ਹਰ ਚਿਹਰੇ ਦੇ ਪਿੱਛੇ ਅਜਕਲ ਚਿਹਰਾ ਛਿਪਿਆ ਹੈ।
ਥੋੜਾ ਥੋੜਾ ਚਾਨਣ ਬਹੁਤ ਹਨੇਰਾ ਛਿਪਿਆ ਹੈ।
ਹਾਲੇ ਰੁੱਤਾਂ ਆਈਆਂ ਨਾਹੀਂ ਸਾਂਝਾਂ ਪਾਉਣ ਦੀਆਂ,
ਹਾਲੇ ਆਪਾਂ ਅੰਦਰ ਤੇਰਾ ਮੇਰਾ ਛਿਪਿਆ ਹੈ।
ਡਰ ਨਾਂ ਕਾਲੀ ਰਾਤ ਦੇ ਕੋਲੋਂ ਇਹ ਹੈ ਭਾਗਭਰੀ,
ਏਸੇ ਰਾਤ ਦੀ ਕੁੱਖ ‘ਚ ਇੱਕ ਸਵੇਰਾ ਛਿਪਿਆ ਹੈ।
ਪੱਥਰ ਦੇ ਵਿਚ ਅੱਗ ਤੇ ਅੱਗ ‘ਚ ਤਪਸ਼ ਜਿਵੇਂ ਵੱਸੇ,
ਮੇਰੇ ਸਾਹਾਂ ਅੰਦਰ ਪਿਆਰ ਇਹ ਤੇਰਾ ਛਿਪਿਆ ਹੈ।
ਹਾਕਾਂ ਮਾਰ ਕੇ ਕੌਣ ਬੁਲਾਵੇ ਮੈਨੂੰ ਏਥੇ ਵੀ,
ਕੀ ਪ੍ਰਦੇਸਾਂ ਅੰਦਰ ਵੀ ਕੋਈ ਮੇਰਾ ਛਿਪਿਆ ਹੈ।
ਉਹ ਹੀ ਜੰਗਲ ਵਿੱਚੋਂ ਭਾਲ ਲਿਆਵੇਗਾ ਚੰਦਨ,
ਧੁਰ ਜੰਗਲ ਵਿਚ ਜਾਣ ਦਾ ਜਿਸ ਵਿਚ ਜੇਰਾ ਛਿਪਿਆ ਹੈ।
‘ਅੰਮ੍ਰਿਤ’ ਨਾ ਦੇ ਤੂੰ ਸਾਡੇ ਦਿਲ ਨੂੰ ਜ਼ਖ਼ਮ ਨਵੇਂ ਯਾਰਾ,
ਪਹਿਲਾਂ ਹੀ ਦਿਲ ਵਿਚ ਦਰਦ ਬਥੇਰਾ ਛਿਪਿਆ ਹੈ।
Sunday, February 14, 2010
Subscribe to:
Post Comments (Atom)
0 comments:
Post a Comment