Sunday, April 4, 2010

ਕੋਠੀਆਂ, ਕਾਰਾਂ ਦੇ ਵਿਚ ਨੇਤਾ, ਮੌਜਾਂ ਪਏ ਉਡਾਣ

ਭਾਰਤ ਦੇਸ਼ ਮਹਾਨ
ਸਾਰੇ ਜੱਗ ਦੇ ਉੱਤੇ ਜਿਸ ਦਾ,
ਸਭ ਤੋਂ ਉੱਚੀ ਸ਼ਾਨ।
ਦੇਸ਼ਾਂ ਵਿਚੋਂ ਦੇਸ਼ ਉਹ ਮੇਰਾ,
ਭਾਰਤ ਦੇਸ਼ ਮਹਾਨ।
ਵੱਖਰੀ ਜਿਸ ਦੀ ਚਹਿਲ ਪਹਿਲ
ਤੇ ਵੱਖਰੀ ਹੈ ਪਹਿਚਾਣ।
ਛਾਤੀ ਕਰ ਕੇ ਚੌੜੀ,
ਭਾਰਤ ਵਾਸੀ ਕਰਦੇ ਮਾਣ।
ਸੂਰਜ ਵਾਂਗ ਚਮਕੇ ਇਹ,
ਤੇ ਚਮਕਾਂ ਦੂਰੋਂ ਪੈਣ।
ਸਾਡੇ ਦਿਲ ਦਾ ਟੁਕੜਾ ਹੈ ਇਹ,
ਭਾਰਤ ਵਾਸੀ ਕਹਿਣ।
ਰੱਬ ਦੀ ਪੂਰੀ ਮਿਹਰ ਏਸ 'ਤੇ,
ਕੁਦਰਤ ਵੀ ਕੁਰਬਾਨ।
ਕੁਦਰਤ ਰੰਗ ਜਮਾਇਆ ਏਥੇ,
ਮੋਰ ਪਏ ਪੈਲਾਂ ਪਾਣ।
ਪ੍ਰਾਕਿਰਤਕ ਸੁੰਦਰਤਾ ਇਸ ਦੀ,
ਸਭ ਨੂੰ ਕਰੇ ਹੈਰਾਨ।
ਹਰ ਕੋਈ ਆਖੇ ਭਾਰਤ ਸਾਨੂੰ
ਲੱਗਦਾ ਸੁਰਗ ਸਮਾਨ।
ਇੱਕ ਪਾਸੇ ਹਿਮਾਲਾ ਇਸ ਦੇ,
ਦੂਜੇ ਕੰਨਿਆ ਕੁਮਾਰੀ।
ਕੁੱਲ ਦੁਨੀਆਂ ਦੀ ਕੁਦਰਤ ਇਥੇ,
ਜਾਪੇ ਆ ਗਈ ਸਾਰੀ।
ਚੜ੍ਹਿਆ ਚੰਨ ਅਕਾਸ਼ 'ਚ ਜਿਵੇਂ?
ਸੁੰਦਰ ਰੂਪ ਅਕਾਰ।
ਤਾਰਿਆਂ ਵਾਂਗ ਚਮਕਣ ਇਸ ਵਿਚ,
ਵੱਖ-ਵੱਖ ਸੱਭਿਆਚਾਰ।
ਹਿੰਦੀ, ਪੰਜਾਬੀ ਤੇ ਗੁਜਰਾਤੀ,
ਭਿੰਨ ਭਿੰਨ ਸੱਭਿਆਚਾਰ।
ਸਾਂਝੇ ਚੁੱਲ੍ਹੇ ਬੈਠੇ ਦਿੱਸਣ,
ਬਣ ਕੇ ਇੱਕ ਪਰਿਵਾਰ
ਰਿਸ਼ੀਆਂ ਮੁਨੀਆਂ ਬੈਠ ਕੇ ਇਥੇ,
ਕੀਤਾ ਤਪ ਅਪਾਰ।
ਭਗਤੀ ਰਸ ਨਾਲ ਸਿੰਜ ਕੇ,
ਦਿਸ ਨੂੰ ਕੀਤਾ ਖੂਬ ਤਿਆਰ।
ਗੁਰੂਆਂ ਪੀਰਾਂ ਤੇ ਪੈਗ਼ੰਬਰਾਂ,
