ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,
ਨੇਹਮਤ ਬਖਸ਼ੀ ਤੂੰ ਵਰਦਾਨ ਅੱਖਾਂ ।
ਬਾਲ ਉਮਰੇ ਇਹ ਨਿਰਲੇਪ ਜਾਪਣ,
ਕਿੰਨੀਆਂ ਭੋਲੀਆਂ ਅਤੇ ਨਾਦਾਨ ਅੱਖਾਂ ।
ਅੱਖਾਂ ਵਿਚੋਂ ਮਸਤੀ ਛਲਕਦੀ ਹੈ,
ਜੋਬਨ ਰੁਤੇ ਜਦ ਹੋਣ ਜਵਾਨ ਅੱਖਾਂ ।
ਬਾਰੀ ਖ੍ਹੋਲਕੇ ਤਕਦੀਆਂ ਰਹਿਣ ਸਦਾ,
ਹਰ ਆਹਟ ਦਾ ਰਖਣ ਧਿਆਨ ਅੱਖਾਂ ।
ਧੜਕਣ ਦਿਲ ਦੀ ਦੁਗਣੀ ਵਧ ਜਾਂਦੀ,
ਜਦੋਂ ਮਟਕਾਵੇ ਕੋਈ ਮੁਟਿਆਰ ਅੱਖਾਂ ।
ਇਲ ਦੇ ਅ੍ਹਾਲਣੇ ਕੋਈ ਕਹੇ ਆਂਡਾ,
ਹਰਨੋਟੀ ਵਰਗੀਆਂ ਆਖੇ ਯਾਰ ਅੱਖਾਂ ।
ਛੋਟੀਆਂ,ਵਡੀਆਂ,ਕਾਲੀਆਂ,ਭੂਰੀਆਂ ਵੀ ,
ਲੱਗਣ ਬਿਲੀਆਂ ਜ਼ਰਾ ਚਲਾਕ ਅੱਖਾਂ ।
ਬਿਨ ਬੋਲਿਆਂ ਅੱਖਾਂ ਬੋਲ ਪੈਂਦੀਆਂ ਨੇ,
ਅੱਖ ਮਾਰ ਕੇ ਦਿੰਦੀਆਂ ਮਾਰ ਅੱਖਾਂ ।
ਕਹਿੰਦੇ ਅੱਖਾਂ ਨਾਲ ਮਿਰਚਾਂ ਭੋਰਦੀ ਹੈ,
ਜਦੋਂ ਮਟਕਾਉਂਦੀ ਕੋਈ ਰਕਾਨ ਅੱਖਾਂ ।
ਆਖਦੇ ਅੱਖੀਆਂ ਨਾਲ ਬੰਦੇ ਨਾ ਮਰਦੇ,
ਪਰ ਕਰ ਦੇਵਣ ਮੋਇਆਂ ਸਮਾਨ ਅੱਖਾਂ ।
ਖਾਲੀ ਤੁਰਦਾ ਨਜ਼ਰ ਕਲਬੂਤ ਆਵੇ,
ਕਢ ਲੈਂਦੀਆਂ ਸਰੀਰ ਚੋਂ ਜਾਨ ਅੱਖਾਂ ।
ਸੇਹਲੀਆਂ ਤਿਖੀਆਂ ਭਵਾਂ ਕਮਾਨ ਵਾਂਗੂੰ,
ਧਾਰੀ ਖਿਚ ਕੇ ਲਗਣ ਕਟਾਰ ਅੱਖਾਂ ।
ਤਾਰ ਇਸ਼ਕੇ ਦੀ ਜਦੋਂ ਟੁਣਕਦੀ ਹੈ,
ਬਾਰਾਂ ਸਾਲ ਇਹ ਵਗ ਚਰਾਣ ਅੱਖਾਂ ।
ਕੀਤੇ ਕੌਲ ਇਕਰਾਰ ਕਦੇ ਭੁਲਦੇ ਨਹੀਂ,
ਪਟ ਯਾਰ ਦਾ ਚੀਰ ਖਵਾਣ ਅੱਖਾਂ ।
