Sunday, February 14, 2010

ਅੱਜ ਕੱਲ੍ਹ ਦੇ ਸਾਧੂ ਸੰਤ ਵੇਖੋ

ਅੱਜ ਕੱਲ੍ਹ ਦੇ ਸਾਧੂ ਸੰਤ ਵੇਖੋ,

ਨਿੱਤ ਨਵੀਆਂ ਪੁਸ਼ਾਕਾਂ ਪਾਉਂਦੇ ਨੇ।

ਗੱਡੀ ਮਗਰੋਂ ਹੁੰਦੀ ਲਾਂਚ ਕੋਈ,

ਪਹਿਲਾਂ ਡੇਰਿਆਂ ਵਿਚ ਮੰਗਾਉਂਦੇ ਨੇ।

ਜਾਮ ਸੜਕਾਂ ਉੱਪਰ ਲੱਗ ਜਾਂਦਾ,

ਜਦ ਇਨ੍ਹਾਂ ਦੇ ਕਾਫ਼ਲੇ ਆਉਂਦੇ ਨੇ।

ਜਿੰਨ੍ਹੇ ਹੋਣਗੇ ਬਾਡੀਗਾਰਡ ਜਿਆਦੇ,

ਉਨ੍ਹੀ ਜਿਆਦੇ ਟੌਰ ਅਖਵਾਉਂਦੇ ਨੇ,

ਇਸ ਕਰਕੇ ਸਾਲਟਾਂ ਵਾਲੇ ਵੀ,

ਇਹ ਲਾਜ਼ਮੀ ਨਾਲ ਲਿਆਉਂਦੇ ਨੇ।

ਮਾਵੇ ਛੱਕ ਕੇ ਅੱਖ ਖੜ੍ਹਾ ਲੈਂਦੇ,

ਫਿਰ ਸਭ ਨੂੰ ਪੁੱਤ ਬਖ਼ਸਾਉਂਦੇ ਨੇ।



ਇਹ ਜਿਹੜੇ ਸ਼ੌਕ ਫਰਮਾਉਂਦੇ ਨੇ।

ਵੱਡਿਆਂ ਨੂੰ ਦੇਣਾ ਸਤਿਕਾਰ ਚਾਹੀਦਾ

ਵੱਡਿਆਂ ਨੂੰ ਦੇਣਾ ਸਤਿਕਾਰ ਚਾਹੀਦਾ।

ਬੱਚਿਆਂ ਨੂੰ ਕਰਨਾਂ ਪਿਆਰ ਚਾਹੀਦਾ।

ਇਕ ਵਾਰੀ ਲੰਗ ਜੇ ਦੁਬਾਰਾ ਆਉਂਦਾ ਨਾ,

ਸਮਾਂ ’ਨੀ ਗਵਾਉਣਾ ਇਹ ਬੇਕਾਰ ਚਾਹੀਦਾ।

ਕੀ ਪਤਾ ਕਦੋਂ ਵਾਰ ਕਰ ਜਾਣਾ ਏ,

ਵੈਰੀ ਕੋਲੋਂ ਰਹਿਣਾ ਹੁਸ਼ਿਆਰ ਚਾਹੀਦਾ।

ਚੱਜ ਨਾਲ ਪਲ ਜੇ ਬਥੇਰਾ ਇਕ ਹੀ,

ਅੱਜ ਕੱਲ੍ਹ ਛੋਟਾ ਪਰਿਵਾਰ ਚਾਹੀਦਾ।

ਜਿੰਦਗੀ ’ਚ ਪੈਸਾ ਆਉਂਦਾ ਜਾਂਦਾ ਰਹਿੰਦਾ ਏ,

ਦਿਲ ਵੱਲੋਂ ਬੰਦਾ ਸਰਦਾਰ ਚਾਹੀਦਾ।

ਸਾਂਭ-ਸਾਂਭ ਕੀਮਤੀ ਸਮਾਨ ਰੱਖੀਏ,

ਛੱਡਣਾ ’ਨੀ ਸੁੰਨਾ ਘਰ ਬਾਰ ਚਾਹੀਦਾ।

ਜਿੱਥੇ ਇਨਸਾਨ ਰਹਿੰਦੇ ਹੋਣ ਮਿਲਕੇ,

ਇਹੋ ਜਿਹਾ ਵਸਾਉਣਾ ਸੰਸਾਰ ਚਾਹੀਦਾ।



ਇਹਦੇ ਉੱਤੇ ਕਰਨਾ ਵਿਚਾਰ ਚਾਹੀਦਾ।

ਦੁਪੱਟਾ ਇੱਜਤਾਂ ਦੀ ਪੱਤ

ਦੁਪੱਟਾ ਇੱਜਤਾਂ ਦੀ ਪੱਤ,
ਗਿਆ ਸਿਰਾਂ ਉੱਤੋਂ ਲੱਥ,

ਜ਼ਮਾਨੇ ਚੁੱਕੀ ਪਈ ਆ ਅੱਤ,
ਯਾਰੋ ਮਾਰੀ ਗਈ ਆ ਮੱਤ,

ਮੁੰਡਿਆਂ ਦੇ ਮੁੱਛ ਨਾ ਰਹੀ ।
ਜੀ ਨੱਢੀਆਂ ਦੇ ਗੁੱਤ ਨਾ ਰਹੀ ।

ਪਰਾਂਦਿਆਂ ਦੀ ਪੁੱਛ ਨਾ ਰਹੀ,

——–

ਮੈਲੀ ਪਾਟੀ ਜੀਨ ਦਾ ਰਿਵਾਜ,
ਹੁਣ ਉੱਚੇ ਹੋ ਗਏ ਮਿਜਾਜ਼,

ਨਾ ਕੋਈ ਜੋੜਦੀ ਹੈ ਦਾਜ,
ਬਦਲ ਗਏ ਕੰਮ ਕਾਜ,

ਗਿੱਧੇ ਵਿੱਚ ਘੁਕ ਨਾ ਰਹੀ,
ਜੀ ਨੱਢੀਆਂ ਦੇ ਗੁੱਤ ਨਾ ਰਹੀ ।





ਨਾ ਸਿਰਾਂ ਉੱਤੇ ਫੁਲਕਾਰੀ,
ਚੁੰਨੀ ਪਰ੍ਹੇ ਚੁੱਕ ਮਾਰੀ,

ਲਾਉਂਦੀ ਹਵਾ ‘ਚ ਉਡਾਰੀ,
ਜਾਂਦੀ ਵਾਲ਼ਾਂ ਨੂੰ ਖਿਲਾਰੀ,

ਕਿਸੇ ਕੋਲੋਂ ਲੁੱਕ ਨਾ ਰਹੀ,






ਹੈਲੋ ਸੱਸ ਨੂੰ ਬੁਲਾਵੇ,
ਖਾਣਾ ਹੋਟਲਾਂ ‘ਚ ਖਾਵੇ,

ਹੱਕ ਆਪਣਾ ਜਿਤਾਵੇ,
ਰਾਤੀਂ ਡਿਸਕੋ ਨੂੰ ਜਾਵੇ,

ਕਿਸੇ ਦੇ ਰੋਕੇ ਰੁੱਕ ਨਾ ਰਹੀ,




ਘਰੇ ਆਉਂਦਾ ਸੀ ਜਵਾਈ,
ਭੱਜੇ ਫਿਰਦੇ ਸੀ ਭਾਈ,

ਵਿਛਾਉਣੀ ਚਾਦਰ ਤਲਾਈ,
ਪੱਖੀ ਜਾਂਦੇ ਸੀ ਘੁਮਾਈ,

ਪਹਿਲਾਂ ਵਾਲੀ ਠੁੱਕ ਨਾ ਰਹੀ,



——–

ਮਾਵਾਂ ਧੀਆਂ ਦਾ ਪਿਆਰ,
ਜੋ ਸੀ ਹੁੰਦਾ ਹੱਦੋਂ ਬਾਹਰ,

ਉਹ ਉਡਾਰੀ ਗਿਆ ਮਾਰ,
ਕੱਲੀ ਰਹਿਣ ਨੂੰ ਤਿਆਰ ,

ਕਿਸੇ ਅੱਗੇ ਝੁੱਕ ਨਾ ਰਹੀ,




ਦੁਪੱਟਾ ਦਿਨੀਂ ਸੁਦੀਂ ਕੰਮ ਆਵੇ,
ਨਾ ਕੋਈ ਸਿਰ ਤੇ ਟਿਕਾਵੇ,

ਰਹਿ ਗਏ ਜੱਗ ਦਿਖਲਾਵੇ,
ਬੀਤੇ ਪਲਾਂ ਨੂੰ ਥਿਆਵੇ ।

ਕਲਮ ਉਹਦੀ ਚੁੱਪ ਨਾ ਰਹੀ ।
ਜੀ ਨੱਢੀਆਂ ਦੇ ਗੁੱਤ ਨਾ ਰਹੀ ।

ਪਰਾਂਦਿਆਂ ਦੀ ਪੁੱਛ ਨਾ ਰਹੀ ।

ਭਾਰਤ ਦੇਸ ਮਹਾਨ

ਜਿੱਥੇ ਗਦਰੀ ਬਾਬੇ ਦੇਸ਼ ਕੌਮ ‘ਤੋਂ
ਹੋ ਜਾਵਣ ਕੁਰਬਾਨ।
ਗਲ਼ ਪਾ ਫਾਂਸੀ ਲਾਹੁਣ ਗੁਲਾਮੀ
ਅਤੇ ਭਗਤ ਸਿੰਘ ਅਖਵਾਉਣ
ਸੂਰਬੀਰ ਬੰਨ੍ਹ ਸਿਰ ‘ਤੇ ਕੱਫਣ
ਸਾਮਰਾਜ ਨੂੰ ਢਾਉਣ
ਕਿਰਤੀਆਂ ਦੇਸ਼ ਉਸਾਰੀ ਕੀਤੀ
ਪਰ ਨਾ ਮਿਲਿਆ ਮਾਣ
ਅੱਠੇ ਪਹਿਰ ਕਮਾਈਆਂ ਕਰਦੈ
ਨਾ ਪਹਿਨਣ – ਨਾ ਖਾਣ
ਅੰਨ ਉਗਾਵੇ ਅਤੇ ਦੇਸ ਨੂੰ ਪਾਲ਼ੇ
ਜਿੱਥੇ ਭੁੱਖਾ ਮਰੇ ਕਿਸਾਨ
ਬੱਚੇ ਦੁੱਧ ਦੀ ਤਿੱਪ ਨੂੰ ਤਰਸਣ
ਜਿੱਥੇ ਦੁੱਧ ਪੀਵੇ ‘ਭਗਵਾਨ’
ਨਾਂਗੇ ‘ਸਾਧ’ ਦਾ ਇੰਟਰਨੈਟ ’ਤੇ
ਹੁੰਦਾ ਹੈ ਸਨਮਾਨ
ਚੂਹਾ, ਬਿੱਲੀ, ਪਿੱਪਲ਼, ਪੱਥਰ
ਜਿੱਥੇ ਬਾਂਦਰ ਵੀ ਭਗਵਾਨ
ਇਕ ਦੂਜੇ ਨੂੰ ਮੱਤਾਂ ਦਿੰਦੇ
ਧਰਮਾਂ ਦਾ ਘਸਮਾਣ
ਉਹਲੇ ਬਹਿ ਲੜਾਉਂਦੇ ਦੋਖੀ
ਜਿੱਥੇ ਗੀਤਾ ਨਾਲ ਕੁਰਾਨ
ਮਹਿਲਾਂ ਵਾਲੇ ਨਿੱਤ ਕਰਦੇ
ਜਿੱਥੇ ਝੁੱਗੀਆਂ ਦਾ ਅਪਮਾਨ
ਅੰਧ-ਵਿਸ਼ਵਾਸੀ ਅਜ ਦੇ ਯੁੱਗ ਵੀ
ਜਿੱਥੇ ਪੱਥਰੀਂ ਤਿਲਕ ਲਗਾਉਣ
ਰਿਸ਼ਵਤਖੋਰ ਮੁਕੱਦਮ ਜਿੱਥੇ
ਅਤੇ ਹਾਕਮ ਬੇਈਮਾਨ
ਰਿਸ਼ਵਤ ਲੈਂਦੇ ਫੜੇ ਜਾਣ ’ਤੇ
ਜਿੱਥੇ ਭੋਰਾ ਨਾ ਸ਼ਰਮਾਉਣ
ਜ਼ੋਰਾਵਰ ਮੁਲਕ ਨੂੰ ਵੇਚਣ
ਫਿਰ ਵੀ.ਆਈ.ਪੀ ਅਖਵਾਉਣ
ਝੂਠ ਦੇ ਪੁੱਤਰ ਬਹਿ ਕੇ ਗੱਦੀਏਂ
ਜਿੱਥੇ ਸੱਚ ਦਾ ਕਤਲ ਕਰਾਉਣ
‘ਬੁੱਧੀ-ਜੀਵੀ’ ਬੁੱਧੀ ਬਾਝ੍ਹੋਂ
ਰਲ਼-ਮਿਲ਼ ਖੇਹ ਉਡਾਉਣ
ਮੁੱਲ ਲੈ ਕੇ ਜਿੱਥੇ ਥੀਸਿਜ਼ ਬੰਦਿਆ
‘ਡਾਕਟਰ’ ਜਿਹਾ ਅਖਵਾਉਣ
ਕਿਸੇ ਦਾ ਲਿਖਿਆ ਪੜ੍ਹ ਕੇ ਪਰਚਾ
ਜਿੱਥੇ ਬਣ ਜਾਂਦੇ ‘ਵਿਦਵਾਨ’
ਸਾਢ੍ਹੇ ਸੱਤ ਕਵਿਤਾਵਾਂ ਪੜ੍ਹਕੇ
ਬਣ ‘ਆਲੋਚਕ’ ਜਾਣ
ਪੱਲਿਉਂ ਦੇ ਕੇ ‘ਗੁੜ ਦੀ ਰੋੜੀ’
ਫਿਰ ! ਸਨਮਾਨ ਕਰਾਉਣ
ਝੂਠੇ ‘ਧਰਮੀ’ ਬੜ੍ਹਕਾਂ ਮਾਰਨ
ਜਿੱਥੇ ਘੱਟ ਮਿਲਦੇ ਇਨਸਾਨ
ਜੀਊਂਦੇ ਜੀਅ ਜਿੱਥੇ ਕਦਰ ਨਾ ਕੋਈ
ਪਿਛੋਂ ਪੂਜਣ ਮੜ੍ਹੀ-ਮਸਾਣ
ਕਿਰਤ ਕਰੋ ਪਰ ਫਲ਼ ਨਾ ਮੰਗੋ
ਜਿੱਥੇ ਕਹਿੰਦੇ ਫਿਰਨ ਸ਼ੈਤਾਨ
ਜਾਤ-ਪਾਤ ਦਾ ਅਜ ਵੀ ਨਾਅਰਾ
ਜਿੱਥੇ ਚੁੱਕੀ ਫਿਰਨ ਹੈਵਾਨ
ਪੁੱਤ ਜੰਮੇ ਤੋਂ ਮਿਲਣ ਵਧਾਈਆਂ
ਲੋਕੀਂ ਧੀ ਜੰਮਿਆਂ ਘਬਰਾਉਣ
ਧੀਆਂ ਭੈਣਾਂ ‘ਰਸਮਾਂ’ ਹੱਥੋਂ
ਜਿੱਥੇ ਹੁੰਦੀਆਂ ਲਹੂ-ਲੁਹਾਣ
ਔਰਤ ਜੰਮੇ ਮਰਦਾਂ ਤਾਈਂ
ਮਰਦ ਕਰਨ ਅਪਮਾਨ
ਰੁਕਮਣੀ ਫਿਰਦੀ ਅੱਖਾਂ ਪੂੰਝਦੀ
ਰਾਧਾ ਦੇ ਸੰਗ ‘ਸਿ਼ਆਮ’
ਧਰਮ-ਕਰਮ ਦੀਆਂ ਖਿੱਲਾਂ ਪਾ ਕੇ
ਜਿੱਥੇ ਲੋਕਾਂ ਨੂੰ ਭਰਮਾਉਣ
ਪਾਪ ਕਮਾਉਂਦੇ ਬਹਿ ਧਰਮ ਦੁਆਰੀਂ
ਨਾਲੇ ਜੋਰੀਂ ਮੰਗਦੇ ਦਾਨ
ਧਰਮ ਦੇ ਨਾਂ ’ਤੇ ਦੰਗੇ ਹੁੰਦੇ
‘ਧਰਮੀ’ ਹੀ ਕਰਵਾਉਣ
ਜਿੱਥੇ ਲੱਖਾਂ ਵਿਹਲੜ ‘ਸਾਧੂ’ ਫਿਰਦੇ
ਜਿਹੜੇ ਕਿਰਤ ਕਰਨੋਂ ਕਤਰਾਉਣ
ਹੱਡ ਹਰਾਮੀ ਗਲੀਏਂ ਫਿਰਦੇ
ਮੰਗ-ਚੁੰਗ ਕੇ ਖਾਣ
ਭਲਿਆਂ ਨੂੰ ਜਿੱਥੇ ਕੋਈ ’ਨੀ ਪੁੱਛਦਾ
ਪਰ ਲੰਡੀ– ਬੁਚੀ ਪਰਧਾਨ
ਸ਼ਰਮ-ਹਯਾ ਦਾ ਮੁੱਲ ਨਹੀਂ ਕੋਈ
ਜਿੱਥੇ ਬੇਸ਼ਰਮੀ ਬਲਵਾਨ
ਰਾਜਨੀਤੀ ਜਿੱਥੇ ਮੁੱਲ ਵਿਕਦੀ ਹੈ
ਅਤੇ ਬਣ ਗਈ ਇਕ ਦੁਕਾਨ
ਲੀਡਰ ਫੋਕੇ ਲਾਰੇ ਵੰਡਦੇ
ਬਣਦੇ ਆਪ ਮਹਾਨ
ਵੋਟਾਂ ਖਾਤਿਰ ਖਚਰੇ ਆਗੂ
ਵੇਚਣ ਦੀਨ ਈਮਾਨ
ਅਨਪੜ੍ਹਤਾ ਨੂੰ ਲੀਡਰ ਸਮਝਣ
ਜਿੱਥੇ ਵੋਟਾਂ ਲਈ ਵਰਦਾਨ
ਪਾਪ ਲਾਹੁਣ ਲਈ ਗੰਦੇ ਜਲ ਵਿਚ
ਗੰਗਾ ਡੁਬਕੀਆਂ ਲਾਉਣ
ਲੀਡਰ ਪੱਲਿਉਂ ਦੇ ਕੇ ਪੈਸੇ
ਆਪਣੀ ਜਿ਼ੰਦਾਬਾਦ ਕਰਾਉਣ
ਪੁੱਤ-ਭਤੀਜੇ ਵੀ ਲੀਡਰ ਬਣ ਜਾਣ
ਸਭ ਲੀਡਰ ਇਹ ਚਾਹੁਣ
ਪਾਰਲੀਮੈਂਟ ’ਚ ਜਾ ਕੇ ਸੌਣਾਂ
ਜਿੱਥੇ ‘ਕਾਕਿਆਂ’ ਦਾ ਅਰਮਾਨ
‘ਧਰਤੀ ਹਿੱਲੇ’ ਤਾਂ ਤੰਬੂ ਹੈ ਨਹੀਂ
ਫਿਰ ਬੰਬ ਦਾ ਕਾਹਦਾ ਮਾਣ ?
ਲੋਕ ਰਾਜ ਦੇ ਨਾਂ ਦੇ ਉ ੱਤੇ
ਨੇਤਾ ਲੋਕਾਂ ਨੂੰ ਪਤਿਆਉਣ
ਘੋਡੇ ਦੁਖਦੇ , ਤੁਰ ’ਨੀ ਹੁੰਦਾ
ਫੇਰ ਵੀ ਗੱਦੀਆਂ ਨੂੰ ਲਲਚਾਉਣ
ਸੂਲ਼ੀ ਚੜ੍ਹਦੇ ਨੂੰ ਦੇਣ ਅਸੀਸਾਂ
ਅਖੇ ! ਭਲੀ ਕਰੂ ‘ਭਗਵਾਨ’
ਧੱਕੇ ਨਾਲ ਪ੍ਰਣਾਉਂਦੈ ਜਿੱਥੇ
ਲੂਣਾ ਨੂੰ ਸਲਵਾਨ
ਹਰ ਸ਼ਾਖ ’ਤੇ ਉਲੂ ਬੈਠਾ
ਅਤੇ ਸ਼ਾਖਾਵਾਂ ਸ਼ਰਮਾਉਣ
ਵਿਚ ਤੰਦੂਰ ਦੇ ਔਰਤ ਸਾੜੇ
ਜਿੱਥੇ ਕੋਈ ਲੁੱਚਾ ਧਨਵਾਨ
ਰਾਂਝੇ ਤਾਂ ਮੈਕਡੋਨਲਡ ਬੈਠੇ
ਹੁਣ ਨਾ ਚੂਰੀ ਖਾਣ
ਮਿਰਜ਼ੇ ਨੇ ‘ਸੰਤਾਲ਼ੀ’ ਲੈ ਲਈ
ਕਹਿੰਦਾ ਕੰਮ ਨਹੀਂ ਤੀਰ-ਕਮਾਨ
ਪੈਲਾਂ ਪਾਉਣ ’ਤੇ ਨੱਚਣ ਫਸਲਾਂ
ਜਿੱਥੇ ਲੁੱਟ ਲੈਂਦੇ ਧਨਵਾਨ
ਕਿਉਂ ਸੋਨਿਉਂ ਚਿੜੀ ਮਿੱਟੀ ਦੀ ਬਣਿਆਂ
ਪੁਛਦੈ ਕੁੱਲ ਜਹਾਨ
‘ਰੱਬ’ ਦਾ ਦੂਜਾ ਰੂਪ ਹੈ ਹੁੰਦਾ
ਜਿੱਥੇ ਘਰ ਆਇਆ ਮਹਿਮਾਨ
“ਸਭੈ ਸਾਂਝੀਵਾਲ ਸਦਾਇਣ”
ਜਿੱਥੇ ਗੁਰੂਆਂ ਦਾ ਫੁਰਮਾਨ
ਲਾਲੋ ਦੇ ਘਰ ਚੱਲ ਕੇ ਆਉਂਦੈ
ਜਿੱਥੇ ਨਾਨਕ ਆਪ ਮਹਾਨ
ਭਾਈਆਂ ਖਾਤਿਰ ਭਾਈ ਜਿੱਥੇ
ਵਾਰਨ ਆਪਣੀ ਜਾਨ
ਬੁੱਲਾ , ਬਾਹੂ , ਵਾਰਿਸ ਜਿੱਥੇ
ਸਦ ਪ੍ਰੇਮ ਦੀ ਲਾਉਣ
ਬਾਝ ਭਰਾਵਾਂ , ਮਰਦੈ ’ਕੱਲਾ
ਜਿੱਥੇ ਮਿਰਜ਼ਾ ਖ਼ਾਨ
ਧਰਮ ਦੇ ‘ਠੇਕੇਦਾਰ’ ਹੀ ਕਰਦੇ
ਜਿੱਥੇ ਧਰਮਾਂ ਦਾ ਅਪਮਾਨ
ਰੱਬ ਦੇ ਭਗਤ ਹੀ ਕੱਠੇ ਹੋ ਕੇ
ਰੱਬ ਦੇ ਘਰ ਨੂੰ ਢਾਹੁਣ
ਧਰਮ ਦੇ ਨਾਂ ’ਤੇ ਖੋਲ੍ਹਣ ਹੱਟੀਆਂ
ਜਿੱਥੇ ਰੱਬ ਨੂੰ ਵੇਚਣ , ਖਾਣ
ਬਾਲਾ ਤੇ ਮਰਦਾਨਾ ਜਿੱਥੇ
ਨਾਨਕ ਨਾਲ ਇਕ ਜਾਨ
ਸ਼ੇਖ ਫ਼ਰੀਦ ਤੇ ਬਾਬਾ ਨਾਨਕ
ਸਾਡਾ ਸਭ ਦਾ ਮਾਣ
ਰਿਸ਼ਵਤ ਲੈ ਕੇ ਕ੍ਰਿਕਟ ਖੇਡਣ
ਅਤੇ ਜਿੱਤ ਦੀ ਹਾਰ ਕਰਾਉਣ
ਊੜਾ-ਐੜਾ ਭੁੱਲ ਜਾਉ ਕਾਕਾ
ਜਿੱਥੇ ‘ਤੋਤਿਆਂ’ ਦਾ ਫੁਰਮਾਨ
ਲੁੱਚਾ ਜਿੱਥੇ ਸਭ ਤੋਂ ੳ ੱਚਾ
‘ਲੋਕ’ ਕਰਨ ਪ੍ਰਣਾਮ
ਜਿੰਦ-ਜਾਨ ਤੋਂ ਵੱਧ ਪਿਆਰਾ
ਭਾਰਤ ਦੇਸ ਮਹਾਨ

