ਮੈਂ ਆਪਣੇ ਗੀਤ ਖ਼ੁਦ ਨੂੰ ਸੁਣਾ ਕੇ
ਦਿਲ ਪਰਚਾਉਂਦੀ ਰਹਿੰਦੀ ਹਾਂ।
ਦਿਲ ਵਿਚ ਦਿਲ ਦਾ ਦਰਦ ਛੁਪਾ ਕੇ,
ਖ਼ੁਦ ਨੂੰ ਮਿਟਾਉਂਦੀ ਰਹਿੰਦੀ ਹਾਂ।
ਕੀ ਹੋਇਆ ਜੇ ਦਿਨ ਦਾ ਚਾਨਣ?
ਰਾਤ ਦੀ ਕਾਲਖ਼ ਬਣ ਜਾਂਦਾ।
ਨ੍ਹੇਰੇ ਵਿਚ ਖ਼ੁਦ ਨੂੰ ਜਲਾ ਕੇ,
ਰਾਹ ਰੁਸ਼ਨਾਉਂਦੀ ਹਾਂ।
ਸੁਪਨੇ, ਸੱਧਰਾਂ, ਰੀਝਾਂ, ਚਾਵਾਂ
ਦੇ ਰੰਗ ਅੱਜ ਦੇ ਬਦਲ ਗਏ।
ਆਪਣੇ ਦਿਲ ਦੇ ਅਰਮਾਨ ਜਲਾ ਕੇ,
ਰੰਗ ਸਜਾਉਂਦੀ ਰਹਿੰਦੀ ਹਾਂ।
ਰੌਣਕ, ਹਾਸੇ, ਖੁਸ਼ੀਆਂ, ਖੇੜੇ,
ਨਾ ਲੱਭੇ ਤਾਂ ਕੀ ਹੋਇਆ।
ਹਉਕੇ, ਹਾਵੇ, ਗ਼ਮ ਹੰਢਾ ਕੇ,
ਖੁਸ਼ੀ ਹੰਢਾਉਂਦੀ ਰਹਿੰਦੀ ਹਾਂ।
ਵੇਖ ਕੇ ਰੰਗ ਬਦਰੰਗ ਦੁਨੀਆਂ ਦੇ,
ਦਿਲ ਜਿਉਣ ਤੋਂ ਡਰਦਾ ਹੈ।
ਦਿਲ ਵਿਚ ਜਗਾ ਕੇ ਫਿਰ ਵੀ ਚਾਹਤਾਂ,
ਡੰਗ ਟਪਾਉਂਦੀ ਰਹਿੰਦੀ ਹਾਂ।
ਦਿਲ ਵਿਚ ਦਿਲ ਦਾ ਦਰਦ ਛੁਪਾ ਕੇ,
ਖ਼ੁਦ ਨੂੰ ਮਿਟਾਉਂਦੀ ਰਹਿੰਦੀ ਹਾਂ।
ਮੈਂ ਆਪਣੇ ਗੀਤ ਖ਼ੁਦ ਨੂੰ ਸੁਣਾ ਕੇ,
ਦਿਲ ਪਰਚਾਉਂਦੀ ਰਹਿੰਦੀ ਹਾਂ।
Sunday, February 14, 2010
Subscribe to:
Post Comments (Atom)
0 comments:
Post a Comment