ਸ਼ੀਰੀਂ ਫਰਿਆਦ ਵੀ ਅੱਖਾਂ ਨੇ ਪਟੇ,
ਚਟਾਨਾਂ ਵਿਚੋਂ ਨਹਿਰ ਖੁਦਵਾਣ ਅੱਖਾਂ ।
ਦੁਨੀਆਂ ਦੀ ਸੁਧ ਬੁਧ ਭੁਲ ਜਾਂਦੀ,
ਜਦੋਂ ਹੋ ਜਾਣ ਕਿਧਰੇ ਚਾਰ ਅੱਖਾਂ ।
ਲਾਲ ਡੋਰੇ ਅੱਖਾਂ ਵਿਚਲੇ ਦਸਦੇ ਨੇ,
ਜਦੋਂ ਹੁੰਦੀਆਂ ਯਾਰ ਲਾਚਾਰ ਅੱਖਾਂ ।
ਸ਼ਮ ਸ਼ਮ ਸਾਵਣ ਵਾਂਗੂੰ ਵ੍ਹਰਦੀਆਂ ਨੇ,
ਕਰਕੇ ਸਜਣਾਂ ਦਾ ਇੰਤਜਾਰ ਅੱਖਾਂ ।
ਅਚੋ ਆਈ ਦਿਲ ਨੂੰ ਲੱਗੀ ਰਹਿੰਦੀ,
ਜਦੋਂ ਹੁੰਦੀਆਂ ਨੇ ਬੇ-ਕਰਾਰ ਅੱਖਾਂ ।
ਉਨੀਂਦਰੇ ਨਾਲ ਅੱਖਾਂ ਹੇਠ ਛ੍ਹਾਈਆਂ,
ਲਗਣ ਆਸ਼ਕਾਂ ਦੀਆਂ ਬਿਮਾਰ ਅੱਖਾਂ ।
ਅੱਖਾਂ ਘੂਰ ਕੇ ਕਈ ਵਾਰ ਵੇਹੰਦੀਆਂ ਨੇ,
ਕਦੇ ਝੁਕਦੀਆਂ ਨਾਲ ਸਤਿਕਾਰ ਅੱਖਾਂ ।
ਨਜ਼ਰ ਧਰਤੀ ‘ਚ ਗਡੀ ਰੱਖਦੀਆਂ ਨੇ,
ਕਈ ਹੁੰਦੀਆਂ ਨੇ ਸ਼ਰਮਸਾਰ ਅੱਖਾਂ ।
ਧੋਖਾ ਕਰਕੇ ਵੀ ਸਿਰ ਨਿਵਾਉਂਦੀਆਂ ਨੇ,
ਮਿਲਾਉਣ ਅੱਖ ਨਾ ਕਦੇ ਗਦਾਰ ਅੱਖਾਂ ।
ਜਦੋਂ ਲਾਲ ਗੁਸੇ ਵਿਚ ਹੁੰਦੀਆਂ ਨੇ,
ਅੱਗ ਸੁਟਦੀਆਂ ਬਣ ਅੰਗਿਆਰ ਅੱਖਾਂ ।
ਇਹ ਖਬੀ ਖਾਨਾਂ ਨੂੰ ਖੂੰਜੇ ਲਾ ਦੇਵਣ,
ਜਦੋਂ ਹੁੰਦੀਆਂ ਨੇ ਕਹਿਰਵਾਨ ਅੱਖਾਂ ।
ਇਸ਼ਾਰਾ ਅੱਖਾਂ ਦਾ ਸਮਝਦਾਰ ਲਈ ਹੈ,
ਬੇਸਮਝ ਲਈ ਹਨ ਬੇਕਾਰ ਅੱਖਾਂ ।
ਰੱਜ ਪਹਿਲਾਂ ਪਿਆਰ ਜਤਾਉਂਦੀਆਂ ਨੇ,
ਫਿਰ ਕਰਦੀਆਂ ਜੱਗ ਬਦਨਾਮ ਅੱਖਾਂ ।
ਜਿਸ ਪਿਛੇ ਸਭ ਕੁਝ ਬਰਬਾਦ ਕੀਤਾ,
ਉਹੀ ਲਗਦੀਆਂ ਫਿਰ ਬੇਈਮਾਨ ਅੱਖਾਂ ।