ਬਾਪੂ ! ਮੈਥੋਂ ਕੰਮ ਨਹੀਂ ਹੁੰਦਾ

ਬਾਪੂ ! ਮੈਥੋਂ ਕੰਮ ਨਹੀਂ ਹੁੰਦਾ ,
ਮੈਂ , ਬਾਬਾ ਬਣ ਜਾਣਾਂ ਹੈ ।

ਬਾਬਾ , ਜੇ ਨਾਂ ਬਣ ਸਕਿਆ , ਤਾਂ
ਲੀਡਰ ਹੀ ਬਣ ਜਾਣਾਂ ਹੈ ।

ਬਾਬੇ , ਚੜ੍ਹਦੀ ਕਲਾ ‘ਚ ਰਹਿੰਦੇ ।
ਪੰਜ – ਸੱਤ ਚੇਲੇ ਨਾਲ ਨੇਂ ਬਹਿੰਦੇ ।
ਲੀਡਰ, ਵੀ ਤਾਂ ਘੱਟ ਨਹੀਂ ਹੁੰਦਾ ,
ਵੇਖ ਲਈਂ ਤੂੰ , ਚੜ੍ਹਦੇ ਲਹਿੰਦੇ ।
ਜਿਹੜਾ , ਸੌਖਾ ਕੰਮ ਮਿਲੇਗਾ ,
ਉਹੀਉ ਅਸਾਂ ਬਨਾਣਾਂ ਹੈ ।


ਇਕੋ ਈ ਸਿੱਕੇ ਦੇ , ਦੋ ਪਹਿਲੂ ,
ਬਾਬਾ , ਲੀਡਰ ਇਕੱਠਾ ਖ੍ਹੇਲੂ ।
ਇਕੋ ਈ , ਮਾਂ ਦੇ ਦੋਵੇਂ ਜਾਏ,
ਇਕ ਹੈ ਰੇਲੂ ਤੇ ਇਕ ਹੈ ਤੇਲੂ ।
ਇਹ ਹੱਸਦੀ – ਵਸਦੀ ਦੁਨੀਆਂ ਉਤੇ ,
ਵਰਤ ਗਿਆ , ਕੀ ਭਾਣਾਂ ਹੈ ।


ਬਾਬੇ ਦਾ ਪੁੱਤ , ਸੰਤ ਬਣੇਂਗਾ ,
ਜਾਂ ਫਿਰ , ਕੋਈ ਮਹੰਤ ਬਣੇਂਗਾ ।
ਏਸੇ ਤਰਾਂ ਹੀ , ਲੀਡਰ ਦਾ ਪੁੱਤ ,
ਲੋਕਾਂ ਲਈ , ਭਗਵੰਤ ਬਣੇਂਗਾ ।
ਗ਼ੱਲਾਂ – ਬਾਤਾਂ , ਕਰ ਕੇ ਆਪਾਂ ,
ਸੋਹਣਾਂ ਡੰਗ ਟੱਪਾਣਾਂ ਹੈ ।



ਅੱਨਪੜ੍ਹ , ਸੰਤ ਕਹਾਉਂਦੇ ਏਥੇ ।
ਮੱਥਾ , ਨਿੱਤ ਟਿਕਾਉਂਦੇ ਏਥੇ ।
ਬਹੁ – ਲੱਖ਼ੀਆਂ , ਹੀ ਕਾਰਾਂ ਵਾਲੇ ,
ਵੇਖੋ ! ਰੋਹਬ , ਜਮਾਉਂਦੇ ਏਥੇ ।
ਏਸੇ ਤਰਾਂ ਹੀ , ਮੈਂ ਬਾਪੂ ਜੀ ,
ਉਚੱ , ਰੁੱਤਬਾ ਪਾਣਾਂ ਹੈ ।


ਮੈਂ , ਵਢ੍ਹੇ – ਵਢ੍ਹੇ ਦੇ ਕੇ ਭਾਢਨ ।
ਗਰੀਬਾਂ ਦਾ , ਖਾ ਜਾਣਾਂ ਰਾਢਨ ।
ਇਹੀਉ , ਸੱਚਾ – ਸੌਦਾ ਹੁੰਦਾ ,
ਫ਼ੜ ਕੇ ਮਾਲਾ ਲਾ ਲਊ ਆਸਣ ।
ਜੇ , ਇਹ ਵੇਲਾ , ਹੱਥ ਨਾ ਆਇਆ ,
ਤਾਂ ਫ਼ਿਰ ਬਾਪੂ ! ਪਛੱਤਾਣਾਂ ਹੈ ।


ਮੇਰੇ , ਅਗੇ – ਪਿਛੇ ਹੋਣਗੇ ਚੇਲੇ ।
ਦੀਵਾਨ ਲਗੇਗਾ , ਵਢੇ ਮੇਲੇ ।
ਇਕ ਪਾਸੇ, ਮੇਰੀ ਹਊ ਸਟੇਜ ,
ਦੂਜੇ ਪਾਸੇ ਨਹਿਲੇ – ਦਹਿਲੇ ।
ਚੀਫ਼ ਮਨਿਸਟਰ ਬਣ ਕੇ ਮੈਂ ਵੀ ,
ਪੀ ਐਮ ਨਾਲ , ਖਾਣਾਂ ਖਾਣਾਂ ਹੈ ।
ਬਾਪੂ ! ਮੇਰਾ ਜੀ ਕਰਦਾ , ਮੈਂ ,
ਮਨਿਸਟਰ ਹੀ ਬਣ ਜਾਣਾਂ ਹੈ ।
ਇਕ ਦਿਨ , ਬਾਪੂ ! ਵੇਖ ਲਈਂ ਤੂੰ ,
ਮੈਂ ! ਨੇਤਾ , ਬਣ ਜਾਣਾਂ ਹੈ ।

ਸੁੱਖ਼ਣਾਂ ਸੁੱਖ਼ਦੇ ਅਉਣਗੇ ਲੋਕੀਂ ।
ਪੇਰੀਂ ਹੱਥ ਲਗਾਉਣਗੇ ਲੋਕੀਂ ।
ਕਰਨੀਂ ਵਾਲੇ , ਬਾਬਾ ਜੀ ਦੇ ,
ਉਤੇ , ਫ਼ੁੱਲ ਬਰਸਾਉਣਗੇ ਲੋਕੀਂ ।
ਢਰਧਾ ਨਾਲ ਚੜ੍ਹਾਉਣਗੇ ਭੇਟਾ ,
ਨਾਲ ਚੜ੍ਹਾਉਣਾਂ ਬਾਣਾਂ ਹੈ ।

ਧਰਮ ਦੇ ਨਾਂ ਤੇ ਕਰੂੰ ਉਗਰਾਈ ,
ਹੈ , ਸੱਚੀ – ਸੁੱਚੀ ਨੇਕ ਕਮਾਈ ।
ਜੇ ਕੋਈ, ਉਚਾ ਅਹੁਦਾ ਮਿਲਿਆ ,
ਖ਼ਜਾਨੇ. ਦੀ , ਕਰ ਦਊਂ ਤਬਾਹੀ ।
ਸਿਆਸਤ, ਦੇ ਵਿਚ ਰਹਿ ਕੇ,ਪਾਪਾ !
ਤੇਰਾ ਈ ਨਾਂ , ਚਮਕਾਣਾਂ ਹੈ ।


ਵੇਖੀਂ , ਘੁੱਟਣੇਂ ਬੀਬੀਆਂ ਗੋਡੇ ।
ਨਾਲੇ ਦੇਵੀਆਂ , ਘੁੱਟਣੇਂ ਮੋਢੇ ।
ਬਣ ਮਨਿਸਟਰ , ਡੇਰੇ ਅਉਣੇਂ ,
ਦਾੜ੍ਹੀਆਂ ਵਾਲੇ , ਰੋਡੇ – ਭੋਡੇ ।
ਵੰਡ ਕੇ ਖਾਉ , ਜਢਨ ਮਨਾਉ ,
ਬਾਬੇ ਨੇ ਫ਼ੁਰਮਾਣਾਂ ਹੈ ।
ਹੁਣ ਨਾ , ਮੈਨੂੰ ਰੋਕੀਂ ਬਾਪੂ !
ਮੈਂ ਬਾਬਾ ਬਣ ਜਾਣਾਂ ਹੈ ।


ਕੁੜੀ , ਕਾਰ ਡਰਾਈਵਰ ਹਊ ।
ਬਾਬੇ ਦੇ ਉਹ ਚਰਨ ਵੀ ਧੌਊ ।
ਝੰਡੀ ਵਾਲੀ ਕਾਰ ਜੇ ਆਏ ,
ਤਾਂ, ਅੱਗੇ ਫ਼ੜ ਕੇ ਥਾਲ ਖਲੋਊ।
ਦੇਣੇਂ ਨੇਂ ਸੱਭਨਾਂ ਨੂੰ ਪੁੱਤਰ ,
ਤਾਹੀਉਂ ਲੋਕਾਂ ਆਣਾਂ ਹੈ ।

ਚਾਹੇ ਲੀਡਰ ਛੋਟਾ ਮੋਟਾ ਹੋਵੇ।
ਤੇ ਦਿਲ ਦਾ ਕਾਲਾ ਖ਼ੋਟਾ ਹੋਵੇ ।
ਏਸੇ ਤਰਾਂ , ਡੇਰੇ ਦਾ ਬਾਬਾ ,
ਖਾ – ਖਾ ਬਣਿਆਂ ਝੋਟਾ ਹੋਵੇ ।
ਇਕ ਦੂਜੇ ਦਾ ਫ਼ਰਕ ਨਾ ਕੋਈ ,
ਆਕੱੜ , ਨਾਲ ਬੁਲਾਣਾਂ ਹੈ ।

