ਜਿੱਥੇ ਗਦਰੀ ਬਾਬੇ ਦੇਸ਼ ਕੌਮ ‘ਤੋਂ
ਹੋ ਜਾਵਣ ਕੁਰਬਾਨ।
ਗਲ਼ ਪਾ ਫਾਂਸੀ ਲਾਹੁਣ ਗੁਲਾਮੀ
ਅਤੇ ਭਗਤ ਸਿੰਘ ਅਖਵਾਉਣ
ਸੂਰਬੀਰ ਬੰਨ੍ਹ ਸਿਰ ‘ਤੇ ਕੱਫਣ
ਸਾਮਰਾਜ ਨੂੰ ਢਾਉਣ
ਕਿਰਤੀਆਂ ਦੇਸ਼ ਉਸਾਰੀ ਕੀਤੀ
ਪਰ ਨਾ ਮਿਲਿਆ ਮਾਣ
ਅੱਠੇ ਪਹਿਰ ਕਮਾਈਆਂ ਕਰਦੈ
ਨਾ ਪਹਿਨਣ – ਨਾ ਖਾਣ
ਅੰਨ ਉਗਾਵੇ ਅਤੇ ਦੇਸ ਨੂੰ ਪਾਲ਼ੇ
ਜਿੱਥੇ ਭੁੱਖਾ ਮਰੇ ਕਿਸਾਨ
ਬੱਚੇ ਦੁੱਧ ਦੀ ਤਿੱਪ ਨੂੰ ਤਰਸਣ
ਜਿੱਥੇ ਦੁੱਧ ਪੀਵੇ ‘ਭਗਵਾਨ’
ਨਾਂਗੇ ‘ਸਾਧ’ ਦਾ ਇੰਟਰਨੈਟ ’ਤੇ
ਹੁੰਦਾ ਹੈ ਸਨਮਾਨ
ਚੂਹਾ, ਬਿੱਲੀ, ਪਿੱਪਲ਼, ਪੱਥਰ
ਜਿੱਥੇ ਬਾਂਦਰ ਵੀ ਭਗਵਾਨ
ਇਕ ਦੂਜੇ ਨੂੰ ਮੱਤਾਂ ਦਿੰਦੇ
ਧਰਮਾਂ ਦਾ ਘਸਮਾਣ
ਉਹਲੇ ਬਹਿ ਲੜਾਉਂਦੇ ਦੋਖੀ
ਜਿੱਥੇ ਗੀਤਾ ਨਾਲ ਕੁਰਾਨ
ਮਹਿਲਾਂ ਵਾਲੇ ਨਿੱਤ ਕਰਦੇ
ਜਿੱਥੇ ਝੁੱਗੀਆਂ ਦਾ ਅਪਮਾਨ
ਅੰਧ-ਵਿਸ਼ਵਾਸੀ ਅਜ ਦੇ ਯੁੱਗ ਵੀ
ਜਿੱਥੇ ਪੱਥਰੀਂ ਤਿਲਕ ਲਗਾਉਣ
ਰਿਸ਼ਵਤਖੋਰ ਮੁਕੱਦਮ ਜਿੱਥੇ
ਅਤੇ ਹਾਕਮ ਬੇਈਮਾਨ
ਰਿਸ਼ਵਤ ਲੈਂਦੇ ਫੜੇ ਜਾਣ ’ਤੇ
ਜਿੱਥੇ ਭੋਰਾ ਨਾ ਸ਼ਰਮਾਉਣ
ਜ਼ੋਰਾਵਰ ਮੁਲਕ ਨੂੰ ਵੇਚਣ
ਫਿਰ ਵੀ.ਆਈ.ਪੀ ਅਖਵਾਉਣ
ਝੂਠ ਦੇ ਪੁੱਤਰ ਬਹਿ ਕੇ ਗੱਦੀਏਂ
ਜਿੱਥੇ ਸੱਚ ਦਾ ਕਤਲ ਕਰਾਉਣ
‘ਬੁੱਧੀ-ਜੀਵੀ’ ਬੁੱਧੀ ਬਾਝ੍ਹੋਂ
ਰਲ਼-ਮਿਲ਼ ਖੇਹ ਉਡਾਉਣ
ਮੁੱਲ ਲੈ ਕੇ ਜਿੱਥੇ ਥੀਸਿਜ਼ ਬੰਦਿਆ