ਬੰਦਾ ਕਿਹੜੇ ਸਟੇਸ਼ਨ ਤੋਂ ਬੋਲਦਾ ਹੈ,
ਝਟ ਪਟ ਹੀ ਲੈਣ ਨਿਹਾਰ ਅੱਖਾਂ ।
ਮੁਦਤਾਂ ਬਾਅਦ ਮਿਲੇ ਜੇ ਯਾਰ ਬੇਲੀ,
ਇਕ ਦਮ ਹੀ ਲੈਣ ਪਛਾਣ ਅੱਖਾਂ ।
ਮਾਇਆ ਹੱਥ ਗਰੀਬ ਦੇ ਧਰ ਵੇਖੋ,
ਕਿਵੇਂ ਹੁੰਦੀਆਂ ਨੇ ਕਦਰ ਦਾਨ ਅੱਖਾਂ ।
ਲੱਖ ਅਸੀਸਾਂ ਉਪਜਣ ਦਿਲ ਵਿਚੋਂ,
ਵੇਦਨਾ ਦਿਲ ਦੀ ਉਦੋਂ ਸੁਨਾਣ ਅੱਖਾਂ ।
ਭਲਾ ਕਿਸੇ ਦਾ ਕਰ ਕੇ ਦੇਖਿਓ ਸਹੀ,
ਕਿਵੇਂ ਹੁੰਦੀਆਂ ਨੇ ਸ਼ੁਕਰ ਗੁਜਾਰ ਅੱਖਾਂ ।
ਡਿਗੇ ਹੋਏ ਨੂੰ ਸਹਾਰਾ ਦੇਹ ਤਾਂ ਸਹੀ,
ਦੇਵਣ ਦੁਆਵਾਂ ਲੱਖ ਹਜ਼ਾਰ ਅੱਖਾਂ ।
ਅੱਖ ਦੁਖਣੇ ਨੂੰ ਭਲਾ ਜੇ ਆ ਜਾਵੇ,
ਸੁਰਖ ਗੇਰੂ ਹੁੰਦੀਆਂ ਲਾਲ ਅੱਖਾਂ ।
ਜਵਾਨੀ ਢਲੀ ਤੇ ਨਜ਼ਰ ਕਮਜੋਰ ਹੁੰਦੀ,
ਪਰ ਫੇਰ ਵੀ ਦਿੰਦੀਆਂ ਸਾਥ ਅੱਖਾਂ ।
ਦੇਖ ਭਾਲ਼ ਕਰੋ ਸਦਾ ਅੱਖੀਆਂ ਦੀ,
ਨੇਹਮਤ ਰਬ ਦੀ ਰੱਖੋ ਸੰਭਾਲ ਅੱਖਾਂ ।
ਅੱਖਾਂ ਵਾਲਿਓ ਮਾਰ ਕੇ ਨਿਗਾਹ ਦੇਖੋ,
ਕਿੰਨੇ ਕਰਦੀਆਂ ਨੇ ਉਪਕਾਰ ਅੱਖਾਂ ।
ਮੋਇਆਂ ਬਾਅਦ ਨਾ ਕਿਸੇ ਕੰਮ ਆਵਣ,
ਜੀਉਂਦੇ ਲਿਖਕੇ ਕਰੀਏ ਦਾਨ ਅਖਾਂ ।
ਇਹੋ ਦਾਨ ਉਤਮ ਜੱਗ ਉਤੇ,
ਕਿਸੇ ਬੁਝੀ ਜੋਤ ਨੂੰ ਰੁਸ਼ਨਾਣ ਅੱਖਾਂ ।
ਪ੍ਰਵਦਗਾਰ ਮੈਂ ਤੇਰੇ ਕੁਰਬਾਨ ਜਾਵਾਂ,
ਨੇਹਮਤ ਬਖਸ਼ੀ ਤੂੰ ਵਰਦਾਨ ਅਖਾਂ ।
Sunday, April 4, 2010
Subscribe to:
Post Comments (Atom)
0 comments:
Post a Comment