ਏਥੇ , ਕੋਈ ਭਨਿਆਰੇ ਵਾਲਾ ।
ਜਾਂ ਕੋਈ ‘ਸੁਹਲ’ ਨਢਹਿਰੇ ਵਾਲਾ।
ਲੀਡਰ ਜਿਹਨੂੰ , ਮੱਥਾ ਟੇਕਣ ,
ਬਣ ਜਾਏ ਉਹ ਲਿਢਕਾਰੇ ਵਾਲਾ ।
ਬਾਬਾ ! ਸੱਭ ਪੁਆ ਕੇ ਵੋਟਾਂ ,
ਮੈਨੂੰ , ਤੂੰਹੀਂ ਜਿਤਾਣਾਂ ਹੈ ।

ਬਾਬੇ , ਨੇਤਾ ਬਣਕੇ ਡਾਕੂ ।
ਸੱਭ ਨੂੰ ਫੇਰੀ ਜਾਂਦੇ ਚਾਕੂ ।
ਦੁਨੀਆਂ ਦਾ ਫਿਰ , ਕੀ ਬਣੂੰਗਾ ,
ਜੇ , ਪੁੱਤ ਨੂੰ ਮੱਥਾ ਟੇਕੇ ਬਾਪੂ ।
ਤੰਦ ਨਹੀਂ , ਇਹ ਤਾਣੀਂ ਟੁੱਟੀ ,
ਨਾਲੇ ਟੁੱਟਿਆ , ਤਾਣਾਂ ਹੈ ।


ਨਾ ਕੋਈ ਵਿਦਿਆ ਨਾਹੀਂ ਡਿਗਰੀ
ਬਾਬੇ – ਨੇਤਾ ਦੀ ਨਾ ਵਿਗੜੀ ।
ਪੂਛ, ਮਾਰ ਕੇ ਪਏ ਲਬੇੜਨ ,
ਮੱਝ ਬੂਰੀ, ਜਿਉਂ ਲਿਬੜੀ ਤਿਬੜੀ।
ਇਨ੍ਹਾਂ ਦੋਵਾਂ ਤੋਂ ਬਚਿਓ,
ਜੇ ,ਅਪਣਾਂ – ਆਪ ਬਚਾਣਾਂ ਹੈ ।

ਰਾਤ ਚਾਨਣੀ ਏ ਪਰ ਮੇਰਾ ਦਿਲ ੳਦਾਸ ਹੈ

ਰਾਤ ਚਾਨਣੀ ਏ ਪਰ ਮੇਰਾ ਦਿਲ ੳਦਾਸ ਹੈ।

ਕੀ ਦਸਾਂ ਦਿਲ ਨੂੰ ਲਗੀ ਕਿਹੜੀ ਪਿਆਸ ਹੈ?

ਇਕ ਧੁਖਧੁਖੀ ਜਿਹੀ ਅੰਦਰ ਹਮੇਸ਼ਾ ਲਗੀ ਰਹੀ,

ਇਸ ਗੱਲ ਦੀ ਮੈਨੂੰ ਰਹਿਂਦੀ ਹਰਦਮ ਤਲਾਸ਼ ਹੈ।

ਅੱਜ ਕੰਮ ਮੇਰੇ ਆ ਗਾਈਆਂ ਮੇਰੀਆਂ ਹੀ ਤਨਹਾਈਆਂ,

ਨਾ ਵਿਛੜਣ ਦਾ ਕੋਈ ਗ਼ੰਮ ਹੈ ਨਾ ਮਿਲਣੇ ਦੀ ਆਸ ਹੈ

ਜਾਣਾ ਹੈ ਬਹੁਤ ਦੂਰ ਮਗਰ ਰਸਤਾ ਅਣਜਾਣ ਏਂ,

ਖੁਸ਼ ਹਾਂ ਕਿ ਮੇਰੇ ਨਾਲ ਤੇਰਾ ਹਰਦਮ ਅਹਿਸਾਸ ਹੈ।

ਸ਼ਿਕਵਾ ਨਹੀਂ ਹੈ ਮੈਨੂੰ ਤੇਰੇ ਤੇ ਕੋਈ ਸਜਣਾਂ !

ਜੇਹੜਾ ਤੂੰ ਜ਼ਖਮ ਦਿਤਾ ਉਹ ਮੇਰੀ ਪੂੰਜੀ ਮੇਰੀ ਰਾਸ ਹੈ।

ਇਕ ਰੋਜ਼ ਫਿਰ ਮਿਟ ਜਾਣਗੇ ਮੇਰੇ ਪੈਰਾਂ ਦੇ ਨਿਸ਼ਾਨ,

ਮੰਜ਼ਿਲ ਨਾ ਕੋਈ ਟਿਕਾਣਾ ਜਿਥੇ ਮੇਰਾ ਵਾਸ ਹੈ ।

ਤੇਰਾ ਦਰਦ ਢਲਕੇ ਜਿੰਦਗੀ ‘ਚ ਗੀਤ ਬਣ ਗਿਆ,

ਇਹ ਗੀਤ ਮਿਰੀ ਹਿਆਤ ਤੇ ਮਿਰੀ ਰੂਹ ਦਾ ਲਬਾਸ ਹੈ।

ਭੇਦ ਅਸੀ਼ ਸਾਰੇ ਕੱਢ ਲੈਣੇ

ਭੇਦ ਅਸੀ਼ ਸਾਰੇ ਕੱਢ ਲੈਣੇ , ਕੰਧਾਂ ਨੂੰ ਲਗ ਗਏ ਕੰਨ ਮਿੱਤਰੋ,

ਸਚ ਧਰਮ ਦੇ ਗੀਤ ਜੋ ਸਾਰੇ ,ਵਿਚ ਟੇਪਾਂ ਹੋ ਗਏ ਬੰਦ ਮਿੱਤਰੋ

ਮੀਂਹ ਪੈਣ ਤੋਂ ਬਾਅਦਾ਼ ਕਈ ਵਾਰੀ ,ਕੀੜਿਆਂ ਨੂੰ ਲਗ ਜਾਣ ਖੰਭ ਮਿੱਤਰੋ

ਸਿਆਂਣਪਾ ਦੇ ਤਾਂ ਜਾਲ ਵਿਛਾਤੇ ,ਨਿਤ ਨਵੇਂ ਚੜਾਉ਼ਦੇ ਚੰਦ ਮਿੱਤਰੋ

ਜਬਰੀ ਗੱਲਾਂ ਮਨਾਉਣ ਲਈ ,ਮਾਰ ਦਿਓ ਕਰ ਕੇ ਜੰਗ ਮਿੱਤਰੋ

ਮੁਰੱਮਤੀ ਬੜੀ ਜਰੂਰੀ ਹੈ ,ਲੱਭੋ ਕੋਈ ਵਧਦੀਆਂ ਸੰਦ ਮਿੱਤਰੋ

ਉਡਣੇ ਨੂੰ ਪੰਛੀ ਕਰਦਾ ਹੈ ,ਛੇਤੀ ਕੁਤਰੋ ਇਹਦੇ ਖੰਭ ਮਿੱਤਰੋ

ਚੋਗਾ ਪਾ ਕੇ ਇਹਨੂੰ ਟਿਕਾਓ ,ਇਹਨੂੰ ਕਿਹੜੀ ਚੋਗ ਪਸੰਦ ਮਿੱਤਰੋ

ਢਿਵਰੀ ਇਹਦੀ ਟਾਇਟ ਕਰੋ ,ਕੋਈ ਲੱਭੋ ਬਹਾਨਾ ਢੰਗ ਮਿੱਤਰੋ

ਸੁੱਖ ਨਾਲ ਨਹੀ਼ ਜੀਣ ਦੇਣਾ ,ਇਹਨੂੰ ਪੂਰਾ ਕਰ ਦਿਓ ਤੰਗ ਮਿੱਤਰੋ

ਗਰੀਬਾਂ ਦੀ ਆਮਦਨੀ ਦੇ ਜੀ ,ਸਾਰੇ ਰਸਤੇ ਕਰ ਦਿਓ ਬੰਦ ਮਿੱਤਰੋ

ਭਾਈਚਾਰੇ ਨੂੰ ਵੀ ਸਿਖਾਲ ਦਿਓ , ਝੂਠ ਫਰੇਬ ਤੈ ਦੰਭ ਮਿੱਤਰੋ

ਤੀਲੀ ਲਾ ਹੁਸਿ਼ਆਰੀ ਨਾਲ , ਡੱਬੂ ਨੂੰ ਚਾੜ੍ਹੋ ਕੰਧ ਮਿੱਤਰੋ

ਪਾਉੜੀ ਤਾਂ ਆਪਾਂ ਚੁੱਕ ਲੈਣੀ ,ਕੋਈ ਕਿੱਦਾਂ ਚੜ੍ਹ ਜਾਊ ਕੰਧ ਮਿੱਤਰੋ

ਈਰਖਾ ਅਕਲ ਖਰਾਬ ਕਰੇ, ਭਰਦੀ ਬੇਈਮਾਨੀ ਦਾ ਗੰਦ ਮਿੱਤਰੋ

ਦੀਮਾਗ ਤਾਂ ਭਰ ਕੇ ਉੱਛਲਦਾ, ਹੁਣ ਕਿੱਦਾਂ ਲਾਈਏ ਬੰਨ੍ਹ ਮਿੱਤਰੋ

ਬੇਦਰਦੀ ਤੇ ਜ਼ਾਲਮ ਦੁਨਿਆਂ, ਕਰੇ ਜ਼ੁਲਮ ਹੋਵੇ ਪ੍ਰਸੰਨ ਮਿੱਤਰੋ

ਪ੍ਰਸੰਨਤਾ ਨਹੀਂ ਇਹ ਨੀਚਤਾ ਹੈ , ਹੁੰਦੀ ਸਹਿਨਸ਼ੀਲਤਾ ਮਿੱਤਰੋ

ਧਿਆਨ ਨਾਲ ਤੂੰ ਡਰਾਇਵ ਕਰ, ਸਿਟੀ ਦੀਆਂ ਸੜਕਾਂ ਤੰਗ ਮਿੱਤਰੋ

ਜੇ ਚੈੱਕ ਵਧੀਆ ਆ ਗਿਆ ਤਾਂ, ਹੋਊ ਵੀਕਐ਼ਡ ਤੇ ਫਨ ਮਿੱਤਰੋ

ਸਚ ਬੋਲਣਾ ਗੁਰੂ ਸਿਖਾਇਆ, ਨਾ ਕੋਈ ਸ਼ਰਮ ਤੇ ਸੰਗ ਮਿੱਤਰੋ

ਸਚ ਦੀਆਂ ਗੱਲਾਂ ਸੁਨਾਉਣੇ ਲਈ, ਸਿੰਘ ਲਿਖਦਾ ਛੰਦ ਮਿੱਤਰੋ

ਪੀੜਾਂ ਵਿਛੜੇ ਸੱਜਣ ਦੀਆਂ

ਪੀੜਾਂ ਵਿਛੜੇ ਸੱਜਣ ਦੀਆਂ, ਇਸ ਪਿੰਡੇ ਉੱਤੇ ਹੰਡਾਉਣਦਾ ਹਾਂ
ਬੁੱਝ ਰਹੇ ਯਾਦਾਂ ਦੇ ਦੀਵੇ ਨੂੰ, ਹੰਝੂ ਗੰਮ ਦੇ ਪਾ ਕੇ ਜਗਾਉਂਦਾ ਹਾਂ

ਉਡੀਕ ਤੇਰੀ ਹੁਣ ਹੋ ਗਈ ਲੰਮੀ, ਕਦ ਮੁੱਕਣ ਤੇ ਆਊਗੀ
ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ

ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ
ਛੇਤੀ ਆਉਣ ਦੇ ਲਾ ਕੇ ਲਾਰੇ, ਲੰਮੀਆਂ ਵਾਟਾਂ ਤੇ ਤੁਰ ਗਿਆ ਦੂਰ

ਬੀਤੀਆਂ ਲੰਮੀਆਂ ਕਾਲੀਆਂ ਰਾਤਾਂ, ਅੰਬੀਆਂ ਨੂੰ ਹੁਣ ਪੈ ਗਿਆ ਬੂਰ
ਮਿਲਣੇ ਦੀ ਇਹ ਰੁੱਤ ਸੁਹਾਵੀ, ਹਿਜ਼ਰ ਤੇਰੇ’ਚ ਸੁੱਕ ਜਾਊਗੀ

ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ
ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ

ਦਿਲ ਮੇਰੇ ਦੀਆਂ ਰੀਝਾਂ ਦਾ ਮੁੱਲ, ਅੱਜ ਤੱਕ ਸੱਜਣ ਨਾ ਤੱਕ ਸਕਿਆ
ਗੁੱਝਾ ਭੇਦ ਇਹ ਦਿਲ ਚੰਦਰੇ ਦਾ, ਕਹਿ ਕੇ ਵੀ ਨਾ ਦੱਸ ਸਕਿਆ

ਚੁੱਪ ਚਪੀਤੇ ਅਰਮਾਨਾਂ ਦੀ ਗੱਲ, ਪਰਦੇ ਵਿੱਚ ਲੁੱਕ ਜਾਊਗੀ
ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ

ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ
ਰਾਹ ਜਾਂਦੇ ਕਿਸੇ ਰਾਹੀਂ ਤਾਈਂ, ਦਿਲ ਦਾ ਹਾਲ ਸੁਣਾਇਆ ਮੈਂ ਨ੍ਹੀਂ

ਇੱਕ ਵਾਰੀਂ ਮਜਬੂਰੀ ਦੱਸ ਦੇ, ਸੱਜਣ ਅੱਜ ਤੱਕ ਆਇਆ ਹੈ ਨ੍ਹੀਂ
ਜਾਨੋਂ ਪਿਆਰਾ ਅੱਜ ਵੀ ਤੂੰ ਏਂ, ਕਬਰ’ਚੋਂ ਰੂਹ ਕੁਰਲਾਊਗੀ

ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ
ਲੱਗਦੈ ਸਜਣਾਂ ਜਿ਼ੰਦਗੀ ਸਾਡੀ, ਫਿ਼ਕਰਾਂ ਵਿੱਚ ਮੁੱਕ ਜਾਊਗੀ