‘ਡਾਕਟਰ’ ਜਿਹਾ ਅਖਵਾਉਣ
ਕਿਸੇ ਦਾ ਲਿਖਿਆ ਪੜ੍ਹ ਕੇ ਪਰਚਾ
ਜਿੱਥੇ ਬਣ ਜਾਂਦੇ ‘ਵਿਦਵਾਨ’
ਸਾਢ੍ਹੇ ਸੱਤ ਕਵਿਤਾਵਾਂ ਪੜ੍ਹਕੇ
ਬਣ ‘ਆਲੋਚਕ’ ਜਾਣ
ਪੱਲਿਉਂ ਦੇ ਕੇ ‘ਗੁੜ ਦੀ ਰੋੜੀ’
ਫਿਰ ! ਸਨਮਾਨ ਕਰਾਉਣ
ਝੂਠੇ ‘ਧਰਮੀ’ ਬੜ੍ਹਕਾਂ ਮਾਰਨ
ਜਿੱਥੇ ਘੱਟ ਮਿਲਦੇ ਇਨਸਾਨ
ਜੀਊਂਦੇ ਜੀਅ ਜਿੱਥੇ ਕਦਰ ਨਾ ਕੋਈ
ਪਿਛੋਂ ਪੂਜਣ ਮੜ੍ਹੀ-ਮਸਾਣ
ਕਿਰਤ ਕਰੋ ਪਰ ਫਲ਼ ਨਾ ਮੰਗੋ
ਜਿੱਥੇ ਕਹਿੰਦੇ ਫਿਰਨ ਸ਼ੈਤਾਨ
ਜਾਤ-ਪਾਤ ਦਾ ਅਜ ਵੀ ਨਾਅਰਾ
ਜਿੱਥੇ ਚੁੱਕੀ ਫਿਰਨ ਹੈਵਾਨ
ਪੁੱਤ ਜੰਮੇ ਤੋਂ ਮਿਲਣ ਵਧਾਈਆਂ
ਲੋਕੀਂ ਧੀ ਜੰਮਿਆਂ ਘਬਰਾਉਣ
ਧੀਆਂ ਭੈਣਾਂ ‘ਰਸਮਾਂ’ ਹੱਥੋਂ
ਜਿੱਥੇ ਹੁੰਦੀਆਂ ਲਹੂ-ਲੁਹਾਣ
ਔਰਤ ਜੰਮੇ ਮਰਦਾਂ ਤਾਈਂ
ਮਰਦ ਕਰਨ ਅਪਮਾਨ
ਰੁਕਮਣੀ ਫਿਰਦੀ ਅੱਖਾਂ ਪੂੰਝਦੀ
ਰਾਧਾ ਦੇ ਸੰਗ ‘ਸਿ਼ਆਮ’
ਧਰਮ-ਕਰਮ ਦੀਆਂ ਖਿੱਲਾਂ ਪਾ ਕੇ
ਜਿੱਥੇ ਲੋਕਾਂ ਨੂੰ ਭਰਮਾਉਣ
ਪਾਪ ਕਮਾਉਂਦੇ ਬਹਿ ਧਰਮ ਦੁਆਰੀਂ
ਨਾਲੇ ਜੋਰੀਂ ਮੰਗਦੇ ਦਾਨ
ਧਰਮ ਦੇ ਨਾਂ ’ਤੇ ਦੰਗੇ ਹੁੰਦੇ
‘ਧਰਮੀ’ ਹੀ ਕਰਵਾਉਣ
ਜਿੱਥੇ ਲੱਖਾਂ ਵਿਹਲੜ ‘ਸਾਧੂ’ ਫਿਰਦੇ
ਜਿਹੜੇ ਕਿਰਤ ਕਰਨੋਂ ਕਤਰਾਉਣ
ਹੱਡ ਹਰਾਮੀ ਗਲੀਏਂ ਫਿਰਦੇ
ਮੰਗ-ਚੁੰਗ ਕੇ ਖਾਣ
ਭਲਿਆਂ ਨੂੰ ਜਿੱਥੇ ਕੋਈ ’ਨੀ ਪੁੱਛਦਾ
ਪਰ ਲੰਡੀ– ਬੁਚੀ ਪਰਧਾਨ
