ਕਦੇ ਕਦਾਈਂ ਕਾਲੇ ਰੰਗ ਦਾ, ਕੋਟ-ਪੈਂਟ ਮੈਂ ਪਹਿਨ ਲਵਾਂ,
ਜਲਦੀ ਹੀ ਮੈਂ ਲਾਹ ਦਿੰਦਾ ਹਾਂ, ਕਿਉਂਕਿ ਮੈਂ ਵਕੀਲ ਨਹੀਂ ।
ਬਣ ਸਕਦਾ ਸਾਂ, ਬਣ ਨਈਂ ਸਕਿਆ, ਕਿਉਂਕਿ ਫੀਸ ਵਧਾਵਣ ਦੇ ਲਈ,
ਕਿਸੇ ਗ਼ਰੀਬ ਕਿਸਾਨ ਦੇ ਕੋਲੋਂ, ਮੇਰੇ ਪਾਸ ਦਲੀਲ ਨਹੀਂ ।
ਕਦੇ ਕਦਾਈਂ ਭਗਵੀਂ ਪਗੜੀ, ਨੂੰ ਮੈਂ ਚਿਣ ਕੇ ਬੰਨ੍ਹ ਲਵਾਂ,
ਲਾਹ ਦਿੰਦਾ ਹਾਂ ਜਲਦੀ ਕਿਉਂਕਿ, ਮੈਂ ਕੋਈ ਸੰਤ-ਫ਼ਕੀਰ ਨਹੀਂ ।
ਬਣ ਸਕਦਾ ਸਾਂ, ਬਣ ਨਈਂ ਸਕਿਆ, ਕਿਉਂਕਿ ਪੂਜਾ-ਧਾਨ ਖਾਣ ਲਈ,
ਮੇਰੇ ਜਿ਼ਹਨ ਦੇ ਵਿਚ ਐਸੀ, ਕੋਈ ਗ਼ਲਤ ਜ਼ਮੀਰ ਨਹੀਂ ।
ਕਦੇ ਕਦਾਈਂ ਪਹਿਨ ਲਵਾਂ ਰੰਗ, ਜ਼ਹਿਰ-ਮੋਹਰੇ ਦੇ ਕੱਪੜੇ ਜਾਂ,
ਜਲਦੀ ਦਿਆਂ ਉਤਾਰ ਮੈਂ ਕਿਉਂਕਿ, ਫ਼ੌਜੀ ਕੋਈ ਜਵਾਨ ਨਹੀਂ ।
ਬਣ ਸਕਦਾ ਸਾਂ, ਬਣ ਨਈਂ ਸਕਿਆ, ਕਿਉਂਕਿ ਫ਼ੌਜੀ ਵੀਰਾਂ ਵਰਗਾ,
ਸਰਹੱਦਾਂ ਦੀ ਰਾਖੀ ਖ਼ਾਤਰ ਦਿਲ ਮੇਰਾ ਬਲਵਾਨ ਨਹੀਂ ।
ਹੋਰ ਸਿਆਸੀ ਰੰਗਾਂ ਵਾਲੀ, ਵੀ ਮੈਂ ਪਗੜੀ ਬੰਨ੍ਹ ਲਵਾਂ,
ਪਰ ਮੈਂ ਜਲਦੀ ਲਾਹ ਦਿੰਦਾ ਹਾਂ, ਕਿਉਂਕਿ ਸਿਆਸਤਦਾਨ ਨਹੀਂ ।
ਬਣ ਸਕਦਾ ਸਾਂ ਬਣ ਨਹੀਂ ਸਕਿਆ, ਕਿਉਂਕਿ ਵੋਟਾਂ ਮੰਗਣ ਦੇ ਲਈ,
ਊਠ ਦੇ ਬੁੱਲ੍ਹ ਲਟਕਦੇ ਵਰਗੇ, ਮੇਰੇ ਕੋਲ ਬਿਆਨ ਨਹੀਂ ।
ਕੜਾ ਤੇ ਸ਼ਾਪਾਂ-ਛੱਲੇ ਵੀ ਮੈਂ, ਉਂਗਲ਼ਾਂ ਵਿਚ ਫਸਾ ਲੈਂਦਾ ਹਾਂ,
ਜਲਦੀ ਹੀ ਮੈਂ ਲਾਹ ਦਿੰਦਾ ਹਾਂ, ਕਿਉਂਕਿ ਮੈਂ ਫ਼ਨਕਾਰ ਨਹੀਂ ।
ਬਣ ਸਕਦਾ ਸਾਂ, ਬਣ ਨਈਂ ਸਕਿਆ, ਕਿਉਂਕਿ ਲਚਰ ਗੀਤ ਗਾਉਣ ਦਾ,
ਸਾਹਿਤਕ ਸਿੱਖਿਆ ਵਿੱਚੋਂ ਮਿਲਿਆ, ਮੈਨੂੰ ਕੋਈ ਅਧਿਕਾਰ ਨਹੀਂ ।
ਜਿਆਦਾ ਤਰ ਮੈਂ ਸਾਦ ਮੁਰਾਦਾ, ਵੇਸ ਹੀ ਪਹਿਨੀ ਰਖਦਾ ਹਾਂ,
ਤਨਹਾ ਦੇ ਵਿਚ ਬਹਿ ਕੇ ਹੀ ਕੁੱਝ, ਸੋਚ-ਵਿਚਾਰੀ ਜਾਂਦਾ ਹਾਂ ।
ਮਨ ਅਪਣੇ ਦੇ ਵਿਚ ਖਿ਼ਆਲਾਂ, ਨਾਲ ਕਲੋਲਾਂ ਕਰਦਾ ਹਾਂ,
ਹਰ ਕਵਿਤਾ ਦੇ, ਅਲਫ਼ਾਜ਼ ਸਿ਼ੰਗਾਰੀ ਜਾਂਦਾ ਹਾਂ ।
Sunday, April 4, 2010
Subscribe to:
Post Comments (Atom)
0 comments:
Post a Comment