ਮਾਂ ਵਰਗਾ ਕਿਸ ਹੋ ਜਾਣਾ ਏ

ਮਾਂ ਵਰਗਾ ਕਿਸ ਹੋ ਜਾਣਾ ਏ

ਅੱਖਾਂ ਵਿੱਚ ਲੁਕਾ ਕੇ ਅੱਥਰੂ

ਮਾਂ ਵਾਂਗਰ ਕਿਸ ਰੋ ਲੈਣਾ ਏ

ਦੁੱਖਾਂ ਮਾਰੀ ਮਾਂ ਵਿਚਾਰੀ

ਸੁੱਖਾਂ ਸੁੱਖਦੀ ਹਰ ਪਲ ਹਾਰੀ

ਤੋਰ ਕੇ ਹੱਥੀ ਪੁੱਤ ਪ੍ਰਦੇਸੀ

ਰਾਹਾਂ ਤੱਕਦੀ ਉਮਰ ਹੈ ਸਾਰੀ

ਮਾਂ ਦੀ ਮਮਤਾ ਅੱਗੇ ਸਾਰਾ

ਪਿਆਰ ਹੀ ਢੇਰੀ ਹੋ ਜਾਣਾ ਏ

ਅੱਖਾਂ ਵਿੱਚ ਲੁਕਾ ਕੇ ਅੱਥਰੂ

ਮਾਂ ਵਾਂਗਰ ਕਿਸ ਰੋ ਲੈਣਾ ਏ

ਨਿੱਤ ਦਿਹਾੜੇ ਮਾਂ ਤਾਂ ਧੀ ਨੂੰ

ਨਜ਼ਰਾਂ ਤੋਂ ਬਚਾਉਂਦੀ ਏ

ਕੋਠੇ ਜਿੱਠੀ ਜਦ ਹੋ ਜਾਵੇ

ਮਾਂ ਨੂੰ ਨੀਂਦ ਨਾ ਆਉਦੀ ਏ

ਸੁੱਖੀ ਸਾਂਦੀ ਇੱਕ ਦਿਨ ਧੀਏ

ਤੂੰ ਪਰਦੇਸੀ ਹੋ ਜਾਣਾ ਏ

ਅੱਖਾਂ ਵਿੱਚ ਲੁਕਾ ਕੇ ਅੱਥਰੂ

ਮਾਂ ਵਾਂਗਰ ਕਿਸ ਰੋ ਲੈਣਾ ਏ

ਮਾਂ ਦੀ ਮਮਤਾ ਵਾਲਾ ਕਹਿੰਦੇ

ਕਰਜ਼ ਚੁਕਾਇਆ ਜਾਦਾਂ ਨੀ

ਜਿਦਾ ਮਾਂ ਨਿਭਾਉਂਦੀ ਸਭ ਨਾਲ

ਫ਼ਰਜ਼ ਨਿਭਾਇਆ ਜਾਦਾਂ ਨੀ

ਦੁਨੀਆਂ ਸਾਰੀ ਦੇਖੀ ‘ਦਿਲ’ ਨੇ

ਮਾਂ ਤੋਂ ਵੱਧ ਕਿਸੇ ਨਾ ਹੋ ਜਾਣਾ ਏ

ਅੱਖਾਂ ਵਿੱਚ ਲੁਕਾ ਕੇ ਅੱਥਰੂ

ਮਾਂ ਵਾਂਗਰ ਕਿਸ ਰੋ ਲੈਣਾ ਏ

ਮਾਂ ਵਰਗਾ ਕਿਸ ਹੋ ਜਾਣਾ ਏ

ਦੇਖੋ, ਲਾ ਸੇਧਾਂ ਫਿਰ ਸ਼ਿਕਾਰੀ ਨਿਕਲੇ

ਦੇਖੋ, ਲਾ ਸੇਧਾਂ ਫਿਰ ਸ਼ਿਕਾਰੀ ਨਿਕਲੇ
ਉਹ ਤਾਂ ਗੋਲੀਆਂ ਚਲਾਉਣਾ ਜਾਣਦੇ ਨੇ

ਪਸ਼ੂ ਪੰਛੀ ਦਰਿੰਦਾ ਜਾਂ ਆਦਮੀ ਹੋਵੇ
ਉਹ ਤਾਂ ਨਿਸ਼ਾਨਾਂ ਲਗਾਉਣਾ ਜਾਣਦੇ ਨੇ

ਕੀ ਫ਼ਰਕ ਜੇ ਕੋਈ ਇਨਸਾਨ ਮਰ ਜਾਊ
ਉਹ ਤਾਂ ਅੱਤਵਾਦੀ ਬਣਾਉਣਾ ਜਾਣਦੇ ਨੇ

ਮਮਤਾ ਕਰ ਨੰਗੀ ਉਹ ਨੰਗੇ ਦਿਨ ਵਾਂਗੂੰ
ਉਹ ਤਾਂ ਹਵਸ਼ ਬੁਝਾਉਣਾ ਜਾਣਦੇ ਨੇ

ਆਵਾਜ਼ ਇਨਸਾਨ ਦੀ ਖੋਹ ਇਨਸਾਨ ਕੋਲੋਂ
ਰੌਲਾ ਇਨਸਾਨੀਅਤ ਦਾ ਪੁਆਉਣਾ ਜਾਣਦੇ ਨੇ

ਖੂਨ ਕੈਂਪ ਲਾ ਉਹ ਖੂਨ ਦਾਨ ਕਰਦੇ
ਉਹ ਖੂਨ ਵਹਾਉਣਾ ਵੀ ਜਾਣਦੇ ਨੇ

ਬਣ ਰਾਖੇ ਉਹ ਲੱਗਦੇ ਕਰਨ ਰਾਖੀ
ਉਹ ਲੁੱਟਾਂ ਕਰਾਉਣਾ ਵੀ ਜਾਣਦੇ ਨੇ

ਸਾੜ ਫ਼ੂਕ ਤਾਂ ਇਨ੍ਹਾਂ ਦਾ ਕੰਮ ਨਿੱਤ
ਉਹ ਅੱਗਾਂ ਮਚਾਉਣਾ ਵੀ ਜਾਣਦੇ ਨੇ

ਰੰਗ ਧਰਮ ਤੇ ਜਾਤ ਪਾਤ ਉੱਤੇ
ਉਹ ਦੰਗੇ ਕਰਾਉਣਾ ਵੀ ਜਾਣਦੇ ਨੇ

ਗੁਰੂ ਰਾਮ ਅੱਲਾ ਉਹ ਸਭ ਨੂੰ ਪੂਜਣ
ਉਹ ਧਰਮ ਗ੍ਰੰਥ ਜਲਾਉਣਾ ਵੀ ਜਾਣਦੇ ਨੇ

ਆਉ ਅੱਜ ਸਾਰੇ ਰਲ ਸੋਚ ਕਰੀਏ
ਚਾਲਾਂ ਇਨ੍ਹਾਂ ਦੀਆਂ ਤੋਂ ਕੁਝ ਹੋਸ਼ ਕਰੀਏ

ਉਹ ਨੇ ਸ਼ਿਕਾਰੀ ਨਿੱਤ ਨਵਾਂ ਜਾਲ ਬੁਣਦੇ
ਦੁਨੀਆਂ ਜਾਲ਼ ਚ ਫਸਾਉਣਾ ਜਾਣਦੇ ਨੇ

ਐ! ਖ਼ੁਦਾ ਤੇਰੀ ਧਰਤੀ ਤੇ

ਐ! ਖ਼ੁਦਾ ਤੇਰੀ ਧਰਤੀ ਤੇ, ਕੀ ਕਹਿਰ ਹੋਈ ਜਾ ਰਿਹਾ
ਆਦਮੀ ਹੀ ਆਦਮੀ ਦੇ, ਵੈਰ ਹੋਈ ਜਾ ਰਿਹਾ

ਮਨ ਸ਼ਾਂਤ ਹੁੰਦਾ ਸੀ, ਜਿਨ੍ਹਾਂ ਥਾਂਵਾਂ ਉੱਤੇ ਜਾ ਕੇ
ਲੁੱਟ ਖਸੁੱਟ ਤੇ ਖੂਨ ਖ਼ਰਾਬਾ, ਉਥੇ ਹੋਈ ਜਾ ਰਿਹਾ

ਰਾਮ ਨਾਮ ਦਿਲਾਂ ਵਿੱਚੋਂ, ਖੰਭ ਲਾ ਕੇ ਉੱਡ ਗਿਆ
ਸ਼ੈਤਾਨ ਦਾ ਦਿਲਾਂ ਉੱਤੇ, ਦੇਖੋ ਰਾਜ ਹੋਈ ਜਾ ਰਿਹਾ

ਲੜ੍ਹ ਰਹੇ ਨੇ ਤੇਰੇ ਲੋਕ, ਇੱਕ ਤੇਰੇ ਹੀ ਨਾਂ ਉੱਤੇ
ਹਿੰਦੂ ਮੁਸਲਿਮ ਸਿੱਖ ਦਾ, ਫ਼ਸਾਦ ਹੋਈ ਜਾ ਰਿਹਾ

ਨੰਗਿਆਂ ਤੇ ਭੁੱਖਿਆਂ ਲਈ, ਅੰਨ ਤੇ ਕੱਪੜਾ ਨਹੀਂ
ਐਟਮੀਂ ਬਾਰੂਦ ਸਾਰੇ, ਇੱਕਠਾ ਹੋਈ ਜਾ ਰਿਹਾ

ਮਰ ਰਹੇ ਨੇ ਲੋਕ, ਦੁਨੀਆਂ ਦੇ ਹਰ ਕੋਨੇ ਵਿੱਚ
ਖ਼ਬਰਾਂ ਦਾ ਇਹ ਟਾਈਟਲ, ਆਮ ਹੋਈ ਜਾ ਰਿਹਾ

ਇਕੋ ਨਾਮ ਇਕੋ ਰੂਪ, ਸਾਰਿਆਂ ਦਾ ਸਾਂਝਾਂ ਤੂੰ
ਤੇਰੇ ਹੀ ਨਾਮ ਪਿੱਛੇ, ਦੇਖ ਰੌਲਾ ਪਈ ਜਾ ਰਿਹਾ

ਭੁੱਲ ਗਏ ਨੇ ਲੋਕ, ਅੱਜ ਤੇਰੇ ਅਹਿਸਾਨਾਂ ਨੂੰ
ਹਰ ਬੰਦਾ ਬੇਈਮਾਨ, ਖ਼ੁਦਗ਼ਰਜ਼ ਹੋਈ ਜਾ ਰਿਹਾ

ਕੀ ਫ਼ਰਕ ਮੰਦਿਰ ਮਸਜਿਦ ਤੇ ਗੁਰਦੁਆਰੇ ਵਿੱਚ
ਤੇਰੇ ਹੀ ਨਾ ਤੇ ਕੋਈ, ਢਾਈ ਬਣਾਈ ਜਾ ਰਿਹਾ

ਖ਼ੂਨ ਹੀ ਖ਼ੂਨ ਹੈ, ਕਿਧਰੇ ਵੀ ਦੇਖ ਲਉ
ਰੰਗ ਹੁਣ ਧਰਤੀ ਦਾ ਵੀ, ਲਾਲ ਹੋਈ ਜਾ ਰਿਹਾ

ਤੇਰੀ ਹੀ ਲੀਲਾ ਇਹ, ਤੇਰਾ ਹੀ ਭਾਣਾ ਹੈ
ਸੱਚ ਹਰ ਥਾਂ ਸੂਲੀ, ਟੰਗ ਹੋਈ ਜਾ ਰਿਹਾ

ਲੋੜ ਹੈ ਦਾਤਾ ਕਿਸੇ ਪੀਰ ਪੈਗੰਬਰ ਅਵਤਾਰ ਦੀ
ਲੋੜ ਹੈ ਉਸ ਹਵਾ ਦੀ, ਜੋ ਦਿਲਾਂ ਨੂੰ ਸੀ ਠਾਰਦੀ

ਲੋੜ ਹੈ ਸਦੀਆਂ ਪੁਰਾਣੇ ਸੱਚੇ ਪਿਆਰ ਦੀ
ਕਿਉਂਕਿ ਜ਼ੁਲ਼ਮ ਦੀ ਮਾਰ ਹੇਠ, ਹਰ ਕੋਈ ਰੋਈ ਜਾ ਰਿਹਾ

ਉਠਾਈ ਸੀ ਆਵਾਜ਼ ‘ਦਾਤਾ’, ਜ਼ੁਲਮ ਦੇ ਖ਼ਿਲਾਫ਼ ਤੂੰ ਵੀ
ਏਤੀ ਮਾਰ ਪਈ ਕੁਰਲਾਣੈ, ਤੋ ਵੱਧ ਹੋਈ ਜਾ ਰਿਹਾ

ਇਸ਼ਕ ਦੀ ਖੇਡ ਨਿਰਾਲੀ ਖੇਡੀ

ਇਸ਼ਕ ਦੀ ਖੇਡ ਨਿਰਾਲੀ ਖੇਡੀ, ਸਾਰਾ ਕੁਝ ਠਰ ਕੇ ਰਹਿ ਗਿਆ
ਬਾਹਰੋਂ ਤਾਂ ਸਭ ਠੀਕ ਠਾਕ ਸੀ, ਅੰਦਰ ਸੜ ਕੇ ਰਹਿ ਗਿਆ

ਸੂਲਾਂ ਉਪੱਰ ਆਸ਼ਿਕ ਸੌਂ ਜਾਣ, ਪੈਰਾਂ ਦੇ ਵਿੱਚ ਛਾਲੇ ਹੋ ਜਾਣ
ਜਾਨ ਦੀ ਕੀ ਪਰਵਾਹ ਹੁੰਦੀ, ਯਾਰ ਅੱਖਾਂ ਅੱਗੇ ਜਦ ਬਹਿ ਗਿਆ

ਇਸ਼ਕ ਦੀ ਖੇਡ ਨਿਰਾਲੀ ਖੇਡੀ, ਸਾਰਾ ਕੁਝ ਠਰ ਕੇ ਰਹਿ ਗਿਆ
ਬਾਹਰੋਂ ਤਾਂ ਸਭ ਠੀਕ ਠਾਕ ਸੀ, ਅੰਦਰ ਸੜ ਕੇ ਰਹਿ ਗਿਆ

ਦੁਨੀਆਂ ਤੋਂ ਹੁਣ ਕੀ ਲੈਣਾ ਏ, ਯਾਰ ਦੇ ਰੰਗ ਵਿਚ ਰੰਗ ਜਾਣਾ
ਬੁਲ੍ਹੇ ਵਾਂਗਰ ਹੋ ਜਾ ਜਿਸ ਨੇ, ਨੱਚ ਕੇ ਯਾਰ ਮਨਾ ਲਿਆ

ਇਸ਼ਕ ਦੀ ਖੇਡ ਨਿਰਾਲੀ ਖੇਡੀ, ਸਾਰਾ ਕੁਝ ਠਰ ਕੇ ਰਹਿ ਗਿਆ
ਬਾਹਰੋਂ ਤਾਂ ਸਭ ਠੀਕ ਠਾਕ ਸੀ, ਅੰਦਰ ਸੜ ਕੇ ਰਹਿ ਗਿਆ

ਤੇਰੀ ਖਾਤਿਰ ਸਭ ਗਵਾਇਆ, ਦੁਨੀਆਂ ਦੇ ਨਾਲ ਮੱਥਾ ਲਾਇਆ
ਘਰ ਵਾਲਿਆਂ ਦੀ ਇੱਕ ਨਾ ਮੰਨੀ, ਬਾਹਰ ਦਾ ਹੋ ਕੇ ਰਹਿ ਗਿਆ

ਇਸ਼ਕ ਦੀ ਖੇਡ ਨਿਰਾਲੀ ਖੇਡੀ, ਸਾਰਾ ਕੁਝ ਠਰ ਕੇ ਰਹਿ ਗਿਆ
ਬਾਹਰੋਂ ਤਾਂ ਸਭ ਠੀਕ ਠਾਕ ਸੀ, ਅੰਦਰ ਸੜ ਕੇ ਰਹਿ ਗਿਆ

ਜਿੱਤੀ ਬਾਜ਼ੀ ਇਸ਼ਕ ਦੀ ਹਰ ਗਏ, ਤੇਰੇ ਭਾਣੇ ਜਿਊਂਦੇ ਮਰ ਗਏ
ਤੂੰ ਜਾਣੇ ਨਾ ਜਾਣੇ, ਜ਼ਿੰਦ ਵੇਚ ਕੇ ਯਾਰ ਬਚਾ ਲਿਆ

ਇਸ਼ਕ ਦੀ ਖੇਡ ਨਿਰਾਲੀ ਖੇਡੀ, ਸਾਰਾ ਕੁਝ ਠਰ ਕੇ ਰਹਿ ਗਿਆ
ਬਾਹਰੋਂ ਤਾਂ ਸਭ ਠੀਕ ਠਾਕ ਸੀ, ਅੰਦਰ ਸੜ ਕੇ ਰਹਿ ਗਿਆ

ਹਰ ਬੰਦੇ ਦੇ ਦਿਲ ਚ ਗੁਬਾਰ ਜਿਹਾ ਪਲ ਰਿਹਾ

ਹਰ ਬੰਦੇ ਦੇ ਦਿਲ ਚ ਗੁਬਾਰ ਜਿਹਾ ਪਲ ਰਿਹਾ
ਆਦਮੀ ਹੀ ਆਦਮੀ ਤੋਂ ਮੂੰਹ ਛੁਪਾ ਕੇ ਚਲ ਰਿਹਾ

ਨਫ਼ਰਤ ਦੀ ਅੱਗ ਨਾਲ ਸ਼ਹਿਰ ਤੇ ਸੜਕਾਂ ਕੀ
ਹਰ ਗਲੀ ਧੁੱਖ ਰਹੀ ਤੇ ਹਰ ਚੌਂਕ ਬਲ ਰਿਹਾ

ਮਾਰੂਥਲ ਵਿੱਚ ਆਏ ਕਿਸੇ ਬੇ-ਵਕਤ ਤੂਫਾਨ ਵਾਂਗ
ਮਾਸੂਮਾਂ ਉੱਤੇ ਜ਼ਾਲਮਾਂ ਦਾ ਜ਼ੁਲਮ ਦੇਖੋ ਚਲ ਰਿਹਾ

ਝਾਕਦੇ ਕੀ ਰੂਸ ਤੇ ਅਮਰੀਕਾ ਵੱਲ ਵਿਗਿਆਨੀਉ
ਐਟਮ ਦਾ ਮਸਾਲਾ ਤੁਹਾਡੀ ਧਰਤੀ ਤੇ ਫ਼ਲ ਰਿਹਾ

ਆਕਾਸ਼ ਵਿਚਲੇ ਸੂਰਜਾਂ ਨੂੰ ਠੰਢਾਂ ਪਾਉਣ ਵਾਲਿਉ
ਧਰਤੀ ਦਾ ਚੰਦਰਮਾ ਸਿਖ਼ਰ ਦੁਪਿਹਰੇ ਬਲ ਰਿਹਾ

ਝੰਡਿਆਂ ਤ੍ਰਿਸ਼ੂਲਾਂ ਤੇ ਗੁੰਬਦਾਂ ਦਾ ਭੁਲੇਖਾ ਪਾ ਕੇ
ਹਰ ਲੀਡਰ ਕੁਰਸੀ ਤੋਂ ਚਾਲ ਆਪਣੀ ਚਲ ਰਿਹਾ

ਨਫ਼ਰਤ ਵਾਲੇ ਦਿਲਾਂ ਵਿੱਚ ਨਾ ਦਾਗ਼ੀ ਜਾਉ ਗੋਲੀਆਂ
ਸੋਚੋ ਕਦੀ ਇਨ੍ਹਾਂ ਵਿੱਚ ਵੀ ਪਿਆਰ ਸੀ ਪਲ ਰਿਹਾ

ਇੱਕਠੇ ਹੋ ਕੇ ਦੋਸਤੋ ਹਿਸਾਬ ਆਪਾਂ ਮੰਗੀਏ
ਬਾਰੂਦ ਵੱਟੇ ਲਾਸ਼ਾਂ ਦਾ ਵਪਾਰ ਜਿਹੜਾ ਚਲ ਰਿਹਾ

ਪਿਆਰ ਵਾਲੇ ਪਾਣੀਆਂ ਨਾਲ ਅੱਗ ਉਹ ਬੁਝਾ ਦੇਈਏ
ਸ਼ਹਿਰਾਂ ਅਤੇ ਪਿੰਡਾਂ ਦਾ ਭਵਿੱਖ ਜਿਸ ਨਾਲ ਜਲ ਰਿਹਾ