ਸ਼ਰਮ-ਹਯਾ ਦਾ ਮੁੱਲ ਨਹੀਂ ਕੋਈ
ਜਿੱਥੇ ਬੇਸ਼ਰਮੀ ਬਲਵਾਨ
ਰਾਜਨੀਤੀ ਜਿੱਥੇ ਮੁੱਲ ਵਿਕਦੀ ਹੈ
ਅਤੇ ਬਣ ਗਈ ਇਕ ਦੁਕਾਨ
ਲੀਡਰ ਫੋਕੇ ਲਾਰੇ ਵੰਡਦੇ
ਬਣਦੇ ਆਪ ਮਹਾਨ
ਵੋਟਾਂ ਖਾਤਿਰ ਖਚਰੇ ਆਗੂ
ਵੇਚਣ ਦੀਨ ਈਮਾਨ
ਅਨਪੜ੍ਹਤਾ ਨੂੰ ਲੀਡਰ ਸਮਝਣ
ਜਿੱਥੇ ਵੋਟਾਂ ਲਈ ਵਰਦਾਨ
ਪਾਪ ਲਾਹੁਣ ਲਈ ਗੰਦੇ ਜਲ ਵਿਚ
ਗੰਗਾ ਡੁਬਕੀਆਂ ਲਾਉਣ
ਲੀਡਰ ਪੱਲਿਉਂ ਦੇ ਕੇ ਪੈਸੇ
ਆਪਣੀ ਜਿ਼ੰਦਾਬਾਦ ਕਰਾਉਣ
ਪੁੱਤ-ਭਤੀਜੇ ਵੀ ਲੀਡਰ ਬਣ ਜਾਣ
ਸਭ ਲੀਡਰ ਇਹ ਚਾਹੁਣ
ਪਾਰਲੀਮੈਂਟ ’ਚ ਜਾ ਕੇ ਸੌਣਾਂ
ਜਿੱਥੇ ‘ਕਾਕਿਆਂ’ ਦਾ ਅਰਮਾਨ
‘ਧਰਤੀ ਹਿੱਲੇ’ ਤਾਂ ਤੰਬੂ ਹੈ ਨਹੀਂ
ਫਿਰ ਬੰਬ ਦਾ ਕਾਹਦਾ ਮਾਣ ?
ਲੋਕ ਰਾਜ ਦੇ ਨਾਂ ਦੇ ਉ ੱਤੇ
ਨੇਤਾ ਲੋਕਾਂ ਨੂੰ ਪਤਿਆਉਣ
ਘੋਡੇ ਦੁਖਦੇ , ਤੁਰ ’ਨੀ ਹੁੰਦਾ
ਫੇਰ ਵੀ ਗੱਦੀਆਂ ਨੂੰ ਲਲਚਾਉਣ
ਸੂਲ਼ੀ ਚੜ੍ਹਦੇ ਨੂੰ ਦੇਣ ਅਸੀਸਾਂ
ਅਖੇ ! ਭਲੀ ਕਰੂ ‘ਭਗਵਾਨ’
ਧੱਕੇ ਨਾਲ ਪ੍ਰਣਾਉਂਦੈ ਜਿੱਥੇ
ਲੂਣਾ ਨੂੰ ਸਲਵਾਨ
ਹਰ ਸ਼ਾਖ ’ਤੇ ਉਲੂ ਬੈਠਾ
ਅਤੇ ਸ਼ਾਖਾਵਾਂ ਸ਼ਰਮਾਉਣ
ਵਿਚ ਤੰਦੂਰ ਦੇ ਔਰਤ ਸਾੜੇ
ਜਿੱਥੇ ਕੋਈ ਲੁੱਚਾ ਧਨਵਾਨ
ਰਾਂਝੇ ਤਾਂ ਮੈਕਡੋਨਲਡ ਬੈਠੇ
ਹੁਣ ਨਾ ਚੂਰੀ ਖਾਣ
ਮਿਰਜ਼ੇ ਨੇ ‘ਸੰਤਾਲ਼ੀ’ ਲੈ ਲਈ
ਕਹਿੰਦਾ ਕੰਮ ਨਹੀਂ ਤੀਰ-ਕਮਾਨ