ਦੀ ਕਰਤਾਰੀ ਛੋਹ।
ਕਦਮ ਕਦਮ ਦੇ ਉੱਤੇ ਆਪਣੀ,
ਵੰਡਦੀ ਪਈ ਖ਼ੁਸ਼ਬੋ।
ਦੇਵੀ ਦੇਵਤਿਆਂ ਦਾ ਇਸ ਨੂੰ,
ਮਿਲਿਆ ਅਸ਼ੀਰਵਾਦ।
ਬ੍ਰਹਮਾ, ਬਿਸ਼ਨ, ਮਹੇਸ਼ ਦੇ ਇਸ ਨੂੰ,
ਚਰਨਾਂ ਦੀ ਹੈ ਲਾਗ।
ਵੇਦਾਂ ਉਪਨਿਸ਼ਦਾਂ ਦੀ ਧਰਤੀ,
ਇਹ ਪਾਵਨ ਅਸਥਾਨ।
ਰਾਮਾਇਣ ਤੇ ਗੀਤਾ ਜਿਥੇ,
ਰਚੇ ਗ੍ਰੰਥ ਮਹਾਨ।
ਦੁਨੀਆਂ ਦੇ ਮਹਾਂਤੀਰਥ ਏਥੇ,
ਕੁਰੂਖੇਤਰ ਅਸਥਾਨ।
ਜਿਥੇ ਹੋਇਆ ਧਰਮ ਯੁੱਧ
ਮਹਾਂਭਾਰਤ ਦਾ ਘਮਸਾਨ।
ਅਮਨ ਸ਼ਾਂਤੀ ਦਾ ਇਹ ਪੁੰਜ ਹੇ,
ਸਾਰੇ ਲੋਕੀਂ ਕਹਿਣ।
ਦੂਰ ਦੂਰ ਤੱਕ ਸ਼ੋਭਾ ਇਸ ਦੀ,
ਧੁੰਮਾਂ ਪਈਆਂ ਪੈਣ।
ਸੋਹਣੇ, ਛੈਲ ਛਬੀਲੇ ਗੱਭਰੂ,
ਦੇਸ਼ ਲਈ ਮਰ ਜਾਣ।
ਭਗਤ ਸਿੰਘ ਜਿਹੇ ਸੂਰੇ ਹੱਸ ਕੇ,
ਫਾਂਸੀ 'ਤੇ ਚੜ੍ਹ ਜਾਣ।
ਸੋਹਣੀਆਂ ਤੇ ਲੰਮੀਆਂ ਮੁਟਿਆਰਾਂ,
ਸੋਹਲੇ ਇਸ ਦੇ ਗਾਣ।
ਲੋੜ ਪੈਣ 'ਤੇ ਇਹ ਮੁਟਿਆਰਾਂ,
ਚੰਡੀ ਵੀ ਬਣ ਜਾਣ।
ਰਾਂਝੇ ਏਥੇ ਜੋਗੀ ਬਣ ਕੇ,
ਸੱਚਾ ਇਸ਼ਕ ਕਮਾਣ।
ਇਸ਼ਕ ਝਨਾਂ ਵਿਚ ਸੋਹਣੀਆਂ ਏਥੇ,
ਕੱਚਿਆਂ ਤੇ ਤਰ ਜਾਣ।
ਇਸ਼ਕ ਦੀ ਖਾਤਰ ਮਿਰਜ਼ੇ ਏਥੇ,
ਜੰਡ ਹੇਠਾਂ ਕੱਟ ਜਾਣ।
ਇਸ਼ਕ ਕਮਾਵਣ ਖ਼ਾਤਰ ਮਜਨੂੰ,
ਸੁੱਕ ਤੀਲਾ ਹੋ ਜਾਣ।
ਸੜ ਸੜ ਮਰਨ ਥਲਾਂ ਵਿਚ ਸੱਸੀਆਂ,
ਹੀਰਾਂ ਮੋਹਰਾ ਖਾਣ।
ਪਹਾੜਾਂ ਵਿਚੋਂ ਆਸ਼ਕ ਏਥੇ,
ਨਹਿਰਾਂ ਪੁੱਟ ਵਖਾਣ।
ਧਰਤੀ ਇਸ ਦੀ ਸੋਨਾ ਉਗਲੇ,
ਦੌਲਤ ਬੇਸ਼ੁਮਾਰ।
ਦੁੱਧ ਦਹੀਂ ਦੀਆਂ ਨਦੀਆਂ ਵੱਗਣ,