ਤੁਹਾਡੇ ਕਈ ਸਵਾਲਾਂ ਦਾ ਉੱਤਰ ਜਨਾਬ ਦੇ ਨਹੀਂ ਹੋਣਾ

ਤੁਹਾਡੇ ਕਈ ਸਵਾਲਾਂ ਦਾ ਉੱਤਰ ਜਨਾਬ ਦੇ ਨਹੀਂ ਹੋਣਾ
ਪਹਿਲਾਂ ਵਾਂਗ ਹੱਸਦਾ ਗਾਂਉਂਦਾ ਪੰਜਾਬ ਦੇ ਨਹੀਂ ਹੋਣਾ ।

ਇਸ ਦੁਨੀਆਂ ਤੇ ਸਿਕੰਦਰ ਵਾਂਗ ਜਿਉੁਣਾ ਤਾਂ ਸੌਖਾ ਹੈ
ਐੈਪਰ ਸਾਡੇ ਕੋਲੋਂ ਪੋਰਸ ਵਾਂਗੂਂ ਜਵਾਬ ਦੇ ਨਹੀਂ ਹੋਣਾ ।

ਉੁਹ ਜਦ ਪੁੱਛਦੇ ਤੁਹਾਡਾ ਹਾਲ ਕਿਵੇਂ ਇਹਨੀਂ ਦਿਨੀਂ
ਇਸ ਤਰਾਂ ਕਰਜ਼ ਚੜ ਜਾਵੇ ਹਿਸਾਬ ਦੇ ਨਹੀਂ ਹੋਣਾ ।

ਅਸੀਂ ਪੇਸ਼ ਕੀਤੇ ਕਦੇ ਉੁਹਨਾਂ ਨੂੰ ਕਈ ਗੁਲਦਸਤੇ
ਦੇਖੋ ਅਜ ਦਾ ਆਲਮ ਸੁੱਕਾ ਗੁਲਾਬ ਦੇ ਨਹੀਂ ਹੋਣਾ ।

ਰਹਿਣੀ ਆਰਜ਼ੂ ਕਿਸੇ ਦੀ ਕਬਰ ਦੇ ਰਸਤਿਆਂ ਤੀਕਰ
ਜਦੋਂ ਵੀ ਮੋਏੇ ਤਾਂ ਚਿਹਰੇ ਉੁਤੇ ਨਕਾਬ ਦੇ ਨਹੀਂ ਹੋਣਾ ।

ਬਹੁਤੀਆਂ ਚੀਜਾਂ ਦਾ ਬਟਵਾਰਾ ਇੰਨਾ ਹੋ ਗਿਆ ਪੱਕਾ
ਸਾਡੇ ਕੋਲੋਂ ਸਤਲੁਜ ਉੁਹਤੋਂ ਝਨਾਬ ਦੇ ਨਹੀਂ ਹੋਣਾ ।

ਜਹਾਲਤ ਹੋ ਗਈ ਹੈ ਜਿੰਨਾਂ ਲੋਕਾਂ ਦੀ ਸੋਚ ਤੇ ਕਾਬਜ
ਚਾਹੇ ਖੈਰ ਮੰਗਣ ਇਲਮ ਦੀ ਕਿਤਾਬ ਦੇ ਨਹੀਂ ਹੋਣਾ ।

ਸੱਸੀ ਵਾਂਗ ਜਿਸ ਦਿਨ ਭੱਟਕ ਜਾਵਾਂਗੇ ਥਲਾਂ ਅੰਦਰ
ਹਮਦਰਦਾਂ ਸਾਡਿਆਂ ਤੋਂ ਕਤਰਾ ਵੀ ਆਬ ਦੇ ਨਹੀਂ ਹੋਣਾ

ਜਿਸ ਰਾਹ ਤੇ ਵੀ ਨਿਕਲਾਂਗੇ ਕੋਈ ਪੈਗਾਮ ਦੇਵਾਂਗੇ

ਜਿਸ ਰਾਹ ਤੇ ਵੀ ਨਿਕਲਾਂਗੇ ਕੋਈ ਪੈਗਾਮ ਦੇਵਾਂਗੇ
ਦੁਰਕਾਰਾਂਗੇ ਝੂਠ ਨੂੰ ਸੱਚ ਨੂੰ ਹੀ ਸਲਾਮ ਦੇਵਾਂਗੇ ।

ਕਿਸੇ ਨੇ ਪੁਛਿਆ ਕਿ ਬੇਵਫਾ ਉਹ ਕੌਣ ਸੀ ਆਖਿਰ ?
ਸਿਰਫ ਕਿਸਮਤ ਤੇ ਹੀ ਅਸੀਂ ਇਲਜਾਮ ਦੇਵਾਂਗੇ ।

ਮੋਢੇ ਤੇ ਸਿਰ ਰੱਖਕੇ ਤੂੰ ਸੌਂ ਜਾਂਵੀਂ ਜਦੋਂ ਮਰਜੀ
ਇਕੱਠੇ ਸਫਰ ਤੇ ਨਿਕਲੇ ਤੈਨੂੰ ਆਰਾਮ ਦੇਵਾਂਗੇ ।

ਕਿੰਨਾ ਭਟਕੇ ਹਾਂ ਹੁਣ ਤੀਕ ਇਸਦੇ ਲੱਗ ਕੇ ਆਖੇ
ਦਿਲ ਦਾ ਅੱਥਰਾ ਘੋੜਾ ਇਸਨੂੰ ਲਗਾਮ ਦੇਵਾਂਗੇ ।

ਮੌਸਮ ਵਫਾ ਕਰੇ ਨਾ ਕਰੇ ਇਹ ਓਸਦੀ ਮਰਜੀ
ਇਸ ਕਲਮ ਤੋ ਤਾਜ਼ਾ ਇਕ ਹੋਰ ਕਲਾਮ ਦੇਵਾਂਗੇ ।

ਮੁੱਢੋਂ ਅਗਾਜ਼ ਰਿਹਾ ਫਿੱਕਾ ਭਾਂਵੇਂ ਇਸ ਕਹਾਣੀ ਦਾ
ਇਸ ਨੂੰ ਖੂਬਸੂਰਤ ਆਖਰੀ ਅੰਜਾਂਮ ਦੇਵਾਂਗੇ ।

ਹਰ ਚਿਹਰੇ ਦੇ ਪਿੱਛੇ ਅਜਕਲ ਚਿਹਰਾ ਛਿਪਿਆ ਹੈ

ਹਰ ਚਿਹਰੇ ਦੇ ਪਿੱਛੇ ਅਜਕਲ ਚਿਹਰਾ ਛਿਪਿਆ ਹੈ।

ਥੋੜਾ ਥੋੜਾ ਚਾਨਣ ਬਹੁਤ ਹਨੇਰਾ ਛਿਪਿਆ ਹੈ।

ਹਾਲੇ ਰੁੱਤਾਂ ਆਈਆਂ ਨਾਹੀਂ ਸਾਂਝਾਂ ਪਾਉਣ ਦੀਆਂ,

ਹਾਲੇ ਆਪਾਂ ਅੰਦਰ ਤੇਰਾ ਮੇਰਾ ਛਿਪਿਆ ਹੈ।

ਡਰ ਨਾਂ ਕਾਲੀ ਰਾਤ ਦੇ ਕੋਲੋਂ ਇਹ ਹੈ ਭਾਗਭਰੀ,

ਏਸੇ ਰਾਤ ਦੀ ਕੁੱਖ ‘ਚ ਇੱਕ ਸਵੇਰਾ ਛਿਪਿਆ ਹੈ।

ਪੱਥਰ ਦੇ ਵਿਚ ਅੱਗ ਤੇ ਅੱਗ ‘ਚ ਤਪਸ਼ ਜਿਵੇਂ ਵੱਸੇ,

ਮੇਰੇ ਸਾਹਾਂ ਅੰਦਰ ਪਿਆਰ ਇਹ ਤੇਰਾ ਛਿਪਿਆ ਹੈ।

ਹਾਕਾਂ ਮਾਰ ਕੇ ਕੌਣ ਬੁਲਾਵੇ ਮੈਨੂੰ ਏਥੇ ਵੀ,

ਕੀ ਪ੍ਰਦੇਸਾਂ ਅੰਦਰ ਵੀ ਕੋਈ ਮੇਰਾ ਛਿਪਿਆ ਹੈ।

ਉਹ ਹੀ ਜੰਗਲ ਵਿੱਚੋਂ ਭਾਲ ਲਿਆਵੇਗਾ ਚੰਦਨ,

ਧੁਰ ਜੰਗਲ ਵਿਚ ਜਾਣ ਦਾ ਜਿਸ ਵਿਚ ਜੇਰਾ ਛਿਪਿਆ ਹੈ।

‘ਅੰਮ੍ਰਿਤ’ ਨਾ ਦੇ ਤੂੰ ਸਾਡੇ ਦਿਲ ਨੂੰ ਜ਼ਖ਼ਮ ਨਵੇਂ ਯਾਰਾ,

ਪਹਿਲਾਂ ਹੀ ਦਿਲ ਵਿਚ ਦਰਦ ਬਥੇਰਾ ਛਿਪਿਆ ਹੈ।

ਵਕਤ ਸੰਗ ਚਲ ਮੁਸਾਫਿਰ ਵਕਤ ਨੇ ਰੁਕਣਾ ਨਹੀਂ

ਵਕਤ ਸੰਗ ਚਲ ਮੁਸਾਫਿਰ ਵਕਤ ਨੇ ਰੁਕਣਾ ਨਹੀਂ।

ਮੰਜ਼ਲ ਤੇ ਪਹੁੰਚ ਕੇ ਵੀ ਸਫ਼ਰ ਤੇਰਾ ਮੁੱਕਣਾ ਨਹੀਂ

ਧੀਏ ਫੁੱਲ ਕੱਢਣਾ,ਕੱਢਣਾ ਸਲੀਕੇ ਨਾਲ ,

ਰੀਝ ਨਾਲ ਵਰਨਾ ਕਿਸੇ ਏਸਨੂੰ ਤੱਕਣਾ ਨਹੀਂ

ਸੋਚਦਾ ਹਾਂ ਫੁੱਲਾਂ ਦੀ ਇਕ ਕਿਆਰੀ ਬਣਾਵਾਂ,

ਮਹਿਕ ਨੇ ਮਗਰ ਹਝੂੰ ਹਉਕਿਆਂ ਨੂੰ ਡੱਕਣਾ ਨਹੀਂ

ਮੈਰਾਥਨ ਦੋੜ ਲਈ ਹਰ ਕੋਈ ਦੋੜ ਰਿਹਾ,

ਡਿੱਗਿਆ ਜਿਹੜਾ ਉਸਨੂੰ ਹੁਣ ਕਿਸੇ ਚੁੱਕਣਾ ਨਹੀਂ।

ਐ ਹਨੇਰੇ ਕਦ ਤਕ ਦੇ ਸਕੇਂਗਾ ਧੁੰਸਲਕਾ ,

ਝਾਕ ਰਿਹਾ ਹੈ ਜਿਹੜਾ ਸੂਰਜ ਰੁੱਕਣਾ ਨਹੀਂ।

ਵਿਤਕਰਿਆਂ ਦਾ ਦੌਰ ਭਾਵੇਂ ਹੈ ਬੜਾ,

ਸਾਂਝ ਦੇ ਸਾਹਵੇ ਪਰ ਇਹਨਾਂ ਟਿੱਕਣਾ ਨਹੀਂ।

ਕੁੱਝ ਗਿਲੇ ਮੇਰੇ ਕੁੱਝ ਸ਼ਿਕਵੇ ਤੇਰੇ ਹੋਣਗੇ

ਕੁੱਝ ਗਿਲੇ ਮੇਰੇ ਕੁੱਝ ਸ਼ਿਕਵੇ ਤੇਰੇ ਹੋਣਗੇ।
ਮਿਲਕੇ ਬੈਠਿਆਂ ਹੀ ਯਾਰਾ ਨਿਬੇੜੇ ਹੋਣਗੇ।

ਅੱਜ ਕੱਲਾ ਹਾਂ ਰੋਹੀ ਦੇ ਰੁੱਖ ਵਾਂਗ ਭਾਵੇਂ,
ਦਿਨ ਫਿਰਨਗੇ ਕਦੇ ਯਾਰ ਬਥੇਰੇ ਹੋਣਗੇ ।

ਜਨਤਾ ਲੁੱਟ ਨੂੰ ਸਹੇਗੀ ਕਿੰਨਾ ਕੁ ਚਿਰ,
ਛੇਤੀ ਹੀ ਚਿੜੀਆ ਨੇ ਬਾਜ ਘੇਰੇ ਹੋਣਗੇ।

ਜਖ਼ਮ ਹਾਦਸੇ ਦੇ ਭਰੇ ਨਹੀਂ ਹਰੇ ਨੇ ਅਜੇ
ਲਗਦੈ ਹਰ ਸਾਲ ਕਿਸੇ ਨੇ ਉਚੇੜੇ ਹੋਣਗੇ।

ਰਾਤ ਨੂੰ ਗੁਮਾਨ ਜੋ ਆਪਣੀ ਸਿਆਹੀ ਦਾ
ਟੁੱਟ ਜਾਵੇਗਾ ਜਦੋਂ ਸੋਨ ਸਵੇਰੇ ਹੋਣਗੇ।

ਆਇਆ ਹੈ ਕੋਈ ਸਾਡੇ ਵਿਹੜੇ

ਆਇਆ ਹੈ ਕੋਈ ਸਾਡੇ ਵਿਹੜੇ, ਸਜਰੀ ਸਲੋਨੀ ਬਹਾਰ ਬਣਕੇ।
ਆਓ ਉਸਨੂੰ ਜੀ ਆਇਆਂ ਕਹੀਏ, ਫੁੱਲਾਂ ਦਾ ਉਸ ਲਈ ਹਾਰ ਬਣਕੇ।
ਝੂਮਿਆ ਏ ਬੂਟਾ ਬੂਟਾ, ਖਿੜ ਪਏ ਨੇ ਫੁੱਲ ਵੀ,
ਮਹਿਕ ਉੱਠਿਆ ਚਮਨ ਕੋਈ, ਬਰਸਿਆ ਏ ਫ਼ੁਹਾਰ ਬਣਕੇ।
ਇਹ ਖ਼ੁਸ਼ਬੂ ਹੈ ਹਵਾ ਦੀ, ਜਾਂ ਫਿਰ ਆਵੇ ਉਹਦੇ ਬਦਨ ਚੋਂ,
ਮਦਹੋਸ਼ੀਆਂ ਦਾ ਬਣਿਆ ਆਲਮ, ਉਹ ਛਾ ਰਿਹਾ ਹੈ ਖ਼ੁਮਾਰ ਬਣਕੇ।
ਸੂਰਤ ਉਸਦੀ ਖ਼ੂਬਸੂਰਤ, ਸੀਰਤ ਦਾ ਪਰ ਪਤਾ ਨਹੀਂ,
ਮਾਲੂਮ ਕਰ ਲਓ ਆਇਆ ਹੈ ਉਹ, ਦੁਸ਼ਮਣ ਜਾਂ ਫਿਰ ਯਾਰ ਬਣਕੇ।
ਥੋੜਾ ਸਮਾਂ ਹੈ ਗੱਲ ਨਾ ਰਹਿਜੇ, ਅਣਕਹੀ ਅਣਸੁਣੀ,
ਆ ਜਾਏ ਦਿਲ ਦਾ ਜ਼ੁਬਾਨ ਉੱਤੇ, ਰਾਜ਼ ਸਭ ਇਜ਼ਹਾਰ ਬਣਕੇ।
ਨਾਜ਼ ਕਰੇ ਜਿਸ ਤੇ ਜ਼ਮਾਨਾ, ਮਾਣ ਕਰੇ ਦੋਸਤੀ ਵੀ,
ਇੱਕ ਦੂਜੇ ਨੂੰ ਮਿਲਿਓ ਯਾਰੋ, ਐਦਾਂ ਦੇ ਦਿਲਦਾਰ ਬਣਕੇ।
ਜਦ ਵੀ ਕੋਈ ਸਜੇ ਮਹਿਫ਼ਲ, ਇਸ ਤਰਾਂ ਐ ਦੋਸਤਾ,

ਕੱਲ ਵਾਲਾ ਅੱਜ ਨਹੀਂ ਪੰਜਾਬ ਲੱਭਦਾ

ਕੱਲ ਵਾਲਾ ਅੱਜ ਨਹੀਂ ਪੰਜਾਬ ਲੱਭਦਾ।
ਛੇਵਾਂ ਦਰਿਆ ਨਸ਼ਿਆਂ ਦਾ ਵੱਗਦਾ।

ਭੁੱਕੀ, ਡੋਡੇ,ਫੀਮ,ਹੁਣ ਚੱਲ ਪਈ ਕੋਕੀਨ,
ਖਾਂਦੇ ਨਾ ਖੁਰਾਕਾਂ ਹੋਗੇ ਨਸ਼ੇ ਦੇ ਸ਼ੌਕੀਨ।
ਬੁੱਲਾਂ ਥੱਲੇ ਸਦਾ ਹੀ ਤੰਬਾਕੂ ਰੱਖਦੇ,
ਸਿਗਰਟਾਂ ਤੇ ਬੀੜੀਆਂ ਨਾ ਪੀਣੋ ਝੱਕਦੇ,
ਰਿਹਾ ਨਾ ਖਿਆਲ ਵੱਡਿਆਂ ਦੀ ਪੱਗ ਦਾ।

