵਿੱਚ ਹੱਸਦੇ, ਬਾਬੇ ਪੋਤੇ
ਕੁਝ ਲਿਬੜੇ ਕੁਝ, ਨਾਹਤੇ ਧੋਤੇ
ਤਾਸ਼ ਦੀ ਬਾਜ਼ੀ, ਛੂਹਣ ਛੁਹਾਈਆਂ
ਬੋੜ੍ਹ ਦੀ ਛਾਵੇਂ, ਮੱਝੀਆਂ ਗਾਈਆਂ
ਚੇਤੇ ਕਰ ਕੇ, ਮਨ ਭਰ ਆਇਆ

.....
ਪਿੰਡਾਂ ਦੀ ਹੁਣ, ਸ਼ਕਲ ਬਦਲ ਗਈ
ਲੋਕਾਂ ਦੀ ਹੁਣ, ਅਕਲ ਬਦਲ ਗਈ
ਖੇਤੀ ਦੇ ਹੁਣ, ਸੰਦ ਬਦਲ ਗਏ
ਕੰਮ ਦੇ ਵੀ ਹੁਣ, ਢੰਗ ਬਦਲ ਗਏ
ਟਾਹਲੀ ਤੇ ਕਿੱਕਰਾਂ ਮੁੱਕ ਗਈਆਂ
ਤੂਤ ਦੀਆਂ ਨਾ, ਝਲਕਾਂ ਪਈਆਂ
ਸੱਥ ਵਿੱਚ ਹੁਣ ਨਾ, ਮਹਿਫ਼ਲ ਲੱਗਦੀ
ਬਿਜਲੀ ਅੱਗੇ, ਵਾਂਗ ਹੈ ਭੱਜਦੀ
ਪਿੰਡ ਵੇਖ ਕੇ, ਚਾਅ ਚੜ੍ਹ ਆਇਆ

.....
ਸ਼ਹਿਰੀ ਸੜਕ ਨੂੰ, ਸੁਰਤ ਹੈ ਆਈ
ਪਿੰਡਾਂ ਦੀ ਪਰ, ਪਈ ਤੜਫਾਈ
ਬਾਈਪਾਸਾਂ ਤੇ, ਟੋਲ ਨੇ ਲੱਗੇ
ਐਪਰ ਬੰਦਾ, ਪਹੁੰਚੇ ਝੱਬੇ
ਮਹਿੰਗਾਈ ਨੇ, ਵੱਟ ਹਨ ਕੱਢੇ
ਤਾਂਹੀਂ ਮਿਲਾਵਟ, ਜੜ੍ਹ ਨਾ ਛੱਡੇ
ਵਿਓਪਾਰੀ ਹੈ, ਹੱਸਦਾ ਗਾਉਂਦਾ
ਮਾੜਾ ਰੋਂਦਾ, ਘਰ ਨੂੰ ਆਉਂਦਾ
ਅਜੇ ਰੁਪਈਆ, ਪਿਆ ਕੁਮਲ਼ਾਇਆ

.....
ਕੁੜੀਆਂ ਚਿੜੀਆਂ, ਵਧਣ ਨਾ ਫੁੱਲਣ
ਚਿੜੇ ਹਨੇਰੀ, ਵਾਂਗੂੰ ਝੁੱਲਣ
ਟੀਵੀ ਵਿੱਚ ਹੁਣ, ਸੂਟ ਨਾ ਦਿਸਦਾ
ਸੁਰ ਸੰਗਮ ਦਾ, ਰੂਟ ਨਾ ਦਿਸਦਾ
ਮਿਸ ਪੂਜਾ ਨੇ, ਲੁੱਟ ਲਏ ਸਾਰੇ
ਸੋਲੋ ਫਿਰਦੇ, ਮਾਰੇ ਮਾਰੇ
ਬੱਬੂ ਮਾਨ ਨੇ, ਬਾਬੇ ਰੋਲ਼ੇ
ਢੱਡਰੀਆਂ ਵਾਲ਼ੇ, ਦੀ ਪੰਡ ਖੋਹਲੇ
ਮਾਨ ਪੰਜਾਬ ਨੇ, ਜਦੋਂ ਜਿਤਾਇਆ

.....
ਇਕ ਪਿੰਡ ਦੇ ਵਿੱਚ, ਦੋ ਦੋ ਠੇਕੇ
ਚੋਬਰ ਮੁੰਡੇ, ਕਿਤੇ ਨਈਂ ਵੇਖੇ
ਭਈਆਂ ਦਾ, ਲੁਧਿਆਣੇ ਕਬਜ਼ਾ
ਕੰਮ ਕਰਨੇ ਦਾ, ਮਰਿਆ ਜਜ਼ਬਾ
ਲੀਡਰ ਫਿਰਨ, ਰੰਗਾਉਂਦੇ ਪੱਗਾਂ
ਚੁਣ ਦੇ ਸੋਚ ਕੇ, ਸੱਜਾ ਖੱਬਾ
ਪਰ ਪੰਜਾਬ, ਅਜੇ ਵੀ ਹੱਸਦਾ
ਮਰਦਾ ਮਰਦਾ, ਜਿਉਂਦਾ ਵੱਸਦਾ
ਹਾਲਤ ਵੇਖ, ਤਰਸ ਸੀ ਆਇਆ