ਅੰਨ ਦੇ ਭਰੇ ਭੰਡਾਰ।
ਕਿੰਨੀ ਸੋਹਣੀ ਤੇ ਦਿਲਕਸ਼ ਇਹ,
ਭਾਰਤ ਦੀ ਤਸਵੀਰ।
ਲੱਗ ਗਈ ਨਜ਼ਰ ਕਿਸੇ ਦੀ ਭੈੜੀ,
ਫੁੱਟ ਗਈ ਅੱਜ ਤਕਦੀਰ।
ਧਰਮ ਕਰਮ ਸਭ ਉੱਡ ਚੁੱਕਾ ਹੈ,
ਕੂੜ ਫਿਰੇ ਪ੍ਰਧਾਨ।
ਭਿੱਟ ਕੇ ਨਾਲ ਸਵਾਰਥ ਦੇ ਅੱਜ,
ਸੱਚ ਹੋਇਆ ਬਦਨਾਮ।
ਕਰਮ ਕਾਂਡ ਪਿਆ ਨੱਚੇ ਏਥੇ,
ਨੱਸ ਗਿਆ ਹੈ ਰਾਮ।
ਬਲੀ ਸਿਆਸਤ ਦੀ ਚੜ੍ਹ ਗਏ ਨੇ,
ਸੱਚ ਸੁੱਚ ਦੇ ਧਾਮ।
ਮੰਗਤਿਆਂ ਵਾਂਗ ਲੋਭੀ ਏਥੇ,
ਨਿੱਤ ਪਏ ਰੌਲਾ ਪਾਣੀ।
ਖ਼ੁਦਕੁਸ਼ੀਆਂ ਪਏ ਕਰਦੇ ਏਥੇ,
ਅੰਨਦਾਤੇ ਕਿਰਸਾਣ।
ਭੁੱਖ ਗਰੀਬੀ ਗਲ ਗਲ ਆਈ,
ਰਾਜਾ ਬੇਈਮਾਨ।
ਕੋਠੀਆਂ, ਕਾਰਾਂ ਦੇ ਵਿਚ ਨੇਤਾ,
ਮੌਜਾਂ ਪਏ ਉਡਾਣ।
ਚੀਰ ਹਰਨ ਨਿੱਤ ਹੁੰਦੇ ਏਥੇ,
ਸੀਤਾ ਸਾੜਨ ਰਾਮ।
ਅੱਗਾਂ, ਲੁੱਟਾਂ, ਖੋਹਾ ਖੋਹੀ,
ਚੋਰੀ, ਕਤਲੇਆਮ।
ਰਿਸ਼ਵਤ, ਚੋਰਬਜ਼ਾਰੀ ਏਥੇ,
ਫਿਰਦੀ ਹੈ ਸ਼ਰੇਆਮ।
ਵਾੜ ਖੇਤ ਨੂੰ ਖਾਈ ਜਾਵੇ,
ਸੁੱਤਾ ਹੋਇਐ ਰਾਮ।
ਮਲਕ ਭਾਗੋਆਂ ਦੀ ਅੱਜ ਇਥੇ,
ਝੰਡੀ ਉੱਚੀ ਹੋਈ।
ਲਾਲੋ ਫਿਰਦਾ ਭੁੱਖਾ, ਨੰਗਾ,
ਕੁੱਲੀ ਵੀ ਨਹੀਂ ਕੋਈ।
ਰਾਜਾ ਬਣਿਆ ਭੋਗ ਵਿਲਾਸੀ,
ਜਨਤਾ ਵੱਲ ਨਹੀਂ ਧਿਆਨ।
ਆਪਣੀ ਐਸ਼ੋ ਇਸ਼ਰਤ ਦੇ ਵਿਚ,
ਹੋਇਆ ਉਹ ਗਲਤਾਨ।
ਸੋਨੇ ਦੀ ਚਿੜੀਆ ਅੱਜ ਉਡ ਗਈ,
ਲੰਮੀ ਭਰ ਉਡਾਨ।
ਕਿਥੋਂ ਲਿਆਈਏ ਲੱਭ ਕੇ,
ਅੱਜ ਭਾਰਤ ਦੀ ਸ਼ਾਨ!

0 comments:

Post a Comment