ਕੁੜੀਆਂ ਤੇ ਮੁੰਡਿਆਂ ਦਾ ਇੱਕੋ ਹਾਲ ਜੀ,
ਛੋਟੇ ਵੱਡੇ ਸਾਰੇ ਚੱਲੇ ਇੱਕੋ ਚਾਲ ਜੀ,
ਨਸ਼ੇ ਬਿਨਾਂ ਇਨ੍ਹਾਂ ਦੀ ਨਾ ਅੱਖ ਖੁੱਲਦੀ,
ਜਾਂਦੀ ਏ ਜਵਾਨੀ ਨਸ਼ਿਆਂ ‘ਚ ਰੁੱਲਦੀ,
ਅੱਲੜਾਂ ਜਵਾਨੀਆਂ ਨੂੰ ਜਾਏ ਠੱਗਦਾ।

ਨਸ਼ਿਆਂ ਨੇ ਕਰਤੇ ਖਰਾਬ ਗੱਭਰੂ,
ਟੀਕੇ ਲਾਉਣ ਨਾਲੇ ਪੀਣ ਸ਼ਰਾਬ ਗੱਭਰੂ,
ਰਹੀ ਨਾ ਕਿਸੇ ਦੇ ਵਿੱਚ ਜਿੰਦ ਜਾਨ ਜੀ,
ਕੰਮ ਨਾ ਕਿਸੇ ਨੂੰ ਇਹ ਤਾਂ ਹੱਥ ਲਾਨ ਜੀ,
ਵਿਹਲੜਾਂ ਦੇ ਘਰ ਨਹੀਂਓ ਦੀਵਾ ਜੱਗਦਾ।

ਦੇਸ਼ਾਂ ਵਿੱਚੋ ਦੇਸ਼ ਨਾ ਪੰਜਾਬ ਰਹਿ ਗਿਆ,
ਫੁੱਲਾਂ ਵਿੱਚੋ ਫੁੱਲ ਨਾ ਗੁਲਾਬ ਰਹਿ ਗਿਆ,
ਨਸ਼ੇ ਦੇ ਵਪਾਰੀਆਂ ਦਾ ਬੇੜਾ ਬਹਿ ਗਿਆ,
ਗਾਮਾ ਭਲਵਾਨ ਨਸ਼ਿਆਂ ਤੋਂ ਢਹਿ ਗਿਆ,
ਖੋਰੇ ਜਾਂਦਾ ਕਿਸਦਾ ਸਰਾਪ ਲੱਗਦਾ।
ਛੇਵਾਂ ਦਰਿਆ ਨਸ਼ਿਆਂ ਦਾ ਵੱਗਦਾ।
ਕੱਲ ਵਾਲਾ ਅੱਜ ਨਹੀਂ ਪੰਜਾਬ ਲੱਭਦਾ।

ਜਾਗ ਸਿੰਘਾ ਜਾਗ ਬਈ

ਜਾਗ ਸਿੰਘਾ ਜਾਗ ਬਈ

ਹੁਣ ਜਾਗੋ ਆਈਆ

ਜਾਗਣ ਤੇਰੇ ਭਾਗ ਬਈ

ਹੁਣ ਜਾਗੋ ਆਈਆ।

ਤੂੰ ਸੁਤਾਂ ਏਂ ਲੰਬੀਆਂ ਤਾਂਣੀ

ਚੋਰਾਂ ਦੀ ਤੈਨੂੰ ਚੰਬੜੀ ਢਾਣੀ

ਰਾਜ ਧਰਮ ਦਿਆਂ ਠੇਕੇਦਾਰਾਂ

ਪਾ ਲਈ ਏ ਗਲਵਕੜੀ ਜਾਣੀ

ਇਕ ਦੂਜੇ ਦੇ ਪੂਰਕ ਬਣਕੇ

ਲੁਟ ਕਰਨ ਦੀ ਨੀਤੀ ਠਾਣੀ

ਡੇਰੇਦਾਰਾਂ ਸਾਧਾਂ ਸੰਤਾ

ਚੰਗੀ ਧੁੰਮ ਮਚਾਈਆ

ਨਰਕ ਸੁਰਗ ਦੀ ਕਲਪਤ ਬਾਰੀ

ਸਾਧਾਂ ਨੇ ਅਸਮਾਨੀ ਚ੍ਹਾੜੀ

ਸਿਧੇ ਸਾਦੇ ਲੋਕਾਂ ਦੇ ਇਸ

ਡਰ ਲਾਲਚ ਨੇ ਅਕਲ ਹੈ ਮਾਰੀ

ਧਰਮ ਕਰਮ ਸਭ ਬਿਜ਼ਨਸ ਬਣਿਆਂ

ਕੱਛਾਂ ਮਾਰੇ ਅੱਜ ਪੁਜਾਰੀ

ਸਭ ਦੁਨੀਆਂ ਦੇ ਧਰਮਸਥਾਨੀ

ਸੇਲ ਪਾਠਾਂ ਦੀ ਲਾਈਆ

ਤੋਤੇ ਵਾਂਗੂ ਸਿਖਿਆ ਰਟਦੇ

ਸਮਝ ਅਮਲ ਤੋਂ ਪਾਸਾ ਵਟਦੇ

ਗਿਣ ਮਿਣ ਕੇ ਇਹ ਰਬ ਧਿਆਂਉਦੇ

ਕਰਮ ਕਾਂਡ ਤੋਂ ਕਦੇ ਨਾਂ ਹਟਦੇ

ਮਜ਼ਹਬਾਂ ਵਾਲਾ ਰੌਲਾ ਪਾਕੇ

ਜਾਂਦੇ ਧਰਮ ਦੀ ਹੀ ਜੜ ਪਟਦੇ

ਵਹਿਮਾਂ ਭਰਮਾਂ ਅੰਧਵਿਸ਼ਵਾਸਾਂ

ਜਿੰਦਗੀ ਨਰਕ ਬਣਾਈਆ

ਉੱਠੋ ਸਿੰਘੋ ਲਾ ਜੈਕਾਰੇ

ਸਿਖੀ ਸਭਨੂੰ ਹਾਕਾਂ ਮਾਰੇ

ਬਾਣੀ ਗੁਰੂ ,ਗੁਰੂ ਹੈ ਬਾਣੀਂ

ਵਿੱਚ ਬਾਣੀਂ ਦੇ ਅੰਮ੍ਰਿਤ ਸਾਰੇ

ਗੁਰਬਾਣੀ ਦੀ ਕਸਵਟੀ ਤੇ

ਸੁਧਰਨ ਲਈ ਇਤਿਹਾਸ ਪੁਕਾਰੇ

ਗਿਆਂਨ ਵਿਹੂਣੇ ਸ਼ਰਧਾਵਾਨਾਂ

ਬੜੀ ਮਿਲਾਵਟਿ ਪਾਈਆ।

ਗੁਰੂ ਗਰੰਥ ਦੇ ਲਗਜੋ ਚਰਨੀ

ਬਾਣੀ ਸਿੱਖੋ ਆਪੇ ਪੜ੍ਰਨੀ

ਗੁਰ ਸ੍ਹਿਖਆ ਨੂੰ ਸਮਝਕੇ ਆਪਣੇ

ਜੀਵਨ ਦੇ ਵਿੱਚ ਧਾਰਨ ਕਰਨੀ

ਅਮ੍ਰਿਤ ਰੂਪੀ ਗੁਰਬਾਣੀ ਦੀ

ਹਰ ਸਾਹ ਦੇ ਨਾਲ ਘੁੱਟ ਹੈ ਭਰਨੀ

ਹਰ ਬੰਦੇ ਦੀ ਜਿੰਦਗੀ ਬਾਣੀ

ਕਰਦੀ ਦੂਣ ਸਵਾਂਈਆ

ਬਈ ਹੁਣ ਜਾਗੋ ਆਈਆ

ਜਾਗ ਸਿੰਘਾ ਜਾਗ ਬਈ

ਹੁਣ ਜਾਗੋ ਆਈਆ

ਜਾਗਣ ਤੇਰੇ ਭਾਗ ਬਈ

ਹੁਣ ਜਾਗੋ ਆਈਆ

ਮੇਰਾ ਦੇਸ਼ ਕਿੰਨੀ ਤਰੱਕੀ ਹੈ ਕਰ ਗਿਆ

ਮੇਰਾ ਦੇਸ਼ ਕਿੰਨੀ ਤਰੱਕੀ ਹੈ ਕਰ ਗਿਆ,

ਨੇਤਾ ਜੀ ਦੇ ਬੋਲ ਕਰ ਰਹੇ ਬਿਆਨ ਨੇ,

ਪਰ ਏ ਹਾਲਾਤ ਕਿਉਂ ਕੀਤੀ ਜਾ ਰਹੇ,

ਫਿਰ ਇਸ ਆਮ ਆਦਮੀ ਨੂੰ ਪਰੇਸ਼ਾਨ ਨੇ

ਬਿਜਲੀ ਮੁਫਤ, ਪਾਣੀ ਮੁਫਤ,

ਅਨਾਜ ਦੀਆਂ ਕੀਮਤਾਂ ਸਿਰ ਅਸਮਾਨ ਨੇ,

ਆਂਕੜੇ ਦਸ ਰਹੇ ਰਿਕਾਰਡ ਹੋਈ ਪੈਦਾਵਾਰ ਏ,

ਪਰ ਨੋਕਰੀ ਲੱਭ ਰਿਹਾ ਕਿਉਂ ਅੱਜ ਕਿਰਸਾਨ ਏ,

ਮੇਲਿਆਂ ਦੀ ਰੌਣਕ ਖੋਹ ਕੇ ਲੈ ਗਏ ਬੰਬ ਧਮਾਕੇ,

ਮੰਦਹਾਲੀ ਨਾਲ ਪਏ ਅੱਜ ਬਾਜ਼ਾਰ ਸੁਨਸਾਨ ਨੇ,

ਅਖਬਾਰਾਂ ਵਿੱਚ ਛੱਪਦੇ ਆਂਕੜੇ ਕਰ ਰਹੇ,

ਮੇਰੀ ਦੇਸ਼ ਦੀ ਤਰੱਕੀ ਦਾ ਗੁਣਗਾਨ ਨੇ

ਰੱਬ ਜਾਂ ਸੱਜਣ ਦਾ ਪੱਲਾ ਇੱਕ ਵਾਰ ਜੇ ਫੜ ਲਈਏ

ਰੱਬ ਜਾਂ ਸੱਜਣ ਦਾ ਪੱਲਾ ਇੱਕ ਵਾਰ ਜੇ ਫੜ ਲਈਏ
ਮਰਦੇ ਮਰ ਜਾਈਏ ਬੇਸ਼ੱਕ ਪੱਲਾ ਕਦੇ ਨਹੀਂ ਛੱਡੀ ਦਾ
ਤੀਲਾ ਤੀਲਾ ਜੋੜਕੇ ਜਿੱਥੇ ਆਲ੍ਹਣਾ ਪਾਅ ਲਈਏ
ਨਹੀਂ ਲੋਕਾਂ ਪਿੱਛੇ ਲੱਗਕੇ ਉਹ ਟਹਿਣਾ ਵੱਡੀ ਦਾ
ਜਿੰਨਾਂ ਦਿੱਤਾ ਰੱਬ ਨੇ ਸੱਜਣਾ ਉਸੇ ਚੋ ਰਾਜੀ ਰਹਿ
ਵਾਂਗ ਮੰਗਤਿਆਂ ਲੋਕਾਂ ਅੱਗੇ ਪੱਲਾ ਨਹੀਂ ਅੱਡੀ ਦਾ
ਜਦੋਂ ਦੁਸ਼ਮਣੀ ਭੁਲਾਕੇ ਦੁਸ਼ਮਣ ਯਾਰ ਬਣ ਜਾਂਦਾ ਹੈ
ਕਰ ਚੇਤੇ ਪੁਰਾਣਾ ਯਾਰਾਂ ਨਾਲ ਵੈਰ ਨਹੀਂ ਕੱਢੀ ਦਾ
ਚੰਗੇ ਮੰਦੇ ਸਭ ਸੱਜਣਾ ਵੇ ਉਸ ਰੱਬ ਦੇ ਹੀ ਬੰਦੇ ਨੇ
ਲੱਖ ਮਾੜਾ ਕੋਈ ਹੋਵੇ ਸਦਾ ਉਸਦਾ ਪਰਦਾ ਕੱਜੀ ਦਾ
ਕਿਸੇ ਦੀ ਫੂਕ ਚੋ ਆਕੇ ਜੇ ਛੇੜ ਲਈਏ ਨਾਂਗਾਂ ਨੂੰ
ਵਾਂਗ ਕਾਇਰਾਂ ਫਿਰ ਨਹੀਂ ਪਿੱਠ ਵਿਖਾਕੇ ਭੱਜੀ ਦਾ
ਵਿਆਹੀ ਹੋਈ ਮੁਟਿਆਰ ਸਿ਼ੰਗਾਰ ਨਾਲ ਜੱਚਦੀ ਹੈ
ਕੁਆਰੀ ਕੁੜੀ ਨੂੰ ਮਾੜਾ ਲੱਗੇ ਪੇਕੇ ਘਰ ਸੱਜੀ ਦਾ
ਮਾਰ ਮਾਰਕੇ ਠੱਗੀਆਂ ਬੇਸ਼ੱਕ ਮਹਿਲ ਬਨਾਲੈ ਤੂੰ
ਇੱਕ ਦਿਨ ਤਾਂ ਡੋਬੇਗਾ ਤੈਨੂੰ ਇਹ ਪੈਸਾ ਠੱਗੀ ਦਾ
ਔਖੇ ਨੇ ਇਸ ਜਗਤ ਤੇ ਸੱਚੇ ਬੇਲੀ ਯਾਰ ਕਮਾਉਣੇ
ਝੂਠੀ ਬੇਲੀ ਯਾਰ ਹਰ ਗਲੀ ਦੇ ਮੋੜ ਤੇ ਲੱਭੀ ਦਾ
ਚੁਗਲੀ ਲਾਕੇ ਘਰ ਉਜਾੜਨ ਵਾਲੇ ਜੱਗ ਤੇ ਬਥੇਰੇ ਨੇ
ਖੁਦ ਦੇ ਦਿਮਾਗ ਨਾਲ ਸੋਚ ਕਿਸੇ ਪਿੱਛੇ ਨਹੀਂ ਲੱਗੀ ਦਾ
ਜੁਬਾਨ ਤੇ ਰੱਖੀਏ ਕਾਬੂ ਇਹ ਪੁਆੜੈ ਪਾਉਂਦੀ ਹੈ
ਜੋੜ ਕਦੇ ਨਹੀਂ ਲੱਗੇ ਜੁਬਾਨ ਨਾਲ ਟੁੱਟੀ ਹੱਡੀ ਦਾ

