Sunday, April 4, 2010

ਚਾਰ-ਦੀਵਾਰੀ ਅੰਦਰ ਅਕਸਰ ‘ਕੱਲਿਆਂ ਨੂੰ ,ਅਲਮਾਰੀ ਦੀ ਪੁਸਤਕ ਬਨਣਾ ਪੈਂਦਾ ਹੈ

ਚਾਰ-ਦੀਵਾਰੀ ਅੰਦਰ ਅਕਸਰ ‘ਕੱਲਿਆਂ ਨੂੰ ,ਅਲਮਾਰੀ ਦੀ ਪੁਸਤਕ ਬਨਣਾ ਪੈਂਦਾ ਹੈ ।
ਖਿੜਕੀ ਅੰਦਰ ਖ੍ਹੜਕੇ ਬਾਹਰ ਵੇਖਣ ਲਈ, ਦੀਵਾਰਾਂ ਕੋਲੋਂ ਹੁਣ ਪੁੱਛਣਾ ਪੈਂਦਾ ਹੈ ।

ਜਿਸਦੇ ਘਰ ਦੇ ਕੋਲ ਨਹੀਂ ਰੁੱਖ ਹਰਾ ਕਿਤੇ, ਤੇਹ ਵੇਲੇ ਨਹੀਂ ਮਿਲਦਾ ਪਾਣੀ ਜ਼ਰਾ ਕਿਤੇ,
ਉਸਨੂੰ ਨੈਣਾਂ ‘ਤੇ ਹੋਠਾਂ ਵਿਚਕਾਰ ਜਿਹੇ, ਆਪੇ ਦਰਿਆ ਬਣਕੇ ਵਗਣਾ ਪੈਂਦਾ ਹੈ ।

ਜਿੰਨੀਆਂ ਪੈੜਾਂ ਗੁੰਮੀਆਂ ਮੇਰੇ ਰਾਹਾਂ ‘ਚੋਂ, ਭਾਲਾਂ ਮੈਂ ਉਹਨਾ ਨੂੰ ਮੁਕਦੇ ਸਾਹਾਂ ‘ਚੋਂ ,
ਲੱਖ ਛੁਪਾਵਾਂ ਬੇ-ਸ਼ੱਕ ਸਾਰੀ ਦੁਨੀਆਂ ਤੋਂ, ਕੋਰੇ ਕਾਗ਼ਜ਼ ਨੂੰ ਪਰ ਦੱਸਣਾ ਪੈਂਦਾ ਹੈ ।

ਸਾਜ਼ ਬਨਣ ਲਈ ਤੜਪ ਹੰਢਾਉਣੀ ਪੈਂਦੀ ਹੈ ,ਵੰਝਲੀ ਨੂੰ ਜਿੰਦ ਚਾਕ ਕਰਾਉਣੀ ਪੈਂਦੀ ਹੈ,
ਬੁੱਲੇ ਐਵੇਂ ਨਹੀਂ ਸੁਰੀਲੇ ਹੋ ਜਾਂਦੇ ,ਸਭ ਨੂੰ ਛੇਕਾਂ ਵਿੱਚੋਂ ਲੰਘਣਾ ਪੈਂਦਾ ਹੈ ।

ਅੰਬਰ ਦਾ ਦਸਤੂਰ ਨਿਰਾਲਾ ਹੋ ਜਾਂਦੈ, ਪਾਣੀ ਆਪਣੇ ਅੰਦਰ ਹੀ ਜਦ ਖੋ ਜਾਂਦੈ ,
ਬੱਦਲਾਂ ਨੂੰ ਜਦ ਕਣੀਆਂ ਬਣਕੇ ਮਿਟਣ ਲਈ, ਸਾਗਰ ਦੀ ਹਿੱਕ ਉੱਤੇ ਨੱਚਣਾ ਪੈਂਦਾ ਹੈ ।

ਅਗਨ ਸਮੁੰਦਰ ਵਿੱਚੋਂ ਤੈਨੂੰ ਟੋਲਦਿਆਂ, ਤੇਰੀ ਤੇਹ ਦਾ ਬਣਦਾ ਪਾਣੀ ਡ੍ਹੋਲਦਿਆਂ ,
ਤੇਰੀ ਪਿਆਸ ਘਟੇਗੀ ਏਦਾਂ ਸੋਚਦਿਆਂ, ਮੈਨੂੰ ਅੱਥਰੂ ਬਣਕੇ ਜਿਉਣਾ ਪੈਂਦਾ ਹੈ ।

ਲੱਗਿਆ ਸੀ ਜੋ ਰੰਗ ਸਮੇਟਣ ਚਾਨਣ ਦਾ ,ਚਾਅ ‘ਸ਼ੇਖ਼ਰ‘ ਨੂੰ ਸੀ ਜਦ ਧੁੱਪਾਂ ਮਾਨਣ ਦਾ,
ਉਸਨੂੰ ਪਤਾ ਨਹੀਂ ਸੀ ਆਥਣ ਮਗਰੋਂ ਵੀ,ਸੂਰਜ ਸਾਹੀਂ ਚੇਤੇ ਰੱਖਣਾ ਪੈਂਦਾ

0 comments:

Post a Comment