.....
ਫਾਸਟ ਫੂਡ ਤੇ, ਪੀਜ਼ਾ ਬਰਗਰ
ਪਹੁੰਚ ਗਏ ਨੇ, ਅੱਜ ਇਹ ਘਰ ਘਰ
ਧਰਤੀ ਹੇਠਾਂ, ਮੋਟਰ ਦੱਬੀ
ਪਾਣੀ ਜਾਂਦਾ, ਨੀਵਾਂ ਨੱਠੀ
ਵਿੱਚ ਕੋਠੀਆਂ, ਵਸਦੇ ਭਈਏ
ਡਾਲਰ ਰੁਲ਼ਦਾ, ਵਿੱਚ ਰੁਪਈਏ
ਭਾਰਤ ਨੇ ਹੋਰ, ਦਗਾ ਕਮਾਇਆ
ਗਾਂਧੀ ਨੂੰ ਹਰ, ਨੋਟ ਤੇ ਲਾਇਆ
ਭਗਤ, ਸਰਾਭਾ, ਗਿਆ ਭੁਲਾਇਆ

.....
ਮੰਡੀ ਦੇ ਵਿੱਚ, ਫਸਲ ਹੈ ਰੁਲ਼ਦੀ
ਅਸਲੀ ਕੀਮਤ, ਕਦੇ ਨਾ ਮਿਲ਼ਦੀ
ਵਿੱਚ ਦੁਆਬੇ, ਲੱਭੇ ਨਾ ਗੰਨਾ
ਮਿੱਲਾਂ ਦੇ ਵਿੱਚ, ਫਿਰੇ ਨਾ ਬੰਦਾ
ਕਿਤੇ ਸਕੋਰਪੀਓ, ਕਿਤੇ ਸਕੌਡਾ
ਕਿਤੇ ਬਲੈਰੋ, ਕਿਤੇ ਹੈ ਹੌਂਡਾ
ਲੀਡਰ ਰੱਖਦੇ, ਲੈਕਸਸ ਥੱਲੇ
ਐਸ ਜੀ ਪੀ ਸੀ, ਟੋਇਟਾ ਝੱਲੇ
ਬਾਬਿਆਂ ਔਡੀ, ਨੂੰ ਹੱਥ ਲਾਇਆ

.....
ਗੁਰੂਆਂ, ਪੀਰਾਂ, ਦੇ ਪੰਜਾਬ ਨੂੰ
ਹੀਰਾਂ ਸੱਸੀਆਂ, ਦੇ ਸ਼ਬਾਬ ਨੂੰ
ਲੁੱਟਣ ਵਾਲ਼ੇ, ਲੁੱਟੀ ਜਾਂਦੇ
ਕੁੱਟਣ ਵਾਲ਼ੇ, ਕੁੱਟੀ ਜਾਂਦੇ
ਵਿਹਲੜ ਪਏ ਨੇ, ਮੌਜ ਮਾਣਦੇ
ਕੰਮ ਨੂੰ ਓਹ ਤਾਂ, ਝੱਖ ਜਾਣਦੇ
ਐਪਰ ਅੱਗੇ, ਵੱਧਦਾ ਜਾਂਦਾ
ਸਦਾ ਤਰੱਕੀ, ਕਰਦਾ ਜਾਂਦਾ
ਪੰਜਾਬ ਹੈ, ਦੂਣ ਸਵਾਇਆ
ਦੇਸ ਪੰਜਾਬ ਨੂੰ, ਫੇਰਾ ਪਾਇਆ
ਮੁੜ ਕੇ ਸਭ ਕੁਝ, ਚੇਤੇ ਆਇਆ

ਛੱਡ ਗਰੀਬ ਦੀ ਝੋਲ਼ੀ ਲੋਕਾਂ, ਤਕੜੇ ਦੀ ਨੂੰ ਭਰ ਦਿੱਤਾ

ਸਤਿਗੁਰ ਨਾਨਕ ਤੇਰਾ ਵੇਲ਼ਾ, ਅੱਜ ਫਿਰ ਤਾਜ਼ਾ ਕਰ ਦਿੱਤਾ
ਛੱਡ ਗਰੀਬ ਦੀ ਝੋਲ਼ੀ ਲੋਕਾਂ, ਤਕੜੇ ਦੀ ਨੂੰ ਭਰ ਦਿੱਤਾ
ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ
ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ


ਵਿਹਲੜ ਅੱਜ ਹੈ ਮੌਜ ਕਰੇਂਦਾ, ਰੱਬ ਦੇ ਨਾਂ ਤੇ ਲੁੱਟਦਾ ਏ
ਤੇਰਾ ਲਾਲੋ ਨਿੱਤ ਹੈ ਮਰਦਾ, ਕੰਮ ਕਰ ਕਰ ਕੇ ਟੁੱਟਦਾ ਏ
ਉਸ ਦੀ ਮਿਹਨਤ ਦਾ ਮੁੱਲ ਕੋਈ, ਪਾਉਂਦਾ ਨਾ ਵਿਓਪਾਰੀ ਹੈ
ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ
ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ


ਪਾਠ ਕਰਾਉਂਦੇ ਲੋਕੀਂ ਨਿੱਤ ਹੀ, ਲੱਖਾਂ ਅਤੇ ਕਰੋੜਾਂ ਨੇ
ਮਨ ਨੂੰ ਐਪਰ ਕੋਈ, ਕੋਈ, ਬੰਦਾ ਪਾਉਂਦਾ ਮੋੜਾ ਏ
ਢਿੱਡ ਤੇ ਹੱਥ ਫੇਰ ਕੇ ਬਹੁਤੇ, ਕਰਦੇ ਘਰ ਨੂੰ ਤਿਆਰੀ ਹੈ
ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ
ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ


ਧਰਮਾਂ ਦੇ ਵਿਓਪਾਰੀ ਬਾਬਾ, ਖੁਦ ਨੂੰ ਰੱਬ ਕਹਿਲਾਉਂਦੇ ਨੇ
ਇਹ ਲੋਕ ਹਜ਼ਾਰਾਂ, ਰੋਜ਼ ਕੁਰਾਹੇ ਪਾਉਂਦੇ ਨੇ
ਸੋਚ ਹੀ ਪਾਪਣ, ਬਣ ਬੈਠੀ ਹਤਿਆਰੀ ਹੈ
ਸੁਣ ਬਾਬਾ ਇਨਸਾਫ਼ ਨਹੀਂ ਇਹ, ਇਹ ਤਾਂ ਚੋਰ ਬਜ਼ਾਰੀ ਹੈ
ਤੇਰੇ ਘਰ ਦੇ ਨਾਂ ਤੇ ਹੁੰਦੀ, ਏਥੇ ਲੁੱਟ ਹੁਣ ਭਾਰੀ ਹੈ

ਕਰਦਾ ਹੈ ਪਾਠ ਪੂਜਾ ਸੰਸਾਰ ਉੱਤੋਂ ਉੱਤੋਂ

ਕਰਦਾ ਹੈ ਪਾਠ ਪੂਜਾ ਸੰਸਾਰ ਉੱਤੋਂ ਉੱਤੋਂ।
ਕਰਦਾ ਹੈ ਰਬ ਵੀ ਇਸ ਤੇ ਇਤਬਾਰ ਉੱਤੋਂ ਉੱਤੋਂ।

ਪਾਉਂਦੇ ਨੇ ਫੁੱਟ ਘਰ ਘਰ ਇਹ ਚਾਲਬਾਜ਼ ਲੀਡਰ
ਕਰਦੇ ਨੇ ਏਕਤਾ ਦਾ ਪਰਚਾਰ ਉੱਤੋਂ ਉੱਤੋਂ।

ਰਿਸ਼ਵਤ ਮਿਲੇ ਤਾਂ ਲਈਏ ਇਮਾਨਦਾਰ ਬਣ ਕੇ
ਸਿਰ ਫੇਰ ਫੇਰ ਕਰੀਏ ਇਨਕਾਰ ਉੱਤੋਂ ਉੱਤੋਂ।

ਚੜ੍ਹਿਆ ਹੈ ਤਾਪ ਸਾਨੂੰ ਇਹ ਮਾਰਦੀ ਏ ਹੂੰਗਾ
ਕਰਦੀ ਕਰਦੀ ਏ ਹਾਏ ਹਾਏ ਸਰਕਾਰ ਉੱਤੋਂ ਉੱਤੋਂ।

ਚੰਗਾ ਸੀ ਸਾਧ ਬਣਦੇ ਤੇ ਖ਼ੂਬ ਮੌਜਾਂ ਲੁਟਦੇ
ਨਾਲੇ ਤਿਆਗ ਛਡਦੇ ਸੰਸਾਰ ਉੱਤੋਂ ਉੱਤੋਂ।

ਜ਼ਰਦਾਰ ਹੋ ਕੇ ਕਰੀਏ ਮਜ਼ਦੂਰ ਦੀ ਵਕਾਲਤ
ਮਿਹਨਤਕਸ਼ਾਂ ਦੇ ਬਣੀਏ ਗ਼ਮਖਾਰ ਉੱਤੋਂ ਉੱਤੋਂ।

ਮਹਿਲਾਂ 'ਚ ਬਹਿ ਕੇ ਲਿਖੀਏ ਝੁਗੀਆਂ ਦਾ ਹਾਲ
ਭੁਖ ਮਾਰਿਆਂ ਦੇ ਜਾਈਏ ਬਲਿਹਾਰ ਉੱਤੋਂ ਉੱਤੋਂ।