ਐਨਾ ਤੰਗ ਨੇ ਜੰਤਾਂ ਨੂੰ ਕਰਦੇ ਨੇਤਾ

ਐਨਾ ਤੰਗ ਨੇ ਜੰਤਾਂ ਨੂੰ ਕਰਦੇ ਨੇਤਾ

ਕੁਰਸੀ ਪਿੱਛੇ ਦੇਖੇ ਮੈ ਲੜਦੇ ਨੇਤਾ

ਸਰਾਧਾਂ ਚੋ ਜਿਵੇਂ ਕਾਂ ਨੇ ਰੋਲਾ ਪਾਉਦੇ

ਕੰਨ ਲੋਕਾਂ ਦੇ ਖਾਣ ਤੱਕ ਜਾਂਦੇ ਨੇ

ਜਦ ਵੋਟਾਂ ਵਿੱਚ ਇਹ ਖੜਦੇ ਨੇਤਾ

ਜਿਵੇਂ ਜਿਵੇਂ ਨੇ ਨੇੜੇ ਦਿਨ ਵੋਟਾਂ ਦੇ ਆਉਂਦੇ

ਕੀਤੇ ਹੋਵਣ ਭਾਵੇ ਨਾ ਕੀਤੇ ਹੋਵਣ ਕੰਮ

ਫਿਰ ਵੀ ਲੋਕਾਂ ਨੂੰ ਨੇ ਅਹਿਸਾਨ ਜਤਾਉਂਦੇ

ਜੀ ਜੀ ਕਰਕੇ ਪੈਰ ਲੋਕਾਂ ਦੇ ਫੜਦੇ ਨੇਤਾ

ਕੋਈ ਪਿਆਰ ਨਾਲ ਵੋਟ ਪਾਉਂਦਾ ਤਾਂ ਪਾਵੇ

ਨਹੀ ਤਾਂ ਦੇ ਕੇ ਪੈਸੇ ਤੇ ਸ਼ਰਾਬ ਪਿਆਕੇ

ਫਿਰ ਵੋਟਰ ਤੋਂ ਵੋਟ ਆਪਣੇ ਵੱਲ ਪੁਆਵੇ

ਵੇਖੇ ਵਿਰੋਧੀ ਦੇ ਘਰ ਵਿੱਚ ਵੜਦੇ ਨੇਤਾ

ਲੋਕਾਂ ਨੂੰ ਦਿੰਦੇ ਭਾਸ਼ਣ ਦੂਜੇ ਦੀ ਖੋਲਣ ਪੋਲ

ਕੀ ਝੂਠ ਕੀ ਸੱਚ ਹੈ ਸਮਝ ਨਾ ਪੈਂਦੀ ਲੋਕਾਂ

ਤਾਂਈ ਜੋ ਵੀ ਸਟੇਜ ਤੇ ਬੋਲਦੇ ਲੀਡਰ ਬੋਲ

ਸਭ ਝੂਠ ਜੋ ਲਿਖਿਆ ਭਾਸ਼ਣ ਪੜਦੇ ਨੇਤਾ

ਵੋਟਾਂ ਪੈਣ ਪਿੱਛੋਂ ਜਦ ਹੋਣੀ ਗਿਣਤੀ ਹੋਵੇ

ਕਿਤੇ ਮੈਂ ਨਾ ਹਾਰ ਜਾਵਾਂ ਇਹ ਸੋਚ ਕੇ

ਉੱਤੋਂ ਹਾਸਾ ਦਿਲ ਅੰਦਰੋਂ ਅੰਦਰੀ ਰੋਵੇ

ਪੰਜੀ ਸਾਲੀ ਕੜਿਕੀ ਚੋ ਨੇ ਅੜਦੇ ਨੇਤਾ

ਸਹੁੰ ਚੁੱਕਦੇ ਨੇ ਜਦ ਇਹ ਮੰਤਰੀ ਬਣਕੇ

ਸਵਿਧਾਨ ਨੂੰ ਕਰਨ ਸ਼ਰਮਿੰਦਾ ਇਹ ਦੇਸ਼

ਨੂੰ ਖਾਣ ਲਈ ਰਾਜਨੀਤੀ ਦਾ ਤਾਣਾ ਤਣਕੇ

ਦੇਖੇ ਗੁੰਡਾ ਗਰਦੀ ਦਾ ਹੱਥ ਫੜਦੇ ਨੇਤਾ

ਉੱਠੋ ਨੇਤਾ ਜੀ ਹੁਣ ਤਾਂ ਹੋਸ਼ ਵਿੱਚ ਆਵੋ

ਲੋਕਾਂ ਦੇ ਕਦਮ ਨਾਲ ਤਾਂ ਕਦਮ ਮਿਲਾਵੋ

ਆਪਣੀ ਮਾਂ ਭੂਮੀ ਤੇ ਨਾ ਕਹਿਰ ਕਮਾਵੋ

ਚੰਗੇ ਬਣੋ ਤੇ ਨਾ ਲੋਕਾਂ ਤੋ ਬੁਰੇ ਕਹਾਵੋ

ਜਦੋਂ ਜਾਗਾਂ ਉਦੋ ਸਵੇਰਾ ਮੈਂ ਚੜਦੇ ਵੇਖਾਂ

ਐਨਾਂ ਤੰਗ ਨੇ ਜੰਤਾਂ ਨੂੰ ਕਰਦੇ ਨੇਤਾ

ਇਹ ਦੁਨੀਆਂ ਚਾਰ ਦਿਨਾਂ ਦਾ ਮੇਲਾ ਦੁਨੀਆਂਦਾਰਾ

ਤਕੜੇ ਸਰੀਰ ਤੇ ਬਹੁਤਾ ਮਾਣ ਨਾ ਐਂਵੇ ਕਰੀਏ
ਸੱਚੇ ਰੱਬ ਦੀ ਬੇ ਅਵਾਜ਼ ਡਾਂਗ ਕੋਲੋ ਸਦਾ ਡਰੀਏ
ਜਦੋਂ ਵਕਤ ਪੂਰਾ ਹੋਵੇ ਸਰੀਰ ਕੱਚ ਵਾਂਗ ਟੁੱਟਦਾ

ਕਿਸੇ ਦੇ ਮੂੰਹ ਵਿੱਚੋ ਕਦੇ ਖੋਈਦਾ ਨਹੀ ਟੁੱਕ ਬਈ
ਮਰ ਜਾਈਏ ਬੇਸ਼ੱਕ ਪਰ ਸਹਾਰ ਲਈਏ ਭੁੱਖ ਬਈ
ਮਾਰੀਏ ਨਾ ਮੇਹਣਾ ਕਿਸੇ ਨੂੰ ਗਰੀਬੀ ਤੇ ਭੁੱਖ ਦਾ

ਪੁੱਛੇ ਬਿਨਾਂ ਬੇਗਾਨੀ ਕੰਧ ਜਾਂ ਪੌੜੀ ਤੇ ਨਾ ਚੜੀਏ
ਪਰਾਈ ਜਮੀਨ ਜਾਂ ਤੀਂਵੀ ਪਿੱਛੇ ਕਦੇ ਨਾ ਲੜੀਏ
ਚਾਰਾਂ ਪਿੱਛੇ ਛੇੜਿਆ ਜੋ ਜੰਗ ਰੋਕਿਆਂ ਨਾ ਰੁੱਕਦਾ

ਬੰਦਾ ਮਾੜਾ ਜੋ ਹਰੇਕ ਦੀਆਂ ਗੱਲਾਂ ਚੋ ਆ ਜਾਵੇ
ਮਾੜੀ ਤੀਂਵੀ ਲੋਕਾਂ ਦੇ ਘਰ ਚੋ ਪੁਆੜੇ ਪਾ ਜਾਵੇ
ਵੇਖ ਕਿਸੇ ਨੂੰ ਸੁੱਖੀ ਰਹੇ ਲੋਕਾਂ ਦਾ ਸਾਹ ਸੁੱਕਦਾ

ਗੱਲਾਂ ਦੇ ਨਾਲ ਨੀਵੇ ਜੋ ਕਰਦੇ ਹੋਵਣ ਪਹਾੜਾਂ ਨੂੰ
ਦੂਰੋਂ ਮੱਥਾ ਟੇਕੀ ਦਾ ਇਹੋ ਜਿੱਹੇ ਫੁੱਕਰੇ ਯਾਰਾਂ ਨੂੰ
ਯਾਰ ਸੱਚਾ ਜਿਹੜਾਂ ਦੁੱਖ ਵਿੱਚ ਆਕੇ ਦੁੱਖ ਪੁੱਛਦਾ

ਹਰ ਕੋਈ ਖੁਸ਼ ਹੋਕੇ ਮਾਣਦਾ ਸੱਜਰੀਆਂ ਬਹਾਰਾਂ ਨੂੰ
ਸੱਚਾ ਲੇਖਕ ਮਾਣੇ ਨਜ਼ਾਰੇ ਸੀਨੇ ਲਾਕੇ ਉਜਾੜਾਂ ਨੂੰ
ਸੱਚ ਕੋਈ ਕੋਈ ਲਿਖਦਾ ਕਲਮ ਤਾਂ ਹਰੇਕ ਚੁੱਕਦਾ

ਇਹ ਦੁਨੀਆਂ ਚਾਰ ਦਿਨਾਂ ਦਾ ਮੇਲਾ ਦੁਨੀਆਂਦਾਰਾ
ਹੱਸ ਕੇ ਵਕਤ ਲੰਘਾ ਜੱਗ ਤੇ ਆਉਣਾ ਨਾ ਦੁਬਾਰਾ
ਦੁੱਖ ਨਾ ਲੁੱਕਾ ਇਹ ਨਹੀ ਕਦੇ ਲੁੱਕਦਾ
ਬੁੱਝ ਜਾਵੇ ਦੀਵਾ ਉਦੋਂ ਜਦੋ ਦੀਵੇ ਚੋ ਤੇਲ ਮੁੱਕਦਾ

ਸਾਰੀ ਉਮਰ ਰਹਿ ਵਲੈਤ ਚ

ਸਾਰੀ ਉਮਰ ਰਹਿ ਵਲੈਤ ਚ,ਆਪਾਂ ਜੂਨ ਨਹੀਂ ਕੱਟਣੀ!
ਕਰਜੇ ਦਾ ਭਾਰ ਬੱਸ ਲੈ ਜਾਵੇ, ਆਪਾਂ ਉਡਾਰੀ ਵੱਟਣੀ!

ਨਾ ਬਾਪ ਦੇ ਦੁਖੜੇ ਫ਼ੁਟ ਜਾਵਣ,ਏਹੋ ਡਰ ਸਤਾਵੇ,
ਮਾਂ ਮੇਰੀ ਦੀਆਂ ਪੀੜਾਂ ਨੂੰ, ਆ ਕੌਣ ਵੰਡਾਵੇ!
ਮਾਂ ਪਿਓ ਦੀ ਸੇਵਾ ਮਿੱਲ ਜਾਵੇ,ਏਹੋ ਆਸ ਹੇ ਖੱਟਣੀ!

ਯਾਰ ਮੇਰੇ ਦੀਆਂ ਧਾਣੀਆਂ ਚ,ਹੂਣ ਕੌਣ ਸੂਣਾਊਂਦਾ,
ਬੈਠਾ ਸੋਚਦਾ ਹੁਨਾ ਕੇ, ਮੇਰਾ ਚੇਤਾ ਆਊਂਦਾ,
ਦਾਲ ਰੋਟੀ ਬੱਸ ਮਿਲ ਜਾਵੇ, ਜਿੰਦ ਰਾਜ਼ੀ ਰੱਖਣੀ!

ਏਸ਼ੋ ਆਰਾਮ ਦਾ ਸੋਚੀਆ ਨਾ, ਮੈਂ ਸੋਚ ਹੇ ਸਕਣਾ!
ਮਿੱਠਾਸ ਭਰਨੀ ਜਿੰਦ ਚ,ਮਿੱਠਾ ਬੋਲ ਹੇ ਰੱਖਣਾ!
ਡੰਗ ਨੇ ਹੋ ਜੱਜ਼ਬਾਤੀ ਕੱਦੇ,ਹੱਦ ਨਈ ਟੱਪਣੀ!
ਕਰਜੇ ਦਾ ਭਾਰ ਬੱਸ ਲੈ ਜਾਵੇ, ਆਪਾਂ ਉਡਾਰੀ ਵੱਟਣੀ

ਮੇਰਾ ਪਿੰਡ ੳਦਾਸ ਨੀਂ ਮਾਂ

ਪਿੰਡਾਂ ਵਿੱਚੋਂ ਰੌਣਕ ਮੁੱਕ ਗਈ,
ਕੀ ਦੱਸਾਂ ਹਾਲਾਤ ਨੀਂ ਮਾਂ, ਮੇਰਾ ਪਿੰਡ ਉਦਾਸ ਹੈ,
ਮੇਰਾ ਪਿੰਡ ੳਦਾਸ ਨੀਂ ਮਾਂ ।

ਮੇਰੇ ਬੀ.ਏ .ਐਮ .ਏ. ਹਾਣੀ,
ਬੇ–ਰੁਜਗਾਰੀ ਖਸਮਾਂ ਖਾਣੀ,
ਡਿਗਰੀ ਡਿਪਲੋਮੇ ਕੋਰੇ ਕਾਗਜ਼, ਮੇਰੇ ਮੁਲਕ ਦੀ ਸਿਆਸਤ ਕਾਣੀ,
ਏਕ ਨੂਰ ਸੇ ਸਭ ਜੱਗ ਓਪਜਿਆ, ਸਿਆਸਤ ਵੰਡਦੀ ਜਾਤ ਨੀਂ ਮਾਂ

ਮਾਪਿਆਂ ਨੂੰ ਪੁੱਤ ਬਹੁਤ ਸਤਾਉਂਦੇ,
ਪੀਣ ਸਮੈਕਾਂ ਲੜ–ਲੜ ਆਉਂਦੇ,
ਫ਼ਸਲਾਂ ਵਿੱਚੋਂ ਕੱਖ ਨੀ ਬੱਚਦਾ, ਬੈਂਕਾਂ ਵਾਲੇ ਕੇਸ ਬਣਾਉਂਦੇ,
ਕੋਈ ਜੱਟ ਫਾਹਾ ਲੈ ਕੇ ਮੋਇਆ, ਕੋਈ ਖਾ ਗਿਆ ਸਲਫਾਸ ਨੀਂ ਮਾਂ

ਪੱਤ ਰਾਖਾ ਪੰਜਾਬ ਨੀਂ ਮਾਏ,
ਦੁਨੀਆ ਦਾ ਸਰਤਾਜ ਨੀਂ ਮਾਏ,
ਧੀਆਂ ਦਾ ਕਾਤਿਲ ਅਖਵਾਵੇ, ਡੁਬ ਗਿਆ ਵਿੱਚ ਸ਼ਰਾਬ ਨੀਂ ਮਾਏ,
ਮਾਂ ਪੰਜਾਬੀ ਪਿੱਟ–ਪਿੱਟ ਆਖੇ ਮੈਂ ਹੋ ਗਈ ਬਰਬਾਦ ਨੀਂ ਮਾਂ
ਮੇਰਾ ਪਿੰਡ ਉਦਾਸ ਹੈ,
ਮੇਰਾ ਪਿੰਡ ਉਦਾਸ ਨੀਂ ਮਾਂ

ਅੱਖ ਤੇ ਅੱਥਰੂ ਜੀਕਣ 'ਕੱਠੇ, ਵੱਖਰੇ ਨਹੀਓਂ ਕਰ ਹੁੰਦੇ ਨੇ

ਅੱਖ ਤੇ ਅੱਥਰੂ ਜੀਕਣ 'ਕੱਠੇ, ਵੱਖਰੇ ਨਹੀਓਂ ਕਰ ਹੁੰਦੇ ਨੇ।
ਟਾਹਣੀ ਨਾਲੋਂ ਟੁੱਟੇ ਫੁੱਲ ਤੋਂ, ਸਦਮੇ ਵੀ ਨਾ ਜਰ ਹੁੰਦੇ ਨੇ।

ਤੂੰ ਮੇਰੀ ਉਂਗਲੀ ਨਾ ਛੱਡੀਂ, ਸਦਾ ਹੁੰਗਾਰਾ ਦੇਂਦਾ ਰਹੁ ਤੂੰ,
ਨੈਣਾਂ ਵਿਚਲੇ ਤਲਖ਼ ਸਮੁੰਦਰ, 'ਕੱਲਿਆਂ ਕਿੱਥੇ ਤਰ ਹੁੰਦੇ ਨੇ।

ਛੱਡ ਜਿਸਮਾਂ ਦੀ ਮਿੱਟੀ, ਆ ਕੇ ਰੂਹ ਦੇ ਨੇੜੇ ਬੈਠ ਜ਼ਰਾ ਤੂੰ,
ਕਿਲ੍ਹੇ ਮੁਹੱਬਤ ਵਾਲੇ ਸੱਜਣਾਂ, ਏਸ ਤਰ੍ਹਾਂ ਹੀ ਸਰ ਹੁੰਦੇ ਨੇ।

ਉੱਛਲ ਕੇ ਬਰਬਾਦ ਕਰੇਂ, ਦਰਿਆਵਾ ! ਰੋੜ੍ਹੇਂ ਫ਼ਸਲਾਂ ਨੂੰ ਵੀ,
ਕੌਣ ਭਲਾ ਸਮਝਾਵੇ ਤੈਨੂੰ, ਮਿੱਟੀ ਦੇ ਵੀ ਘਰ ਹੁੰਦੇ ਨੇ।

ਬੜ੍ਹਕਾਂ ਮਾਰਨ ਵਾਲੇ ਬੰਦੇ, ਹੁੰਦੇ ਨਹੀਂ ਦਲੇਰ ਕਦੇ ਵੀ,
ਏਹੋ ਜਹੇ ਮਨ ਅੰਦਰ ਬੈਠੇ, ਵੰਨ ਸੁਵੰਨੇ ਡਰ ਹੁੰਦੇ ਨੇ।

ਹੱਕ ਸੱਚ ਇਨਸਾਫ਼ ਦੀ ਪਹਿਰੇਦਾਰੀ ਕਰਨਾ ਸਹਿਲ ਨਹੀਂ ਹੈ,
ਲੱਖ ਲੋਕਾਂ ਦੀ ਭੀੜ ਦੇ ਅੰਦਰ, ਵਿਰਲੇ ਬੰਦੇ ਨਰ ਹੁੰਦੇ ਨੇ।

ਤਨ ਦੀ ਸ਼ਕਤੀ, ਮਨ ਦਾ ਨਿਸ਼ਚਾ, ਤਰਦੈ ਸੱਤ ਸਮੁੰਦਰਾਂ ਨੂੰ ਵੀ,
ਪੈਰਾਂ ਥੱਲੇ ਧਰਤੀ ਹੋਵੇ, ਤਾਂ ਹੀ ਪੈਂਡੇ ਕਰ ਹੁੰਦੇ ਨੇ।

ਤੂੰ ਮੇਰੇ ਖੰਭਾਂ ਨੂੰ ਨੋਚੇਂ, ਸਮਝ ਲਵੇਂ, ਮੈਂ ਹਾਰ ਗਿਆ ਹਾਂ,
ਅੰਬਰ ਤੀਕ ਉਡਾਰੀ ਭਰਦੇ, ਖ਼ਾਬਾਂ ਨੂੰ ਵੀ ਪਰ ਹੁੰਦੇ ਨੇ।