ਪੈਲਾਂ ਪਾਉਣ ’ਤੇ ਨੱਚਣ ਫਸਲਾਂ
ਜਿੱਥੇ ਲੁੱਟ ਲੈਂਦੇ ਧਨਵਾਨ
ਕਿਉਂ ਸੋਨਿਉਂ ਚਿੜੀ ਮਿੱਟੀ ਦੀ ਬਣਿਆਂ
ਪੁਛਦੈ ਕੁੱਲ ਜਹਾਨ
‘ਰੱਬ’ ਦਾ ਦੂਜਾ ਰੂਪ ਹੈ ਹੁੰਦਾ
ਜਿੱਥੇ ਘਰ ਆਇਆ ਮਹਿਮਾਨ
“ਸਭੈ ਸਾਂਝੀਵਾਲ ਸਦਾਇਣ”
ਜਿੱਥੇ ਗੁਰੂਆਂ ਦਾ ਫੁਰਮਾਨ
ਲਾਲੋ ਦੇ ਘਰ ਚੱਲ ਕੇ ਆਉਂਦੈ
ਜਿੱਥੇ ਨਾਨਕ ਆਪ ਮਹਾਨ
ਭਾਈਆਂ ਖਾਤਿਰ ਭਾਈ ਜਿੱਥੇ
ਵਾਰਨ ਆਪਣੀ ਜਾਨ
ਬੁੱਲਾ , ਬਾਹੂ , ਵਾਰਿਸ ਜਿੱਥੇ
ਸਦ ਪ੍ਰੇਮ ਦੀ ਲਾਉਣ
ਬਾਝ ਭਰਾਵਾਂ , ਮਰਦੈ ’ਕੱਲਾ
ਜਿੱਥੇ ਮਿਰਜ਼ਾ ਖ਼ਾਨ
ਧਰਮ ਦੇ ‘ਠੇਕੇਦਾਰ’ ਹੀ ਕਰਦੇ
ਜਿੱਥੇ ਧਰਮਾਂ ਦਾ ਅਪਮਾਨ
ਰੱਬ ਦੇ ਭਗਤ ਹੀ ਕੱਠੇ ਹੋ ਕੇ
ਰੱਬ ਦੇ ਘਰ ਨੂੰ ਢਾਹੁਣ
ਧਰਮ ਦੇ ਨਾਂ ’ਤੇ ਖੋਲ੍ਹਣ ਹੱਟੀਆਂ
ਜਿੱਥੇ ਰੱਬ ਨੂੰ ਵੇਚਣ , ਖਾਣ
ਬਾਲਾ ਤੇ ਮਰਦਾਨਾ ਜਿੱਥੇ
ਨਾਨਕ ਨਾਲ ਇਕ ਜਾਨ
ਸ਼ੇਖ ਫ਼ਰੀਦ ਤੇ ਬਾਬਾ ਨਾਨਕ
ਸਾਡਾ ਸਭ ਦਾ ਮਾਣ
ਰਿਸ਼ਵਤ ਲੈ ਕੇ ਕ੍ਰਿਕਟ ਖੇਡਣ
ਅਤੇ ਜਿੱਤ ਦੀ ਹਾਰ ਕਰਾਉਣ
ਊੜਾ-ਐੜਾ ਭੁੱਲ ਜਾਉ ਕਾਕਾ
ਜਿੱਥੇ ‘ਤੋਤਿਆਂ’ ਦਾ ਫੁਰਮਾਨ
ਲੁੱਚਾ ਜਿੱਥੇ ਸਭ ਤੋਂ ੳ ੱਚਾ
‘ਲੋਕ’ ਕਰਨ ਪ੍ਰਣਾਮ
ਜਿੰਦ-ਜਾਨ ਤੋਂ ਵੱਧ ਪਿਆਰਾ
ਭਾਰਤ ਦੇਸ ਮਹਾਨ
Sunday, February 14, 2010
Subscribe to:
Post Comments (Atom)
0 comments:
Post a Comment