ਹੁਣ ਦੇ ਪਲ ਨੂੰ ਮਿੱਟੀ ਕਰਦੈਂ, ਕਾਹਲੀ ਨਾ ਕਰ ਬੈਠ ਜ਼ਰਾ ਤੂੰ
ਏਸ ਤਰ੍ਹਾਂ ਦੇ ਘਾਟੇ ਬੀਬਾ, ਮਗਰੋਂ ਕਿੱਥੇ ਭਰ ਹੁੰਦੇ ਨੇ।

ਅਸਾਂ ਕਿੰਨਾ ਚਿਰ ਜੀਣਾ ਯਾਦਾਂ ਤੇਰੀਆਂ ਸਹਾਰੇ

ਅਸਾਂ ਕਿੰਨਾ ਚਿਰ ਜੀਣਾ ਯਾਦਾਂ ਤੇਰੀਆਂ ਸਹਾਰੇ
ਰਹੀਏ ਹੰਝੂਆਂ' ਚ ਡੁੱਬੇ ਸਾਥੋਂ ਖੁੰਝ ਗਏ ਕਿਨਾਰੇ।
ਉਸ ਦੇਸ ਤੂੰ ਗਿਆ ਏਂ ਜਿੱਥੋਂ ਮੁੜ ਨਾ ਕੋਈ ਆਇਆ
ਸਾਨੂੰ ਲੈ ਜਾ ਉਸੇ ਦੇਸ ਗ਼ਮ ਮੁੱਕ ਜਾਣ ਸਾਰੇ।
ਨਿੱਤ ਸੁਪਨੇ' ਚ ਆ ਕੇ ਨਵੀਂ ਆਸ ਕੋਈ ਜਗਾਉਨੈ
ਅਸੀਂ ਝੂਟਦੇ ਆਂ ਸੱਖਣੀ ਜਹੀ ਪੀਂਘ ਦੇ ਹੁਲਾਰੇ।
ਖੌਰੇ ਗੁੰਮ ਗਿਆ ਕਿੱਥੇ ਸਾਨੂੰ ਛੱਡ ਅਧਵਾਟੇ
ਕਿਵੇਂ ਤੁਰਾਂਗੇ ਇਕੱਲੇ ਅਸੀਂ ਸੋਚ ਸੋਚ ਹਾਰੇ।
ਸਾਥੋਂ ਮੰਨਿਆ ਨਹੀਂ ਜਾਂਦਾ ਸਾਡੀ ਜ਼ਿੰਦਗੀ ਦਾ ਸੱਚ
ਕਾਹਤੋਂ ਆਉਂਦਾ ਨਹੀਂ ਯਕੀਨ ਤੂੰ ਨਹੀਂ ਲੱਭਣਾ ਦੁਬਾਰੇ।
ਅਸੀਂ ਮਰਦੇ ਇਕੱਲੇ ਰੋਜ਼ ਇੱਕ ਨਵੀਂ ਮੌਤ
ਗ਼ਮ ਢੋਏ ਨਹੀਉਂ ਜਾਂਦੇ ਸਾਥੋਂ ਜ਼ਿੰਦਗੀ ਤੋਂ ਭਾਰੇ।
਼ਲਾਸ਼ ਆਪਣੀ ਹੀ ਮੋਢਿਆਂ 'ਤੇ ਚੁੱਕਣੀ ਨਹੀਂ ਸੌਖੀ
ਦੁੱਖ ਕਿੰਨੇ ਵੀ ਸੁਣਾਵਾਂ ਤੂੰ ਨਹੀਂ ਭਰਨੇ ਹੁੰਗਾਰੇ।

ਅਜੀਬ ਤੇਰੇ ਸ਼ਹਿਰ ਦੇ ਵੇਖੇ ਮੈਂ ਲੋਕ

ਅਜੀਬ ਤੇਰੇ ਸ਼ਹਿਰ ਦੇ ਵੇਖੇ ਮੈਂ ਲੋਕ।
ਘਰ ਨੂੰ ਜਾਂਦੇ ਠੇਕਿਆਂ ਤੇ ਠਹਿਰਦੇ ਵੇਖੇ ਮੈਂ ਲੋਕ।
ਬਾਹਰੋਂ ਦਿਸਣ ਬਹੁਤ ਹੀ, ਸਾਊ ਤੇ ਮਿੱਠ ਬੋਲੜੇ,
ਅੰਦਰੋਂ ਨੱਕੋ ਨੱਕ ਭਰੇ ਹੋਏ, ਜ਼ਹਿਰ ਦੇ ਵੇਖੇ ਮੈਂ ਲੋਕ।
ਪਾਗਲਾਂ ਦੇ ਵਾਂਗਰਾਂ, ਵਿਹਲੜ ਤੇ ਬੇਕਾਰ ਜਹੇ,
ਚਰਸ, ਭੁੱਕੀ, 'ਫੀਮ ਖਾ ਕੇ, ਲਹਿਰਦੇ ਵੇਖੇ ਮੈਂ ਲੋਕ।
ਸਵੇਰ ਨੂੰ ਜੋ ਸਾਹਮਣੇ, ਆਉਣ ਤੋਂ ਕਤਰਾ ਗਏ,
ਸ਼ਾਮ ਨੂੰ ਬੈਠੇ ਉਹ ਕੰਢੇ, ਨਹਿਰ ਦੇ ਵੇਖੇ ਮੈਂ ਲੋਕ।
ਦੂਜਿਆਂ ਨੂੰ ਸੱਚ ਬੋਲਣ ਤੋਂ ਵੀ, ਨੇ ਜੋ ਵਰਜਦੇ,
ਆਪ ਕਰਦੇ ਨੇ ਜ਼ੁਲਮ ਉਹ, ਕਹਿਰ ਦੇ ਵੇਖੇ ਮੈਂ ਲੋਕ।

ਅਸੀਂ ਜ਼ਿੰਦਗੀ ਜਿਉਂਦੇ ਸਿਰਫ ਤੇਰੇ ਵਾਸਤੇ

ਅਸੀਂ ਜ਼ਿੰਦਗੀ ਜਿਉਂਦੇ ਸਿਰਫ ਤੇਰੇ ਵਾਸਤੇ।
ਸ਼ੇਅਰ ਗ਼ਜ਼ਲਾਂ ਦੇ ਕਹਿੰਦੇ ਸਿਰਫ਼ ਤੇਰੇ ਵਾਸਤੇ।

ਸਾਡੀ ਇੱਕੋ ਹੀ ਤਮੰਨਾ ਤੇਰਾ ਦਰਸ ਦੀਦਾਰ।
ਦਰਦ ਹਿਜਰਾਂ ਦੇ ਸਹਿੰਦੇ ਸਿਰਫ਼ ਤੇਰੇ ਵਾਸਤੇ।

ਸਾਨੂੰ ਬਿੜਕ ਤੇਰੀ ਰਹਿੰਦੀ ਪਲ ਪਲ ਸੱਜਣਾ,
ਰਾਤੀ ਉਠ ਉਠ ਬਹਿੰਦੇ ਸਿਰਫ਼ ਤੇਰੇ ਵਾਸਤੇ।

ਜਾਨ ਲਬਾਂ ਉਤੇ ਆਈ ਹੋਈ ਖ਼ਤਮ ਹਯਾਤੀ,
ਫਿਰ ਵੀ ਹੌਸਲੇ ਨਾ ਢਹਿੰਦੇ ਸਿਰਫ਼ ਤੇਰੇ ਵਾਸਤੇ।

ਸਾਨੂੰ ਹੋਰ ਨਾ ਕੋਈ ਗ਼ਮ ਸੱਚੇ ਰੱਬ ਦੀ ਕਸਮ,
ਹੰਝੂ ਨੈਣਾਂ ਵਿਚੋਂ ਵਹਿੰਦੇ ਸਿਰਫ਼ ਤੇਰੇ ਵਾਸਤੇ

ਸਾਨੂੰ ਮਿਲ ਇੱਕ ਵਾਰੀ ਤੂੰ ਅਹਿਸਾਨ ਕਰਕੇ
ਸਾਹ ਆਖ਼ਰੀ ਨੇ ਰਹਿੰਦੇ ਸਿਰਫ਼ ਤੇਰੇ ਵਾਸਤੇ।

ਮੈਂ ਆਪਣੇ ਗੀਤ ਖ਼ੁਦ ਨੂੰ ਸੁਣਾ ਕੇ

ਮੈਂ ਆਪਣੇ ਗੀਤ ਖ਼ੁਦ ਨੂੰ ਸੁਣਾ ਕੇ
ਦਿਲ ਪਰਚਾਉਂਦੀ ਰਹਿੰਦੀ ਹਾਂ।
ਦਿਲ ਵਿਚ ਦਿਲ ਦਾ ਦਰਦ ਛੁਪਾ ਕੇ,
ਖ਼ੁਦ ਨੂੰ ਮਿਟਾਉਂਦੀ ਰਹਿੰਦੀ ਹਾਂ।
ਕੀ ਹੋਇਆ ਜੇ ਦਿਨ ਦਾ ਚਾਨਣ?
ਰਾਤ ਦੀ ਕਾਲਖ਼ ਬਣ ਜਾਂਦਾ।
ਨ੍ਹੇਰੇ ਵਿਚ ਖ਼ੁਦ ਨੂੰ ਜਲਾ ਕੇ,
ਰਾਹ ਰੁਸ਼ਨਾਉਂਦੀ ਹਾਂ।
ਸੁਪਨੇ, ਸੱਧਰਾਂ, ਰੀਝਾਂ, ਚਾਵਾਂ
ਦੇ ਰੰਗ ਅੱਜ ਦੇ ਬਦਲ ਗਏ।
ਆਪਣੇ ਦਿਲ ਦੇ ਅਰਮਾਨ ਜਲਾ ਕੇ,
ਰੰਗ ਸਜਾਉਂਦੀ ਰਹਿੰਦੀ ਹਾਂ।
ਰੌਣਕ, ਹਾਸੇ, ਖੁਸ਼ੀਆਂ, ਖੇੜੇ,
ਨਾ ਲੱਭੇ ਤਾਂ ਕੀ ਹੋਇਆ।
ਹਉਕੇ, ਹਾਵੇ, ਗ਼ਮ ਹੰਢਾ ਕੇ,
ਖੁਸ਼ੀ ਹੰਢਾਉਂਦੀ ਰਹਿੰਦੀ ਹਾਂ।
ਵੇਖ ਕੇ ਰੰਗ ਬਦਰੰਗ ਦੁਨੀਆਂ ਦੇ,
ਦਿਲ ਜਿਉਣ ਤੋਂ ਡਰਦਾ ਹੈ।
ਦਿਲ ਵਿਚ ਜਗਾ ਕੇ ਫਿਰ ਵੀ ਚਾਹਤਾਂ,
ਡੰਗ ਟਪਾਉਂਦੀ ਰਹਿੰਦੀ ਹਾਂ।
ਦਿਲ ਵਿਚ ਦਿਲ ਦਾ ਦਰਦ ਛੁਪਾ ਕੇ,
ਖ਼ੁਦ ਨੂੰ ਮਿਟਾਉਂਦੀ ਰਹਿੰਦੀ ਹਾਂ।
ਮੈਂ ਆਪਣੇ ਗੀਤ ਖ਼ੁਦ ਨੂੰ ਸੁਣਾ ਕੇ,
ਦਿਲ ਪਰਚਾਉਂਦੀ ਰਹਿੰਦੀ ਹਾਂ।

ਏਦਾਂ ਦੀ ਤਕਦੀਰ ਨਹੀਂ ਹੈ

ਗ਼ਜ਼ਲ ਚਾਹਤ ਹੈ ਜੰਜ਼ੀਰ ਨਹੀਂ ਹੈ ।
ਪਿਆਰ ਕੋਈ ਜਾਗੀਰ ਨਹੀਂ ਹੈ ।

ਪਿਆਰ, ਤਾਂ ਰੱਬ ਦਾ ਨਾਂ ਹੈ ਦੂਜਾ,
ਪਿਆਰ ਦੀ ਕੋਈ ਆਖ਼ੀਰ ਨਹੀਂ ਹੈ ।

ਸਾਰੇ ਸੁਪਨੇ, ਸੱਚ ਹੋ ਜਾਵਣ,
ਏਦਾਂ ਦੀ ਤਕਦੀਰ ਨਹੀਂ ਹੈ ।

ਰੰਗ ਭਰੇ ਸਨ ਜਿਸ ਵਿਚ ਆਪਾਂ ,
ਇਹ ਤਾਂ , ਉਹ ਤਸਵੀਰ ਨਹੀਂ ਹੈ।

ਮੌਸਿਮ ਬਦਲੇ ਦੁਨੀਆ ਬਦਲੀ ,
ਬਦਲੀ ਪਰ ਤਕਦੀਰ ਨਹੀਂ ਹੈ।

ਓਦੋਂ ਸ਼ੋਖ਼ ਬਲਾਵਾਂ ਪਈਆਂ,
ਤਰਕਸ਼ ਵਿਚ ਜਦ ਤੀਰ ਨਹੀਂ ਹੈ ।

ਬੁੱਝ ਲੈਂਦਾ ਹੈ, ਗੁੱਝੀਆਂ ਰਮਜ਼ਾਂ,
ਮਨ ਵਰਗਾ ਕੋਈ ਪੀਰ ਨਹੀਂ ਹੈ।

ਲੀਰੋ ਲੀਰ ਜ਼ਮੀਰ ਹੈ ਹੁਣ ਤਾਂ ,
ਤਨ ਤੇ ਕੋਈ ਲੀਰ ਨਹੀਂ ਹੈ।

ਵੇਖਣ ਨੂੰ ਹੀ ਲਗਦੈ
ਮਾਨਵ ਦੀ ਤਾਸੀਰ ਨਹੀਂ ਹੈ

ਆਸ਼ਿਕ ਨੇ ਖੁਸ਼ ਮਿਜ਼ਾਜ਼ੀ, ਕਰਦੇ ਰੰਗੀਨ ਗੱਲਾਂ

ਆਸ਼ਿਕ ਨੇ ਖੁਸ਼ ਮਿਜ਼ਾਜ਼ੀ, ਕਰਦੇ ਰੰਗੀਨ ਗੱਲਾਂ ।
ਜਾਚਿਕ ਨੇ ਦਿਲ ਦਿਮਾਗੀ, ਕਰਦੇ ਜ਼ਹੀਨ ਗੱਲਾਂ ।

ਖੁਸੀਆਂ ਤੇ ਖੇੜਿਆਂ ਦੇ, ਕਰਨੇ ਸਾਕਾਰ ਸੁਪਨੇ,
ਦੱਸਦੇ ਨੇ ਸ਼ੌਕ ਆਪਣਾ, ਕਰਕੇ ਸ਼ੌਕੀਨ ਗੱਲਾਂ ।
.
ਸਿਦਕਾਂ ਦੇ ਪਾਰ ਬੇੜੇ, ਜ਼ਹਿਮਤ ਦੇ ਲੱਖ ਝੇੜੇ,
ਸਾਦਿਕ ਨੂੰ ਦੱਸਦੀਆਂ ਨੇ, ਕਰਨਾ ਯਕੀਨ ਗੱਲਾਂ।

ਉਹ ਹੀ ਸੁਭਾਗ ਸੁਖੀਏ, ਉਹਨਾਂ ਚ' ਜੋਤ ਰੱਬੀ,
ਕਰਦੇ ਜੋ ਇਕ ਸੁਰ ਚ', ਭਰਤਾ ਮਦੀਨ ਗੱਲਾਂ ।

ਫੁੱਲਾਂ ਦਾ ਸੁਹਜ ਜਿਨ੍ਹਾਂ, ਦਿਲ ਚ' ਵਸਾ ਲਿਆ ਹੈ,
ਕਰਦੇ ਉਹ ਸੁਹਲ ਸੁੰਦਰ, ਬੜੀਆਂ ਹਸੀਨ ਗੱਲਾਂ ।

ਉਹ ਹੀ ਨਾਯਾਬ ਦੌਲਤ, ਜ਼ਿੰਦਗੀ ਦੀ ਜੋੜ ਲੈਂਦੇ,
ਜਿਹੜੇ ਨੇ ਸਾਂਭ ਰੱਖਦੇ, ਚੁਣ ਕੇ ਨਵੀਨ ਗੱਲਾਂ ।

ਬਲਦੀ ਤੇ ਤੇਲ ਪਾਉਣਾ, ਲਾਉਣੀ ਹਮੇਸ਼ ਲੂਤੀ,
ਏਹੋ ਨੇ ਬਹੁਤ ਘਟੀਆ, ਮਾਰੂ ਮਲੀਨ ਗੱਲਾਂ ।

ਹੱਤਿਆ ਤੇ ਕਤਲ ਗਾਰਤ, ਭੁੱਖ ਨੰਗ ਤੇ ਗ੍ਰੀਬੀ,
ਜ਼ਿੰਦਗੀ ਦੇ ਵਾਸਤੇ ਨੇ, ਬੜੀਆਂ ਸੰਗੀਨ ਗੱਲਾਂ ।

ਮਾਨਵ ਦਾ ਘਾਣ ਰੋਕੋ, ਸਾੜੋ ਨਾ ਹਿੱਕ ਮੇਰੀ,
ਕਹਿੰਦੀ ਹਸੀਨ ਸਾਡੀ, ਮਾਤਾ ਜ਼ਮੀਨ ਗੱਲਾਂ ।